ਬਲਾਚੌਰ ਨਗਰ ਕੌਂਸਲ ਦੀ ਪ੍ਰਸਤਾਵਿਤ ਵਾਰਡਬੰਦੀ ਡੀ-ਲਿਮੀਟੇਸ਼ਨ ਬੋਰਡ ਵੱਲੋਂ ਸਰਕਾਰ ਨੂੰ ਭੇਜੀ ਗਈ

ਸਾਲ 2011 ਦੀ ਜਨਗਣਨਾ ਮੁਤਾਬਕ 15 ਵਾਰਡਾਂ ਦੀ ਨਵੇਂ ਸਿਰਿਓਂ ਵਾਰਡਬੰਦੀ ਕੀਤੀ ਗਈ ਤਜ਼ਵੀਜ਼
ਨਵਾਂਸ਼ਹਿਰ, 20 ਦਸੰਬਰ : ਨਗਰ ਕੌਂਸਲ ਬਲਾਚੌਰ ਦੀ ਨਵੇਂ ਸਿਰਿਓਂ ਵਾਰਡਬੰਦੀ ਦੀ ਤਜ਼ਵੀਜ਼
ਅੱਜ ਡੀ-ਲਿਮੀਟੇਸ਼ਨ ਬੋਰਡ ਵੱਲੋਂ ਮੁਢਲੀ ਪ੍ਰਕਾਸ਼ਨਾ ਲਈ ਸਰਕਾਰ ਨੂੰ ਭੇਜੀ ਗਈ।
ਪ੍ਰਸਤਾਵਿਤ ਵਾਰਡਬੰਦੀ 'ਚ ਸ਼ਹਿਰ ਦੀ 21364 ਦੀ ਜਨਸੰਖਿਆ ਦੇ ਆਧਾਰ 'ਤੇ 15 ਵਾਰਡਾਂ
ਦੀ ਤਜ਼ਵੀਜ਼ ਭੇਜੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ
ਵਰਮਾ ਨੇ ਦੱਸਿਆ ਕਿ ਇਸ ਡੀ-ਲਿਮੀਟੇਸ਼ਨ ਬੋਰਡ ਦੇ ਮੈਂਬਰਾਂ 'ਚ ਐਮ ਐਲ ਏ ਬਲਾਚੌਰ
ਸ੍ਰੀਮਤੀ ਸੰਤੋਸ਼ ਕਟਾਰੀਆ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਐਸ ਡੀ ਐਮ ਬਲਾਚੌਰ,
ਪ੍ਰਧਾਨ ਮਿਊਂਸਪਲ ਕੌਂਸਲ ਬਲਾਚੌਰ, ਈ ਓ ਮਿਊਂਸਪਲ ਕੌਂਸਲ ਬਲਾਚੌਰ, ਅਸ਼ੋਕ ਕਟਾਰੀਆ,
ਕਰਨਵੀਰ ਕਟਾਰੀਆ ਅਤੇ ਸਹਿਯੋਗੀ ਮੈਂਬਰ ਮਾਰਫ਼ਤ ਈ ਓ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ
ਡੀ-ਲਿਮੀਟੇਸ਼ਨ ਬੋਰਡ ਵੱਲੋਂ ਦਿੱਤੀਆਂ ਸਿਫ਼ਾਰਸ਼ਾਂ ਮੁਤਾਬਕ ਦੋ ਅਨੁਸੂਚਿਤ ਜਾਤੀ
ਮਹਿਲਾਵਾਂ ਸਮੇਤ 5 ਵਾਰਡ ਅਨੁਸੂਚਿਤ ਜਾਤੀ ਸ੍ਰੇਣੀ ਲਈ ਰਾਖਵੇਂ, ਉਕਤ ਦੋ ਅਨੁਸੂਚਿਤ
ਜਾਤੀ ਮਹਿਲਾਵਾਂ ਤੋਂ ਇਲਾਵਾ ਪੰਜ ਵਾਰਡ ਮਹਿਲਾਵਾਂ ਲਈ ਰਾਖਵੇਂ, ਇੱਕ ਵਾਰਡ ਪੱਛੜੀ
ਸ੍ਰੇਣੀ ਲਈ ਰਾਖਵਾਂ ਅਤੇ ਚਾਰ ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ
ਅਨੁਸਾਰ ਕਮੇਟੀ ਦੀਆਂ ਵਾਰਡਬੰਦੀ ਨਾਲ ਸਬੰਧਤ ਸਿਫ਼ਾਰਸ਼ਾਂ ਤੋਂ ਬਾਅਦ ਹੁਣ ਸਥਾਨਕ ਸਰਕਾਰ
ਵਿਭਾਗ ਵੱਲੋਂ ਵਾਰਡਬੰਦੀ ਅਤੇ ਨਕਸ਼ੇ ਦੀ ਮੁਢਲੀ ਪ੍ਰਕਾਸ਼ਨਾ ਬਾਅਦ ਆਮ ਲੋਕਾਂ ਦੇ ਸੁਝਾਅ
ਤੇ ਇਤਰਾਜ਼ ਮੰਗੇ ਜਾਣਗੇ। ਉਸ ਤੋਂ ਬਾਅਦ ਵਾਰਡਬੰਦੀ ਨੂੰ ਅੰਤਮ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਮੈਂਬਰਾਂ ਸਮੇਤ ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ, ਸਹਾਇਕ
ਕਮਿਸ਼ਨਰ ਡਾ. ਗੁਰਲੀਨ ਸਿੱਧੂ, ਕਾਰਜ ਸਾਧਕ ਅਫ਼ਸਰ ਭਜਨ ਚੰਦ, ਮੈਂਬਰ ਕਰਨਵੀਰ ਕਟਾਰੀਆ
ਤੇ ਪ੍ਰਧਾਨ ਨਰਿੰਦਰ ਘਈ ਵੀ ਮੌਜੂਦ ਸਨ।