ਹੁਸ਼ਿਆਰਪੁਰ, 30 ਦਸੰਬਰ: ਦੇਸ਼ ਦੀ ਆਜ਼ਾਦੀ ਉਪਰੰਤ ਪਹਿਲੀ ਜਨਵਰੀ 1948 ਨੂੰ ਹੋਂਦ ਵਿੱਚ ਆਏ ਭਾਸ਼ਾ ਵਿਭਾਗ ਦੀ 75ਵੀਂ ਵਰ੍ਹੇਗੰਢ ਪਹਿਲੀ ਜਨਵਰੀ 2023 ਨੂੰ ਜ਼ਿ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਲਾਇਬ੍ਰੇਰੀ ਹੁਸ਼ਿਆਰਪੁਰ ਵਿੱਚ ਬਹੁਤ ਭਾਵਪੂਰਤ ਢੰਗ ਨਾਲ ਮਨਾਈ ਜਾ ਰਹੀ ਹੈ।ਇਸ ਸਮਾਗਮ ਵਿੱਚ ਪਾਠਕਾਂ ਅਤੇ ਸਾਹਿਤਕਾਰਾਂ ਨੂੰ ਭਾਸ਼ਾ ਵਿਭਾਗ ਦੀਆਂ ਸਰਗਰਮੀਆਂ ਸੰਬੰਧੀ ਵਿਸ਼ੇਸ਼ ਪੀ.ਪੀ.ਟੀ. ਦਿਖਾਈ ਜਾਵੇਗੀ।ਬਾਅਦ ਵਿੱਚ ਭਾਸ਼ਾ ਵਿਭਾਗ ਦੇ ਸਾਹਿਤਕਾਰ ਸੰਤਰਾਮ ਬੀ.ਏ. ਦੀ ਸਵੈਜੀਵਨੀ 'ਮੇਰੇ ਜੀਵਨ ਦੇ ਅਨੁਭਵ' ਜਿਹੜੀ ਹਿੰਦੀ ਭਾਸ਼ਾ ਦੀ ਪਹਿਲੀ ਸਵੈ ਜੀਵਨੀ ਹੈ ਦਾ ਡਾ. ਜਸਵੰਤ ਰਾਏ ਵਲੋਂ ਕੀਤਾ ਅਨੁਵਾਦ ਲੋਕ-ਅਰਪਣ ਕੀਤਾ ਜਾਵੇਗਾ।ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਚਿੰਤਕ ਸਤਵਿੰਦਰ ਮਦਾਰਾ, ਮੁਖ ਮਹਿਮਾਨ ਐਡਵੋਕੇਟ ਰਣਜੀਤ ਕੁਮਾਰ, ਮੁਖ ਵਕਤਾ ਮਦਨ ਵੀਰਾ ਅਤੇ ਪ੍ਰਧਾਨਗੀ ਕਰਨ ਡਾ. ਕਰਮਜੀਤ ਸਿੰਘ ਪਹੁੰਚ ਰਹੇ ਹਨ। ਇਸ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਆਜ਼ਾਦੀ ਉਪਰੰਤ ਇਸ ਵਿਭਾਗ ਦਾ ਨਾਂ ਪੰਜਾਬੀ ਸੈਕਸ਼ਨ ਦੇ ਰੂਪ ਵਿੱਚ ਸਥਾਪਿਤ ਹੋਇਆ ਸੀ ਜਿਹੜਾ ਬਾਅਦ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਨਾਂ ਨਾਲ ਜਾਣਿਆ ਜਾਣ ਲੱਗਾ।ਵਿਭਾਗ ਆਪਣੇ ਜਨਮ ਤੋਂ ਹੀ ਭਾਸ਼ਾ ਦੀ ਉਨਤੀ ਲਈ ਯਤਨਸ਼ੀਲ਼ ਹੈ।ਇਸ ਵਿਭਾਗ ਨੇ ਪੰਜਾਬੀ ਭਾਸ਼ਾ ਦੀ ਡੂੰਘੀ ਖੋਜ ਨੂੰ ਹੋਰ ਵਿਕਸਤ ਕਰਨ ਲਈ ਪੰਜਾਬੀ ਸਾਹਿਤ, ਕੋਸ਼, ਵਿਸ਼ਾ ਸ਼ਬਦਾਵਲੀਆਂ, ਵਿਸ਼ਵ ਕਲਾਸਕੀ ਵਿਸ਼ਵਕੋਸ਼, ਪੰਜਾਬੀ ਕੋਸ਼, ਕਲਾਸਕੀ ਰਚਨਾਵਾਂ ਦੇ ਅਨੁਵਾਦ, ਬਾਲ ਗਿਆਨ ਆਦਿ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਉਣ ਲ਼ਈ ਕਾਰਜ ਆਰੰਭੇ।ਪੰਜਾਬੀ ਭਾਸ਼ਾ , ਸਾਹਿਤ ਅਤੇ ਸਭਿਆਚਾਰ ਨੂੰ ਪ੍ਰੇਮ ਕਰਨ ਵਾਲੇ ਪਾਠਕਾਂ ਅਤੇ ਸਾਹਿਤਕਾਰਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।