ਨਵਾਂਸ਼ਹਿਰ, 12 ਦਸੰਬਰ, 2022:
ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਅੱਜ ਇੱਥੇ ਆਖਿਆ ਕਿ
ਮੁੱਖ ਮੰਤਰੀ ਪੰਜਾਬ, ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਵਲੋਂ ਬਾਗਬਾਨੀ
ਨੂੰ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ
ਦੇ ਕਿਸਾਨਾਂ ਨੂੰ ਬਾਗ਼ਬਾਨੀ ਵੱਲ ਪ੍ਰੇਰਿਤ ਕਰਦਿਆਂ ਕਿਹਾ ਕਿ ਬਾਗ਼ਬਾਨੀ ਫਸਲਾਂ ਨੂੰ
ਰਵਾਇਤੀ ਫਸਲਾਂ ਨਾਲੋਂ ਘੱਟ ਪਾਣੀ ਦੀ ਜ਼ਰੂਰਤ ਹੋਣ ਕਾਰਨ ਜਿੱਥੇ ਪਾਣੀ ਦੀ ਬੱਚਤ ਹੁੰਦੀ
ਹੈ ਉੱਥੇ ਚੰਗਾ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ। ਡੀ ਸੀ ਰੰਧਾਵਾ ਨੇ ਦੱਸਿਆ ਕਿ
ਜ਼ਿਲ੍ਹੇ ਵਿੱਚ ਬਾਗ਼ਬਾਨੀ ਵਿਭਾਗ ਵਲੋਂ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਚਲਾਈਆਂ ਜਾ ਰਹੀਆਂ
ਸਕੀਮਾਂ ਦਾ ਕਿਸਾਨਾਂ ਤੱਕ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ
ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ
ਦਿੱਤੀਆਂ ਜਾਂਦੀਆਂ ਸਬਸਿਡੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕੌਮੀ ਬਾਗ਼ਬਾਨੀ ਮਿਸ਼ਨ
ਸਕੀਮ ਅਧੀਨ ਨਵਾਂ ਬਾਗ਼ ਲਗਾਉਣ ਲਈ ਲਗਭਗ 8000/- ਰੁਪਏ ਪ੍ਰਤੀ ਏਕੜ, ਫੁੱਲ ਲਗਾਉਣ ਲਈ
16000/- ਰੁਪਏ ਪ੍ਰਤੀ ਹੈਕਟੇਅਰ, ਵਰਮੀ ਕੰਪੋਸਟ ਯੂਨਿਟ ਲਈ 50000/- ਰੁਪਏ ਪ੍ਰਤੀ
ਯੂਨਿਟ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ 1600/- ਰੁਪਏ ਪ੍ਰਤੀ ਬਕਸਾ ਸਮੇਤ 8 ਫਰੇਮ
ਮੱਖੀ, ਖੁੰਬ ਪੈਦਾ ਕਰਨ ਲਈ 8 ਲੱਖ ਰੁਪਏ ਪ੍ਰਤੀ ਯੂਨਿਟ, ਖੁੰਬਾਂ ਦਾ ਬੀਜ ਤਿਆਰ ਕਰਨ
ਲਈ 6 ਲੱਖ ਰੁਪਏ ਪ੍ਰਤੀ ਯੂਨਿਟ, ਪੌਲੀ ਹਾਊਸ, ਸ਼ੈੱਡ ਨੈੱਟ ਹਾਊਸ, ਮਲਚਿੰਗ, ਲੋ-ਟੰਨਲ
ਆਦਿ ਲਈ 50 ਫ਼ੀਸਦੀ ਸਬਸਿਡੀ, ਮਸ਼ੀਨਰੀ ਜਿਵੇਂ ਟਰੈਕਟਰ 20 ਐਚ.ਪੀ., ਪਾਵਰ ਟਿੱਲਰ
ਸਪਰੇਅ ਪੰਪ 'ਤੇ 40 ਫ਼ੀਸਦੀ ਸਬਸਿਡੀ, ਬਾਗ਼ ਅਤੇ ਸਬਜ਼ੀਆਂ ਦੀ ਤੁੜਾਈ ਤੋਂ ਬਾਅਦ
ਸਾਂਭ-ਸੰਭਾਲ ਅਤੇ ਪੈਕਿੰਗ ਲਈ ਪੈਕ ਹਾਊਸ ਬਣਾਉਣ ਲਈ 2 ਲੱਖ ਰੁਪਏ ਸਬਸਿਡੀ, ਕੋਲਡ
ਸਟੋਰ ਅਤੇ ਰਾਈਪਨਿੰਗ ਚੈਂਬਰ ਬਣਾਉਣ ਲਈ 35 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆਂ ਕਿ ਰਾਸ਼ਟਰੀ ਕਿ੍ਰਸ਼ੀ ਵਿਕਾਸ (ਆਰ.ਕੇ.ਵੀ.ਵਾਈ.) ਯੋਜਨਾ ਅਧੀਨ ਬੈਂਬੂ
ਸਟੇਕਿੰਗ ਲਈ 15000/- ਰੁਪਏ ਏਕੜ, ਇੰਨਟੈਗ੍ਰੇਟਿਡ ਨਿਊਟ੍ਰੀਐਂਟ ਮੈਨੇਜਮੈਨਟ
(ਆਈ.ਐਨ.ਐਮ.) ਸਕੀਮ ਅਧੀਨ 50000/- ਰੁਪਏ ਪ੍ਰਤੀ ਏਕੜ, ਕੋਲਡ ਰੂਮ ਲਈ 1,50,000/-
ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਸਹਾਇਕ ਡਾਇਰੈਕਟਰ ਬਾਗ਼ਬਾਨੀ, ਸ਼ਹੀਦ ਭਗਤ ਸਿੰਘ
ਨਗਰ ਡਾ. ਰਾਜੇਸ਼ ਕੁਮਾਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵਿਭਾਗੀ
ਸਕੀਮਾਂ ਦਾ ਲਾਭ ਲੈਣ ਲਈ ਬਾਗਬਾਨੀ ਵਿਭਾਗ ਦੇ ਜ਼ਿਲ੍ਹਾ ਜਾਂ ਬਲਾਕ ਪੱਧਰੀ ਦਫਤਰਾਂ ਨਾਲ
ਤਾਲਮੇਲ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਮੋਬਾਇਲ ਨੰਬਰ 95012-13538 (ਡਾ.
ਰਾਜੇਸ਼ ਕੁਮਾਰ, ਸਹਾਇਕ ਡਾਇਰੈਕਟਰ ਬਾਗ਼ਬਾਨੀ), 75080-18828 (ਡਾ. ਪਰਮਜੀਤ ਸਿੰਘ
ਬਾਗ਼ਬਾਨੀ ਵਿਕਾਸ ਅਫ਼ਸਰ) ਅਤੇ 94646-19036 (ਸਬ ਇੰਸਪੈਕਟਰ ਬਾਗ਼ਬਾਨੀ ਹਰਦੀਪ ਸਿੰਘ)
'ਤੇ ਵੀ ਸੰਪਰਕ ਕਰ ਸਕਦੇ ਹਨ।