ਖੇਡਾਂ ਵਤਨ ਪੰਜਾਬ ਦੀਆਂ : ਬਲਾਚੌਰ ’ਚ ਬਲਾਕ ਪੱਧਰੀ ਮੁਕਾਬਲੇ ਸਮਾਪਤ

ਬਲਾਚੌਰ, 9 ਸਤੰਬਰ : ਬੀਤੀ ਇੱਕ ਸਤੰਬਰ ਤੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸ਼ੁਰੂ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਪੱਧਰੀ ਮੁਕਾਬਲੇ ਅੱਜ ਬਲਾਚੌਰ ਵਿਖੇ ਦੂਸਰੇ ਦਿਨ ਦੀਆਂ ਖੇਡਾਂ ਮੁਕੰਮਲ ਹੋਣ ਉਪਰੰਤ ਸੰਪੂਰਨ ਹੋ ਗਏ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਅਨੁਸਾਰ ਅੱਜ ਐਸ ਡੀ ਐਮ ਬਲਾਚੌਰ ਸੂਬਾ ਸਿੰਘ ਅਤੇ ਕਰਨਵੀਰ ਕਟਾਰੀਆ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪੁੱਜੇ ਅਤੇ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਮੈਡਲ ਵੀ ਤਕਸੀਮ ਕੀਤੇ। ਉਨ੍ਹਾਂ ਨੇ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਆਯੋਜਨ ਨੂੰ ਪੰਜਾਬ ਦੀ ਜੁਆਨੀ ਨੂੰ ਸੰਭਾਲਣ ਵਾਲਾ ਇਤਿਹਾਸਕ ਕਾਰਜ ਕਰਾਰ ਦਿੱਤਾ, ਜਿਸ ਨਾਲ ਖਿਡਾਰੀਆਂ 'ਚ ਵੱਡੇ ਪੱਧਰ 'ਤੇ ਮੱਲਾਂ ਮਾਰਨ ਦੀ ਭਾਵਨਾ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਚੱਲਣ ਵਾਲੇ ਖੇਡਾਂ ਦੇ ਇਸ ਮਹਾਂ-ਕੁੰਭ ਦਾ ਅਗਲਾ ਪੜਾਅ 12 ਸਤੰਬਰ ਤੋਂ 22 ਸਤੰਬਰ ਤੱਕ ਚੱਲਣ ਵਾਲੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਨਾਲ ਸ਼ੁਰੂ ਹੋਵੇਗਾ।  ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਵਾਲੀਬਾਲ ਦੇ ਹੋਏ ਫ਼ਾਈਨਲ ਮੁਕਾਬਲਿਆਂ 'ਚ ਅੰਡਰ-14 'ਚ ਨੋਰਵੁੱਡ ਸਕੂਲ ਚਾਹਲ ਦੀ ਟੀਮ ਨੇ ਪਹਿਲਾ ਅਤੇ ਨਵਾਂ ਪਿੰਡ ਟੱਪਰੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 'ਚ ਸਰਕਾਰੀ ਹਾਈ ਸਕੂਲ ਟਕਾਰਲਾ ਦੀ ਟੀਮ ਪਹਿਲੇ ਥਾਂ 'ਤੇੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਦੀ ਟੀਮ ਦੂਜੇ ਸਥਾਨ 'ਤੇ ਰਹੀ। ਅੰਡਰ-21 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਊਧਨਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 21 ਤੋਂ 40 ਸਾਲ ਉਮਰ ਵਰਗ 'ਚ ਧੱਕਤਾਣਾ ਦੀ ਟੀਮ ਨੇ ਪਹਿਲਾ ਅਤੇ ਮਹਾਰਾਜ ਭੂਰੀ ਵਾਲੇ ਸਪੋਰਟਸ ਕਲੱਬ ਬਲਾਚੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਬਲਾਕ ਪੱਧਰੀ ਖੇਡਾਂ 'ਚ ਸਹਿਯੋਗ ਦੇਣ ਵਾਲੀਆਂ ਅਕੈਡਮੀਆਂ, ਸਕੂਲਾਂ, ਕਾਲਜਾਂ, ਕੋਚਾਂ, ਸਕੂਲਾਂ ਦੇ ਡੀ ਪੀ ਈਜ਼ ਅਤੇ ਪੀ ਟੀ ਆਈਜ਼ ਦਾ ਧੰਨਵਾਦ ਪ੍ਰਗਟਾਉਂਦਿਆਂ ਆਸ ਪ੍ਰਗਟਾਈ ਕਿ ਉਹ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਵੀ ਇੰਜ ਹੀ ਸਹਿਯੋਗ ਦਿੰਦੇੇ ਰਹਿਣਗੇ।