ਗੜ੍ਹਸ਼ੰਕਰ, 28 ਦਸੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ
ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ
ਸਿੰਘ ਸੁੱਖੂ ਨੂੰ ਇੱਕ ਪੱਤਰ ਲਿਖ ਕੇ ਸੂਬੇ ਵਿੱਚ ਚੱਲ ਰਹੇ ਉਦਯੋਗਾਂ ਤੋਂ ਪੈਦਾ ਹੋ
ਰਹੇ ਪ੍ਰਦੂਸ਼ਣ ਦਾ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਲੋਕਾਂ ਤੇ ਪੈ ਰਹੇ ਪ੍ਰਭਾਵ ਦਾ
ਮਾਮਲਾ ਉਠਾਇਆ ਹੈ। ਸੰਸਦ ਮੈਂਬਰ ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ
ਕਿਹਾ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਉਨ੍ਹਾਂ ਤੋਂ ਪਹਿਲਾਂ ਰਹੇ ਸੀ.ਐਮ ਜੈਰਾਮ
ਠਾਕੁਰ ਨੂੰ ਪੱਤਰ ਲਿਖਿਆ ਸੀ। ਇਹ ਪੱਤਰ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਚੱਲ ਰਹੀਆਂ
ਸਨਅਤੀ ਇਕਾਈਆਂ ਮਾਡਲਸ ਕਾਸਮੈਟਿਕਸ ਪ੍ਰਾਈਵੇਟ ਲਿਮਟਿਡ ਅਤੇ ਇੱਕ ਹੋਰ ਫੈਟ ਉਤਪਾਦਕ
ਕੰਪਨੀ, ਜੋ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਹਨ, ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੇ
ਸੰਦਰਭ ਵਿੱਚ ਹੈ। ਜਿਸਦਾ ਪ੍ਰਭਾਵ ਨੀ ਊਨਾ ਜ਼ਿਲ੍ਹੇ ਦੀ ਸਰਹੱਦ 'ਤੇ ਉਨ੍ਹਾਂ ਦੇ ਲੋਕ
ਸਭਾ ਹਲਕੇ ਵਿੱਚ ਪੈਂਦੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਬੀਟ ਖੇਤਰ ਦੇ ਪਿੰਡ
ਮਹਿੰਦਵਾਨੀ ਤੇ ਪੈਂਦਾ ਹੈ। ਇਨ੍ਹਾਂ ਉਦਯੋਗਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨਾਲ
ਪੂਰਾ ਇਲਾਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਨਾ ਸਿਰਫ਼ ਹਵਾ ਬਹੁਤ
ਜ਼ਹਿਰੀਲੀ ਹੋ ਗਈ ਹੈ, ਸਗੋਂ ਪਾਣੀ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਰਿਹਾ ਹੈ। ਉਦਯੋਗਾਂ
ਦੁਆਰਾ ਛੱਡੇ ਗਏ ਪ੍ਰਦੂਸ਼ਤ ਤੱਤ ਸਵਾਂ ਨਦੀ ਵਿੱਚ ਰਲਦੇ ਹਨ, ਜਿਹੜੀ ਸਤਲੁਜ ਦਰਿਆ
ਵਿੱਚ ਡਿਗਦੀ ਹੈ। ਪਰ ਬਦਕਿਸਮਤੀ ਨਾਲ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ
ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਘੱਟ ਕਦਮ ਚੁੱਕੇ ਸਨ। ਉਹ ਉਮੀਦ ਕਰਦੇ ਹੈ ਕਿ ਤੁਸੀਂ
ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝੋਗੇ ਅਤੇ ਇਹ ਯਕੀਨੀ ਬਣਾਓਗੇ ਕਿ ਇਨ੍ਹਾਂ ਪ੍ਰਦੂਸ਼ਣ
ਫੈਲਾਉਣ ਵਾਲੀਆਂ ਫੈਕਟਰੀਆਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਪ੍ਰਦੂਸ਼ਣ
ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਹਿਮਾਚਲ ਪ੍ਰਦੇਸ਼ ਦੀ
ਸਰਹੱਦ ਨਾਲ ਲੱਗਦੇ ਉਨ੍ਹਾਂ ਦੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਦੂਸ਼ਣ ਕਾਰਨ
ਹੋਰ ਵੀ ਨੁਕਸਾਨ ਤੋਂ ਬਚਾਇਆ ਜਾ ਸਕੇ।