ਨਵਾਂਸ਼ਹਿਰ, 14 ਦਸੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਬੈਂਕਾਂ ਦੀ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਖੇਤੀਬਾੜੀ ਸਹਾਇਕ ਧੰਦਿਆਂ ਨਾਲ ਜੁੜੀਆਂ ਯੋਜਨਾਵਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਨਬਾਰਡ ਅਤੇ ਆਰ ਬੀ ਆਈ ਨਾਲ ਮਿਲ ਕੇ ਬੈਂਕ ਜਾਗਰੂਕਤਾ ਕੈਂਪ ਲਾਉਣ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸਹਾਇਕ ਧੰਦਿਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਸਵੈਰ-ਰੋਜ਼ਗਾਰ ਸਕੀਮਾਂ ਪ੍ਰਤੀ ਵੀ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਜ਼ਿਲ੍ਹੇ ਦੀ ਜਮ੍ਹਾਂ-ਉਧਾਰ ਦਰ ਵੀ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਬੈਂਕ ਦੀ ਵੱਡੀ ਸਮਾਜਿਕ ਜਿੰਮੇਂਵਾਰੀ ਲੋਕਾਂ ਨੂੰ ਵਿੱਤੀ ਰਿਣਾਂ ਪ੍ਰਤੀ ਜਾਣਕਾਰੀ ਦੇ ਕੇ ਸਵੈ-ਰੋਜ਼ਗਾਰ ਨੂੰ ਉਤਸ਼ਾਹ ਦੇਣਾ ਹੈ, ਜਿਸ ਲਈ ਹੁਣ ਬੈਂਕਾਂ 'ਚ ਬੈਠਣ ਦੀ ਬਜਾਏ ਬਾਹਰ ਨਿਕਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਿੱਤੀ ਤੌਰ 'ਤੇ ਸਾਖਰ ਕੀਤਾ ਜਾਵੇ, ਉਨ੍ਹਾਂ ਦੇ ਮੁਤਾਬਕ ਹੋ ਸਕਣ ਵਾਲੀਆਂ ਸਰਲ ਰਿਣ ਯੋਜਨਾਵਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਆਰਥਿਕਤਾ ਦੇ ਨਾਲ-ਨਾਲ ਬੈਂਕਾਂ ਦੀ ਪ੍ਰਗਤੀ ਦੇ ਟੀਚੇ ਵੀ ਬਣੇ ਰਹਿਣ। ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੀਮਾਂ ਤਹਿਤ ਸਪਾਂਸਰ ਕੀਤੇ ਜਾਂਦੇ ਰਿਣ ਕੇਸਾਂ ਨੂੰ ਸਮੇਂ ਸਿਰ ਨਿਪਟਾਏ ਜਾਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਕੇਸਾਂ 'ਚ ਦੇਰੀ ਦਾ ਮਤਲਬ ਬਿਨੇਕਾਰਾਂ ਦੀ ਪ੍ਰੇਸ਼ਾਨੀ ਵਧਾਉਣਾ ਹੁੰਦਾ ਹੈ, ਇਸ ਲਈ ਸਬੰਧਤ ਬੈਂਕ ਇੱਕ-ਇੱਕ ਕੇਸ ਨੂੰ ਬੜੀ ਗੰਭੀਰਤਾ ਨਾਲ ਲੈਣ ਅਤੇ ਜਿਸ ਕੇਸ ਨੂੰ ਰੱਦ ਕਰਨਾ ਹੈ, ਉਸ ਬਾਰੇ ਸਪੱਸ਼ਟ ਕਾਰਨ ਦਰਜ ਕੀਤੇ ਜਾਣ। ਉਨ੍ਹਾਂ ਨੇ ਐਗਰੀਕਲਰਚਰਲ ਇੰਨਫ੍ਰਾਸਟ੍ਰਕਚਰ ਫੰਡ ਦੀ ਕਾਇਮੀ ਨਾਲ ਕਿਸਾਨਾਂ ਨੂੰ ਮਿਲਣ ਵਾਲੇ ਵਿਆਜ ਲਾਭਾਂ, ਸਬਸਿਡੀ ਲਾਭਾਂ ਦੀ ਸਮੁੱਚੀ ਜਾਣਕਾਰੀ ਉਨ੍ਹਾਂ ਤੱਕ ਪੁੱਜਦੀ ਕਰਨ ਦੇ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਏ ਆਈ ਐਫ ਦਾ ਲਾਭ ਲੈਣ ਲਈ ਆਈਆਂ ਅਰਜ਼ੀਆਂ ਨੂੰ ਪਰਮ ਅਗੇਤ ਦਿੱਤੀ ਜਾਵੇ। ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਹਰਮੇਸ਼ ਲਾਲ ਸਹਿਜਲ ਨੇ ਦੱਸਿਆ ਕਿ ਜ਼ਿਲ੍ਹਾ ਰਿਣ ਯੋਜਨਾ ਦੀ ਸਤੰਬਰ ਤੱਕ ਦੀ ਪ੍ਰਗਤੀ 72.68 ਦਰਜ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮੂਹ ਬੈਂਕਾਂ ਨੂੰ ਬੈਂਕਾਂ ਦੇ ਖਾਤੇਦਾਰਾਂ ਨਾਲ ਹੋ ਰਹੇ ਸਾਈਬਰ ਕ੍ਰਾਈਮ ਪ੍ਰਤੀ ਸੁਚੇਤ ਕਰਦਿਆਂ ਆਪੋ-ਆਪਣੇ ਖਪਤਕਾਰਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਅਤੇ ਚੌਕਸ ਰਹਿਣ ਲਈ ਯਤਨ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਈਮ ਕਈ ਭੋਲੇ-ਭਾਲੇ ਲੋਕਾਂ ਨਾਲ ਠੱਗੀ ਦਾ ਵੱਡਾ ਕਾਰਨ ਬਣ ਕੇ ਸਾਹਮਣੇ ਆ ਰਿਹਾ ਹੈ, ਜਿਸ ਲਈ ਲੋਕਾਂ ਨੂੰ ਆਪਣੇ ਪਾਸਵਰਡ, ਪਿੰਨ ਤੇ ਬੈਂਕ ਕਾਰਡਾਂ ਤੇ ਖਾਤਿਆਂ ਨਾਲ ਜੁੜੀ ਕੋਈ ਵੀ ਜਾਣਕਾਰੀ ਕਿਸੇ ਨਾਲ ਵੀ ਫ਼ੋਨ 'ਤੇ ਸਾਂਝੀ ਕਰਨ ਤੋਂ ਸੁਚੇਤ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ 'ਪੋਟੈਂਸ਼ੀਅਲ ਲਿੰਕਡ ਕ੍ਰੈਡਿਟ ਪਲਾਨ-2023-24' ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਡੇਅਰੀ, ਖੇਤੀਬਾੜੀ, ਬਾਗ਼ਬਾਨੀ ਤੇ ਹੋਰ ਅਜਿਹੇ ਖੇਤਰਾਂ ਜਿਨ੍ਹਾਂ 'ਚ ਨਿਵੇਸ਼ ਕਰਕੇ ਆਮਦਨੀ ਵਧਾਈ ਜਾ ਸਕਦੀ ਹੈ, ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਡੀ ਡੀ ਐਮ ਨਾਬਾਰਡ ਸੰਜੀਵ ਕੁਮਾਰ, ਐਲ ਡੀ ਓ ਆਰ ਬੀ ਆਈ ਸੰਜੀਵ, ਐਗਰੀਕਲਰਚਰਲ ਇੰਨਫ੍ਰਾ ਫੰਡ ਤੋਂ ਨਵਦੀਪ ਕੌਰ ਤੇ ਬਾਗ਼ਬਾਨੀ ਤੋਂ ਸਹਾਇਕ ਨਿਰਦੇਸ਼ਕ ਰਾਜੇਸ਼ ਕੁਮਾਰ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਡੀ ਸੀ ਓਜ਼ ਮੌਜੂਦ ਸਨ।