ਪਲਾਂਟ ਪ੍ਰਬੰਧਕਾਂ ਵਲੋਂ ਸਵਾਹ ਦੀ ਦਿੱਕਤ 3 ਜਨਵਰੀ ਤੱਕ ਹੱਲ ਕਰਨ ਦਾ ਵਾਅਦਾ
ਨਵਾਂਸ਼ਹਿਰ, 30 ਦਸੰਬਰ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਵਰਮਾ ਨੇ ਸਥਾਨਕ ਸਹਿਕਾਰੀ ਖੰਡ ਮਿੱਲ ਵਿੱਚ ਲੱਗੇ ਕੋ-ਜੈਨਰੇਸ਼ਨ ਪਲਾਂਟ ਨਵਾਂਸ਼ਹਿਰ ਪਾਵਰ ਪ੍ਰਾਈਵੇਟ ਲਿਮਟਡ ਤੋਂ ਸ਼ਹਿਰ ਦੇ ਲੋਕਾਂ ਨੂੰ ਆ ਰਹੀ ਸਵਾਹ ਦੀ ਦਿੱਕਤ ਦੇ ਹੱਲ ਲਈ ਅੱਜ ਪਲਾਂਟ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ 3 ਜਨਵਰੀ ਤੱਕ ਇਸ ਮੁਸ਼ਕਿਲ ਦਾ ਹੱਲ ਕੱਢਣ ਦੀ ਹਦਾਇਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਪਲਾਂਟ ਦੇ ਪ੍ਰਬੰਧਕਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਮੇਜਰ ਸ਼ਿਵਰਾਜ ਸਿੰਘ ਬੱਲ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 133 ਤਹਿਤ 21 ਦਸੰਬਰ ਨੂੰ ਪਹਿਲਾਂ ਹੀ ਨੋਟਿਸ ਕੱਢਿਆ ਹੋਇਆ ਹੈ, ਜਿਸ ਦੀ 23 ਦਸੰਬਰ ਨੂੰ ਹੋਈ ਸੁਣਵਾਈ ਮੌਕੇ ਮਿਲ ਪ੍ਰਬੰਧਕਾਂ ਵੱਲੋਂ ਪਲਾਂਟ ਦੇ ਈ ਐਸ ਪੀ ਯੂਨਿਟ ਵਿੱਚ ਸਮੱਸਿਆ ਹੋਣ ਬਾਰੇ ਦੱਸਿਆ ਗਿਆ ਸੀ, ਜਿਸ ਦੀ ਮੁਕੰਮਲ ਮੁਰੰਮਤ ਲਈ 5 ਜਨਵਰੀ 2023 ਤੱਕ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਇਸ ਪਲਾਂਟ ਦੀ ਕਾਲਖ਼/ ਸਵਾਹ ਕਰਨ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਅੱਜ ਵਿਸ਼ੇਸ਼ ਤੌਰ ਤੇ ਪਲਾਂਟ ਦੇ ਉਪ ਪ੍ਰਧਾਨ (ਓਪਰੇਸ਼ਨ) ਐਸ ਬੰਧੋਪਾਧਿਆਏ ਅਤੇ ਸਾਈਟ ਇੰਚਾਰਜ ਵੀ ਕੇ ਛਾਜਡ ਨੂੰ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਚ ਉਹ ਪਲਾਂਟ ਤੋਂ ਨਿਕਲਦੀ ਸੁਆਹ ਜੋ ਕਿ ਸ਼ਹਿਰ ਦੇ ਲੋਕਾਂ ਲਈ ਵੱਡੀ ਮੁਸ਼ਕਿਲ ਦਾ ਕਰਨ ਬਣੀ ਹੋਈ ਹੈ, ਦਾ ਕੋਈ ਸਥਾਈ ਹੱਲ ਨਾ ਕੀਤਾ ਹੈ ਤਾਂ ਉਪ ਮੰਡਲ ਮੈਜਿਸਟ੍ਰੇਟ ਨਵਾਂਸਹਿਰ ਵਲੋਂ ਧਾਰਾ 133 ਤਹਿਤ ਜਨਤਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਫ਼ੈਸਲਾ ਸੁਣਾ ਦਿੱਤਾ ਜਾਵੇਗਾ, ਜਿਸ ਨਾਲ ਪਲਾਂਟ ਨੂੰ ਜਾਂ ਕੰਪਨੀ ਨੂੰ ਹੋਣ ਵਾਲੇ ਵਿੱਤੀ ਨੁਕਸਾਨ ਲਈ ਪ੍ਰਬੰਧਕ/ਕੰਪਨੀ ਖੁਦ ਜ਼ਿੰਮੇਵਾਰ ਹੋਵੇਗੀ। ਏ ਡੀ ਸੀ ਵਰਮਾ ਅਨੁਸਾਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਮੌਕੇ ਦਾ ਜਾਇਜ਼ਾ ਲੈ ਕੇ ਰਿਪੋਰਟ ਦੇਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਲਾਂਟ ਪ੍ਰਬੰਧਕਾਂ ਵਲੋਂ ਅੱਜ ਦੀ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਲੋੜੀਂਦਾ ਸਮਾਨ ਮੰਗਵਾਇਆ ਹੋਇਆ ਹੈ ਜੋ ਕਿ ਅੱਜ ਜਾਂ ਭਲਕ ਤੱਕ ਨਵਾਂਸ਼ਹਿਰ ਪੁੱਜ ਜਾਵੇਗਾ। ਇਸ ਤੋਂ ਇਲਾਵਾ ਈ ਐਸ ਪੀ ਦੀ ਮੁਕੰਮਲ ਮੁਰੰਮਤ ਲਈ ਦਿੱਲੀ ਅਤੇ ਮੁੰਬਈ ਤੋਂ ਮਾਹਿਰ ਇੰਜੀਨੀਅਰਾਂ ਦੀ ਟੀਮ ਵੀ ਬੁਲਾਈ ਗਈ ਹੈ ਜੋ ਕਿ 3 ਜਨਵਰੀ ਨੂੰ ਪਲਾਂਟ ਤੋਂ ਲੋਕਾਂ ਨੂੰ ਆ ਰਹੀ ਕਾਲਖ਼ ਡਿੱਗਣ ਦੀ ਸਮੱਸਿਆ ਨੂੰ ਠੀਕ ਕਰਨ ਦੇ ਨਾਲ ਨਾਲ ਇਸ ਦਾ ਪੱਕਾ ਹੱਲ ਕਰਕੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪ੍ਰਬੰਧਕਾਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਪਲਾਂਟ ਪ੍ਰਬੰਧਕ ਰਾਖ ਡਿੱਗਣ ਦੀ ਸਮੱਸਿਆ ਤੋਂ ਨਿਜਾਤ ਨਾ ਦਿਵਾ ਪਾਏ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਚ ਲਿਆਉਣ ਤੋਂ ਗ਼ੁਰੇਜ਼ ਨਹੀਂ ਕਰੇਗਾ।