ਏ ਡੀ ਸੀ ਰਾਜੀਵ ਵਰਮਾ ਵੱਲੋਂ ਅਫਰੀਕਨ ਸਵਾਈਨ ਫੀਵਰ ਤੋਂ ਬਚਾਅ ਲਈ ਜ਼ਿਲ੍ਹੇ ’ਚ ਇਹਤਿਆਤੀ ਹੁਕਮ ਜਾਰੀ

ਨਵਾਂਸ਼ਹਿਰ, 30 ਦਸੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ, ਰਾਜੀਵ ਵਰਮਾ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ 'ਦੀ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਇੰਨਫ਼ੈਕਸ਼ੀਅਸ ਐਂਡ ਕਨਟੇਜੀਅਸ ਡਿਜ਼ੀਜ਼ਜ਼ ਇੰਨ ਐਨੀਮਲਜ਼ ਐਕਟ-2009 ਦੇ ਚੈਪਟਰ ਤਿੰਨ ਦੇ ਸੈਕਸ਼ਨ 6 ਤਹਿਤ ਸੂਰਾਂ 'ਚ ਅਫਰੀਕਨ ਸਵਾਈਨ ਫ਼ੀਵਰ ਦੀ ਬਿਮਾਰੀ ਦੇ ਬਚਾਅ ਲਈ ਜਾਰੀ ਨੋਟੀਫ਼ਿਕੇਸ਼ਨ ਦੀ ਲਗਤਾਰਤਾ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਦਾਰਾ 144 ਅਧੀਨ ਮਿਲੇ ਅਧਿਕਾਰਾਂ ਤਹਿਤ ਇਹਤਿਆਤੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਦਸੰਬਰ 2022 ਤੋਂ 28 ਫ਼ਰਵਰੀ 2023 ਤੱਕ ਜਾਰੀ ਰਹਿਣਗੇ।
ਇਨ੍ਹਾਂ ਹੁਕਮਾਂ ਤਹਿਤ ਪ੍ਰਭਾਵਿਤ ਏਰੀਏ ਦੀ ਡਿਸਇੰਨਫੈਕਸ਼ਨ (ਰੋਗਾਣੂ ਨਾਸ਼ਕਤਾ) ਕਰਨ ਦੇ ਨਾਲ-ਨਾਲ ਪਸ਼ੂ ਪਾਲਕਾਂ ਤੇ ਸਾਂਭ-ਸੰਭਾਲ ਕਰਨ ਵਾਲਿਆਂ ਦੀ ਨਿੱਜੀ ਸਫ਼ਾਈ 'ਤੇ ਧਿਆਨ ਦਿੱਤਾ ਜਾਵੇ। ਜ਼ਿਲ੍ਹੇ ਦੇ ਸੂਰ ਫ਼ਾਰਮਾਂ 'ਚ ਸਾਫ਼-ਸਫ਼ਾਈ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤੇ ਜੀਵ ਸੁਰਿੱਖਿਆ ਅਧੀਨ ਰੱਖਿਆ ਜਾਵੇ। ਪਾਲਤੂ ਸੂਰਾਂ ਤੋਂ ਜੰਗਲੀ ਸੂਰਾਂ ਅਤੇ ਜੰਗਲੀ ਸੂਰਾਂ ਤੋਂ ਪਾਲਤੂ ਸੂਰਾਂ 'ਚ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੂਰ ਫ਼ਾਰਮਾਂ ਦੁਆਲੇ ਕੰਡਿਆਲੀ ਤਾਰ ਲਾਈ ਜਾਵੇ। ਸੂਰਾਂ ਦੇ ਮੀਟ ਦੀ ਦੁਕਾਨ ਤੇ ਸੂਰ ਫ਼ਾਰਮਾਂ ਤੋਂ ਪੈਦਾ ਹੋਣ ਵਾਲੀ ਰਹਿੰਦ-ਖੂੰਹਦ ਨੂੰ ਸੁਰੱਖਿਅਤ ਤਰੀਕੇ ਨਾਲ ਨਸ਼ਟ ਕੀਤਾ ਜਾਵੇ। ਘਰੇਲੂ ਰਸੋਈ/ਰੈਸਟਟੋਰੈਂਟ ਤੋਂ ਸੂਰਾਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਨੂੰ ਰੋਕਿਆ ਜਾਵੇ।
ਸੂਰਾਂ ਨੂੰ ਚਿੱਚੜ ਆਦਿ ਤੋਂ ਬਚਾਉਣ ਲਈ ਨਿਯਮਤ ਉਪਾਅ ਕੀਤੇ ਜਾਣ  ਤੇ ਸ਼ੈਡਾਂ 'ਚ ਸਾਈਪਰਮੈਥਰੀਨ ਦਾ ਛਿੜਕਾਅ ਕੀਤਾ ਜਾਵੇ। ਸੂਰ ਪਾਲਕਾਂ, ਸਟਾਕ ਹੋਲਡਰਾਂ ਅਤੇ ਨਿੱਜੀ ਵੈਟਰਨੇਰੀਅਨਜ਼ ਨੂੰ ਅਫਰੀਕਨ ਸਵਾਈਨ ਫ਼ੀਵਰ ਦੀ ਬਿਮਾਰੀ ਬਾਰੇ ਜਾਣੂ ਕਰਵਾਇਆ ਜਾਵੇ। ਪ੍ਰਭਾਵਿਤ ਪ੍ਰਦੇਸ਼ਾਂ (ਉਤਰ ਪੂਰਬੀ ਰਾਜ ਅਤੇ ਬਿਹਾਰ) ਤੋਂ ਸੂਰ ਅਤੇ ਇਸ ਨਾਲ ਜੁੜੀ ਹੋਰ ਸਪਲਾਈ ਆਦਿ ਦੀ ਆਵਾਜਾਈ 'ਤੇ ਰੋਕ ਲਾਈ ਜਾਵੇ। ਇਨ੍ਹਾਂ ਫ਼ਾਰਮਾਂ 'ਤੇ ਕੋਈ ਵੀ ਵਾਹਨ ਦੇ ਆਉਣ-ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਫ਼ਾਈ ਤੇ ਰੋਗਾਣੂ ਰਹਿਤ ਕੀਤਾ ਜਾਵੇ। ਇਸੇ ਤਰ੍ਹਾਂ ਰਾਜ ਤੋਂ ਬਾਹਰ ਭੇਜੇ ਜਾਣ ਵਾਲੇ ਸੂਰਾਂ ਨੂੰ ਲਿਜਾਣ ਵਾਲੇ ਵਾਹਨ ਨੂੰ ਭੇਜਣ ਤੋਂ ਪਹਿਲਾਂ ਅਤੇ ਵਾਪਸ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਰੋਗਾਣੂੂ ਰਹਿਤ ਕੀਤਾ ਜਾਵੇ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।