ਜ਼ਿਲ੍ਹਾ ਪੱਧਰੀ ‘ਕਿਸ਼ੋਰ ਅਵਸਥਾ ਸਿਖਿਆ’ ਸੰਬੰਧੀ ਵਰਕਸ਼ਾਪ ਲਗਾਈ

ਬੰਗਾ, 8 ਦਸੰਬਰ : ਡਾਇਰੈਕਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ, ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੀ ਪਹਿਲ ਕਦਮੀ 'ਤੇ ਕਿਸ਼ੋਰ ਅਵਸਥਾ ਸੰਬੰਧੀ ਵਿਦਿਆਰਥੀਆਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਤਬਦੀਲੀਆਂ ਸੰਬੰਧੀ ਨੋਡਲ ਅਧਿਆਪਕਾਂ ਦੀ ਇੱਕ ਜ਼ਿਲ੍ਹਾ ਪੱਧਰੀ ਵਰਕਸ਼ਾਪ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਲਾਈ ਗਈ। ਵਰਕਸ਼ਾਪ ਦੇ ਨੋਡਲ ਅਫ਼ਸਰ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਲੈਕਚਰਾਰ ਸਤਨਾਮ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ ਸਿਖਿਆ) ਡਾ. ਕੁਲਤਰਨ ਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿਖਿਆ ਅਫ਼ਸਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਲਾਈ ਗਈ ਇਸ ਵਰਕਸ਼ਾਪ 'ਚ ਜ਼ਿਲ੍ਹੇ ਦੇ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਤੌਰ ਨੋਡਲ ਅਫਸਰ ਨਿਯੁਕਤ ਅਧਿਆਪਕਾਂ ਅਤੇ ਅਧਿਆਪਕਾਵਾਂ ਦੀ ਇਸ ਐਡਵੋਕੇਸੀ ਵਰਕਸ਼ਾਪ ਵਿੱਚ ਕਿਸ਼ੋਰ ਅਵਸਥਾ ਸੰਬੰਧੀ ਵਿਦਿਆਰਥੀਆਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਤਬਦੀਲੀਆਂ ਸੰਬੰਧੀ ਵੱਖ-ਵੱਖ ਬੁਲਾਰਿਆਂ ਦੁਆਰਾ ਵਿਚਾਰ ਚਰਚਾ ਕੀਤੀ ਗਈ। ਬਦਲਦੇ ਸਮੇਂ ਅਨੁਸਾਰ ਵਾਤਾਵਰਣ, ਖਾਣ-ਪੀਣ, ਰਹਿਣ-ਸਹਿਣ, ਪੜ੍ਹਨ, ਸਭਿਅਤਾ ਆਦਿ ਵਿੱਚ ਆ ਰਹੀਆਂ ਤਬਦੀਲੀਆਂ ਸਬੰਧੀ ਅਧਿਆਪਕਾਂ ਨਾਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵਿਸ਼ੇਸ਼ ਨੁਕਤੇ ਸਾਂਝੇ ਕੀਤੇ ਗਏ। ਵਿਦਿਆਰਥੀਆਂ ਨੂੰ ਡਰੱਗ, ਮੋਬਾਈਲ ਆਦਿ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਸੰਬੰਧੀ ਵੀ ਗੱਲਬਾਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਬਤੌਰ ਰਿਸੋਰਸ ਪਰਸਨ ਨਵੀਨ ਪਾਲ ਗੁਲਾਟੀ, ਹੈੱਡ ਮਾਸਟਰ ਸਰਕਾਰੀ ਸਕੂਲ ਗਰਚਾ, ਨਵਨੀਤ ਕੌਰ ਲੈਕ ਬਾਇਲੋਜੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ, ਹਰਪ੍ਰੀਤ ਸਿੰਘ ਕੌਂਸਲਰ, ਕਮਿਊਨਿਟੀ ਹੈਲਥ ਸੈਂਟਰ ਰਾਹੋਂ,  ਗੁਰਪਰਸ਼ਾਦ ਸਿੰਘ ਭਾਟੀਆ ਸਾਬਕਾ ਵਿਵਹਾਰ ਪਰਿਵਰਤਨ ਅਫਸਰ, ਨਵਾਂਸ਼ਹਿਰ ਸ਼ਾਮਿਲ ਹੋਏ। ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ 398 ਅਧਿਆਪਕਾਂ ਨੇ ਭਾਗ ਲਿਆ। ਮੰਚ ਸੰਚਾਲਨ ਸੁਭਾਸ਼ ਸੱਲਵੀ ਲੈਕਚਰਾਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਨੇ ਕੀਤਾ। ਹੋਰਨਾਂ ਤੋਂ ਇਲਾਵਾ ਅਮਰਦੀਪ ਕੌਰ, ਇੰਚਾਰਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ, ਸੰਜੀਵ ਕੁਮਾਰ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ, ਜਸਵੀਰ ਚੰਦ ਨੌਰਾ, ਪੰਜਾਬੀ ਮਾਸਟਰ, ਹਿਤੇਸ਼ ਸਹਿਗਲ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।