ਵਿਧਾਇਕ ਪਠਾਣਮਾਜਰਾ ਵੱਲੋਂ ਸੜਕਾਂ ਕਿਨਾਰਿਓਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੀਟਿੰਗ
ਪਟਿਆਲਾ, 19 ਦਸੰਬਰ: ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਮੰਡੀ
ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਨੌਰ ਹਲਕੇ
ਵਿੱਚ ਸੜਕਾਂ ਦੀਆਂ ਬਰਮਾਂ 'ਤੇ ਹੋਏ ਨਾਜਾਇਜ਼ ਕਬਜੇ ਤੁਰੰਤ ਹਟਾਉਣ ਦੀ ਹਦਾਇਤ ਕੀਤੀ
ਹੈ। ਹਲਕਾ ਵਿਧਾਇਕ ਪਠਾਣਮਾਜਰਾ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)
ਗੌਤਮ ਜੈਨ, ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ. ਦੂਧਨਸਾਧਾਂ
ਕਿਰਪਾਲਵੀਰ ਸਿੰਘ ਤੇ ਡੀ.ਐਸ.ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਦੀ ਮੌਜੂਦਗੀ 'ਚ
ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਸਨੌਰ ਅਤੇ ਨਗਰ ਪੰਚਾਇਤ ਦੇਵੀਗੜ੍ਹ ਦੇ
ਕਾਰਜ ਸਾਧਕ ਅਫ਼ਸਰਾਂ ਸੁਖਦੀਪ ਸਿੰਘ ਕੰਬੋਜ ਤੇ ਰਾਕੇਸ਼ ਅਰੋੜਾ ਨਾਲ ਮੀਟਿੰਗ ਕਰ ਰਹੇ
ਸਨ। ਇਸ ਮੌਕੇ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਸੜਕਾਂ ਦੁਆਲੇ ਨਾਜਾਇਜ਼ ਕਬਜੇ
ਹੋਣ ਕਰਕੇ ਸੜਕਾਂ ਦੀ ਚੌੜਾਈ ਘਟ ਜਾਂਦੀ ਹੈ, ਜਿਸ ਕਰਕੇ ਸੜਕੀ ਹਾਦਸੇ ਵਾਪਰਦੇ ਹਨ।
ਉਨ੍ਹਾਂ ਨੇ ਦੇਵੀਗੜ੍ਹ ਕਪੂਰੀ ਪਿੰਡ ਦੇ ਦੋ ਸਕੇ ਭੈਣ-ਭਰਾਵਾਂ ਦੀ ਸੜਕ ਹਾਦਸੇ ਵਿੱਚ
ਹੋਈ ਦੁਖਦਾਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ
ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਹਲਕੇ ਵਿੱਚ ਸੜਕਾਂ ਦੇ ਕਿਨਾਰਿਆਂ 'ਤੇ ਬਰਮਾਂ ਪੂਰੀਆਂ
ਕੀਤੀਆਂ ਜਾਣ ਅਤੇ ਨਾਲ ਹੀ ਸੜਕਾਂ ਕੰਢੇ ਖੜ੍ਹੇ ਦਰਖਤਾਂ ਦੀਆਂ ਟਾਹਣੀਆਂ ਵੀ ਛਾਂਗੀਆਂ
ਜਾਣ ਤਾਂ ਕਿ ਕਿਸੇ ਦੀ ਅਣਗਹਿਲੀ ਕਰਕੇ ਕੋਈ ਹਾਦਸਾ ਨਾ ਵਾਪਰੇ ਅਤੇ ਕੋਈ ਕੀਮਤੀ ਜਾਨ
ਅਜਾਂਈ ਨਾ ਜਾਵੇ।
ਵਿਧਾਇਕ ਪਠਾਣਮਾਜਰਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ
ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸੜਕਾਂ ਦਾ ਕੰਮ ਗੁਣਵੱਤਾ ਪੱਖੋਂ ਪਾਏਦਾਰ ਹੋਣਾ ਚਾਹੀਦਾ
ਹੈ ਅਤੇ ਨਾਲ ਹੀ ਸੜਕਾਂ 'ਤੇ ਪਏ ਟੋਏ ਤੁਰੰਤ ਮੁਰੰਮਤ ਕਰਕੇ ਠੀਕ ਕੀਤੇ ਜਾਣ ਤਾਂ ਕਿ
ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਮੀਟਿੰਗ ਵਿੱਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ
ਮਨਿੰਦਰ ਫਰਾਂਸਵਾਲਾ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ ਤੱਖਰ ਅਤੇ ਯਾਦਵਿੰਦਰ ਸਿੰਘ
ਹੋਰ ਪਤਵੰਤੇ ਵੀ ਮੌਜੂਦ ਸਨ।