ਰੱਤੇਵਾਲ ਚ ਚੱਲ ਰਹੀ ਕਾਨੂੰਨਨ ਮਾਈਨਿੰਗ ਸਾਈਟ ਕੋਲ 1 ਅਕਤੂਬਰ, 2022 ਤੱਕ ਪਰਮਿਟ ਵੈਧਤਾ
ਨਵਾਂਸ਼ਹਿਰ, 13 ਸਤੰਬਰ, :- ਮੰਗਲਵਾਰ ਸ਼ਾਮ ਬਲਾਚੌਰ ਸਬ ਡਵੀਜ਼ਨ ਦੇ ਪਿੰਡ ਰੱਤੇਵਾਲ ਦਾ ਅਚਨਚੇਤ ਦੌਰਾ ਕਰਦਿਆਂ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਮਾਈਨਿੰਗ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੈਰ-ਕਾਨੂੰਨੀ ਮਾਈਨਿੰਗ ਦੀਆਂ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਡੀ ਸੀ ਰੰਧਾਵਾ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਰੱਤੇਵਾਲ ਵਿਖੇ ਕੇਵਲ ਇੱਕ ਮਾਈਨਿੰਗ ਸਾਈਟ ਦੀ ਇਜਾਜ਼ਤ ਦਿੱਤੀ ਸੀ ਜਿਸ ਦੀ ਪਰਮਿਟ ਵੈਧਤਾ 1 ਅਕਤੂਬਰ, 2022 ਤੱਕ ਹੈ। ਇਸ ਤੋਂ ਇਲਾਵਾ ਮਾਈਨਿੰਗ ਮਿਨਰਲ ਨਿਯਮਾਂ ਅਨੁਸਾਰ ਕੋਈ ਵੀ ਮਾਈਨਿੰਗ ਗਤੀਵਿਧੀ ਗੈਰ-ਕਾਨੂੰਨੀ ਮੰਨੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਮੀਡੀਆ ਦੇ ਇੱਕ ਹਿੱਸੇ ਨੇ ਰੱਤੇਵਾਲ ਖੇਤਰ ਵਿੱਚ ਮਾਈਨਿੰਗ ਗਤੀਵਿਧੀ ਦਾ ਮਾਮਲਾ ਸਾਹਮਣੇ ਰੱਖਿਆ ਸੀ ਪਰ ਇਸ ਮਾਮਲੇ ਦੀ ਜਾਂਚ ਕਰਨ 'ਤੇ ਇਹ ਖਾਣ 1 ਅਕਤੂਬਰ 2022 ਤੱਕ ਕਾਨੂੰਨੀ ਪਰਮਿਟ ਦੀ ਵੈਧਤਾ ਵਾਲੀ ਪਾਈ ਗਈ।
ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਉਥੇ ਜਾ ਕੇ ਇਹ ਜਾਂਚ ਕੀਤੀ ਕਿ ਉਕਤ ਸਾਈਟ ਤੋਂ ਇਲਾਵਾ ਕਿਸੇ ਹੋਰ ਥਾਂ ਵੀ ਖਣਨ ਗਤੀਵਿਧੀ ਹੋ ਰਹੀ ਹੈ ਜਾਂ ਨਹੀਂ ਅਤੇ ਉਨ੍ਹਾਂ ਨੇ ਪਾਇਆ ਕਿ ਮੀਡੀਆ ਦੁਆਰਾ ਰਿਪੋਰਟ ਕੀਤੇ ਜਾਣ ਤੋਂ ਇੱਕ ਵੱਖਰੀ ਥਾਂ ਤੇ ਮਾਈਨਿੰਗ ਗਤੀਵਿਧੀਆਂ ਦੇ ਸੰਕੇਤ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਉਥੇ ਮੌਜੂਦ ਮਾਈਨਿੰਗ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਮੀਨ ਦੇ ਮਾਲਕਾਂ ਵਿਰੁੱਧ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਲਈ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਕਰਨ।
ਸਹਾਇਕ ਮਾਈਨਿੰਗ ਅਫ਼ਸਰ ਜਗਨੰਦਨ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪੜਤਾਲ ਕੀਤੀ ਜ਼ਮੀਨ ਦਾ ਮਾਲ ਰਿਕਾਰਡ ਹਾਸਲ ਕਰ ਲਿਆ ਗਿਆ ਹੈ ਅਤੇ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਜ਼ਮੀਨ ਮਾਲਕਾਂ ਨੂੰ ਨੋਟਿਸ ਦੇ ਕੇ ਜ਼ਮੀਨ ਦੀ ਮੁੱਢਲੀ ਪੈਮਾਇਸ਼ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਐਨ.ਪੀ.ਐਸ.ਰੰਧਾਵਾ ਨੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਖਿਲਾਫ ਕਾਨੂੰਨ ਆਪਣੀ ਕਾਰਵਾਈ ਕਰੇਗਾ ਅਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਮਾਈਨਿੰਗ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਾਰੀਆਂ ਥਾਵਾਂ ਦੀ ਨਿਗਰਾਨੀ ਕਰਨ।