ਖੇਡਾਂ ਵਤਨ ਪੰਜਾਬ ਦੀਆਂ- ਭਗਵੰਤ ਮਾਨ ਸਰਕਾਰ ਪੰਜਾਬ ਦੀ ਨੌਜੁਆਨੀ ਨੂੰ ਨਸ਼ਾ ਮੁਕਤ ਤੇ ਸਿਹਤਮੰਦ ਮਾਹੌਲ ਦੇਣ ਲਈ ਵਚਨਬੱਧ-ਚੇਅਰਮੈਨ ਮਿਲਕਫ਼ੈਡ ਨਰਿੰਦਰ ਸਿੰਘ ਸ਼ੇਰਗਿੱਲ

ਨਵਾਂਸ਼ਹਿਰ ਬਲਾਕ ਪੱਧਰੀ ਮੁਕਾਬਲਿਆਂ ਦੇ ਦੂਸਰੇ ਦਿਨ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪੁੱਜੇ
ਨਵਾਂਸ਼ਹਿਰ, 7 ਸਤੰਬਰ, 2022: ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੀ ਨੌਜੁਆਨੀ ਲਈ ਨਸ਼ਾਮੁਕਤ ਤੇ ਸਿਹਤਮੰਦ ਮਾਹੌਲ ਸਿਰਜਣ ਲਈ ਵਚਨਬੱਧ ਹੈ ਅਤੇ 'ਵਤਨ ਪੰਜਾਬ ਦੀਆਂ ਖੇਡਾਂ' ਉਸੇ ਲੜੀ ਦਾ ਇੱਕ ਅਹਿਮ ਹਿੱਸਾ ਹਨ। ਇਹ ਪ੍ਰਗਟਾਵਾ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਅੱਜ ਨਵਾਂਸ਼ਹਿਰ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ 'ਚ ਸ਼ਾਨਾਮਤੀ ਤੇ ਗੌਰਵਮਈ ਇਤਿਹਾਸ ਰਿਹਾ ਹੈ। ਪੰਜਾਬ ਦੇ ਉਸ ਦਰਜੇ ਨੂੰ ਬਹਾਲ ਕਰਨ ਦਾ ਬੀੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਮਹਾਂ-ਕੁੰਭ ਨੂੰ ਉਲੀਕ ਕੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ 6 ਕਰੋੜ ਰੁਪਏ ਦੇ ਇਨਾਮ ਪੰਜਾਬ ਪੱਧਰ 'ਤੇ ਕਰਵਾਏ ਜਾਣ ਵਾਲੇ ਖੇਡ ਮੁਕਾਬਲਿਆਂ ਲਈ ਪਹਿਲੀ ਵਾਰ ਰੱਖੇ ਗਏ ਹਨ।  ਉਨ੍ਹਾਂ ਮਿਲਕਫ਼ੈਡ ਪੰਜਾਬ ਦੀ ਮੌਜੂਦਾ ਸਲਾਨਾ ਟਰਨਓਵਰ ਨੂੰ ਅਗਲੇ 5 ਸਾਲਾਂ ਵਿੱਚ ਦੁੱਗਣਾ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸਹਿਕਾਰੀ ਅਦਾਰਾ ਆਪਣੇ ਦੁੱਧ ਉਤਪਾਦਕ ਮੈਂਬਰਾਂ ਦੀ ਬੇਹਤਰੀ ਦੇ ਨਾਲ-ਨਾਲ ਸੂਬੇ 'ਚ ਦੁੱਧ, ਮੱਖਣ, ਦਹੀਂ, ਪਨੀਰ ਤੇ ਘਿਓ ਦੀ ਸ਼ੁੱਧਤਾ ਲਈ ਵੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਕਲੀ ਦੁੱਧ, ਦਹੀਂ, ਪਨੀਰ ਤੇ ਘਿਓ ਤਿਆਰ ਕਰਨ ਵਾਲਿਆਂ 'ਤੇ ਸਰਕਾਰ ਵੱਲੋਂ ਛਾਪਾਮਾਰੀ ਕਰਕੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਮੁੱਖ ਮਹਿਮਾਨ ਸ਼ੇਰਗਿੱਲ ਨੇ ਫੁੱਟਬਾਲ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਖੇਡ ਪਨੀਰੀ ਨੂੰ ਸਹੀ ਦਿਸ਼ਾ ਅਤੇ ਦਸ਼ਾ ਦੀ ਲੋੜ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਸੂਬੇ ਵਿਚੋਂ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਨਿਕਲਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਖੇਡਾਂ ਅਤੇੇ ਖਿਡਾਰੀਆਂ ਦੀ ਤਰੱਕੀ ਅਤੇ ਬੇਹਤਰੀ ਲਈ ਵਚਨਬੱਧ ਹੈ।
ਜ਼ਿਲਾ ਖੇਡ ਅਫ਼ਸਰ ਹਰਪਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕਰਦੇ ਹੋਏ ਖੇਡਾਂ ਵਤਨ ਪੰਜਾਬ ਦੀਆਂ ਨੂੰ ਸਹਿਯੋਗ ਦੇਣ ਲਈ ਸਹਿਕਾਰੀ ਅਦਾਰਿਆਂ ਵੇਰਕਾ ਅਤੇ ਮਾਰਕਫੈਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਲਾਕ ਨਵਾਂਸ਼ਹਿਰ ਵਿੱਚ ਅੱਜ ਦੂਜੇ ਦਿਨ 700 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖਿਡਾਰੀਆਂ ਨੂੰ ਖੇਡ ਵਿਭਾਗ ਪੰਜਾਬ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਜੀ ਵਲੋਂ ਲੰਗਰ ਦੀ ਸੇਵਾ ਦਿੱਤੀ ਗਈ।
ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਦਾ ਇੱਥੇ ਪੁੱਜਣ 'ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ, ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਆਪ ਦੇ ਯੂਥ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਸਤਨਾਮ ਸਿੰਘ ਜਲਵਾਹਾ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਾਜਦੀਪ ਸ਼ਰਮਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਿਨੀਤ ਰਾਣਾ ਅਤੇ ਆਪ ਦੇ ਜ਼ਿਲ੍ਹਾ ਜਨਰਲ ਸਕੱਤਰ ਗਗਨ ਅਗਨੀਹੋਤਰੀ ਨੇ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਤੇ ਕੌਮਾਂਤਰੀ ਸਾਇਕਲਿਸਟ ਹਰਪਿੰਦਰ ਸਿੰਘ ਤੇ ਵੇਰਕਾ ਮਿਲਕ ਪਲਾਂਟ ਜਲੰਧਰ ਦੇ ਜੀ ਐਮ ਅਸਿਤ ਸ਼ਰਮਾ, ਦਲਜੀਤ ਸਿੰਘ ਪਿ੍ਰੰਸੀਪਲ ਖਾਲਸਾ ਸਕੂਲ, ਜਸਬੀਰ ਸਿੰਘ ਡੀ ਐਮ ਸਪੋਰਟਸ ਜ਼ਿਲ੍ਹਾ ਸਿਖਿਆ ਦਫ਼ਤਰ ਵੀ ਮੌਜੂਦ ਸਨ।
ਜ਼ਿਲਾ ਖੇਡ ਅਫ਼ਸਰ ਨੇ ਅੱਜ ਹੋਏ ਫਾਈਨਲ ਖੇਡ ਮੁਕਾਬਲਿਆਂ ਦੇ ਨਤੀਜਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਐਥਲੈਟਿਕਸ  ਅੰਡਰ-17 ਲੜਕੇ 'ਚ 400 ਮੀਟਰ ਵਿਚ ਕਰਨਵੀਰ ਲਖਨਪਾਲ ਨੇ ਪਹਿਲਾ ਸਥਾਨ, ਅਮਨ ਨੇ ਦੂਜਾ ਸਥਾਨ ਅਤੇ ਮਨਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ 'ਚ 800 ਮੀਟਰ ਵਿਚ ਦੀਪਕ ਲੰਗੜੋਆ ਨੇ ਪਹਿਲਾ ਸਥਾਨ, ਸ਼ਿਵ ਮਾਨ ਚੱਕ ਇਲਾਹੀ ਬਖਸ਼ ਨੇ ਦੂਜਾ ਸਥਾਨ ਅਤੇ ਸੁਮਿਤ ਮਹਿਤਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋ ਅੰਡਰ-17 ਵਿਚ ਅਰਮਾਨ ਸਿੰਘ ਨਵਾਂਸ਼ਹਿਰ ਨੇ ਪਹਿਲਾ ਸਥਾਨ, ਕਰਨਜੋਤ ਸਿੰਘ ਨੇ ਦੂਜਾ ਸਥਾਨ ਅਤੇ ਗੁਰਕੀਰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਅੰਡਰ-14 ਲੜਕੇ ਵਿਚ ਦੁਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ ਨੇ ਪਹਿਲਾ ਸਥਾਨ ਅਤੇ ਭੰਗਲ ਖੁਰਦ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ 'ਚ ਦੁਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕਾਲਰ ਪਬਲਿਕ ਸਕੂਲ ਜਾਡਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ।
ਖੋਹ-ਖੋਹ ਅੰਡਰ-17 'ਚ ਲੜਕੀਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਿਆਮ ਦੀ ਟੀਮ ਜੇਤੂ ਰਹੀ। ਡਾ. ਆਸਾ ਨੰਦ ਆਰਿਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ 'ਚ ਡੀ ਏ ਵੀ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਖਾਲਸਾ ਸਕੂਲ ਦੂਜੇ ਸਥਾਨ 'ਤੇ ਰਿਹਾ। ਅੰਡਰ-21 'ਚ ਲੜਕੀਆਂ ਦੀ ਬੀ ਐਲ਼ ਐਮ ਗਰਲਜ਼ ਕਾਲਜ ਦੀ ਟੀਮ ਜੇਤੂ ਰਹੀ। ਅੰਡਰ-21 ਲੜਕੇ ਦੁਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਉਨ੍ਹਾਂ ਦੱਸਿਆ ਕਿ ਫੁੱਟਬਾਲ 'ਚ ਵੱਡੀ ਗਿਣਤੀ 'ਚ ਟੀਮਾਂ ਦੀ ਐਂਟਰੀ ਹੋਣ ਕਾਰਨ ਫਾਈਨਲ ਮੁਕਾਬਲੇ ਦੇਰ ਸ਼ਾਮ ਤੱਕ ਜਾਰੀ ਰਹਿਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਬਲਾਕ ਨਵਾਂਸ਼ਹਿਰ ਦੀਆਂ ਖੇਡਾਂ 'ਚ ਸਹਿਯੋਗ ਦੇਣ ਵਾਲੇ ਸਕੂਲਾਂ ਦੇ ਡੀ ਪੀ ਈਜ਼, ਪੀ ਟੀ ਆਈਜ਼, ਖਾਲਸਾ ਸਕੂਲ ਦੇ ਪ੍ਰਬੰਧਕਾਂ, ਵਿਭਾਗ ਦੇ ਕੋਚਾਂ ਕਸ਼ਮੀਰ ਸਿੰਘ, ਮਲਕੀਤ ਸਿੰਘ ਗੋਸਲ, ਗੁਰਜੀਤ ਕੌਰ ਤੇ ਜਸਕਰਣ ਕੌਰ ਅਤੇ ਖੇਡਾਂ 'ਚ ਨਿਰਸਵਾਰਥ ਸੇਵਾ ਕਰ ਰਹੇ ਫੁੱਟਬਾਲ ਕਲੱਬ ਨੰਗਲ ਜੱਟਾਂ ਦੇ ਕੋਚ ਗੁਰਪ੍ਰੀਤ ਸਿੰਘ ਬਾਂਸਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।