ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਹੋਇਆ

ਨਵਾਂਸ਼ਹਿਰ 23 ਦਸੰਬਰ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ  ਤਹਿਤ ਅੱਜ ਸੂਬੇ ਦੇ ਸਾਰੇ ਸਕੂਲਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਗਏ ਹਨ, ਇਸੇ ਲੜੀ ਤਹਿਤ ਅੱਜ ਸਸਸਸ ਲੰਗੜੋਆ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਗੁਰੂ ਲਾਲਾਂ ਦੇ ਜੀਵਨ ਫਲਸਫ਼ੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ.  ਹਰਿੰਦਰ ਸਿੰਘ ਨੇ ''ਰਾਤ ਛੱਡੇਗਾ ਕਿਲਾ ਆਨੰਦਪੁਰ ਦਾ ਕਲਗੀਧਰ ਦਾ ਸਾਰਾ ਪਰਿਵਾਰ ਸਿੰਘੋ'' ਕਵਿਤਾ ਦੀਆਂ ਸਤਰਾਂ ਪੜ੍ਹਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਹਨਾਂ ਦੇ ਸਰਬੰਸ ਵਾਰ ਦੇਣ ਦੀ ਵਿਥਿਆ ਬਿਆਨ ਕਰਕੇ ਬੱਚਿਆਂ ਨੂੰ ਕੇਂਦਰਿਤ ਕੀਤਾ। ਉਹਨਾਂ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸ ਤੱਕ ਵਾਪਰੇ ਬਿਰਤਾਂਤ ਤੋਂ ਬੱਚਿਆਂ ਜਾਣੂ ਕਰਵਾਇਆ।  ਇਸ ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੀ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਰਚਨਾਵਾਂ, ਕਵਿਤਾਵਾਂ ਤੇ ਧਾਰਮਿਕ ਗੀਤ ਪੇਸ਼ ਕੀਤੇ।  ਡਾਕਟਰ ਜਸਵਿੰਦਰ ਸਿੰਘ ਸੰਧੂ ਵਲੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ ਬਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਔਰੰਗਜ਼ੇਬ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਵਲੋਂ ਵਿਸ਼ੇਸ਼ ਤੌਰ ਤੇ ਆਪਣੇ ਭਾਸ਼ਣ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਬੋਲਦਿਆਂ ਉਨ੍ਹਾਂ ਨੂੰ ਨਮਨ ਕੀਤਾ ਤੇ ਬੱਚਿਆਂ ਨੂੰ ਉਹਨਾਂ ਦੇ ਫਲਸਫੇ ਤੇ ਚੱਲਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਕਰਦੇ ਹੋਏ ਮਾਸਟਰ ਮਨਮੋਹਨ ਸਿੰਘ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਚਾਰ ਦੀ ਸਾਂਝ ਪਾਈ । ਇਸ ਸਮਾਗਮ ਵਿਚ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਗੁਨੀਤ, ਅਸ਼ਵਨੀ ਕੁਮਾਰ, ਪਰਮਿੰਦਰ ਸਿੰਘ, ਪ੍ਰਦੀਪ ਸਿੰਘ ਨੇ ਵੀ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ  ਸਰਬਜੀਤ ਕੌਰ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਪਰਦੀਪ ਕੌਰ, ਮੀਨਾ ਰਾਣੀ, ਜਸਵਿੰਦਰ ਕੌਰ, ਸੁਮੀਤ ਸੋਢੀ, ਹਿਮਾਂਸ਼ੂ ਸੋਬਤੀ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।