ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਪੰਜਾਬ ਸਰਕਾਰ ਦੇ ਲਾਰਿਆਂ ਦੀਆਂ ਪੰਡਾਂ ਫੂਕੀਆਂ

ਅਧਿਆਪਕਾਂ ਨਾਲ ਕੀਤੇ ਵਾਅਦੇ ਨਾ ਨਿਭਾਉਣ ਤੇ ਸੰਘਰਸ਼ ਹੋਵੇਗਾ ਤੇਜ :- ਦੌੜਕਾ
ਨਵਾਂਸ਼ਹਿਰ 5 ਸਤੰਬਰ :- ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ, ਅਧਿਆਪਕ ਅਤੇ ਸਿੱਖਿਆ ਵਿਰੋਧੀ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਦੇ ਵਿਰੋਧ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਸਮੁੱਚੇ ਪੰਜਾਬ ਵਿੱਚ ਸਕੂਲ ਪੱਧਰ 'ਤੇ ਕਾਲ਼ੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣ ਦੇ ਦਿੱਤੇ ਗਏ ਸੱਦੇ ਅਨੁਸਾਰ ਸ਼ਾਮ ਸੁੰਦਰ ਕਪੂਰ, ਗੁਰਦੀਸ਼ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਪ੍ਰਸ਼ੋਤਮ ਲਾਲ, ਹਰਕੇਸ਼ ਕੁਮਾਰ, ਨਰੰਜਣਜੋਤ ਚਾਂਦਪੁਰੀ, ਰਜਿੰਦਰ ਸਿੰਘ ਦੇਹਲ, ਵਿਜੈ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਦਰਜਨਾਂ ਸਕੂਲਾਂ ਵਿੱਚ ਸਕੂਲ ਸਟਾਫ ਵਲੋਂ ਕਾਲ਼ੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। 
        ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਸਕੱਤਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਰਾਹੋਂ ਨੇ ਕਿਹਾ ਕਿ ਅੱਜ ਦੇ ਐਕਸ਼ਨ ਨੂੰ ਸਮੁੱਚੇ ਪੰਜਾਬ ਦੇ ਅਧਿਆਪਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਜੇ ਫਿਰ ਵੀ ਸਰਕਾਰ ਵਲੋਂ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਟਾਲ ਮਟੋਲ ਕੀਤੀ ਗਈ ਤਾਂ ਸਾਂਝੇ ਅਧਿਆਪਕ ਮੋਰਚੇ ਵਲੋਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਰਾਹ 'ਤੇ ਹੀ ਚੱਲ ਰਹੀ ਹੈ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਸਾਂਝੀਆਂ ਅਧਿਆਪਕ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਲਾਰਾ ਲਾਊ ਪਹੁੰਚ ਅਪਣਾ ਕੇ ਹੀ ਆਪਣਾ ਟਾਈਮ ਪਾਸ ਕਰ ਰਹੀ ਹੈ। ਸਿੱਖਿਆ ਖੇਤਰ ਵਿੱਚ ਵਿਆਪਕ ਸੁਧਾਰਾਂਡਾ ਵਾਅਦਾ ਕਰਨ ਵਾਲੀ ਸਰਕਾਰ ਜਾਇਜ ਮੰਗਾਂ ਲਈ ਸੰਘਰਸ਼ ਕਰ ਰਹੇ ਹਰ ਪ੍ਰਕਾਰ ਦੇ ਮੁਲਾਜ਼ਮਾਂ ਉੱਤੇ ਨਿੱਤ ਪ੍ਰਤੀ ਦਿਨ ਤਸ਼ੱਸਦ ਕਰ ਰਹੀ ਹੈ। ਸਾਂਝੇ ਅਧਿਆਪਕ ਮੋਰਚੇ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਧਿਆਪਕਾਂ/ਮੁਲਾਜ਼ਮਾਂ ਦੀ ਤਨਖਾਹਾਂ 'ਤੇ ਲਗਾਈ ਪਾਬੰਦੀ ਖ਼ਤਮ ਕੀਤੀ ਜਾਵੇ, ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹਰ ਪ੍ਰਕਾਰ ਦੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਤੁਰੰਤ ਰੈਗੂਲਰ ਕੀਤਾ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ,  ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸਨਾਂ ਰੱਦ ਕੀਤੀਆਂ ਜਾਣ, ਅਧਿਆਪਕਾਂ ਤੇ ਵਿਭਾਗੀ ਟੈਸਟ ਥੋਪਣ ਦਾ ਪੱਤਰ ਅਤੇ ਅਧਿਆਪਕ ਵਿਰੋਧੀ ਨਿਯਮ ਰੱਦ ਕੀਤੇ ਜਾਣ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ,180 ਈ ਟੀ ਟੀ ਅਧਿਆਪਕਾਂ 'ਤੇ ਪੰਜਾਬ ਸਰਕਾਰ ਦੇ ਸਕੇਲ ਲਾਗੂ ਕੀਤੇ ਜਾਣ, ਬਾਹਰਲੀਆਂ ਯੂਨੀਵਰਸਿਟੀਆਂ ਤੋਂ ਡਿਗਰੀਆਂ ਪ੍ਰਾਪਤ ਰਹਿੰਦੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ, ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕਾਂ ਦੀਆਂ ਪੋਸਟਾਂ ਦੀ ਸਿਰਜਣਾ ਕਰਕੇ ਪੋਸਟਾਂ ਪੂਰੇ ਗਰੇਡਾਂ ਵਿੱਚ ਭਰੀਆਂ ਜਾਣ, ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ਹਰ ਵਰਗ ਦੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ, 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਕੇ ਮੁੱਢਲੀ ਨਿਯੁਕਤੀ ਤੋਂ ਸੀਨੀਆਰਤਾ ਦਾ ਲਾਭ ਦਿੱਤਾ ਜਾਵੇ, ਐੱਸ ਐੱਲ ਏ ਦੀ ਪੋਸਟ ਦਾ ਨਾਂ ਬਦਲਿਆ ਜਾਵੇ ਅਤੇ ਨਾਨ ਟੀਚਿੰਗ ਦੀ ਮਾਸਟਰ ਕਾਡਰ ਵਿੱਚ ਪਦ ਉਨਤੀ ਸਮੇਂ ਟੈੱਟ ਦੀ ਸ਼ਰਤ ਖਤਮ ਕੀਤੀ ਜਾਵੇ, ਅਧਿਆਪਕਾਂ ਤੋਂ ਹਰ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਤੋਂ ਵੱਖ ਵੱਖ ਨਾਵਾਂ ਤੇ ਲਈਆਂ ਜਾਂਦੀਆਂ ਫੀਸਾਂ ਅਤੇ ਸਰਟੀਫਿਕੇਟ ਲਈ ਲਾਗੂ ਫੀਸ ਬੰਦ ਕੀਤੀ ਜਾਵੇ ਆਦਿ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਲਾਰਿਆਂ ਦੀਆਂ ਪੰਡਾਂ ਫੂਕੀਆਂ ਜਾ ਰਹੀਆਂ ਹਨ ‌ਤਾਂ ਜੋ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ ਕਿ ਚੋਣਾਂ ਵਿੱਚ ਤੁਸੀਂ ਮੁਲਾਜ਼ਮਾਂ ਨਾਲ ਵਾਅਦੇ ਕਰਕੇ ਸਤ੍ਹਾ ਵਿੱਚ ਆਏ ਹੋ ਅਤੇ ਕੀਤੇ ਵਾਅਦਿਆਂ ਨੂੰ ਗੰਭੀਰਤਾ ਨਾਲ ਨਿਭਾਇਆ ਜਾਵੇ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ 10 ਸਤੰਬਰ ਦੀ‌ ਸੰਗਰੂਰ ਸੂਬਾਈ ਰੋਸ ਰੈਲੀ ਵਿੱਚ ਸਮੂਹ ਮੁਲਾਜ਼ਮਾਂ ਨੂੰ  ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।