ਢਾਹਾਂ ਕਲੇਰਾਂ ਸਕੂਲ ਦੀ ਵੇਟ ਲਿਫਟਰ ਹਰਜੋਤ ਕੌਰ ਨੇ ਸੂਬਾ ਪੱਧਰੀ ਸਕੂਲ ਖੇਡਾਂ ਵਿਚ ਜਿੱਤਿਆ ਗੋਲਡ ਮੈਡਲ

ਢਾਹਾਂ ਕਲੇਰਾਂ ਸਕੂਲ ਦੀ ਵੇਟ ਲਿਫਟਰ ਹਰਜੋਤ ਕੌਰ ਨੇ ਸੂਬਾ ਪੱਧਰੀ ਸਕੂਲ ਖੇਡਾਂ ਵਿਚ ਜਿੱਤਿਆ ਗੋਲਡ ਮੈਡਲ
ਬੰਗਾ : 19 ਦਸੰਬਰ () ਪੇਂਡੂ ਇਲਾਕੇ ਦੇ ਪ੍ਰਸਿੱਧ ਸੀ.ਬੀ.ਐਸ.ਈ. ਬੋਰਡ ਦਿੱਲੀ ਤੋ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ  ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10+1 ਕਲਾਸ ਦੀ ਵਿਦਿਆਰਥਣ ਵੇਟ ਲਿਫਟਰ ਹਰਜੋਤ ਕੌਰ ਨੇ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2022-23 ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਗੋਲਡ ਮੈਡਲ ਜਿੱਤਿਆ ਹੈ ।ਇਹ ਜਾਣਕਾਰੀ ਸਕੂਲ ਪ੍ਰਬੰਧਕ ਟਰੱਸਟ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2022-23 ਵਿਚ ਬੀਤੀ 18 ਦਸੰਬਰ ਨੂੰ ਨਰੇਸ਼ ਚੰਦ ਖੇਡ  ਸਟੇਡੀਅਮ ਖੰਨਾ ਵਿਖੇ ਹੋਈਆਂ ਸਨ। ਜਿਸ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਕੂਲ ਦੀ 10+1 ਕਾਮਰਸ ਦੀ ਵਿਦਿਆਰਥਣ ਹਰਜੋਤ ਕੌਰ ਪੁੱਤਰੀ ਉਂਕਾਰ ਸਿੰਘ ਵਾਸੀ ਮਜਾਰਾ ਨੌ ਅਬਾਦ ਨੇ 81+ ਕਿਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਸਕੂਲ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ। ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਵਿਦਿਆਰਥਣ ਹਰਜੋਤ ਕੌਰ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਕਰਦੇ ਹੋਏ ਉਸ ਦੀ ਸਕੂਲ ਫੀਸ ਮਾਫ ਕਰਨ ਦਾ ਐਲਾਨ ਕੀਤਾ । ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੱਖ ਵੱਖ ਖੇਡਾਂ ਦੀ ਵੀ ਵਧੀਆ ਸਿਖਲਾਈ ਦੇਣ ਲਈ ਵਿਸ਼ੇਸ਼ ਖੇਡ ਵਿੰਗ ਸਥਾਪਿਤ ਹੈ ਅਤੇ ਸਕੂਲ ਦੇ ਅਨੇਕਾਂ ਖਿਡਾਰੀ ਕੌਮੀ ਅਤੇ ਸੂਬਾ ਪੱਧਰੀ ਖੇਡ ਟੂਰਨਾਮੈਂਟਾਂ ਵਿੱਚੋਂ ਵੱਡੇ ਇਨਾਮ ਜਿੱਤ ਚੁੱਕੇ ਹਨ। ਵੇਟ ਲਿਫਟਰ ਹਰਜੋਤ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਮੈਡਮ ਜਸਵੀਰ ਕੌਰ ਡੀ ਪੀ ਈ ਮੁਖੀ ਖੇਡ ਵਿਭਾਗ, ਮੈਡਮ ਵਿਜੇਤਾ ਰਾਣਾ ਵੀ ਹਾਜ਼ਰ ਸਨ।
ਫੋਟੋ : ਢਾਹਾਂ ਕਲੇਰਾਂ ਸਕੂਲ ਦੀ ਗੋਲਡ ਮੈਡਮ ਜੇਤੂ ਵੇਟ ਲਿਫਟਰ ਹਰਜੋਤ ਕੌਰ ਦਾ ਸਨਮਾਨ ਕਰਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਪ੍ਰਿੰਸੀਪਲ ਵਨੀਤਾ ਚੋਟ ਅਤੇ ਸਕੂਲ ਸਟਾਫ