ਹੁਸ਼ਿਆਰਪੁਰ, 19 ਦਸੰਬਰ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲਗਭਗ 25000 ਹੈਕਟੇਅਰ ਰਕਬੇ
'ਤੇ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ
ਗੰਨੇ ਦੀ ਕਾਸ਼ਤ ਵਿੱਚ ਮੋਹਰੀ ਹੈ। ਗੁੜ ਅਤੇ ਸ਼ੱਕਰ ਦੇ ਮਿਆਰੀ ਉਤਪਾਦਨ ਅਤੇ ਇਸ ਦੀ
ਗਾਹਕਾਂ ਨੂੰ ਮਿਆਰੀ ਉਪਲਬੱਧਤਾ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਮੂਹ
ਬੇਲਣਾਂ ਮਾਲਕਾਂ ਨੂੰ ਗੁੜ ਅਤੇ ਸ਼ੱਕਰ ਦੇ ਉਤਪਾਦਨ ਦੌਰਾਨ ਕਿਸੇ ਵੀ ਤਰ੍ਹਾਂ ਦੇ
ਕੈਮੀਕਲ ਜਾਂ ਘਟੀਆ ਕੁਆਲਿਟੀ ਦੀ ਖੰਡ ਦੀ ਵਰਤੋਂ ਨਾ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਇਸ ਦੀ ਮਿਆਰੀ ਉਪਲਬੱਧਤਾ ਲਈ ਜ਼ਿਲ੍ਹਾ
ਸਿਹਤ ਅਫ਼ਸਰ ਅਤੇ ਉਨ੍ਹਾਂ ਦੀਆਂ ਫੂਡ ਸੇਫਟੀ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ
ਬੇਲਣਿਆਂ ਦੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਬੇਲਣੇ 'ਤੇ
ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੈਮੀਕਲ ਜਾਂ ਕੋਈ ਹੋਰ ਅਜਿਹੇ ਪਦਾਰਥ ਪਾਏ
ਜਾਂਦੇ ਹਨ ਤਾਂ ਅਜਿਹੀ ਸੂਰਤ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲ੍ਹੇ ਵਿਚ ਗੁੜ ਅਤੇ ਸ਼ੱਕਰ ਉਤਪਾਦਨ ਲਈ ਲੱਗੇ ਬੇਲਣਿਆਂ ਸਬੰਧੀ ਜ਼ਿਲ੍ਹੇ ਦੇ ਮੁੱਖ
ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਬੇਲਣਿਆਂ ਦੀ ਰਜਿਸਟ੍ਰੇਸ਼ਨ
ਮੁਫ਼ਤ ਵਿਚ ਕੇਨ ਕਮਿਸ਼ਨਰ ਪੰਜਾਬ ਵਲੋਂ ਕੀਤੀ ਜਾਂਦੀ ਹੈ। ਉਨ੍ਹਾਂ ਸਮੂਹ ਬੇਲਣਿਆਂ ਦੇ
ਮਾਲਕਾਂ ਨੂੰ ਇਹ ਰਜਿਸਟ੍ਰੇਸ਼ਨ ਯਕੀਨੀ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ
ਕਿਸਾਨਾਂ ਨੂੰ ਗੰਨੇ ਤੋਂ ਮਿਆਰੀ ਗੁੜ ਅਤੇ ਸ਼ੱਕਰ ਤਿਆਰ ਕਰਕੇ ਆਪਣੀ ਉਪਜ ਦਾ
ਪ੍ਰੋਸੈਸਿੰਗ ਦੇ ਨਾਲ ਮੰਡੀਕਰਨ ਕਰਕੇ ਆਮਦਨ ਵਿਚ ਵਾਧਾ ਕਰਨ ਦੀ ਗੱਲ ਵੀ ਆਖੀ।