ਜੇਲ੍ਹਾਂ ਵਿਚ ਬੰਦ ਅੰਡਰ ਟ੍ਰਾਇਲ ਵਿਅਕਤੀਆਂ ਦੇ ਕੰਮ ਕਰਨ ਸਬੰਧੀ ਜਲਦ ਬਣੇਗੀ ਪਾਲਿਸੀ-ਹਰਜੋਤ ਸਿੰਘ ਬੈਂਸ

ਜੇਲ੍ਹ ਮੰਤਰੀ ਨੇ ਹੁਸ਼ਿਆਰਪੁਰ ਜੇਲ੍ਹ ਵਿਖੇ ਪੈਟਰੋਲ ਪੰਪ ਕੀਤਾ ਲੋਕ ਅਰਪਣ
ਕੇਵਲ ਅੱਠ ਮਹੀਨਿਆਂ ਵਿਚ ਜੇਲ੍ਹਾਂ 'ਚੋਂ ਹੁਣ ਤੱਕ ਦੇ ਸਭ ਤੋਂ ਵੱਧ ਰਿਕਾਰਡ 4800
ਮੋਬਾਇਲ ਫੋਨ ਕੀਤੇ ਬਰਾਮਦ
ਹੁਸ਼ਿਆਰਪੁਰ, 28 ਦਸੰਬਰ : ਜੇਲ੍ਹ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ
ਪੰਜਾਬ ਦੀਆਂ ਜੇਲ੍ਹਾਂ ਨੂੰ ਹੁਣ ਅਸਲ ਮਾਅਨਿਆਂ ਵਿਚ ਸੁਧਾਰ ਘਰ ਬਣਾਇਆ ਜਾ ਰਿਹਾ ਹੈ,
ਜਿਕੇ ਕੈਦੀਆਂ ਦੇ ਮੁੜ-ਵਸੇਬੇ ਨੂੰ ਲੈ ਕੇ ਵਿਸ਼ੇਸ਼ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ
ਹੈ ਅਤੇ ਕਾਫੀ ਹੱਦ ਤੱਕ ਪੰਜਾਬ ਸਰਕਾਰ ਇਸ ਵਿਚ ਸਫਲ ਵੀ ਹੋਈ ਹੈ। ਉਹ ਅੱਜ ਕੇਂਦਰੀ
ਜੇਲ੍ਹ ਹੁਸ਼ਿਆਰਪੁਰ ਦੀ ਜ਼ਮੀਨ 'ਤੇ ਪੰਜਾਬ ਜੇਲ੍ਹ ਵਿਕਾਸ ਬੋਰਡ ਅਤੇ ਇੰਡੀਅਨ ਆਇਲ
ਕਾਰਪੋਰੇਸ਼ਨ ਵੱਲੋਂ ਲਗਾਏ ਗਏ ਪੈਟਰੋਲ ਪੰਪ 'ਉਜਾਲਾ ਫਿਊਲਜ਼' ਦੇ ਲੋਕ ਅਰਪਣ ਦੌਰਾਨ
ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ਼ਾਮ ਚੌਰਾਸੀ ਡਾ. ਰਵਜੋਤ ਸਿੰਘ,
ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਏ. ਡੀ. ਜੀ ਪੀ ਜੇਲ੍ਹਾਂ ਬੀ. ਚੰਦਰ ਸ਼ੇਖਰ,
ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ. ਐਸ. ਪੀ ਸਰਤਾਜ ਸਿੰਘ ਚਾਹਲ, ਇੰਡੀਅਨ ਆਇਲ
ਕਾਰਪੋਰੇਸ਼ਨ ਦੇ ਕਾਰਜਕਾਰੀ ਮੁਖੀ ਅਤੇ ਸਟੇਟ ਹੈੱਡ ਜਤਿੰਦਰ ਕੁਮਾਰ ਤੇ ਮੁੱਖ ਜਨਰਲ
ਮੈਨੇਜਰ (ਆਰ. ਐਸ) ਪੀਊਸ਼ ਮਿੱਤਲ ਵੀ ਮੌਜੂਦ ਸਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੇ ਮੁੜ-ਵਸੇਬੇ ਲਈ
ਵੱਖ-ਵੱਖ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਐਲ. ਈ. ਡੀ ਬੱਲਬ, ਪੇਪਰ
ਅਤੇ ਬੇਕਰੀ ਉਤਪਾਦਾਂ ਤੋਂ ਇਲਾਵਾ ਹੋਰ ਕਈ ਪ੍ਰਾਜੈਕਟ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ
ਹੁਣ ਜੇਲ੍ਹਾਂ ਵਿਚ ਬੰਦ ਅੰਡਰ ਟ੍ਰਾਇਲ ਵਿਅਕਤੀਆਂ ਨੂੰ ਵੀ ਇਨ੍ਹਾਂ ਪ੍ਰਾਜੈਕਟਾਂ ਵਿਚ
ਸ਼ਾਮਿਲ ਕਰਨ ਲਈ ਸਰਕਾਰ ਵੱਲੋਂ ਨਵੀਂ ਪਾਲਿਸੀ ਬਣਾਈ ਜਾ ਰਹੀ ਹੈ ਤਾਂ ਜੋ ਉਹ ਵੀ ਆਪਣੀ
ਮਰਜ਼ੀ ਨਾਲ ਜੇਲ੍ਹਾਂ ਵਿਚ ਕੰਮ ਕਰਕੇ ਸਮਾਜ ਮੁੱਖ ਧਾਰਾ ਵਿਚ ਸ਼ਾਮਿਲ ਹੋ ਸਕਣ। ਉਨ੍ਹਾਂ
ਦੱਸਿਆ ਕਿ ਹੁਣ ਤੱਕ ਜੇਲ੍ਹਾਂ ਵਿਚ ਚੱਲ ਰਹੇ ਪ੍ਰਾਜੈਕਟਾਂ ਵਿਚ ਕੇਵਲ ਕੈਦੀਆਂ ਨੂੰ ਹੀ
ਕੰਮ ਕਰਨ ਦੀ ਆਗਿਆ ਹੈ। ਉਨ੍ਹਾਂ 'ਉਜਾਲਾ ਫਿਊਲਜ਼' ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ
ਕਿ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਦੇ ਮਕਸਦ ਨਾਲ ਇਨ੍ਹਾਂ ਪੈਟਰੋਲ
ਪੰਪਾਂ 'ਤੇ ਚੰਗੇ ਆਚਰਣ ਵਾਲੇ ਕੈਦੀਆਂ ਵੱਲੋਂ ਵਾਹਨਾਂ ਵਿਚ ਤੇਲ ਪਾਇਆ ਜਾਵੇਗਾ ਅਤੇ
ਉਨ੍ਹਾਂ ਨੂੰ ਇਸ ਕੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ
ਪੰਪਾਂ ਤੋਂ ਹੋਣ ਵਾਲੀ ਆਮਦਨ ਦਾ ਲਾਭ ਪੰਜਾਬ ਜੇਲ੍ਹ ਵਿਕਾਸ ਬੋਰਡ ਵੱਲੋਂ ਕੈਦੀਆਂ ਦੀ
ਭਲਾਈ ਅਤੇ ਉਨ੍ਹਾਂ ਦੀ ਪੜ੍ਹਾਈ 'ਤੇ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਡੀਅਨ
ਆਇਨ ਨਾਲ ਮਿਲ ਕੇ ਜੇਲ੍ਹਾਂ ਵਿਚ ਲੱਗਣ ਵਾਲਾ ਇਹ ਪੰਜਾਬ ਦਾ ਤੀਸਰਾ ਪੈਟਰੋਲ ਪੰਪ ਹੈ।
ਇਸ ਤੋਂ ਪਹਿਲਾਂ ਰੂਪਨਗਰ ਅਤੇ ਲੁਧਿਆਣਾ ਵਿਚ ਅਜਿਹੇ ਪੈਟਰੋਲ ਪੰਪ ਚੱਲ ਰਹੇ ਹਨ ਅਤੇ
ਆਉਣ ਵਾਲੇ ਦਿਨਾਂ ਵਿਚ ਫ਼ਿਰੋਜ਼ਪੁਰ ਅਤੇ ਪਟਿਆਲਾ ਵਿਚ ਇਹ ਪੰਪ ਸ਼ੁਰੂ ਹੋਣ ਜਾ ਰਹੇ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਤੱਕ ਅਸੀਂ ਜੇਲ੍ਹਾਂ ਵਿਚੋਂ ਬੁਰੀਆਂ ਖ਼ਬਰਾਂ ਹੀ
ਸੁਣਦੇ ਆਏ ਹਾਂ, ਪਰੰਤੂ ਹੁਣ ਜੇਲ੍ਹਾਂ ਵਿਚੋਂ ਚੰਗੀਆਂ ਖ਼ਬਰਾਂ ਵਿਚ ਆਉਣੀਆਂ ਸ਼ੁਰੂ ਹੋ
ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੇਵਲ ਅੱਠ
ਮਹੀਨਿਆਂ ਵਿਚ ਹੁਣ ਤੱਕ ਦੇ ਸਭ ਤੋਂ ਵੱਧ 4800 ਮੋਬਾਇਲ ਫੋਨ ਪੰਜਾਬ ਦੀਆਂ ਜੇਲ੍ਹਾਂ
ਵਿਚੋਂ ਜ਼ਬਤ ਕੀਤੇ ਜਾ ਚੁੱਕੇ ਹਨ, ਜੋ ਕਿ ਹੁਣ ਤੱਕ ਦਾ ਇਕ ਰਿਕਾਰਡ ਹੈ। ਇਸੇ ਤਰ੍ਹਾਂ
ਸਭ ਤੋਂ ਵੱਧ ਜੇਲ੍ਹ ਕਰਮਚਾਰੀਆਂ ਦੀ ਸਸਪੈਂਸ਼ਨ ਵੀ ਹੋਈ ਹੈ ਅਤੇ ਜੇਲ੍ਹਾਂ ਵਿਚੋਂ ਨਸ਼ੇ
ਵੀ ਫੜ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਜੇਲ੍ਹਾਂ ਵਿਚ ਅਪਣਾਈ ਜਾ ਰਹੀ ਸਖ਼ਤੀ
ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ, ਜਿਥੇ
ਜੇਲ੍ਹਾਂ ਵਿਚ ਬੰਦ ਸਾਰੇ ਕੈਦੀਆਂ ਦੀ ਡਰੱਗ ਸਕਰੀਨਿੰਗ ਕਰਵਾਈ ਜਾ ਚੁੱਕੀ ਹੈ। ਇਸ ਤੋਂ
ਇਲਾਵਾ ਜੇਲ੍ਹਾਂ ਵਿਚ ਫੈਮਿਲੀ ਵਿਜ਼ਿਟ ਕਰਵਾਉਣ ਵਾਲਾ ਵੀ ਪੰਜਾਬ ਦੇਸ਼ ਦਾ ਪਹਿਲਾ ਸੂਬਾ
ਬਣਿਆ ਹੈ। ਉਨ੍ਹਾਂ ਕਿਹਾ ਕਿ ਉਹ ਇਕ ਸੁਧਾਰ ਦੇ ਮਿਸ਼ਨ ਨੂੰ ਲੈ ਕੇ ਚੱਲ ਰਹੇ ਹਨ ਅਤੇ
ਉਹ ਦਿਨ ਜਲਦ ਆਵੇਗਾ, ਜਦੋਂ ਸੂਬੇ ਦੀਆਂ ਜੇਲ੍ਹਾਂ ਦੇਸ਼ ਦੀਆਂ ਬਿਹਤਰੀਨ ਜੇਲ੍ਹਾਂ
ਵਿਚੋਂ ਇਕ ਹੋਣਗੀਆਂ। ਇਸ ਦੌਰਾਨ ਕੈਬਨਿਟ ਮੰਤਰੀ ਨੇ ਪੈਟਰੋਲ ਪੰਪ 'ਤੇ ਵਾਹਨਾਂ ਵਿਚ
ਖ਼ੁਦ ਤੇਲ ਪਾ ਕੇ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ। ਇਸ ਮੌਕੇ ਏ. ਡੀ. ਜੀ. ਪੀ
(ਜੇਲ੍ਹਾਂ) ਬੀ. ਚੰਦਰ ਸ਼ੇਖਰ ਨੇ ਜੇਲ੍ਹ ਮੰਤਰੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ
ਕਿ ਜੇਲ੍ਹਾਂ ਵਿਚ ਕੈਦੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਕੋਈ ਕਸਰ ਬਾਕੀ
ਨਹੀਂ ਛੱਡੀ ਜਾਵੇਗੀ। ਇਸ ਮੌਕੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਨੁਰਾਗ ਕੁਮਾਰ ਆਜ਼ਾਦ,
ਐਸ. ਡੀ. ਐਮ ਪ੍ਰੀਤਇੰਦਰ ਸਿੰਘ ਬੈਂਸ, ਡਿਪਟੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ, ਆਮ
ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੇ ਕੌਂਸਲਰ ਜਸਪਾਲ ਸਿੰਘ ਚੇਚੀ ਤੋਂ ਇਲਾਵਾ ਇੰਡੀਅਨ
ਆਇਲ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।