ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਭਰੋਸੇ ਨੇ 'ਆਪ' ਨੂੰ ਬਣਾਇਆ ਕੌਮੀ ਪਾਰਟੀ -ਗਗਨ


ਨਵਾਂਸ਼ਹਿਰ, 9 ਦਸੰਬਰ  : 10 ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਕੌਮੀ ਪਾਰਟੀ ਬਣ ਜਾਣ ਵਾਲੀ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਰਾਜਨੀਤੀ ਵਿੱਚ ਇੱਕ ਨਵੀਂ ਤਬਦੀਲੀ ਲਿਆਵੇਗੀ। ਪਿਛਲੇ 10 ਸਾਲਾਂ 'ਚ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਰਾਸ਼ਟਰੀ ਪੱਧਰ 'ਤੇ ਅੱਗੇ ਵਧ ਰਹੀ ਹੈ, ਉਹ ਦੇਸ਼ ਵਾਸੀਆਂ ਲਈ ਸ਼ੁੱਭ ਸੰਕੇਤ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪਾਰਟੀ ਦਾ ਗ੍ਰਾਫ਼ ਲਗਾਤਾਰ ਵੱਧ ਰਿਹਾ ਹੈ ਅਤੇ 2024 ਵਿੱਚ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਇਹ ਗੱਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ ਨੇ ਜਾਰੀ ਬਿਆਨ ਵਿੱਚ ਕਹੀ। ਉਨ੍ਹਾਂ ਕਿਹਾ ਕਿ 'ਆਪ' ਦਾ ਕੌਮੀ ਪਾਰਟੀ ਬਣਨਾ ਵਰਕਰਾਂ ਦੀ ਲਗਾਤਾਰ ਮਿਹਨਤ ਅਤੇ ਲੋਕਾਂ ਵੱਲੋਂ ਦਿਖਾਏ ਵਿਸ਼ਵਾਸ ਦਾ ਨਤੀਜਾ ਹੈ। ਆਮ ਆਦਮੀ ਪਾਰਟੀ ਦਾ ਉਦੇਸ਼ ਸੱਤਾ ਹਾਸਲ ਕਰਨਾ ਨਹੀਂ, ਸਗੋਂ ਦੇਸ਼ ਦੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਜੇਕਰ ਹੁਣ ਭਾਰਤੀ ਰਾਜਨੀਤੀ ਵਿੱਚ ਸਿੱਖਿਆ ਅਤੇ ਸਿਹਤ ਦਾ ਮੁੱਦਾ ਬਣ ਗਿਆ ਹੈ ਤਾਂ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਦਾ ਹੀ ਨਤੀਜਾ ਹੈ। ਦਿੱਲੀ ਅਤੇ ਪੰਜਾਬ ਤੋਂ ਬਾਅਦ ਗੁਜਰਾਤ ਵਿੱਚ ਵੀ ਪਾਰਟੀ ਨੂੰ ਜੋ ਪਿਆਰ ਮਿਲਿਆ ਹੈ, ਉਸ ਦੇ ਚੰਗੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਣਗੇ।