ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੀ ਸ਼ੁਰੂਆਤ ਡੀ ਸੀ ਰੰਧਾਵਾ ਨੂੰ ਟੋਕਨ ਫ਼ਲੈਗ ਲਾ ਕੇ ਕੀਤੀ ਗਈ

ਜ਼ਿਲ੍ਹੇ 'ਚੋਂ 7 ਲੱਖ ਰੁਪਏ ਦਾ ਫ਼ਲੈਗ ਡੇਅ ਫ਼ੰਡ ਇਕੱਠਾ ਕਰਨ ਦਾ ਟੀਚਾ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਫ਼ਲੈਗ ਡੇਅ ਫ਼ੰਡ 'ਚ ਸਹਿਯੋਗ ਦੀ ਅਪੀਲ
ਨਵਾਂਸ਼ਹਿਰ, 7 ਦਸੰਬਰ, : ਜ਼ਿਲ੍ਹੇ 'ਚ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਮੌਕੇ ਫ਼ੰਡ ਇਕੱਠਾ ਕਰਨ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਟੋਕਨ ਫ਼ਲੈਗ ਲਾ ਕੇ ਕੀਤੀ ਗਈ।
ਉਨ੍ਹਾਂ ਇਸ ਮੌਕੇ ਆਖਿਆ ਕਿ ਹਰ ਸਾਲ ਮਨਾਇਆ ਜਾਂਦਾ ਇਹ ਦਿਵਸ ਸਾਨੂੰ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਸ਼ਹੀਦ/ਦਿਵਿਆਂਗ ਹੋਏ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਪ੍ਰਤੀ ਮਾਣ-ਸਨਮਾਨ ਭੇਟ ਕਰਨ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਵਸ ਮੌਕੇ ਸਾਡੇ ਵੱਲੋਂ ਦਿੱਤਾ ਜਾਂਦਾ ਫ਼ੰਡ ਦੇਸ਼ ਦੇ ਰਾਖਿਆਂ ਪ੍ਰਤੀ ਸਾਡੀ ਸੁਹਿਰਦਤਾ ਤੇ ਪ੍ਰਤੀਬੱਧਤਾ ਦਾ ਪ੍ਰਤੀਕ ਹੁੰਦਾ ਹੈ। ਉਨ੍ਹਾਂ ਇਸ ਮੌਕੇ ਫ਼ਲੈਗ ਡੇਅ ਫ਼ੰਡ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਨੂੰ ਵੀ ਵੀ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਫ਼ੰਡ 'ਚ ਦਿਲ ਖੋਲ੍ਹ ਕੇ ਯੋਗਦਾਨ ਪਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਇਸ ਮੌਕੇ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਨੂੰ ਸਮਰਪਿਤ 'ਓਪਰੇਸ਼ਨ ਪਵਨ' ਦੇ 110 ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਦਰਸਾਉਂਦਾ ਕੈਲੰਡਰ ਵੀ ਜ਼ਿਲ੍ਹੇ ਲਈ ਜਾਰੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚੋਂ ਫ਼ਲੈਗ ਡੇਅ ਫ਼ੰਡ ਵਾਸਤੇ 7 ਲੱਖ ਰੁਪਏ ਦਾ ਯੋਗਦਾਨ ਦੇਣ ਦਾ ਟੀਚਾ ਰੱਖਿਆ ਗਿਆ ਹੈ। ਉੁਨ੍ਹਾਂ ਦੱਸਿਆ ਕਿ ਇਹ ਫ਼ੰਡ ਸ਼ਹੀਦ ਤੇ ਦਿਵਿਆਂਗ ਸੈਨਿਕਾਂ, ਜੰਗੀ ਵਿਧਵਾਵਾਂ ਅਤੇ ਆਸ਼ਰਿਤਾਂ ਦੀ ਭਲਾਈ ਅਤੇ ਮੱਦਦ ਲਈ ਵਰਤਿਆ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਤੋਂ ਹਾਜ਼ਰ ਸਟਾਫ਼ 'ਚ ਕੁਲਵੰਤ ਸਿੰਘ ਸੁਪਰਡੈਂਟ, ਰੰਜੀਤਾ ਸਾਰੰਗਲ ਤੇ ਇਕਬਾਲ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਸਾਬਕਾ ਸੈਨਿਕ ਵੀ ਮੌਜੂਦ ਸਨ।