ਸ਼ਹਿਰ ਦੇ ਲੋਕਾਂ ਨੂੰ ਆ ਰਹੀ ਦਿੱਕਤ ਹੱਲ ਨਾ ਹੋਣ ਤੇ 5 ਜਨਵਰੀ ਨੂੰ ਸੁਣਾ ਦਿੱਤਾ ਜਾਵੇਗਾ ਧਾਰਾ 133 ਦੇ ਨੋਟਿਸ ਦਾ ਫ਼ੈਸਲਾ

ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਵੱਲੋਂ ਨਵਾਂਸ਼ਹਿਰ ਪਾਵਰ ਲਿਮਟਡ ਦੇ ਪ੍ਰਬੰਧਕਾਂ ਨਾਲ ਮੀਟਿੰਗ

ਪਲਾਂਟ ਪ੍ਰਬੰਧਕਾਂ ਵਲੋਂ ਸਵਾਹ ਦੀ ਦਿੱਕਤ 3 ਜਨਵਰੀ ਤੱਕ ਹੱਲ ਕਰਨ ਦਾ ਵਾਅਦਾ
ਨਵਾਂਸ਼ਹਿਰ, 30 ਦਸੰਬਰ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਵਰਮਾ ਨੇ ਸਥਾਨਕ ਸਹਿਕਾਰੀ ਖੰਡ ਮਿੱਲ ਵਿੱਚ ਲੱਗੇ ਕੋ-ਜੈਨਰੇਸ਼ਨ ਪਲਾਂਟ ਨਵਾਂਸ਼ਹਿਰ ਪਾਵਰ ਪ੍ਰਾਈਵੇਟ ਲਿਮਟਡ ਤੋਂ ਸ਼ਹਿਰ ਦੇ ਲੋਕਾਂ ਨੂੰ ਆ ਰਹੀ ਸਵਾਹ ਦੀ ਦਿੱਕਤ ਦੇ ਹੱਲ ਲਈ ਅੱਜ ਪਲਾਂਟ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ 3 ਜਨਵਰੀ ਤੱਕ ਇਸ ਮੁਸ਼ਕਿਲ ਦਾ ਹੱਲ ਕੱਢਣ ਦੀ ਹਦਾਇਤ ਕੀਤੀ।  ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਪਲਾਂਟ ਦੇ ਪ੍ਰਬੰਧਕਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਮੇਜਰ ਸ਼ਿਵਰਾਜ ਸਿੰਘ ਬੱਲ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 133 ਤਹਿਤ 21 ਦਸੰਬਰ ਨੂੰ ਪਹਿਲਾਂ ਹੀ ਨੋਟਿਸ ਕੱਢਿਆ ਹੋਇਆ ਹੈ, ਜਿਸ ਦੀ 23 ਦਸੰਬਰ ਨੂੰ ਹੋਈ ਸੁਣਵਾਈ ਮੌਕੇ ਮਿਲ ਪ੍ਰਬੰਧਕਾਂ ਵੱਲੋਂ ਪਲਾਂਟ ਦੇ ਈ ਐਸ ਪੀ ਯੂਨਿਟ ਵਿੱਚ ਸਮੱਸਿਆ ਹੋਣ ਬਾਰੇ ਦੱਸਿਆ ਗਿਆ ਸੀ, ਜਿਸ ਦੀ ਮੁਕੰਮਲ ਮੁਰੰਮਤ ਲਈ 5 ਜਨਵਰੀ 2023 ਤੱਕ ਦਾ ਭਰੋਸਾ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਇਸ ਪਲਾਂਟ ਦੀ ਕਾਲਖ਼/ ਸਵਾਹ ਕਰਨ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਅੱਜ ਵਿਸ਼ੇਸ਼ ਤੌਰ ਤੇ ਪਲਾਂਟ ਦੇ ਉਪ ਪ੍ਰਧਾਨ (ਓਪਰੇਸ਼ਨ) ਐਸ ਬੰਧੋਪਾਧਿਆਏ ਅਤੇ ਸਾਈਟ ਇੰਚਾਰਜ ਵੀ ਕੇ ਛਾਜਡ ਨੂੰ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਚ ਉਹ ਪਲਾਂਟ ਤੋਂ ਨਿਕਲਦੀ ਸੁਆਹ ਜੋ ਕਿ ਸ਼ਹਿਰ ਦੇ ਲੋਕਾਂ ਲਈ ਵੱਡੀ ਮੁਸ਼ਕਿਲ ਦਾ ਕਰਨ ਬਣੀ ਹੋਈ ਹੈ, ਦਾ ਕੋਈ ਸਥਾਈ ਹੱਲ ਨਾ ਕੀਤਾ ਹੈ ਤਾਂ ਉਪ ਮੰਡਲ ਮੈਜਿਸਟ੍ਰੇਟ ਨਵਾਂਸਹਿਰ ਵਲੋਂ ਧਾਰਾ 133 ਤਹਿਤ ਜਨਤਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਫ਼ੈਸਲਾ ਸੁਣਾ ਦਿੱਤਾ ਜਾਵੇਗਾ, ਜਿਸ ਨਾਲ ਪਲਾਂਟ ਨੂੰ ਜਾਂ ਕੰਪਨੀ ਨੂੰ ਹੋਣ ਵਾਲੇ ਵਿੱਤੀ ਨੁਕਸਾਨ ਲਈ ਪ੍ਰਬੰਧਕ/ਕੰਪਨੀ ਖੁਦ ਜ਼ਿੰਮੇਵਾਰ ਹੋਵੇਗੀ।   ਏ ਡੀ ਸੀ ਵਰਮਾ ਅਨੁਸਾਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਮੌਕੇ ਦਾ ਜਾਇਜ਼ਾ ਲੈ ਕੇ ਰਿਪੋਰਟ ਦੇਣ ਲਈ ਵੀ ਕਿਹਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਪਲਾਂਟ ਪ੍ਰਬੰਧਕਾਂ ਵਲੋਂ ਅੱਜ ਦੀ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਲੋੜੀਂਦਾ ਸਮਾਨ ਮੰਗਵਾਇਆ ਹੋਇਆ ਹੈ ਜੋ ਕਿ ਅੱਜ ਜਾਂ ਭਲਕ ਤੱਕ ਨਵਾਂਸ਼ਹਿਰ ਪੁੱਜ ਜਾਵੇਗਾ। ਇਸ ਤੋਂ ਇਲਾਵਾ ਈ ਐਸ ਪੀ ਦੀ ਮੁਕੰਮਲ ਮੁਰੰਮਤ ਲਈ ਦਿੱਲੀ ਅਤੇ ਮੁੰਬਈ ਤੋਂ ਮਾਹਿਰ ਇੰਜੀਨੀਅਰਾਂ ਦੀ ਟੀਮ ਵੀ ਬੁਲਾਈ ਗਈ ਹੈ ਜੋ ਕਿ 3 ਜਨਵਰੀ ਨੂੰ ਪਲਾਂਟ ਤੋਂ ਲੋਕਾਂ ਨੂੰ ਆ ਰਹੀ ਕਾਲਖ਼ ਡਿੱਗਣ ਦੀ ਸਮੱਸਿਆ ਨੂੰ ਠੀਕ ਕਰਨ ਦੇ ਨਾਲ ਨਾਲ ਇਸ ਦਾ ਪੱਕਾ ਹੱਲ ਕਰਕੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪ੍ਰਬੰਧਕਾਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਪਲਾਂਟ ਪ੍ਰਬੰਧਕ ਰਾਖ ਡਿੱਗਣ ਦੀ ਸਮੱਸਿਆ ਤੋਂ ਨਿਜਾਤ ਨਾ ਦਿਵਾ ਪਾਏ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਚ ਲਿਆਉਣ ਤੋਂ ਗ਼ੁਰੇਜ਼ ਨਹੀਂ ਕਰੇਗਾ।

ਕੈਬਨਿਟ ਮੰਤਰੀ ਨੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜ਼ਿਲਿ੍ਹਆਂ ਦੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣੀਆਂ, ਅਧਿਕਾਰੀਆਂ ਨੂੰ ਮੌਕੇ ’ਤੇ ਹੀ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼

ਪ੍ਰਵਾਸੀ ਪੰਜਾਬੀਆਂ ਲਈ ਵੱਟਸਐਪ ਨੰਬਰ 9056009884 ਜਾਰੀ

ਅੰਮ੍ਰਿਤਸਰ, 30 ਦਸੰਬਰ - ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਛੇਤੀ ਹੱਲ ਕਰਨ ਦੀ ਸਹੂਲਤ ਦੇਣ ਲਈ ਸੂਬੇ ਵਿੱਚ ਜਲਦ ਹੀ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ। ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਅੰਮ੍ਰਿਤਸਰ ਵਿਖੇ ਹੋਏ ਪੰਜਵੇਂ ਮਿਲਨੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਮਿਲਣੀਆਂ ਦੀ ਪਹਿਲਕਦਮੀ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਇਸ ਉਪਰਾਲੇ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਸ. ਧਾਲੀਵਾਲ ਨੇ ਕਿਹਾ ਕਿ ਇਹ ਅਦਾਲਤਾਂ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦੇ ਸਿਵਲ ਕੇਸਾਂ ਨਾਲ ਸਬੰਧਤ ਮੁੱਦਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਸਮਰਪਿਤ ਹੋ ਕੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਦੀ ਸਥਾਪਨਾ ਲਈ ਜਲਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਕੀਮਤੀ ਊਰਜਾ, ਸਮਾਂ ਅਤੇ ਪੈਸਾ ਬਚਾਇਆ ਜਾ ਸਕੇ।ਮਿਲਣੀ ਪਹਿਲਕਦਮੀ ਪ੍ਰਤੀ ਪ੍ਰਵਾਸੀ ਪੰਜਾਬੀਆਂ ਦੇ ਭਰਵੇਂ ਹੁੰਗਾਰੇ 'ਤੇ ਤਸੱਲੀ ਪ੍ਰਗਟ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੀ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਾਇਆ ਜਾਵੇਗਾ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲਿ੍ਹਆਂ ਵਿੱਚ ਨੋਡਲ ਅਫ਼ਸਰ ਤਾਇਨਾਤ ਕੀਤੇ ਜਾ ਰਹੇ ਹਨ, ਜੋ ਪ੍ਰਵਾਸੀ ਭਾਰਤੀਆਂ ਦੇ ਮਸਲੇ ਬਿਨ੍ਹਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਨਿਪਟਾਉਣਗੇ।ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।ਇਸ ਮੌਕੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਨਿਵੇਕਲੀ ਪਹਿਲ ਕਰਦੇ ਹੋਏ ਪ੍ਰਵਾਸੀ ਪੰਜਾਬੀ ਭਰਾਵਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਦਾ ਸਥਾਈ ਹੱਲ ਕਰਦੇ ਇਕ ਵੱਟਸਐਪ ਨੰਬਰ 9056009884 ਜਾਰੀ ਕੀਤਾ। ਇਸ ਨੰਬਰ ਤੇ ਪ੍ਰਾਪਤ ਹੋਈ ਸ਼ਿਕਾਇਤ ਸਬੰਧਤ ਅਧਿਕਾਰੀ ਤੱਕ ਪਹੁੰਚਾਈ ਜਾਵੇਗੀ, ਜਿਥੋਂ ਇਸ ਨੂੰ ਹੱਲ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਅਪਡੇਟ ਵੀ ਸਬੰਧਤ ਪ੍ਰਵਾਸੀ ਪੰਜਾਬੀ ਨੂੰ ਦਿੱਤੀ ਜਾਵੇਗੀ।ਪ੍ਰਵਾਸੀ ਪੰਜਾਬੀਆਂ ਨਾਲ ਮੀਟਿੰਗ ਦੌਰਾਨ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਜ਼ਿਲ੍ਹਾ ਵਾਰ ਕਾਊਂਟਰ ਸਥਾਪਿਤ ਕੀਤੇ ਗਏ, ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਅੱਜ ਦੇ ਸਮਾਗਮ ਦੌਰਾਨ ਕੁੱਲ 103 ਕੇਸਾਂ ਦੀ ਸੁਣਵਾਈ ਹੋਈ।ਇਸ ਮੌਕੇ ਵਿਧਾਇਕ ਸ: ਅਮਰਪਾਲ ਸਿੰਘ, ਵਿਧਾਇਕ ਸ: ਕਸ਼ਮੀਰ ਸਿੰਘ ਸੋਹਲ, ਵਿਧਾਇਕ ਸ: ਸਰਵਣ ਸਿੰਘ ਧੁੰਨ, ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਸ ਦਲਬੀਰ ਸਿੰਘ ਟੌਂਗ,  ਏ.ਡੀ.ਜੀ.ਪੀ. (ਐਨ.ਆਰ.ਆਈ.) ਪ੍ਰਵੀਨ ਕੁਮਾਰ ਸਿਨਹਾ, ਕਮਿਸ਼ਨਰ ਸ੍ੀਮਤੀ ਗੁਰਪ੍ਰੀਤ ਕੌਰ ਸਪਰਾ, ਵਿਸ਼ੇਸ਼ ਸਕੱਤਰ (ਐਨ.ਆਰ.ਆਈ. ਮਾਮਲੇ) ਕੰਵਲਪ੍ਰੀਤ ਕੌਰ ਬਰਾੜ, ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਭਾਸ਼ਾ ਵਿਭਾਗ ਦੀ 75ਵੀਂ ਵਰ੍ਹੇਗੰਢ ਪਹਿਲੀ ਜਨਵਰੀ ਨੂੰ

ਹੁਸ਼ਿਆਰਪੁਰ, 30 ਦਸੰਬਰ:    ਦੇਸ਼ ਦੀ ਜ਼ਾਦੀ ਉਪਰੰਤ ਪਹਿਲੀ ਜਨਵਰੀ 1948 ਨੂੰ ਹੋਂਦ ਵਿੱਚ ਆਏ ਭਾਸ਼ਾ ਵਿਭਾਗ ਦੀ 75ਵੀਂ ਵਰ੍ਹੇਗੰਢ ਪਹਿਲੀ ਜਨਵਰੀ 2023 ਨੂੰ ਜ਼ਿ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਲਾਇਬ੍ਰੇਰੀ ਹੁਸ਼ਿਆਰਪੁਰ ਵਿੱਚ ਬਹੁਤ ਭਾਵਪੂਰਤ ਢੰਗ ਨਾਲ ਮਨਾਈ ਜਾ ਰਹੀ ਹੈ।ਇਸ ਸਮਾਗਮ ਵਿੱਚ ਪਾਠਕਾਂ ਅਤੇ ਸਾਹਿਤਕਾਰਾਂ ਨੂੰ ਭਾਸ਼ਾ ਵਿਭਾਗ ਦੀਆਂ ਸਰਗਰਮੀਆਂ ਸੰਬੰਧੀ ਵਿਸ਼ੇਸ਼ ਪੀ.ਪੀ.ਟੀ. ਦਿਖਾਈ ਜਾਵੇਗੀ।ਬਾਅਦ ਵਿੱਚ ਭਾਸ਼ਾ ਵਿਭਾਗ ਦੇ ਸਾਹਿਤਕਾਰ ਸੰਤਰਾਮ ਬੀ.ਏ. ਦੀ ਸਵੈਜੀਵਨੀ 'ਮੇਰੇ ਜੀਵਨ ਦੇ ਅਨੁਭਵ' ਜਿਹੜੀ ਹਿੰਦੀ ਭਾਸ਼ਾ ਦੀ ਪਹਿਲੀ ਸਵੈ ਜੀਵਨੀ ਹੈ ਦਾ ਡਾ. ਜਸਵੰਤ ਰਾਏ ਵਲੋਂ ਕੀਤਾ ਅਨੁਵਾਦ ਲੋਕ-ਅਰਪਣ ਕੀਤਾ ਜਾਵੇਗਾ।ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਚਿੰਤਕ ਸਤਵਿੰਦਰ ਮਦਾਰਾ, ਮੁਖ ਮਹਿਮਾਨ ਐਡਵੋਕੇਟ ਰਣਜੀਤ ਕੁਮਾਰ, ਮੁਖ ਵਕਤਾ ਮਦਨ ਵੀਰਾ ਅਤੇ ਪ੍ਰਧਾਨਗੀ ਕਰਨ ਡਾ. ਕਰਮਜੀਤ ਸਿੰਘ ਪਹੁੰਚ ਰਹੇ ਹਨ।     ਇਸ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਜ਼ਾਦੀ ਉਪਰੰਤ ਇਸ ਵਿਭਾਗ ਦਾ ਨਾਂ ਪੰਜਾਬੀ ਸੈਕਸ਼ਨ ਦੇ ਰੂਪ ਵਿੱਚ ਸਥਾਪਿਤ ਹੋਇਆ ਸੀ ਜਿਹੜਾ ਬਾਅਦ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਨਾਂ ਨਾਲ ਜਾਣਿਆ ਜਾਣ ਲੱਗਾ।ਵਿਭਾਗ ਆਪਣੇ ਜਨਮ ਤੋਂ ਹੀ ਭਾਸ਼ਾ ਦੀ ਉਨਤੀ ਲਈ ਯਤਨਸ਼ੀਲ਼ ਹੈ।ਇਸ ਵਿਭਾਗ ਨੇ ਪੰਜਾਬੀ ਭਾਸ਼ਾ ਦੀ ਡੂੰਘੀ ਖੋਜ ਨੂੰ ਹੋਰ ਵਿਕਸਤ ਕਰਨ ਲਈ ਪੰਜਾਬੀ ਸਾਹਿਤ, ਕੋਸ਼, ਵਿਸ਼ਾ ਸ਼ਬਦਾਵਲੀਆਂ, ਵਿਸ਼ਵ ਕਲਾਸਕੀ ਵਿਸ਼ਵਕੋਸ਼, ਪੰਜਾਬੀ ਕੋਸ਼, ਕਲਾਸਕੀ ਰਚਨਾਵਾਂ ਦੇ ਅਨੁਵਾਦ, ਬਾਲ ਗਿਆਨ ਆਦਿ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਉਣ ਲ਼ਈ ਕਾਰਜ ਆਰੰਭੇ।ਪੰਜਾਬੀ ਭਾਸ਼ਾ , ਸਾਹਿਤ ਅਤੇ ਸਭਿਆਚਾਰ ਨੂੰ ਪ੍ਰੇਮ ਕਰਨ ਵਾਲੇ ਪਾਠਕਾਂ ਅਤੇ ਸਾਹਿਤਕਾਰਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

ਏ ਡੀ ਸੀ ਰਾਜੀਵ ਵਰਮਾ ਵੱਲੋਂ ਅਫਰੀਕਨ ਸਵਾਈਨ ਫੀਵਰ ਤੋਂ ਬਚਾਅ ਲਈ ਜ਼ਿਲ੍ਹੇ ’ਚ ਇਹਤਿਆਤੀ ਹੁਕਮ ਜਾਰੀ

ਨਵਾਂਸ਼ਹਿਰ, 30 ਦਸੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ, ਰਾਜੀਵ ਵਰਮਾ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ 'ਦੀ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਇੰਨਫ਼ੈਕਸ਼ੀਅਸ ਐਂਡ ਕਨਟੇਜੀਅਸ ਡਿਜ਼ੀਜ਼ਜ਼ ਇੰਨ ਐਨੀਮਲਜ਼ ਐਕਟ-2009 ਦੇ ਚੈਪਟਰ ਤਿੰਨ ਦੇ ਸੈਕਸ਼ਨ 6 ਤਹਿਤ ਸੂਰਾਂ 'ਚ ਅਫਰੀਕਨ ਸਵਾਈਨ ਫ਼ੀਵਰ ਦੀ ਬਿਮਾਰੀ ਦੇ ਬਚਾਅ ਲਈ ਜਾਰੀ ਨੋਟੀਫ਼ਿਕੇਸ਼ਨ ਦੀ ਲਗਤਾਰਤਾ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਦਾਰਾ 144 ਅਧੀਨ ਮਿਲੇ ਅਧਿਕਾਰਾਂ ਤਹਿਤ ਇਹਤਿਆਤੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਦਸੰਬਰ 2022 ਤੋਂ 28 ਫ਼ਰਵਰੀ 2023 ਤੱਕ ਜਾਰੀ ਰਹਿਣਗੇ।
ਇਨ੍ਹਾਂ ਹੁਕਮਾਂ ਤਹਿਤ ਪ੍ਰਭਾਵਿਤ ਏਰੀਏ ਦੀ ਡਿਸਇੰਨਫੈਕਸ਼ਨ (ਰੋਗਾਣੂ ਨਾਸ਼ਕਤਾ) ਕਰਨ ਦੇ ਨਾਲ-ਨਾਲ ਪਸ਼ੂ ਪਾਲਕਾਂ ਤੇ ਸਾਂਭ-ਸੰਭਾਲ ਕਰਨ ਵਾਲਿਆਂ ਦੀ ਨਿੱਜੀ ਸਫ਼ਾਈ 'ਤੇ ਧਿਆਨ ਦਿੱਤਾ ਜਾਵੇ। ਜ਼ਿਲ੍ਹੇ ਦੇ ਸੂਰ ਫ਼ਾਰਮਾਂ 'ਚ ਸਾਫ਼-ਸਫ਼ਾਈ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤੇ ਜੀਵ ਸੁਰਿੱਖਿਆ ਅਧੀਨ ਰੱਖਿਆ ਜਾਵੇ। ਪਾਲਤੂ ਸੂਰਾਂ ਤੋਂ ਜੰਗਲੀ ਸੂਰਾਂ ਅਤੇ ਜੰਗਲੀ ਸੂਰਾਂ ਤੋਂ ਪਾਲਤੂ ਸੂਰਾਂ 'ਚ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੂਰ ਫ਼ਾਰਮਾਂ ਦੁਆਲੇ ਕੰਡਿਆਲੀ ਤਾਰ ਲਾਈ ਜਾਵੇ। ਸੂਰਾਂ ਦੇ ਮੀਟ ਦੀ ਦੁਕਾਨ ਤੇ ਸੂਰ ਫ਼ਾਰਮਾਂ ਤੋਂ ਪੈਦਾ ਹੋਣ ਵਾਲੀ ਰਹਿੰਦ-ਖੂੰਹਦ ਨੂੰ ਸੁਰੱਖਿਅਤ ਤਰੀਕੇ ਨਾਲ ਨਸ਼ਟ ਕੀਤਾ ਜਾਵੇ। ਘਰੇਲੂ ਰਸੋਈ/ਰੈਸਟਟੋਰੈਂਟ ਤੋਂ ਸੂਰਾਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਨੂੰ ਰੋਕਿਆ ਜਾਵੇ।
ਸੂਰਾਂ ਨੂੰ ਚਿੱਚੜ ਆਦਿ ਤੋਂ ਬਚਾਉਣ ਲਈ ਨਿਯਮਤ ਉਪਾਅ ਕੀਤੇ ਜਾਣ  ਤੇ ਸ਼ੈਡਾਂ 'ਚ ਸਾਈਪਰਮੈਥਰੀਨ ਦਾ ਛਿੜਕਾਅ ਕੀਤਾ ਜਾਵੇ। ਸੂਰ ਪਾਲਕਾਂ, ਸਟਾਕ ਹੋਲਡਰਾਂ ਅਤੇ ਨਿੱਜੀ ਵੈਟਰਨੇਰੀਅਨਜ਼ ਨੂੰ ਅਫਰੀਕਨ ਸਵਾਈਨ ਫ਼ੀਵਰ ਦੀ ਬਿਮਾਰੀ ਬਾਰੇ ਜਾਣੂ ਕਰਵਾਇਆ ਜਾਵੇ। ਪ੍ਰਭਾਵਿਤ ਪ੍ਰਦੇਸ਼ਾਂ (ਉਤਰ ਪੂਰਬੀ ਰਾਜ ਅਤੇ ਬਿਹਾਰ) ਤੋਂ ਸੂਰ ਅਤੇ ਇਸ ਨਾਲ ਜੁੜੀ ਹੋਰ ਸਪਲਾਈ ਆਦਿ ਦੀ ਆਵਾਜਾਈ 'ਤੇ ਰੋਕ ਲਾਈ ਜਾਵੇ। ਇਨ੍ਹਾਂ ਫ਼ਾਰਮਾਂ 'ਤੇ ਕੋਈ ਵੀ ਵਾਹਨ ਦੇ ਆਉਣ-ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਫ਼ਾਈ ਤੇ ਰੋਗਾਣੂ ਰਹਿਤ ਕੀਤਾ ਜਾਵੇ। ਇਸੇ ਤਰ੍ਹਾਂ ਰਾਜ ਤੋਂ ਬਾਹਰ ਭੇਜੇ ਜਾਣ ਵਾਲੇ ਸੂਰਾਂ ਨੂੰ ਲਿਜਾਣ ਵਾਲੇ ਵਾਹਨ ਨੂੰ ਭੇਜਣ ਤੋਂ ਪਹਿਲਾਂ ਅਤੇ ਵਾਪਸ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਰੋਗਾਣੂੂ ਰਹਿਤ ਕੀਤਾ ਜਾਵੇ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।

1962, 1965 ਤੇ 1971 ਦੀਆਂ ਜੰਗਾਂ ਦੌਰਾਨ ਸਰੀਰਕ ਤੌਰ ’ਤੇ ਨਕਾਰਾ ਹੋਏ ਸੈਨਿਕਾਂ ਦੇ ਪਰਿਵਾਰ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਨਾਲ ਸੰਪਰਕ ਕਰਨ

ਨਵਾਂਸ਼ਹਿਰ, 24 ਦਸੰਬਰ  : ਜ਼ਿਲ੍ਹੇ ਦੇ ਸਾਲ 1962 (ਭਾਰਤ-ਚੀਨ), ਸਾਲ 1965 (ਭਾਰਤ-ਪਾਕਿਸਤਾਨ) ਅਤੇ ਸਾਲ 1971 (ਭਾਰਤ-ਪਾਕਿਸਤਾਨ) ਦੀਆਂ ਜੰਗਾਂ ਦੌਰਾਨ ਸਰੀਰਕ ਤੌਰ 'ਤੇ ਨਕਾਰਾ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਸਥਾਨਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਵੱਲੋਂ ਸੋਮਵਾਰ (2 ਜਨਵਰੀ 2023) ਤੋਂ ਸ਼ੁੱਕਰਵਾਰ ਦੇ ਵਿੱਚ-ਵਿੱਚ ਦਫ਼ਤਰ ਵਿਖੇ ਕੰਮ-ਕਾਜ਼ੀ ਸਮੇਂ ਦੌਰਾਨ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਦਫ਼ਤਰ ਅਨੁਸਾਰ ਜ਼ਿਆਦਾ ਜਾਣਕਾਰੀ ਲਈ ਦਫ਼ਤਰੀ ਸਮੇਂ ਦੌਰਾਨ ਫ਼ੋਨ ਨੰ. 01823-225075 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਵੇਰਕਾ ਨੂੰ ਬਦਨਾਮ ਕਰਨ ਵਾਲੇ ਤਲਾਣੀਆਂ ਵਾਸੀ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ: ਨਰਿੰਦਰ ਸ਼ੇਰਗਿੱਲ

ਵੇਰਕਾ ਕਿਸਾਨਾਂ ਨਾਲ ਜੁੜਿਆ ਸਹਿਕਾਰੀ ਅਦਾਰਾ ਸਦਾ ਹੀ ਖਪਤਕਾਰਾਂ ਨੂੰ ਮਿਆਰੀ ਦੁੱਧ ਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ
ਵਾਇਰਲ ਵੀਡੀਓ ਵਿੱਚ ਦਰਸਾਏ ਦੁੱਧ ਦਾ ਵੇਰਕਾ ਮਿਲਕ ਪਲਾਂਟ ਨਾਲ ਕੋਈ ਸਬੰਧ ਨਹੀਂ ਹੈ: ਸ਼ੇਰਗਿੱਲ
ਪਟਿਆਲਾ, 29 ਦਸੰਬਰ:  ਪੰਜਾਬ ਸਰਕਾਰ ਦੇ ਸਹਿਕਾਰੀ ਅਦਾਰੇ ਵੇਰਕਾ ਨੂੰ ਸੋਸ਼ਲ ਮੀਡੀਆ ਉਤੇ ਬਦਨਾਮ ਕਰਨ ਵਾਲੇ ਤਲਾਣੀਆ ਵਾਸੀ ਬਿੱਲੂ ਨਾਮ ਦੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਨੇ ਕਰਦਿਆਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਵਿੱਚ ਸੰਗਤ ਲਈ ਦੁੱਧ ਲਿਆਉਣ ਦੇ ਨਾਮ ਉਤੇ ਬਿੱਲੂ ਪੁੱਤਰ ਭਗਵਾਨ ਸਿੰਘ ਅਤੇ ਉਸਦੇ ਸਾਥੀਆਂ ਹੰਸ ਰਾਜ ਪੁੱਤਰ ਕਦਾ ਰਾਮ, ਰਾਜ ਕੁਮਾਰ ਉਰਫ ਆਸਮ ਅਤੇ ਓਂਕਾਰ ਵੱਲੋਂ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇਸ ਵਾਇਰਲ ਵੀਡੀਓ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਭੀਰਤਾ ਨਾਲ ‌ਲਿਆ ਗਿਆ ਤੇ ਪੂਰੇ ਮਾਮਲੇ ਦੀ ਵੇਰਕਾ ਵੱਲੋਂ ਜਾਂਚ ਕਰਵਾਈ ਗਈ ਤਾਂ ਇਹ ਸਾਹਮਣੇ ਆਇਆ ਕਿ ਵਾਇਰਲ ਵੀਡੀਓ ਵਿੱਚ ਦਰਸਾਏ ਗਏ ਦੁੱਧ ਦਾ ਵੇਰਕਾ ਮਿਲਕ ਪਲਾਂਟ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੇਰਕਾ ਨੂੰ ਬਦਨਾਮ ਕਰਨ ਵਾਲੇ ਖ਼ਿਲਾਫ਼ ਤਾਂ ਕਾਰਵਾਈ ਕੀਤੀ ਜਾਵੇਗੀ ਹੀ ਸਗੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਪਿੱਛੇ ਕੋਈ ਹੋਰ ਵਿਅਕਤੀ ਜਾਂ ਵੇਰਕਾ ਦੇ ਮੁਕਾਬਲੇ ਵਾਲੀ ਕੋਈ ਦੂਜੀ ਧਿਰ ਤਾਂ ਸ਼ਾਮਲ ਨਹੀਂ ਹੈ। ਨਰਿੰਦਰ ਸ਼ੇਰਗਿੱਲ ਨੇ ਕਿਹਾ ਕਿ ਵੀਡੀਓ ਵਾਇਰਲ ਕਰਨ ਵਾਲੇ ਨੇ ਵੇਰਕਾ ਵਿਰੁੱਧ ਗ਼ਲਤ ਬਿਆਨ ਦੇ ਕੇ ਜਾਅਲੀ ਦੁੱਧ ਤਿਆਰ ਕਰਨ ਦੇ ਦੋਸ਼ ਲਗਾਏ ਹਨ ਅਤੇ ਨਾਲ ਹੀ ਵੇਰਕਾ ਮਿਲਕ ਪਲਾਂਟ, ਪਟਿਆਲਾ ਤੇ ਮੋਹਾਲੀ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਗਿਆ, ਕਿਉਂਕਿ  ਬਿੱਲੂ ਪੁੱਤਰ ਭਗਵਾਨ ਸਿੰਘ ਇਸ ਤੋਂ ਪਹਿਲ੍ਹਾ ਮਿਲਕ ਪਲਾਂਟ, ਮੋਹਾਲੀ ਨਾਲ ਜੁੜੀ ਸਭਾ ਦਾ ਸਕੱਤਰ ਸੀ, ਜਿਸ ਨੂੰ ਕਿਸੇ ਵਿਤੀ ਮਸਲੇ ਕਰਕੇ ਵੇਰਕਾ ਮੋਹਾਲੀ ਡੇਅਰੀ ਵੱਲੋਂ ਸਾਲ 2018 ਵਿੱਚ ਇਸ ਕੋਲੋਂ ਦੁੱਧ ਲੈਣਾ ਬੰਦ ਕਰ ਦਿੱਤਾ ਗਿਆ ਸੀ, ਇਸ ਲਈ ਇਸ ਵੱਲੋਂ ਇਹ ਵੀਡੀਓ ਵੇਰਕਾ ਮਿਲਕ ਪਲਾਂਟ,  ਦਾ ਅਕਸ਼ ਖਰਾਬ ਕਰਨ ਲਈ ਵਾਇਰਲ ਕੀਤੀ। ਇਸ ਸਬੰਧੀ ਵੇਰਕਾ ਮਿਲਕ ਪਲਾਂਟ ਵੱਲੋਂ ਪੁਲਿਸ ਕੋਲ ਵੀ ਸਿਕਾਇਤ ਕੀਤੀ ਗਈ ਹੈ। ਚੇਅਰਮੈਨ ਮਿਲਕਫੈਡ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਉਪਭੋਗਤਾਵਾਂ ਨੂੰ ਕੁਆਲਟੀ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਦਾ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਮੌਜੂਦ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਚੇਅਰਮੈਨ ਹਰਭਜਨ ਸਿੰਘ ਅਤੇ ਜਨਰਲ ਮੈਨੈਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਤਲਾਣੀਆ ਦੁੱਧ ਉਤਪਾਦਕ ਸਭਾ ਜੋ ਕਿ ਵੇਰਕਾ ਮਿਲਕ ਪਲਾਂਟ, ਪਟਿਆਲਾ ਨਾਲ ਜੁੜੀ ਹੋਈ ਹੈ, ਵੱਲੋਂ ਦੁੱਧ ਉਤਪਾਕਾਂ ਕੋਲੋਂ ਪਿੰਡ ਦੇ 20 ਦੁੱਧ ਉਤਪਾਦਕਾ ਦਾ ਦੁੱਧ ਅੰਦਾਜਨ 210 ਲੀਟਰ ਦੁੱਧ ਦੋਵੇਂ ਟਾਈਮ ਦਾ ਇੱਕਠਾ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੇ ਹੀ 3 ਫਾਰਮਾਂ ਦਾ ਦੁੱਧ ਜੋ ਕਿ ਤਕਰੀਬਨ 600 ਲੀਟਰ ਬਣਦਾ ਹੈ, ਲਿਆ ਜਾਂਦਾ ਹੈ ਅਤੇ ਇਹ ਦੁੱਧ ਮੰਗਤ ਸਿੰਘ, ਸਕੱਤਰ ਵੱਲੋਂ ਚੈਕ ਕਰਨ ਉਪਰੰਤ ਹੀ ਲਿਆ ਜਾਂਦਾ ਹੈ ਅਤੇ ਦੁੱਧ ਦੀ ਗੁਣਵੱਤਤਾਂ ਨੂੰ ਕਾਇਮ ਰੱਖਣ ਲਈ ਸਭਾ ਵਿਖੇ 1000 ਲੀਟਰ ਸਮਰੱਥਾ ਦਾ ਚਿੱਲਰ ਲਗਾਇਆ ਹੋਇਆ ਹੈ। ਮਿਤੀ 27 ਦਸੰਬਰ ਸ਼ਾਮ ਨੂੰ ਸੁਰਜੀਤ ਕੁਮਾਰ, ਸਾਬਕਾ ਐਮ਼ਸੀ਼ ਨੇ 125 ਲੀਟਰ ਦੁੱਧ ਲੰਗਰ ਵਾਸਤੇ ਦੇਣ ਲਈ ਕਿਹਾ ਜਿਸ ਕਾਰਨ 75 ਲੀਟਰ ਦੁੱਧ ਨੈਣਾ ਦੇਵੀ ਮੰਦਿਰ ਵਿਖੇ ਅਤੇ 50 ਲੀਟਰ ਦੁੱਧ ਰਾਜ ਕੁਮਾਰ ਉਰਫ ਆਸਮ ਪੁੱਤਰ ਕਰਮ ਚੰਦ ਨੂੰ ਸੌਂਪਿਆ ਗਿਆ, ਰਾਜ ਕੁਮਾਰ ਉਰਫ ਆਸਮ ਨੇ ਦੁੱਧ ਦਾ ਲੰਗਰ ਲਗਾਉਣ ਲਈ ਹੋਰ ਵੀ ਕਈ ਥਾਵਾਂ ਤੋਂ ਦੁੱਧ ਲਿਆ ਗਿਆ ਸੀ। ਪਰੰਤੂ ਮਿਤੀ 28 ਦਸੰਬਰ ਨੂੰ ਸਵੇਰੇ ਬਿਲੂ ਪੁੱਤਰ ਭਗਵਾਨ ਸਿੰਘ ਗ਼ਲਤ ਮਨਸ਼ਾ ਨਾਲ ਇਹ ਵੀਡੀਓ ਵਾਇਰਲ ਕਰ ਦਿੱਤੀ ਜੋਕਿ ਬਿਲਕੁਲ ਝੂਠੀ ਅਤੇ ਬੇਬੁਨਿਆਦ ਹੈ, ਇਸ ਲਈ ਇਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਰੈਡ ਕਰਾਸ ਨੇ ਬੇਸਹਾਰਾ ਲੋਕਾਂ ਨੂੰ ਵੰਡੇ ਕੰਬਲ

ਅੰਮ੍ਰਿਤਸਰ 29 ਦਸੰਬਰ 2022 :ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਹੱਡ ਚੀਰਵੀਂ ਠੰਡ ਨੂੰ ਵੇਖਦੇ ਹੋਏ ਰਤਨ ਸਿੰਘ ਚੌਂਕ ਵਿਖੇ ਰਿਕਸ਼ਾ ਚਾਲਕ, ਲੇਬਰ ਅਤੇ ਫੁੱਟ ਪਾਥਾਂ ਤੇ ਬੈਠੇ ਹੋਏ ਬੇਸਹਾਰਾ ਬਜ਼ੁਰਗਾਂ, ਔਰਤਾਂ ਨੂੰ ਕੰਬਲਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸ੍ਰੀ ਅਸੀਸਇੰਦਰ ਸਿੰਘ, ਕਾਰਜਕਾਰੀ ਸਕੱਤਰ, ਰੈਡ ਕਰਾਸ, ਲੇਡੀ ਮੈਂਬਰਜ ਅਤੇ ਸਮੂਹ ਰੈਡ ਕਰਾਸ ਸਟਾਫ ਮੌਜੂਦ ਸਨ। ਰੈਡ ਕਰਾਸ ਵਲੋਂ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਟਰਾਈਸਾਇਕਲ, ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਭੋੜੀਆ, ਨਕਲੀ ਅੰਗ, ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ ਅਤੇ ਸਾਂਝੀ ਰਸੋਈ ਰਾਹੀਂ 10/- ਰੁਪਏ ਵਿੱਚ ਖਾਣਾ ਵੀ ਉਪਲਬਧ ਕਰਵਾਇਆ ਜਾਂਦਾ ਹੈ। ਇਸ ਮੌਕੇ ਤੇ ਸਕੱਤਰ, ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਭਲਾਈ ਦੇ ਕੰਮਾਂ ਨੂੰ ਜਾਰੀ ਰਖਣ ਲਈ ਰੈਡ ਕਰਾਸ ਦੇ ਵੱਧ ਤੋਂ ਵੱਧ ਮੈਂਬਰ ਬਣਕੇ ਇਸ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ। 

ਹੁਸ਼ਿਆਰਪੁਰ ਦੀ ਡਾ. ਨੀਨਾ ਸੈਣੀ 'ਭਾਰਤ ਰਤਨ ਅਟਲ ਸਨਮਾਨ-2022' ਨਾਲ ਸਨਮਾਨਿਤ

ਸਿੱਖਿਆ ਵਿਭਾਗ ਚੰਡੀਗੜ੍ਹ ਤੋਂ ਬਤੌਰ ਪੰਜਾਬੀ ਲੈਕਚਰਾਰ ਵਜੋਂ ਦੇ ਚੁੱਕੇ ਹਨ ਸੇਵਾਵਾਂ - ਜੋਤਿਸ਼ ਵਿੱਚ ਵੀ ਹਾਸਲ ਕਰ ਚੁੱਕੇ ਹਨ ਡਾਕਟਰੇਟ ਦੀ ਡਿਗਰੀ
ਹੁਸ਼ਿਆਰਪੁਰ, 29 ਦਸੰਬਰ:  ਪੰਜਾਬ ਦੀ ਪ੍ਰਸਿੱਧ ਕਵਿਤਰੀ ਅਤੇ ਕਹਾਣੀਕਾਰ ਹੁਸ਼ਿਆਰਪੁਰ ਦੀ ਡਾ. ਨੀਨਾ ਸੈਣੀ ਨੂੰ ਹਾਲ ਹੀ ਵਿੱਚ 'ਭਾਰਤ ਰਤਨ ਅਟਲ ਸਨਮਾਨ-2022' ਨਾਲ ਸਨਮਾਨਿਤ ਕੀਤਾ ਗਿਆ।  25 ਦਸੰਬਰ ਨੂੰ ਲਖਨਊ (ਉੱਤਰ ਪ੍ਰਦੇਸ਼) ਵਿਖੇ ਪੱਤਰਕਾਰਾਂ ਦੀ ਕੌਮੀ ਸੰਸਥਾ ਪ੍ਰਿੰਟ ਮੀਡੀਆ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। ਉਨ੍ਹਾਂ ਦੇ ਇਸ ਸਨਮਾਨ 'ਤੇ ਸਾਹਿਤਕ ਖੇਤਰ ਵਿਚ ਖੁਸ਼ੀ ਦਾ ਮਾਹੌਲ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਪੰਜਾਬੀ ਲੈਕਚਰਾਰ ਡਾ. ਨੀਨਾ ਸੈਣੀ ਨੇ 10 ਕਹਾਣੀਆਂ ਅਤੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕੇ ਹਨ।  ਐਮ.ਏ., ਬੀ.ਐਡ, ਐਮ.ਐੱਡ  ਅਤੇ ਪੀ.ਐਚ.ਡੀ (ਜੋਤਿਸ਼ ਅਤੇ ਵਾਸਤੂ) ਹੋਣ ਦੇ ਬਾਵਜੂਦ ਪੰਜਾਬੀ ਕਵਿਤਾ ਅਤੇ ਕਹਾਣੀ ਲਿਖਣ ਵਿੱਚ ਉਨ੍ਹਾਂ ਦੀ ਰੁਚੀ ਨੇ ਉਨ੍ਹਾਂ ਨੂੰ ਸਾਹਿਤ ਦੇ ਇਸ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਅਵਾਰਡ ਆਫ ਆਨਰ(ਜੋਤਿਸ਼ ਪ੍ਰਾਂਗਣ) ਅਤੇ ਅਵਾਰਡ ਆਫ਼ ਆਨਰ ਅਖਿਲ ਭਾਰਤੀ ਜੋਤਿਸ਼ ਮੰਚ ਤੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਉਹ ਇੱਕ ਪ੍ਰਮਾਣਿਤ ਮੈਗਾ ਵਾਸਤੂ ਮਾਹਿਰ ਵੀ ਹੈ।  ਸਾਹਿਤ ਅਤੇ ਜੋਤਿਸ਼ ਦੇ ਖੇਤਰ ਵਿਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੀ ਨੀਨਾ ਸੈਣੀ ਦਾ ਕਹਿਣਾ ਹੈ ਕਿ ਬਚਪਨ ਵਿਚ ਮਾਂ ਅਤੇ ਗ੍ਰੈਜੂਏਸ਼ਨ ਕਰਦੇ ਸਮੇਂ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿਚ ਪ੍ਰਗਟ ਕੀਤਾ, ਜਿਸ ਤੋਂ ਬਾਅਦ ਕਵਿਤਾ ਲੇਖਣ ਪ੍ਰਤੀ ਊਨਾ ਦਾ ਰੁਝਾਨ ਵਧਿਆ। ਐਮ.ਐੱਡ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵਿੱਚ ਪੰਜਾਬੀ ਅਧਿਆਪਕ ਵਜੋਂ ਨੌਕਰੀ ਕਰਨ ਲੱਗ ਪਿਆ, ਪਰ ਸਾਹਿਤ ਨਾਲ ਉਨ੍ਹਾਂ ਦਾ ਮੋਹ ਕਾਇਮ ਰਿਹਾ।  ਲਿਖਦੇ-ਲਿਖਦੇ ਉਨ੍ਹਾਂ ਦੇ ਹੁਣ ਤੱਕ ਦਸ ਸਾਂਝੇ ਕਾਵਿ ਅਤੇ ਕਹਾਣੀ ਸੰਗ੍ਰਹਿ ਜਿਨ੍ਹਾਂ ਵਿੱਚ ਰੰਗਰੇਜ਼, ਦੁਖਾਂਤ, ਕਲਮਾਂ ਦੀ ਸਾਂਝ, ਵੇਹੜੇ ਦੀਆ ਰੌਣਕਾਂ, ਕਾਵਿਆਂਜਲੀ, ਧੀਆਂ ਭੈਣਾਂ ਸਾਂਝੀਆਂ, ਸਿਰਜਕ, ਗੁਲਦਾਨ ਅਤੇ ਸਾਂਝੀ ਕਹਾਣੀ ਸੰਗ੍ਰਹਿ ਵਿੱਚ ਜਜ਼ਬਾਤਾਂ ਦੇ ਪਰਦੇ, ਨਾਰੀ ਮਨ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਇਸ ਤੋਂ ਇਲਾਵਾ ਉਨ੍ਹਾਂ ਦੀ ਆਪਣੀ ਮੌਲਿਕ ਪੁਸਤਕ 'ਸੱਧਰਾਂ ਦੀ ਹਵੇਲੀ' ਵੀ ਲੋਕ ਅਰਪਿਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਵਿਤਾ ਲਿਖਣ ਦੇ ਨਾਲ-ਨਾਲ ਉਨਾ ਦੀ ਜੋਤਿਸ਼ ਦੇ ਖੇਤਰ ਵਿਚ ਵੀ ਰੁਚੀ ਵਧੀ, ਜਿਸ ਵਿਚ ਉਨਾ ਨੇ ਵੱਖ-ਵੱਖ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰਦੇ ਹੋਏ ਡਾਕਟਰੇਟ ਦੀ ਡਿਗਰੀ ਅਤੇ ਹੋਰ ਕਈ ਸਨਮਾਨ ਹਾਸਲ ਕੀਤੇ।  ਡਾ: ਨੀਨਾ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਿਤਕ ਸਫ਼ਰ ਵਿੱਚ ਉਨ੍ਹਾਂ ਦੇ ਪਤੀ ਸੇਵਾਮੁਕਤ ਬੈਂਕ ਮੈਨੇਜਰ ਅਜੀਤ ਸਿੰਘ ਧਨੋਆ ਦਾ ਬਹੁਤ ਸਹਿਯੋਗ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕ ਹੋਰ ਮੌਲਿਕ ਪੁਸਤਕ ਵੀ 2023 ਵਿੱਚ ਜਲਦੀ ਹੀ ਲੋਕਾਂ ਤੱਕ ਪਹੁੰਚ ਜਾਵੇਗੀ। ਉਨ੍ਹਾਂ ਦੱਸਿਆ ਕਿ ਰੇਕੀ ਗ੍ਰੈਂਡ ਮਾਸਟਰ, ਜੋਤਿਸ਼, ਨਾੜੀ ਜੋਤਿਸ਼, ਅੰਕ ਜੋਤਿਸ਼, ਟੈਰੋ ਕਾਰਡ ਰੀਡਰ, ਵਾਸਤੂ ਮਾਹਿਰ, ਪਾਸਟ ਲਾਈਫ ਰਿਗਰੈਸ਼ਨ, ਫੇਸ ਰੀਡਰ, ਪਾਮਿਸਟ, ਸਵਿਚ ਵਰਡਜ਼, ਏਂਜਲ ਥੈਰੇਪਿਸਟ, ਈ.ਐੱਫ.ਟੀ. ਦਾ ਊਨਾ ਨੂੰ ਕਾਫੀ ਤਜਰਬਾ ਹੈ ਅਤੇ ਇਨ੍ਹਾਂ ਵਿਸ਼ਿਆਂ 'ਤੇ ਉਹ ਹਮੇਸ਼ਾ ਲੋਕਾਂ ਤੱਕ ਆਪਣੀ ਰਾਏ ਪਹੁੰਚਾਉਂਦੇ ਰਹੇ ਹਨ। 

ਜੇਲ੍ਹਾਂ ਵਿਚ ਬੰਦ ਅੰਡਰ ਟ੍ਰਾਇਲ ਵਿਅਕਤੀਆਂ ਦੇ ਕੰਮ ਕਰਨ ਸਬੰਧੀ ਜਲਦ ਬਣੇਗੀ ਪਾਲਿਸੀ-ਹਰਜੋਤ ਸਿੰਘ ਬੈਂਸ

ਜੇਲ੍ਹ ਮੰਤਰੀ ਨੇ ਹੁਸ਼ਿਆਰਪੁਰ ਜੇਲ੍ਹ ਵਿਖੇ ਪੈਟਰੋਲ ਪੰਪ ਕੀਤਾ ਲੋਕ ਅਰਪਣ
ਕੇਵਲ ਅੱਠ ਮਹੀਨਿਆਂ ਵਿਚ ਜੇਲ੍ਹਾਂ 'ਚੋਂ ਹੁਣ ਤੱਕ ਦੇ ਸਭ ਤੋਂ ਵੱਧ ਰਿਕਾਰਡ 4800
ਮੋਬਾਇਲ ਫੋਨ ਕੀਤੇ ਬਰਾਮਦ
ਹੁਸ਼ਿਆਰਪੁਰ, 28 ਦਸੰਬਰ : ਜੇਲ੍ਹ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ
ਪੰਜਾਬ ਦੀਆਂ ਜੇਲ੍ਹਾਂ ਨੂੰ ਹੁਣ ਅਸਲ ਮਾਅਨਿਆਂ ਵਿਚ ਸੁਧਾਰ ਘਰ ਬਣਾਇਆ ਜਾ ਰਿਹਾ ਹੈ,
ਜਿਕੇ ਕੈਦੀਆਂ ਦੇ ਮੁੜ-ਵਸੇਬੇ ਨੂੰ ਲੈ ਕੇ ਵਿਸ਼ੇਸ਼ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ
ਹੈ ਅਤੇ ਕਾਫੀ ਹੱਦ ਤੱਕ ਪੰਜਾਬ ਸਰਕਾਰ ਇਸ ਵਿਚ ਸਫਲ ਵੀ ਹੋਈ ਹੈ। ਉਹ ਅੱਜ ਕੇਂਦਰੀ
ਜੇਲ੍ਹ ਹੁਸ਼ਿਆਰਪੁਰ ਦੀ ਜ਼ਮੀਨ 'ਤੇ ਪੰਜਾਬ ਜੇਲ੍ਹ ਵਿਕਾਸ ਬੋਰਡ ਅਤੇ ਇੰਡੀਅਨ ਆਇਲ
ਕਾਰਪੋਰੇਸ਼ਨ ਵੱਲੋਂ ਲਗਾਏ ਗਏ ਪੈਟਰੋਲ ਪੰਪ 'ਉਜਾਲਾ ਫਿਊਲਜ਼' ਦੇ ਲੋਕ ਅਰਪਣ ਦੌਰਾਨ
ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ਼ਾਮ ਚੌਰਾਸੀ ਡਾ. ਰਵਜੋਤ ਸਿੰਘ,
ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਏ. ਡੀ. ਜੀ ਪੀ ਜੇਲ੍ਹਾਂ ਬੀ. ਚੰਦਰ ਸ਼ੇਖਰ,
ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ. ਐਸ. ਪੀ ਸਰਤਾਜ ਸਿੰਘ ਚਾਹਲ, ਇੰਡੀਅਨ ਆਇਲ
ਕਾਰਪੋਰੇਸ਼ਨ ਦੇ ਕਾਰਜਕਾਰੀ ਮੁਖੀ ਅਤੇ ਸਟੇਟ ਹੈੱਡ ਜਤਿੰਦਰ ਕੁਮਾਰ ਤੇ ਮੁੱਖ ਜਨਰਲ
ਮੈਨੇਜਰ (ਆਰ. ਐਸ) ਪੀਊਸ਼ ਮਿੱਤਲ ਵੀ ਮੌਜੂਦ ਸਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੇ ਮੁੜ-ਵਸੇਬੇ ਲਈ
ਵੱਖ-ਵੱਖ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਐਲ. ਈ. ਡੀ ਬੱਲਬ, ਪੇਪਰ
ਅਤੇ ਬੇਕਰੀ ਉਤਪਾਦਾਂ ਤੋਂ ਇਲਾਵਾ ਹੋਰ ਕਈ ਪ੍ਰਾਜੈਕਟ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ
ਹੁਣ ਜੇਲ੍ਹਾਂ ਵਿਚ ਬੰਦ ਅੰਡਰ ਟ੍ਰਾਇਲ ਵਿਅਕਤੀਆਂ ਨੂੰ ਵੀ ਇਨ੍ਹਾਂ ਪ੍ਰਾਜੈਕਟਾਂ ਵਿਚ
ਸ਼ਾਮਿਲ ਕਰਨ ਲਈ ਸਰਕਾਰ ਵੱਲੋਂ ਨਵੀਂ ਪਾਲਿਸੀ ਬਣਾਈ ਜਾ ਰਹੀ ਹੈ ਤਾਂ ਜੋ ਉਹ ਵੀ ਆਪਣੀ
ਮਰਜ਼ੀ ਨਾਲ ਜੇਲ੍ਹਾਂ ਵਿਚ ਕੰਮ ਕਰਕੇ ਸਮਾਜ ਮੁੱਖ ਧਾਰਾ ਵਿਚ ਸ਼ਾਮਿਲ ਹੋ ਸਕਣ। ਉਨ੍ਹਾਂ
ਦੱਸਿਆ ਕਿ ਹੁਣ ਤੱਕ ਜੇਲ੍ਹਾਂ ਵਿਚ ਚੱਲ ਰਹੇ ਪ੍ਰਾਜੈਕਟਾਂ ਵਿਚ ਕੇਵਲ ਕੈਦੀਆਂ ਨੂੰ ਹੀ
ਕੰਮ ਕਰਨ ਦੀ ਆਗਿਆ ਹੈ। ਉਨ੍ਹਾਂ 'ਉਜਾਲਾ ਫਿਊਲਜ਼' ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ
ਕਿ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਦੇ ਮਕਸਦ ਨਾਲ ਇਨ੍ਹਾਂ ਪੈਟਰੋਲ
ਪੰਪਾਂ 'ਤੇ ਚੰਗੇ ਆਚਰਣ ਵਾਲੇ ਕੈਦੀਆਂ ਵੱਲੋਂ ਵਾਹਨਾਂ ਵਿਚ ਤੇਲ ਪਾਇਆ ਜਾਵੇਗਾ ਅਤੇ
ਉਨ੍ਹਾਂ ਨੂੰ ਇਸ ਕੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ
ਪੰਪਾਂ ਤੋਂ ਹੋਣ ਵਾਲੀ ਆਮਦਨ ਦਾ ਲਾਭ ਪੰਜਾਬ ਜੇਲ੍ਹ ਵਿਕਾਸ ਬੋਰਡ ਵੱਲੋਂ ਕੈਦੀਆਂ ਦੀ
ਭਲਾਈ ਅਤੇ ਉਨ੍ਹਾਂ ਦੀ ਪੜ੍ਹਾਈ 'ਤੇ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਡੀਅਨ
ਆਇਨ ਨਾਲ ਮਿਲ ਕੇ ਜੇਲ੍ਹਾਂ ਵਿਚ ਲੱਗਣ ਵਾਲਾ ਇਹ ਪੰਜਾਬ ਦਾ ਤੀਸਰਾ ਪੈਟਰੋਲ ਪੰਪ ਹੈ।
ਇਸ ਤੋਂ ਪਹਿਲਾਂ ਰੂਪਨਗਰ ਅਤੇ ਲੁਧਿਆਣਾ ਵਿਚ ਅਜਿਹੇ ਪੈਟਰੋਲ ਪੰਪ ਚੱਲ ਰਹੇ ਹਨ ਅਤੇ
ਆਉਣ ਵਾਲੇ ਦਿਨਾਂ ਵਿਚ ਫ਼ਿਰੋਜ਼ਪੁਰ ਅਤੇ ਪਟਿਆਲਾ ਵਿਚ ਇਹ ਪੰਪ ਸ਼ੁਰੂ ਹੋਣ ਜਾ ਰਹੇ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਤੱਕ ਅਸੀਂ ਜੇਲ੍ਹਾਂ ਵਿਚੋਂ ਬੁਰੀਆਂ ਖ਼ਬਰਾਂ ਹੀ
ਸੁਣਦੇ ਆਏ ਹਾਂ, ਪਰੰਤੂ ਹੁਣ ਜੇਲ੍ਹਾਂ ਵਿਚੋਂ ਚੰਗੀਆਂ ਖ਼ਬਰਾਂ ਵਿਚ ਆਉਣੀਆਂ ਸ਼ੁਰੂ ਹੋ
ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੇਵਲ ਅੱਠ
ਮਹੀਨਿਆਂ ਵਿਚ ਹੁਣ ਤੱਕ ਦੇ ਸਭ ਤੋਂ ਵੱਧ 4800 ਮੋਬਾਇਲ ਫੋਨ ਪੰਜਾਬ ਦੀਆਂ ਜੇਲ੍ਹਾਂ
ਵਿਚੋਂ ਜ਼ਬਤ ਕੀਤੇ ਜਾ ਚੁੱਕੇ ਹਨ, ਜੋ ਕਿ ਹੁਣ ਤੱਕ ਦਾ ਇਕ ਰਿਕਾਰਡ ਹੈ। ਇਸੇ ਤਰ੍ਹਾਂ
ਸਭ ਤੋਂ ਵੱਧ ਜੇਲ੍ਹ ਕਰਮਚਾਰੀਆਂ ਦੀ ਸਸਪੈਂਸ਼ਨ ਵੀ ਹੋਈ ਹੈ ਅਤੇ ਜੇਲ੍ਹਾਂ ਵਿਚੋਂ ਨਸ਼ੇ
ਵੀ ਫੜ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਜੇਲ੍ਹਾਂ ਵਿਚ ਅਪਣਾਈ ਜਾ ਰਹੀ ਸਖ਼ਤੀ
ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ, ਜਿਥੇ
ਜੇਲ੍ਹਾਂ ਵਿਚ ਬੰਦ ਸਾਰੇ ਕੈਦੀਆਂ ਦੀ ਡਰੱਗ ਸਕਰੀਨਿੰਗ ਕਰਵਾਈ ਜਾ ਚੁੱਕੀ ਹੈ। ਇਸ ਤੋਂ
ਇਲਾਵਾ ਜੇਲ੍ਹਾਂ ਵਿਚ ਫੈਮਿਲੀ ਵਿਜ਼ਿਟ ਕਰਵਾਉਣ ਵਾਲਾ ਵੀ ਪੰਜਾਬ ਦੇਸ਼ ਦਾ ਪਹਿਲਾ ਸੂਬਾ
ਬਣਿਆ ਹੈ। ਉਨ੍ਹਾਂ ਕਿਹਾ ਕਿ ਉਹ ਇਕ ਸੁਧਾਰ ਦੇ ਮਿਸ਼ਨ ਨੂੰ ਲੈ ਕੇ ਚੱਲ ਰਹੇ ਹਨ ਅਤੇ
ਉਹ ਦਿਨ ਜਲਦ ਆਵੇਗਾ, ਜਦੋਂ ਸੂਬੇ ਦੀਆਂ ਜੇਲ੍ਹਾਂ ਦੇਸ਼ ਦੀਆਂ ਬਿਹਤਰੀਨ ਜੇਲ੍ਹਾਂ
ਵਿਚੋਂ ਇਕ ਹੋਣਗੀਆਂ। ਇਸ ਦੌਰਾਨ ਕੈਬਨਿਟ ਮੰਤਰੀ ਨੇ ਪੈਟਰੋਲ ਪੰਪ 'ਤੇ ਵਾਹਨਾਂ ਵਿਚ
ਖ਼ੁਦ ਤੇਲ ਪਾ ਕੇ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ। ਇਸ ਮੌਕੇ ਏ. ਡੀ. ਜੀ. ਪੀ
(ਜੇਲ੍ਹਾਂ) ਬੀ. ਚੰਦਰ ਸ਼ੇਖਰ ਨੇ ਜੇਲ੍ਹ ਮੰਤਰੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ
ਕਿ ਜੇਲ੍ਹਾਂ ਵਿਚ ਕੈਦੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਕੋਈ ਕਸਰ ਬਾਕੀ
ਨਹੀਂ ਛੱਡੀ ਜਾਵੇਗੀ। ਇਸ ਮੌਕੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਅਨੁਰਾਗ ਕੁਮਾਰ ਆਜ਼ਾਦ,
ਐਸ. ਡੀ. ਐਮ ਪ੍ਰੀਤਇੰਦਰ ਸਿੰਘ ਬੈਂਸ, ਡਿਪਟੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ, ਆਮ
ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੇ ਕੌਂਸਲਰ ਜਸਪਾਲ ਸਿੰਘ ਚੇਚੀ ਤੋਂ ਇਲਾਵਾ ਇੰਡੀਅਨ
ਆਇਲ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਊਨਾ 'ਚ ਚੱਲ ਰਹੀਆਂ ਸਨਅਤਾਂ ਤੋਂ ਗੜ੍ਹਸ਼ੰਕਰ ਦੇ ਪਿੰਡਾਂ 'ਚ ਫੈਲ ਰਹੇ ਪ੍ਰਦੂਸ਼ਣ ਦਾ ਮੁੱਦਾ ਉਠਾਇਆ

ਗੜ੍ਹਸ਼ੰਕਰ, 28 ਦਸੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ
ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ
ਸਿੰਘ ਸੁੱਖੂ ਨੂੰ ਇੱਕ ਪੱਤਰ ਲਿਖ ਕੇ ਸੂਬੇ ਵਿੱਚ ਚੱਲ ਰਹੇ ਉਦਯੋਗਾਂ ਤੋਂ ਪੈਦਾ ਹੋ
ਰਹੇ ਪ੍ਰਦੂਸ਼ਣ ਦਾ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਲੋਕਾਂ ਤੇ ਪੈ ਰਹੇ ਪ੍ਰਭਾਵ ਦਾ
ਮਾਮਲਾ ਉਠਾਇਆ ਹੈ। ਸੰਸਦ ਮੈਂਬਰ ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ
ਕਿਹਾ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਉਨ੍ਹਾਂ ਤੋਂ ਪਹਿਲਾਂ ਰਹੇ ਸੀ.ਐਮ ਜੈਰਾਮ
ਠਾਕੁਰ ਨੂੰ ਪੱਤਰ ਲਿਖਿਆ ਸੀ। ਇਹ ਪੱਤਰ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਚੱਲ ਰਹੀਆਂ
ਸਨਅਤੀ ਇਕਾਈਆਂ ਮਾਡਲਸ ਕਾਸਮੈਟਿਕਸ ਪ੍ਰਾਈਵੇਟ ਲਿਮਟਿਡ ਅਤੇ ਇੱਕ ਹੋਰ ਫੈਟ ਉਤਪਾਦਕ
ਕੰਪਨੀ, ਜੋ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਹਨ, ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੇ
ਸੰਦਰਭ ਵਿੱਚ ਹੈ। ਜਿਸਦਾ ਪ੍ਰਭਾਵ ਨੀ ਊਨਾ ਜ਼ਿਲ੍ਹੇ ਦੀ ਸਰਹੱਦ 'ਤੇ ਉਨ੍ਹਾਂ ਦੇ ਲੋਕ
ਸਭਾ ਹਲਕੇ ਵਿੱਚ ਪੈਂਦੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਬੀਟ ਖੇਤਰ ਦੇ ਪਿੰਡ
ਮਹਿੰਦਵਾਨੀ ਤੇ ਪੈਂਦਾ ਹੈ। ਇਨ੍ਹਾਂ ਉਦਯੋਗਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨਾਲ
ਪੂਰਾ ਇਲਾਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਨਾ ਸਿਰਫ਼ ਹਵਾ ਬਹੁਤ
ਜ਼ਹਿਰੀਲੀ ਹੋ ਗਈ ਹੈ, ਸਗੋਂ ਪਾਣੀ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਰਿਹਾ ਹੈ। ਉਦਯੋਗਾਂ
ਦੁਆਰਾ ਛੱਡੇ ਗਏ ਪ੍ਰਦੂਸ਼ਤ ਤੱਤ ਸਵਾਂ ਨਦੀ ਵਿੱਚ ਰਲਦੇ ਹਨ, ਜਿਹੜੀ ਸਤਲੁਜ ਦਰਿਆ
ਵਿੱਚ ਡਿਗਦੀ ਹੈ। ਪਰ ਬਦਕਿਸਮਤੀ ਨਾਲ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ
ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਘੱਟ ਕਦਮ ਚੁੱਕੇ ਸਨ। ਉਹ ਉਮੀਦ ਕਰਦੇ ਹੈ ਕਿ ਤੁਸੀਂ
ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝੋਗੇ ਅਤੇ ਇਹ ਯਕੀਨੀ ਬਣਾਓਗੇ ਕਿ ਇਨ੍ਹਾਂ ਪ੍ਰਦੂਸ਼ਣ
ਫੈਲਾਉਣ ਵਾਲੀਆਂ ਫੈਕਟਰੀਆਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਪ੍ਰਦੂਸ਼ਣ
ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਹਿਮਾਚਲ ਪ੍ਰਦੇਸ਼ ਦੀ
ਸਰਹੱਦ ਨਾਲ ਲੱਗਦੇ ਉਨ੍ਹਾਂ ਦੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਦੂਸ਼ਣ ਕਾਰਨ
ਹੋਰ ਵੀ ਨੁਕਸਾਨ ਤੋਂ ਬਚਾਇਆ ਜਾ ਸਕੇ।

ਢਾਹਾਂ ਕਲੇਰਾਂ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਯਾਦ ਵਿਚ ਸ਼ਹੀਦੀ ਸਮਾਗਮ

ਢਾਹਾਂ ਕਲੇਰਾਂ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਯਾਦ ਵਿਚ ਸ਼ਹੀਦੀ ਸਮਾਗਮ
ਬੰਗਾ 28 ਦਸੰਬਰ : ( ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ,  ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤ ਰੂਪ ਵਿਚ ਹੋਏ । ਉਪੰਰਤ ਇਕੱਤਰ ਸੰਗਤਾਂ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਾਮ ਸਿਮਰਨ ਅਤੇ ਮੂਲ ਮੰਤਰ ਦਾ ਪਾਠ ਕੀਤਾ ਗਿਆ । ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਮੂਹ ਸੰਗਤਾਂ ਨੂੰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹੀਦੀ ਬਾਰੇ ਚਾਨਣਾ ਪਾਇਆ। ਇਸ ਸ਼ਹੀਦੀ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਵਰਿੰਦਰ ਸਿੰਘ ਬਰਾੜ ਐੱਚ ਆਰ ਐਡਿਮਨ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਜੁਗਬਦਲ ਸਿੰਘ ਨੰਨੂਆਂ, ਡਾ. ਹਰਜੋਤਵੀਰ ਸਿੰਘ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਮਨਜੀਤ ਸਿੰਘ, ਨਰਿੰਦਰ ਸਿੰਘ ਢਾਹਾਂ, ਕਮਲਜੀਤ ਸਿੰਘ ਕੁਲਥਮ, ਪ੍ਰਵੀਨ ਸਿੰਘ, ਸਮੂਹ ਟਰੱਸਟ ਸਟਾਫ਼, ਗੁਰੂ ਨਾਨਕ ਮਿਸ਼ਨ ਹਸਪਤਾਲ ਸਟਾਫ, ਸਮੂਹ ਡਾਕਟਰ ਸਾਹਿਬਾਨ, ਸਾਰੀਆਂ ਸੰਸਥਾਵਾਂ ਦੇ ਮੁਖੀਆਂ, ਵਿਭਾਗਾਂ ਦੇ ਇੰਚਾਰਜਾਂ, ਨਰਸਿੰਗ ਕਾਲਜ ਅਤੇ ਪੈਰਾ ਮੈਡੀਕਲ ਕਾਲਜ ਵਿਦਿਆਰਥੀ ਵੀ ਸ਼ਾਮਿਲ ਹੋਏ।ਇਸ ਮੌਕੇ ਦੁੱਧ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਦੀਆਂ ਤਸਵੀਰਾਂ

ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਆਈ ਐਸ-ਪਾਇਰ ਲੀਡਰਸ਼ਿਪ ਪ੍ਰੋਗਰਾਮ ਕੀਤਾ ਸ਼ੁਰੂ : ਸਾਕਸ਼ੀ ਸਾਹਨੀ

ਮੁੱਖ ਮੰਤਰੀ ਭਗਵੰਤ ਮਾਨ ਕੋਲ ਵਿਦਿਆਰਥਣ ਨੇ ਆਈ.ਏ.ਐਸ. ਬਣਨ ਦੀ ਪ੍ਰਗਟਾਈ ਸੀ ਇੱਛਾ
ਵਿਦਿਆਰਥਣ ਮਹਿਫ਼ੂਜਾ ਨੇ ਵੱਖ ਵੱਖ ਵਿਭਾਗਾਂ ਨਾਲ ਕੀਤੀ ਮੀਟਿੰਗ ਤੇ ਮਾਲ ਰਿਕਾਰਡ ਰੂਮ ਦਾ ਕੀਤਾ ਨਿਰੀਖਣ
ਐਸ.ਐਸ.ਪੀ. ਵਰੁਣ ਸ਼ਰਮਾ ਨੇ ਆਪਣੀ ਕੁਰਸੀ 'ਤੇ ਬਿਠਾਕੇ ਮਹਿਫ਼ੂਜਾ ਨੂੰ ਪੁਲਿਸ ਦੀ ਕਾਰਜਪ੍ਰਣਾਲੀ ਦੀ ਦਿੱਤੀ ਜਾਣਕਾਰੀ

ਪਟਿਆਲਾ, 27 ਦਸੰਬਰ: ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁੱਜੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦੀ ਦਸਵੀ ਕਲਾਸ ਦੀ ਵਿਦਿਆਰਥਣ ਮਹਿਫ਼ੂਜਾ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੀ ਕੁਰਸੀ 'ਤੇ ਬਿਠਾ ਕੇ ਵਿਦਿਆਰਥਣ ਦੇ ਆਈ.ਏ.ਐਸ. ਬਣਨ ਦੀ ਸੁਪਨੇ ਨੂੰ ਅੱਜ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕਰਨ ਲਈ ਆਈ ਐਸ-ਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਹੁਣ ਹਰੇਕ ਮਹੀਨੇ ਜ਼ਿਲ੍ਹੇ ਦੇ ਸਕੂਲਾਂ ਦੇ ਚੋਣਵੇਂ ਵਿਦਿਆਰਥੀਆਂ ਨੂੰ ਜਿਸ ਖੇਤਰ ਵਿਚ ਉਹ ਜਾਣਾ ਚਾਹੁੰਦੇ ਹਨ ਉਸ ਖੇਤਰ ਦੇ ਅਧਿਕਾਰੀਆਂ ਨਾਲ ਇੱਕ ਦਿਨ ਬਿਤਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਅੱਜ ਵਿਦਿਆਰਥਣ ਮਹਿਫ਼ੂਜਾ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦਫ਼ਤਰ ਵਿਖੇ ਪੁੱਜੀ ਹੈ ਤੇ ਦੋਵੇਂ ਅਹੁਦਿਆਂ ਦੀ ਕਾਰਜਪ੍ਰਣਾਲੀ ਨੂੰ ਵਿਦਿਆਰਥਣ ਵੱਲੋਂ ਸਮਝਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਾਪੇ ਅਧਿਆਪਕ ਮਿਲਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਵਿਦਿਆਰਥਣ ਮਹਿਫ਼ੂਜਾ ਨੇ ਮੁੱਖ ਮੰਤਰੀ ਕੋਲ ਆਈ.ਏ.ਐਸ. ਬਣਨ ਦੀ ਇੱਛਾ ਜਾਹਰ ਕੀਤੀ ਸੀ, ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਵਿਦਿਆਰਥਣ ਦੀ ਹੌਸਲਾ ਅਫ਼ਜ਼ਾਈ ਤੇ ਮਾਗਰਦਰਸ਼ਨ ਕਰਨ ਲਈ ਆਪਣੇ ਦਫ਼ਤਰ ਬਲਾਉਣ ਤੇ ਆਪਣੀ ਕੁਰਸੀ 'ਤੇ ਬਿਠਾਕੇ ਅਹੁਦੇ ਦੀ ਪ੍ਰਤੀਸ਼ਠਾ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਕੀਤੀ ਜਾਣ ਵਾਲੀ ਮਿਹਨਤ ਲਈ ਪ੍ਰੇਰਿਤ ਕਰਨ ਲਈ ਕਿਹਾ ਸੀ। ਡਿਪਟੀ ਕਮਿਸ਼ਨਰ ਦੀ ਕੁਰਸੀ 'ਤੇ ਬੈਠਣ ਉਪਰੰਤ ਵਿਦਿਆਰਥਣ ਮਹਿਫ਼ੂਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਵੱਲੋਂ ਅੱਜ ਮੇਰੇ ਆਈ.ਏ.ਐਸ. ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੀਤਾ ਗਈ ਇਹ ਪਹਿਲਕਦਮੀ ਮੈਨੂੰ ਆਪਣਾ ਇਹ ਟੀਚਾ ਪੂਰਾ ਕਰਨ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ। ਵਿਦਿਆਰਥਣ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਇੰਨ੍ਹਾਂ ਵੱਕਾਰੀ ਪ੍ਰੀਖਿਆਵਾਂ ਨੂੰ ਪਾਸ ਕਰਨ ਦੇ ਸੁਪਨੇ ਦੇਖਣ ਲੱਗੇ ਹਨ, ਇਹ ਸਭ ਹੋ ਰਹੇ ਸਿੱਖਿਆ ਸੁਧਾਰ ਦਾ ਹੀ ਨਤੀਜਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣ ਦੌਰਾਨ ਮੁੱਖ ਮੰਤਰੀ ਵੱਲੋਂ ਵਿਦਿਆਰਥੀਆਂ ਦੀਆਂ ਪੁੱਛੀਆਂ ਭਵਿੱਖੀ ਯੋਜਨਾਵਾਂ ਦੌਰਾਨ ਵਿਦਿਆਰਥੀਆਂ ਵੱਲੋਂ ਆਈ.ਏ.ਐਸ. ਤੇ ਆਈ.ਪੀ.ਐਸ. ਬਣਨ ਦੀ ਇੱਛਾ ਜਤਾਈ ਗਈ ਸੀ ਜਿਸ ਦੇ ਚਲਦਿਆਂ ਮੁੱਖ ਮੰਤਰੀ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਨ੍ਹਾਂ ਨੂੰ ਬੁਲਾਕੇ ਮਾਰਗਦਰਸ਼ਨ ਕਰਨ ਲਈ ਕਿਹਾ ਸੀ। ਜਿਸ ਦੇ ਚਲਦਿਆਂ ਅੱਜ ਵਿਦਿਆਰਥਣ ਮਹਿਫ਼ੂਜਾ ਨੂੰ ਡਿਪਟੀ ਕਮਿਸ਼ਨਰ ਦੀ ਕੁਰਸੀ 'ਤੇ ਬਿਠਾਇਆ ਗਿਆ ਹੈ, ਤਾਂ ਜੋ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਹੋ ਸਕੇ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੂੰ ਡਿਪਟੀ ਕਮਿਸ਼ਨਰ ਦੇ ਸਾਰੇ ਕੰਮਕਾਜ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤੇ ਵੱਖ ਵੱਖ ਵਿਭਾਗਾਂ ਦੀਆਂ ਹੋਈਆਂ ਮੀਟਿੰਗਾਂ ਜਿਸ ਵਿੱਚ ਪਰਾਲੀ ਪ੍ਰਬੰਧਨ ਦੀ ਹੋਈ ਮੀਟਿੰਗ 'ਚ ਮਹਿਫ਼ੂਜਾ ਵੱਲੋਂ ਸੁਝਾਅ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮਾਲ ਵਿਭਾਗ ਦੇ ਰਿਕਾਰਡ ਰੂਮ ਦਾ ਦੌਰਾ ਕਰਕੇ ਪੁਰਾਣੇ ਰਿਕਾਰਡ ਦੀ ਸਾਂਭ ਸੰਭਾਲ ਨੂੰ ਵੀ ਵਿਦਿਆਰਥਣ ਵੱਲੋਂ ਦੇਖਿਆ ਗਿਆ ਹੈ ਤੇ ਆਪਣੇ ਪਿੰਡ ਇੰਦਰਪੁਰਾ ਦਾ ਪੁਰਾਣਾ ਰਿਕਾਰਡ ਵੀ ਉਸਨੇ ਦੇਖਿਆ। ਸਾਕਸ਼ੀ ਸਾਹਨੀ ਨੇ ਵਿਦਿਆਰਥਣ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਪੁਸਤਕ ਭੇਂਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਵਿਦਿਆਰਥੀਆਂ ਨੂੰ ਅੱਗੇ ਵੱਧਣ ਵਿਚ ਮਦਦ ਕਰਨ ਲਈ ਤਿਆਰ ਹੈ ਤੇ ਇਸ ਲਈ ਜੋ ਵੀ ਸੰਭਵ ਮਦਦ ਹੋ ਸਕਦੀ ਹੈ ਉਹ ਕੀਤੀ ਜਾਵੇਗੀ।
           ਇਸ ਮੌਕੇ ਐਸ.ਐਸ.ਪੀ. ਦਫ਼ਤਰ ਵਿਖੇ ਪੁੱਜੀ ਮਹਿਫ਼ੂਜਾ ਨੂੰ ਐਸ.ਐਸ.ਪੀ ਵਰੁਣਾ ਸ਼ਰਮਾ ਨੇ ਆਪਣੀ ਕੁਰਸੀ 'ਤੇ ਬਿਠਾਉਦਿਆਂ ਪੁਲਿਸ ਵਿਭਾਗ ਦੀ ਕਾਰਜਪ੍ਰਣਾਲੀ ਦੱਸਦਿਆਂ ਕਿਹਾ ਕਿ ਪੁਲਿਸ ਵਿਭਾਗ ਨਾਗਰਿਕਾਂ ਦੀ ਸੁਰੱਖਿਆ ਲਈ 24 ਘੰਟੇ ਤਿਆਰ ਰਹਿੰਦਾ ਹੈ ਤੇ ਕਿਸੇ ਵੀ ਨਾਗਰਿਕ ਨੂੰ ਮੁਸ਼ਕਲ ਸਮੇਂ ਸਹਾਇਤਾ ਕਰਦਾ ਹੈ। ਉਨ੍ਹਾਂ ਵਿਦਿਆਰਥਣ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਤੋਹਫ਼ੇ ਵਜੋਂ ਪੈਨ ਸੌਪਿਆ।
        ਇਸ ਮੌਕੇ ਭਾਵੁਕ ਹੁੰਦਿਆਂ ਵਿਦਿਆਰਥਣ ਦੇ ਪਿਤਾ ਮੱਖਣ ਖਾਨ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਦੇ ਪਰਿਵਾਰ ਲਈ ਭਾਗਾਂ ਵਾਲਾ ਹੈ ਜਦੋਂ ਉਨ੍ਹਾਂ ਦੀ ਧੀ ਨੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਹੁਦੇ ਦੀ ਕੁਰਸੀ ਉਤੇ ਬੈਠਣ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ ਵਰੁਣ ਸ਼ਰਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਕੀਤਾ ਗਿਆ ਸਹੀ ਮਾਰਗਦਰਸ਼ਨ ਮੇਰੀ ਧੀ ਸਮੇਤ ਹੋਰਨਾਂ ਵਿਦਿਆਰਥੀਆਂ ਦਾ ਭਵਿੱਖ ਸਵਾਰਨ ਵਿਚ ਸਹਾਈ ਹੋਵੇਗਾ।
         ਇਸ ਮੌਕੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ, ਏ.ਡੀ.ਸੀ ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡੀ.ਡੀ.ਐਫ. ਪ੍ਰਿਆ ਸਿੰਘ, ਸਕੂਲ ਪ੍ਰਿੰਸੀਪਲ ਬਲਬੀਰ ਸਿੰਘ ਜੋੜਾ ਵੀ ਮੌਜੂਦ ਸਨ।
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਕੂਲ ਵਿਦਿਆਰਥਣ ਮਹਿਫ਼ੂਜਾ ਨੂੰ ਆਪਣੀ ਕੁਰਸੀ 'ਤੇ ਬਿਠਾਉਂਦੇ ਹੋਏ।

ਸਦਾ ਬਹਾਰ ਫਨਕਾਰ ਮੁਹੰਮਦ ਰਫ਼ੀ ਦੇ ਜਨਮ ਦਿਵਸ ਮੌਕੇ ਸ਼ਾਨਦਾਰ ਸੰਗੀਤਕ ਸਮਾਗਮ

ਵੋ ਜਬ ਯਾਦ ਆਏ, ਬਹੁਤ ਯਾਦ ਆਏ'
ਹੁਸ਼ਿਆਰਪੁਰ, 27 ਦਸੰਬਰ: ਸੰਗੀਤ ਜਗਤ ਦੇ ਸਦਾ ਬਹਾਰ ਫਨਕਾਰ ਮੁਹੰਮਦ ਰਫ਼ੀ ਸਾਹਿਬ ਦੇ 98ਵੇਂ ਜਨਮ ਦਿਵਸ ਸਬੰਧੀ ਸ਼ਾਨਦਾਰ ਸੰਗੀਤਕ ਅਤੇ ਸਭਿਆਚਾਰਕ ਸਮਾਗਮ ਦਾ ਆਯੋਜਨ ਮੁਹੰਮਦ ਕਲਚਰਲ ਤੇ ਚੈਰੀਟੇਬਲ ਸੁਸਾਇਟੀ ਹੁਸ਼ਿਆਰਪੁਰ, ਅਲਾਇੰਸ ਕਲੱਬ ਹੁਸ਼ਿਆਰਪੁਰ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਯੁਗੇਸ਼ ਨੇ ਕੀਤੀ। ਇਸ ਸੰਗੀਤਕ ਸਮਾਗਮ ਵਿਚ ਡਿਪਟੀ ਚੀਫ਼ ਇੰਜੀਨੀਅਰ ਬਿਜਲੀ ਬੋਰਡ ਹਰਮਿੰਦਰ ਸਿੰਘ ਰੱਤੂ ਬਤੌਰ ਮੁੱਖ ਮਹਿਮਾਨ ਪਧਾਰੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਰਾਜ ਪਾਲ ਕੌਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਸਮਾਗਮ ਵਿਚ ਕਲਾਕਾਰ, ਸੰਗੀਤ ਪ੍ਰੇਮੀ, ਸਮਾਜ ਅਤੇ ਸਮਾਜ ਦੇ ਬੁੱਧੀਜੀਵੀ ਹੁੰਮ-ਹੁੰਮਾ ਕੇ ਸ਼ਾਮਲ ਹੋਏ। ਸੁਸਾਇਟੀ ਵਲੋਂ ਮੁੱਖ ਮਹਿਮਾਨ ਸਮੇਤ ਪਤਵੰਤਿਆਂ ਦਾ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨ ਸਮੇਤ ਹੋਰ ਪਤਵੰਤਿਆਂ ਵਲੋਂ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ।  ਸਮਾਗਮ ਦੀ ਸ਼ੁਰੂਆਤ ਵੇਲੇ ਸੁਸਾਇਟੀ ਦੇ ਪ੍ਰਬੰਧਕ ਡਾ. ਹਰਜਿੰਦਰ ਸਿੰਘ ਓਬਰਾਏ ਵਲੋਂ ਮੁੱਖ ਮਹਿਮਾਨ ਅਤੇ ਹੋਰ ਹਾਜ਼ਰ ਮਹਿਮਾਨਾਂ, ਕਲਾਕਾਰਾਂ ਅਤੇ ਪਤਵੰਤੇ ਸ਼ਹਿਰੀਆਂ ਦਾ ਸਮਾਗਮ ਵਿਚ ਸ਼ਾਮਲ ਹੋਣ 'ਤੇ ਜੀ ਆਇਆਂ ਆਖਦਿਆਂ ਸੁਸਾਇਟੀ ਦੀਆਂ ਸੰਗੀਤਕ ਅਤੇ ਸਭਿਆਚਾਰਕ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਮੁਹੰਮਦ ਰਫੀ ਸੁਸਾਇਟੀ ਦੇ ਸੰਥਾਪਕ ਪ੍ਰਧਾਨ ਗੁਲਜਾਰ ਸਿੰਘ ਕਾਲਕਟ ਵਲੋਂ ਮੁਹੰਮਦ ਰਫੀ ਸਾਹਿਬ ਦੇ ਜੀਵਨ ਅਤੇ ਸਫ਼ਲ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਸ਼ੁਰੂ ਹੋਏ ਸੰਗੀਤਕ ਪ੍ਰੋਗਰਾਮ ਵਿਚ ਪ੍ਰੋ: ਹਰਜਿੰਦਰ 'ਅਮਨ', ਪ੍ਰੋ: ਬਲਰਾਜ, ਉਸਤਾਦ ਕਲਾਕਾਰ ਨੀਲ ਕਮਲ ਮਾਹਿਲਪੁਰੀ, ਡਾ. ਗੁਰਪ੍ਰੀਤ ਕੌਰ ਗੋਲਡੀ (ਐਮ.ਏ. ਐਮ ਫਿਲ ਅਤੇ ਪੀ.ਐਚ.ਡੀ ਸੰਗੀਤ), ਅਨਮੋਲ ਰਾਜਾ, ਹਰਪਾਲ ਲਾਡਾ, ਰਚਨਾ ਸ਼ਰਮਾ (ਸਿਤਾਰ ਵਾਦਕ), ਰੀਤਿਕਾ ਸੈਣੀ (ਪੰਜਾਬੀ ਢੋਲ ਵਾਦਨ), ਪ੍ਰੋ: ਪੰਕਜ ਸ਼ਰਮਾ (ਬੰਸਰੀ ਵਾਦਨ), ਡਾ. ਅਸ਼ੋਕ ਸੂਮਨ ਆਦਿ ਕਲਾਕਾਰਾਂ ਵਲੋਂ ਢੁਕਵੇਂ ਨਗ਼ਮੇਂ ਪੇਸ਼ ਕਰਕੇ ਸਮਾਗਮ ਨੂੰ ਰਫ਼ੀ-ਮਈ ਬਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਮੁੱਖ ਮਹਿਮਾਨ ਵਲੋਂ ਉਪਰੋਕਤ ਕਲਾਕਾਰ ਨੂੰ ਸਨਮਾਨਿਤ ਕੀਤਾ ਗਿਆ।  ਸਮਾਗਮ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਉਘੇ ਰੰਗਕਰਮੀ ਅਤੇ ਫ਼ਿਲਮੀ ਕਲਾਕਾਰ ਅਸ਼ੋਕ ਪੁਰੀ, ਸੰਗੀਤਕਾਰ ਕੁਲਜੀਤ ਗੋਰਾਇਆ ਅਤੇ ਸਾਹਿਤਕਾਰ ਕੁਲਵਿੰਦਰ ਸਿੰਘ ਜੱਡਾ ਵਲੋਂ ਸੂਝਵਾਨ ਸਰੋਤਿਆਂ ਦੀ ਆਮ ਰਾਏ ਵਿਅਕਤ ਕਰਦਿਆਂ ਮੰਗ ਕੀਤੀ ਕਿ ਮੁਹੰਮਦ ਰਫ਼ੀ ਸਾਹਿਬ ਦਾ ਬਣਦਾ 'ਭਾਰਤ ਰਤਨ' ਅਵਾਰਡ, ਉਨ੍ਹਾਂ ਦੇ ਨਾਂ ਦੀ ਡਾਕ ਟਿਕਟ ਜਾਰੀ ਕਰਨ ਤੋਂ ਇਲਾਵਾ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਮੁਹੰਮਦ ਰਫ਼ੀ ਦੇ ਨਾਂ 'ਤੇ ਵਿਸ਼ੇਸ਼ ਚੇਅਰ ਸਥਾਪਿਤ ਕੀਤੀ ਜਾਵੇ।    ਅੰਤ ਵਿਚ ਮੁੱਖ ਮਹਿਮਾਨ ਇੰਜੀਨੀਅਰ ਹਰਮਿੰਦਰ ਸਿੰਘ ਰੱਤੂ ਨੇ ਇਸ ਸ਼ਾਨਦਾਰ ਸੰਗੀਤਕ ਅਤੇ ਸਭਿਆਚਾਰਕ ਸਮਾਗਮ ਦੇ ਪ੍ਰਭਾਵਸ਼ਾਲੀ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੁਨੀਆਂ ਦੇ ਸਿਰਮੌਰ ਫਨਕਾਰ ਅਤੇ 'ਸਿੰਬਲ ਆਫ਼ ਮਿਊਜ਼ਿਕ' ਮੁਹੰਮਦ ਰਫੀ ਸਾਹਿਬ ਨੇ ਸਰਬਪੱਖੀ ਸੰਗੀਤ ਦੀਆਂ ਬੁਲੰਦੀਆਂ ਸਥਾਪਿਤ ਕਰਕੇ ਦੁਨੀਆ ਨੂੰ ਮਧੂਰ ਸੰਗੀਤ ਦਾ ਵੱਡਮੁਲਾ ਖ਼ਜ਼ਾਨਾ ਪ੍ਰਦਾਨ ਕੀਤਾ ਹੈ। ਪੰਜਾਬ ਦੇ ਜੰਮਪਲ ਮੁਹੰਮਦ ਰਫ਼ੀ ਸਾਹਿਬ ਨੇ ਬੇਮਿਸਾਲ ਫਨਕਾਰੀ ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਦੁਨੀਆਂ ਵਿਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਫਨਕਾਰੀ ਦੇ ਨਾਲ-ਨਾਲ ਮੁਹੰਮਦ ਰਫ਼ੀ ਸਾਹਿਬ ਇਕ ਨੇਕ ਅਤੇ ਵਧੀਆ ਇਨਸਾਨ ਦੇ ਤੌਰ 'ਤੇ ਸਾਡੇ ਲਈ ਇਕ ਲਾਹੇਵੰਦ ਪ੍ਰੇਰਨਾ ਸਰੋਤ ਬਣੇ ਰਹਿਣਗੇ।
ਇਸ ਮੌਕੇ ਹਰਦੇਵ ਸਿੰਘ ਆਸੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੋਕੇਸ਼ ਕੁਮਾਰ ਸਹਾਇਕ ਲੋਕ ਸੰਪਰਕ ਅਫ਼ਸਰ, ਹਰਜੀਤ ਸਿੰਘ ਮਠਾਰੂ, ਸਾਂਵਲ ਧਾਮੀ, ਅਵਤਾਰ ਸਿੰਘ ਸੰਧੂ, ਪੰਜਾਬੀ ਕਹਾਣੀਕਾਰ ਡਾ. ਤ੍ਰਿਪਤਾ ਕੇ. ਸਿੰਘ, ਕੁਲਵੰਤ ਸਿੰਘ ਮੈਨੇਜਰ, ਮਾਸਟਰ ਸੁਖਦੇਵ ਸਿੰਘ, ਤਰਲੋਚਨ ਸਿੰਘ ਮਾਹਿਲਪੁਰ, ਅਮਰਜੀਤ ਟਾਟਰਾ, ਜੀਵਨ ਲਾਲ, ਰਣਜੀਤ ਤਲਵਾੜ, ਵਕੀਲ ਸੁਖਵਿੰਦਰ ਜੀਤ ਸੰਘਾ, ਨਰੇਸ਼ ਬੈਂਸ, ਪੰਡਤ ਸੁਰੇਸ਼ ਸ਼ਰਮਾ ਅਤੇ ਸੁਖਚੈਨ ਰਾਏ ਆਦਿ ਪਤਵੰਤੇ ਮੌਜੂਦ ਸਨ। 

ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ- ਏ ਡੀ ਸੀ ਰਾਜੀਵ ਵਰਮਾ

ਚਾਹਵਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ 'ਚ ਸੰਪਰਕ ਕਰਨ
ਨਵਾਂਸ਼ਹਿਰ, 27 ਦਸੰਬਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਡੇਅ.ਐਨ.ਯੂ.ਐਲ.ਐਮ. (ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ) ਸਕੀਮ ਤਹਿਤ ਜ਼ਿਲ੍ਹੇ ਦੇ ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾਮੁਖੀ ਹੁਨਰ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਇਹ ਕੋਰਸ ਸ਼ਹਿਰੀ ਨੌਜਵਾਨਾਂ ਲਈ ਇੱਕ ਬਹੁਤ ਹੀ ਵਧੀਆ ਰੋਜ਼ਗਾਰ ਦਾ ਉਪਰਾਲਾ ਸਾਬਿਤ ਹੋਵੇਗਾ। ਇਸ ਵਿੱਚ 'ਫੀਲਡ ਟੈਕਨੀਸ਼ੀਅਨ ਨੈੱਟਵਰਕਿੰਗ ਐਂਡ ਸਟੋਰੇਜ਼' ਦੀ 4 ਮਹੀਨਿਆਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਣੀ ਹੈ। ਸਿਖਲਾਈ ਦੇ ਨਾਲ ਹੀ ਬੇਸਿਕ ਕੰਪਿਊਟਰ, ਸਾਫ਼ਟ ਸਕਿੱਲ ਆਦਿ ਵੀ ਸਿਖਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਵਰਦੀਆਂ, ਕਿਤਾਬਾਂ ਅਤੇ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ। ਟ੍ਰੇਨਿੰਗ ਤੋਂ ਬਾਅਦ ਪ੍ਰਾਰਥੀਆਂ ਨੂੰ ਸਰਕਾਰ ਵੱਲੋਂ ਸਰਟੀਫਿਕੇਟ ਅਤੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਵਸਰ ਵੀ ਮੁਹੱਇਆ ਕਰਵਾਏ ਜਾਣਗੇ। ਕੋਈ ਵੀ ਚਾਹਵਾਨ ਪ੍ਰਾਰਥੀ ਜੋ ਬਾਰ੍ਹਵੀ ਪਾਸ ਹਨ, ਉਹ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਤੀਜੀ ਮੰਜ਼ਿਲ, ਕਮਰਾ ਨੰ: 413 ਵਿਖੇ ਆਪਣੇ ਜ਼ਰੂਰੀ ਦਸਤਾਵੇਜ਼ ਲੈ ਕੇ ਮਿਲ ਸਕਦਾ ਹੈ। ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਦੇ ਨਾਲ ਮੋਬਾਇਲ ਨੰ: 83603-76675 'ਤੇ ਸਪੰਰਕ ਕਰ ਸਕਦਾ ਹੈ।

ਕੈਨੇਡਾ ਨਿਵਾਸੀ ਜਸਵਿੰਦਰ ਸਿੰਘ ਸੰਧੂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 50 ਹਜ਼ਾਰ ਰੁਪਏ ਦਾਨ

ਕੈਨੇਡਾ ਨਿਵਾਸੀ ਜਸਵਿੰਦਰ ਸਿੰਘ ਸੰਧੂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ 50 ਹਜ਼ਾਰ ਰੁਪਏ ਦਾਨ
ਬੰਗਾ : 27 ਦਸੰਬਰ () ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਫਤਿਹਪੁਰ ਖੇੜਾ ਦੇ ਜੱਦੀ ਅਤੇ ਹਾਲ ਕੈਨੇਡਾ ਵਾਸੀ, ਸਮਾਜ ਸੇਵਕ ਇੰਜੀਨੀਅਰ ਸ. ਜਸਵਿੰਦਰ ਸਿੰਘ ਸੰਧੂ ਨੇ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਮੈਡੀਕਲ ਸੇਵਾਵਾਂ ਕਰਕੇ ਲੋੜਵੰਦ ਮਰੀਜ਼ਾਂ ਦੀ ਮੈਡੀਕਲ ਮਦਦ ਕਰਨ ਲਈ ਪੰਜਾਹ ਹਜ਼ਾਰ ਰੁਪਏ ਦਾ ਦਾਨ ਦਿੱਤਾ ਹੈ।  ਸ. ਸੰਧੂ ਨੇ ਅੱਜ ਇਹ ਰਕਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੁੱਖ ਟਰੱਸਟ ਦਫਤਰ ਵਿਖੇ ਆ ਕੇ ਖੁਦ ਭੇਟ ਕੀਤੀ। ਇਸ ਮੌਕੇ ਸ. ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਇਲਾਕੇ ਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਵੱਡੀ ਆਸ ਦੀ ਕਿਰਨ ਹੈ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਨ ਲਈ ਹਮੇਸ਼ਾਂ ਸਭ ਤੋਂ ਮੋਹਰੀ ਰਹਿੰਦਾ ਹੈ।
ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੇ ਸ. ਜਸਵਿੰਦਰ ਸਿੰਘ ਸੰਧੂ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਉਹਨਾਂ ਨੇ ਹਸਪਤਾਲ ਢਾਹਾਂ-ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਇਲਾਜ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ। ਸ. ਢਾਹਾਂ ਨੇ ਦੱਸਿਆ ਕਿ ਇੱਥੇ ਲੋੜਵੰਦ ਮਰੀਜ਼ਾਂ ਨੂੰ ਉੱਚ ਪੱਧਰੀ ਮੈਡੀਕਲ ਇਲਾਜ ਸਹੂਲਤਾਂ ਮਿਲਦੀਆਂ ਹਨ ਅਤੇ ਲੋੜਵੰਦ ਮਰੀਜ਼ਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਂਦੀ ਹੈ। ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ  ਤਿੰਨੇ ਵੇਲੇ ਮੁਫ਼ਤ ਪੌਸ਼ਟਿਕ ਭੋਜਨ ਵੀ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਚਿੱਟਾ ਮੋਤੀਆ ਮੁਕਤ ਲਹਿਰ ਅਧੀਨ ਲੋੜਵੰਦ ਅੱਖਾਂ ਦੇ ਮਰੀਜ਼ਾਂ ਦੇ ਅਪਰੇਸ਼ਨ ਫਰੀ ਕੀਤੇ ਜਾ ਰਹੇ ਹਨ। ਇਸ ਮੌਕੇ ਟਰੱਸਟ ਪ੍ਰਬੰਧਕ ਮੈਂਬਰ ਸ. ਦਰਸ਼ਨ ਸਿੰਘ ਮਾਹਿਲ ਕੈਨੇਡਾ ਨੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਇੰਜੀਨੀਅਰ ਸ. ਜਸਵਿੰਦਰ ਸਿੰਘ ਸੰਧੂ ਦਾ ਸਨਮਾਨ ਕੀਤਾ ਗਿਆ। ਕੈਨੇਡਾ ਨਿਵਾਸੀ ਸ. ਜਸਵਿੰਦਰ ਸਿੰਘ ਸੰਧੂ ਦਾ ਸਨਮਾਨ ਕਰਨ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਕੈਮੀਕਲ ਇੰਜੀਨੀਅਰ ਸ. ਜਸਵਿੰਦਰ ਸਿੰਘ ਸੰੰਧੂ, ਟਰੱਸਟ ਦੇ ਮੀਤ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਦੇ ਵੱਡੇ ਜਵਾਈ ਹਨ। ਸਮੂਹ ਸੰਧੂ ਪਰਿਵਾਰ ਵੱਲੋਂ ਉਹਨਾਂ ਦੇ ਪਿਤਾ ਜੀ ਸ. ਸੰਤੋਖ ਸਿੰਘ ਸੰਧੂ ਅਤੇ ਮਾਤਾ ਜੀ  ਅਮਰਜੀਤ ਕੌਰ ਸੰਧੂ ਨੇ ਜੱਦੀ ਪਿੰਡ ਫਤਿਹਪੁਰ ਖੇੜਾ ਦਾ ਬੈੱਡ ਵੀ ਫਰੀ ਕਰਵਾਇਆ ਹੋਇਆ ਹੈ ਅਤੇ ਇੱਕ ਐਬੂੰਲੈਂਸ ਵੀ ਹਸਪਤਾਲ ਨੂੰ ਦਾਨ ਵਿਚ ਦਿੱਤੀ ਹੈ। ਇਸੇ ਸਾਲ ਸਤੰਬਰ ਮਹੀਨੇ ਵਿਚ ਸ. ਜਸਵਿੰਦਰ ਸਿੰਘ ਸੰਧੂ ਦੇ ਬੇਟੇ ਸ੍ਰੀ ਰਾਜਨ ਸੰਧੂ ਵਾਈਸ ਪ੍ਰੈਜ਼ੀਡੈਂਟ ਸ਼ੈਰੀਡਨ ਕਾਲਜ ਟੋਰਾਂਟੋ ਵੀ 51 ਹਜ਼ਾਰ ਰੁਪਏ ਦਾਨ ਹਸਪਤਾਲ ਨੂੰ ਦੇ ਕੇ ਗਏ ਸਨ ।
ਫੋਟੋ ਕੈਪਸ਼ਨ :  ਸ. ਜਸਵਿੰਦਰ ਸਿੰਘ ਸੰਧੂ ਦਾ ਸਨਮਾਨ ਕਰਦੇ ਹੋਏ ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਕੈਨੇਡਾ ਨਾਲ ਹਨ ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ  ਅਤੇ ਹੋਰ ਪਤਵੰਤੇ

ਦੇਸ਼ ਲਈ ਸ਼ਹਾਦਤ ਦੇਣ ਵਾਲਿਆਂ ਦੇ ਹਮੇਸ਼ਾ ਕਰਜ਼ਾਈ ਰਹਿਣਗੇ ਦੇਸ਼ ਵਾਸੀ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ 'ਤੇ ਭੇਟ ਕੀਤੇ ਸ਼ਰਧਾ ਦੇ ਫੁੱਲ
ਹੁਸ਼ਿਆਰਪੁਰ, 26 ਦਸੰਬਰ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹੀਦ ਊਧਮ
ਸਿੰਘ ਭਾਰਤ ਮਾਤਾ ਦੇ ਉਹ ਮਹਾਨ ਸਪੂਤ ਸਨ, ਜਿਨ੍ਹਾਂ ਨੇ ਦੇਸ਼ ਖਾਤਰ ਆਪਣਾ ਜੀਵਨ
ਕੁਰਬਾਨ ਕਰ ਦਿੱਤਾ ਸੀ। ਉਨ੍ਹਾਂ ਨੇ ਜਾਲਮ ਬਰਤਾਨਵੀ ਹਕੂਮਤ ਨਾਲ ਜਲਿ੍ਹਆਂਵਾਲੇ ਬਾਗ
ਵਿਚ ਨਿਹੱਥੇ ਅਤੇ ਬੇਕਸੂਰ ਭਾਰਤੀਆਂ ਉਤੇ ਕੀਤੇ ਜ਼ੁਲਮ ਦਾ ਬਦਲਾ ਲਿਆ। ਅੱਜ ਅਸੀਂ ਜਿਸ
ਆਜ਼ਾਦੀ ਦਾ ਆਨੰਦ ਲੈ ਰਹੇ ਹਾਂ, ਉਹ ਸਾਡੇ ਅਨੇਕਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਾਰਨ
ਹੀ ਸੰਭਵ ਹੋ ਸਕਿਆ ਹੈ। ਉਹ ਅੱਜ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ ਨਗਰ ਸੁਧਾਰ
ਟਰੱਸਟ ਮਾਰਕੀਟ ਵਿਚ ਸਥਾਪਿਤ ਉਨ੍ਹਾਂ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਨ ਦੌਰਾਨ
ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ
ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ
ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਦੀ ਕੁਰਬਾਨੀ ਦੇਣ ਵਾਲਿਆਂ ਨੂੰ ਕਦੇ ਵੀ ਭੁਲਾਇਆ ਨਹੀਂ
ਜਾ ਸਕਦਾ, ਬਲਕਿ ਸ਼ਹੀਦ ਹੀ ਸਾਡੀ ਵਿਰਾਸਤ ਹਨ ਅਤੇ ਦੇਸ਼ ਵਾਸੀ ਹਮੇਸ਼ਾ ਇਨ੍ਹਾਂ ਦੇ
ਕਰਜ਼ਾਈ ਰਹਿਣਗੇ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਸ਼ਾਸਨ ਤੋਂ ਦੇਸ਼ ਨੂੰ ਆਜ਼ਾਦੀ ਦਿਵਾਉਣ
ਲਈ ਬਲੀਦਾਨ ਦੇਣ ਵਾਲੇ ਵੀਰ ਸਪੂਤਾਂ ਪ੍ਰਤੀ ਦੇਸ਼ ਹਮੇਸ਼ਾ ਨਤਮਸਤਕ ਰਹੇਗਾ। ਬ੍ਰਮ ਸ਼ੰਕਰ
ਜਿੰਪਾ ਨੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ 'ਤੇ ਉਨ੍ਹਾਂ ਸਲਾਮ
ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦੇਸ਼ ਭਗਤੀ ਅਤੇ ਸ਼ਹਾਦਤ ਸਾਡੀ ਮੌਜੂਦਾ ਅਤੇ ਆਉਣ ਵਾਲੀ
ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਜੰਗ-ਏ-ਆਜ਼ਾਦੀ ਵਿਚ
ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਕੁਰਬਾਨੀਆਂ ਦਿੱਤੀਆਂ ਸਨ ਅਤੇ ਸ਼ਹੀਦ ਊਧਮ ਸਿੰਘ ਵਲੋਂ
ਦਿੱਤੀ ਗਈ ਕੁਰਬਾਨੀ ਆਪਣੇ-ਆਪ ਵਿਚ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ
ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਦੇਸ਼ ਦੀ ਏਕਤਾ
ਅਤੇ ਅਖੰਡਤਾ ਨੂੰ ਹੋਰ ਮਜ਼ਬੂਤ ਕਰੀਏ। ਇਸ ਮੌਕੇ ਕੌਂਸਲਰ ਪ੍ਰਦੀਪ ਬਿੱਟੂ, ਸਤਵੰਤ ਸਿੰਘ
ਸਿਆਣ, ਸੁਮੇਸ਼ ਸੋਨੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਆਰ ਸੇਟੀ ਵਿਖੇ ਬਿਊਟੀ ਪਾਰਲਰ ਮੈਨੇਜਮੈਂਟ ਦੇ ਮੁਫ਼ਤ ਕੋਰਸ ਲਈ 2 ਜਨਵਰੀ ਤੱਕ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ

ਹੁਸ਼ਿਆਰਪੁਰ, 26 ਦਸੰਬਰ: ਜ਼ਿਲ੍ਹਾ ਪ੍ਰੀਸ਼ਦ ਭਵਨ, ਹੁਸ਼ਿਆਰਪੁਰ ਦੇ ਸਾਹਮਣੇ ਸਿਵਲ
ਲਾਈਨਜ਼ ਵਿਖੇ ਸਥਿਤ ਪੀ.ਐਨ.ਬੀ. ਆਰ ਸੇਟੀ (ਪੇਂਡੂ ਸਵੈ ਰੋਜ਼ਗਾਰ ਟ੍ਰੇਨਿੰਗ ਸੰਸਥਾ)
ਵਲੋਂ 30 ਦਿਨਾਂ ਦਾ ਮੁਫ਼ਤ ਬਿਊਟੀ ਪਾਰਲਰ ਮੈਨੇਜਮੈਂਟ ਕੋਰਸ ਸ਼ੁਰੂ ਕੀਤਾ ਜਾ ਰਿਹਾ
ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਰਜਿੰਦਰ ਕੁਮਾਰ ਭਾਟੀਆ ਨੇ ਦੱਸਿਆ
ਕਿ ਚਾਹਵਾਨ ਉਮੀਦਵਾਰ ਆਧਾਰ ਕਾਰਡ ਦੀ ਕਾਪੀ, 2 ਪਾਸਪੋਰਟ ਸਾਈਜ਼ ਫੋਟੋ, ਵਿਦਿਆਕ
ਯੋਗਤਾ ਸਰਟੀਫਿਕੇਟਾਂ ਦੀਆਂ ਕਾਪੀਆਂ ਅਤੇ ਐਸ.ਸੀ. / ਬੀ.ਪੀ.ਐਲ. ਸਰਟੀਫਿਕੇਟ, ਜੇਕਰ
ਕੋਈ ਹੋਵੇ ਤਾਂ ਇੰਸਟੀਚਿਊਟ ਵਿਖੇ ਆ ਕੇ ਮਿਤੀ 2 ਜਨਵਰੀ ਤੱਕ ਰਜਿਸਟ੍ਰੇਸ਼ਨ ਕਰਵਾ
ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਬਿਲਕੁਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ
ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ ਅਤੇ ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ
ਬਾਅਦ ਸਿਖਿਆਰਥੀਆਂ ਨੂੰ ਇਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ
ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ
ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 01882-295880 ਜਾਂ
9872759614, 9463284447, 8968846446 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

ਉੱਤਰੀ ਜ਼ੋਨ ਅੰਤਰ ਯੂਨੀਵਰਸਿਟੀ ਹਾਕੀ (ਮਹਿਲਾ) ਚੈਂਪੀਅਨਸ਼ਿਪ ’ਚ ਪੰਜਾਬ ਯੂਨੀਵਰਸਿਟੀ ਰਹੀ ਜੇਤੂ

ਪਟਿਆਲਾ, 26 ਦਸੰਬਰ: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ
ਦੇ ਵਾਈਸ-ਚਾਂਸਲਰ ਲੈਫਟੀਨੈਂਟ ਜਨਰਲ (ਡਾ.) ਜੇ.ਐਸ.ਚੀਮਾ ਨੇ ਦੱਸਿਆ ਕਿ ਉੱਤਰੀ ਜ਼ੋਨ
ਵਿੱਚ ਸਥਿਤ ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਨਾਲ ਸਬੰਧਤ ਵੱਖ-ਵੱਖ ਰਾਜਾਂ ਦੀਆਂ
ਯੂਨੀਵਰਸਿਟੀਆਂ ਦੀਆਂ 28 ਟੀਮਾਂ ਜਿਨ੍ਹਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ,
ਜੰਮੂ ਅਤੇ ਕਸ਼ਮੀਰ, ਹਰਿਆਣਾ ਅਤੇ ਚੰਡੀਗੜ੍ਹ ਸ਼ਾਮਲ ਹਨ, ਨੇ ਉੱਤਰੀ ਜ਼ੋਨ ਅੰਤਰ
ਯੂਨੀਵਰਸਿਟੀ ਹਾਕੀ (ਮਹਿਲਾ) ਚੈਂਪੀਅਨਸ਼ਿਪ ਟੂਰਨਾਮੈਂਟ ਵਿੱਚ ਭਾਗ ਲਿਆ। ਇਸ ਸਮਾਰੋਹ
ਦੀ ਸਮਾਪਤੀ ਉਤੇ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਸ਼ਾਮਲ
ਹੋਏ।
ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਫਾਈਨਲ ਮੈਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ
ਸਪੋਰਟਸ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚਕਾਰ ਖੇਡਿਆ
ਗਿਆ ਜੋ ਡਰਾਅ ਰਿਹਾ। ਪੰਜਾਬੀ ਯੂਨੀਵਰਸਿਟੀ ਨੂੰ ਗੋਲ ਫਰਕ ਦੇ ਆਧਾਰ 'ਤੇ ਜੇਤੂ
ਐਲਾਨਿਆ ਗਿਆ ਜਦਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ
ਫਸਟ ਰਨਰ ਅੱਪ ਰਹੀ। ਇਸ ਮੌਕੇ ਰਾਣੀ ਰਾਮਪਾਲ (ਭਾਰਤੀ ਹਾਕੀ ਟੀਮ ਦੀ ਕਪਤਾਨ),
ਓਲੰਪੀਅਨ ਅਤੇ ਅਰਜੁਨ ਐਵਾਰਡੀ ਬ੍ਰਿਗੇਡੀਅਰ (ਸੇਵਾ-ਮੁਕਤ) ਹਰਚਰਨ ਸਿੰਘ, ਓਲੰਪੀਅਨ
ਬਲਵਿੰਦਰ ਸ਼ੰਮੀ ਅਤੇ ਦਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ ਵਰਗੇ ਵੱਖ-ਵੱਖ ਖੇਡ
ਪਤਵੰਤਿਆਂ ਨੇ ਇਸ ਮੌਕੇ ਆਪਣੀ ਹਾਜ਼ਰੀ ਲਗਵਾਈ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਕਾਲਜ, ਜਾਡਲਾ ਵਿਖੇ ਰੋਜ਼ਗਾਰ ਮੇਲਾ 28 ਦਸੰਬਰ ਨੂੰ

ਨਵਾਂਸ਼ਹਿਰ, 26 ਦਸੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ
ਨਗਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਡਲ ਕੈਰੀਅਰ ਸੈਂਟਰ ਸਕੀਮ ਅਧੀਨ 28
ਦਸੰਬਰ ਨੂੰ ਸਰਦਾਰ ਦਿਲਬਾਗ ਸਿੰਘ, ਸਰਕਾਰੀ ਕਾਲਜ, ਜਾਡਲਾ ਵਿਖੇ ਰੋਜ਼ਗਾਰ ਮੇਲੇ ਦਾ
ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ
ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਫ਼ਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ
ਦੱਸਿਆ ਗਿਆ ਕਿ ਰੋਜ਼ਗਾਰ ਮੇਲੇ ਵਿੱਚ ਡਾਕਟਰ ਆਈ.ਟੀ.ਐੱਮ., ਆਈ.ਸੀ.ਆਈ.ਸੀ.ਆਈ.
ਫਾਊਂਡੇਸ਼ਨ, ਬਜਾਜ ਫਿਨ ਸਰਵਿਸ, ਏਸ਼ੀਅਨ ਸਕਿਉਰਟੀ, ਇੰਨੋਵੇਟਿਵ ਸਲਿਊਸ਼ਨਜ਼ (ਜੀਉ
ਟੈਲੀਕਾਮ, ਬੈਂਕ ਆਫ ਬੜੌਦਾ, ਕੋਕਾ ਕੋਲਾ ਲਈ), ਸੇਂਟ ਸੋਲਜਰ ਪਬਲਿਕ ਸਕੂਲ ਵੱਲੋਂ
ਭਰਤੀ ਕੀਤੀ ਜਾਵੇਗੀ। ਇਨ੍ਹਾਂ ਕੰਪਨੀਆਂ ਵੱਲੋਂ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ, ਮਾਰਕੀਟਿੰਗ
ਐਕਜ਼ੀਕਿਊਟਿਵ, ਅਧਾਰ ਓਪਰੇਟਰ, ਸਕਿਉਰਿਟੀ ਗਾਰਡ, ਅਧਿਆਪਕ ਭਰਤੀ ਕੀਤੇ ਜਾਣਗੇ। ਇਨ੍ਹਾਂ
ਅਸਾਮੀਆਂ ਲਈ ਯੋਗਤਾ 10ਵੀਂ, 12ਵੀਂ, ਗ੍ਰੈਜੂਏਟ/ ਪੋਸਟ ਗ੍ਰੈਜੂਏਟ, ਆਈ.ਟੀ.ਆਈ. ਹੈ।
ਅਧਿਆਪਕ ਲਈ ਯੋਗਤਾ ਬੀ.ਐੱਸ.ਸੀ./ ਐੱਮ.ਐੱਸ.ਸੀ. (ਮੈਡੀਕਲ/ ਨਾਨ ਮੈਡੀਕਲ) ਅਤੇ ਬੀ
ਐੱਡ ਹੈ। ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸ਼ਹੀਦ ਭਗਤ
ਸਿੰਘ ਨਗਰ, ਸੰਜੀਵ ਕੁਮਾਰ ਵੱਲੋਂ ਦੱਸਿਆ ਗਿਆ ਕਿ ਨੌਕਰੀ ਦੇ ਚਾਹਵਾਨ ਉਮੀਦਵਾਰ ਆਪਣਾ
ਬਇਉਡਾਟਾ ਚਾਰ ਤੋਂ ਪੰਜ ਪਰਤਾਂ ਵਿੱਚ ਲੈ ਕੇ ਰੋਜ਼ਗਾਰ ਮੇਲੇ ਵਿੱਚ ਸਵੇਰੇ 10.00 ਵਜੇ
ਸ਼ਾਮਲ ਹੋ ਸਕਦੇ ਹਨ। ਅਧਿਕਾਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਰੋਜ਼ਗਾਰ ਮੇਲੇ ਦੌਰਾਨ
ਸਵੈ-ਰੋਜ਼ਗਾਰ ਦੇ ਸਟਾਲ ਵੀ ਲਗਾਏ ਜਾ ਰਹੇ ਹਨ ਜਿਸ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ,
ਡੇਅਰੀ ਵਿਕਾਸ ਅਤੇ ਅਨੁਸੂਚਿਤ ਜਾਤੀ ਕਾਰਪੋਰੇਸ਼ਨ ਵੱਲੋਂ ਭਾਗ ਲਿਆ ਜਾਵੇਗਾ ਅਤੇ ਨਾਲ
ਹੀ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੀ ਜਾਣਕਾਰੀ ਦੇਣ ਲਈ ਸਟਾਲ ਲਗਾਇਆ ਜਾਵੇਗਾ।
ਆਪਣਾ ਕੰਮ-ਧੰਦਾ ਕਰਨ ਦੇ ਅਤੇ ਸਕਿੱਲ ਕੋਰਸ ਕਰਨ ਦੇ ਚਾਹਵਾਨ ਉਮੀਦਵਾਰ ਇਸ ਦਾ ਲਾਭ ਲੈ
ਸਕਦੇ ਹਨ।

ਸੀ.ਡੀ.ਪੀ. ਸਕੀਮ ਅਧੀਨ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਵਾਸਤੇ ਅਰਜ਼ੀਆਂ ਦੀ ਮੰਗ

ਨਵਾਂਸ਼ਹਿਰ, 25 ਦਸੰਬਰ : ਪੰਜਾਬ ਸਰਕਾਰ ਵਲੋਂ ਰਾਜ ਵਿੱਚ ਫ਼ਸਲੀ ਵਿਭਿੰਨਤਾ ਨੂੰ
ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ੳੱੁਤੇ ਸਬਸਿਡੀ ਮੁਹੱਈਆ
ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ
ਡਾ. ਹਰਵਿੰਦਰ ਲਾਲ ਨੇ ਦੱਸਿਆ ਕਿ ਸਰਕਾਰ ਵਲੋਂ 'ਫ਼ਸਲੀ ਵਿਭਿੰਨਤਾ ਪ੍ਰੋਗਰਾਮ
(ਸੀ.ਡੀ.ਪੀ)' ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇ ਕਿ ਹੱਥ/ਬੈਟਰੀ/ਇੰਜਣ/ਟਰੈਕਟਰ ਨਾਲ
ਚੱਲਣ ਵਾਲਾ ਸਪਰੇਅਰ, ਬਹੁ-ਫਸਲੀ ਪਲਾਂਟਰ, ਚਾਰਾ ਵੱਢਣ ਵਾਲਾ ਹਾਰਵੈਸਟਰ, ਚਾਰੇ ਦੀਆਂ
ਗੰਢਾਂ ਬਨਾਉਣ ਲਈ ਮਸ਼ੀਨ, ਮਿੱਲਟ ਮਿੱਲ/ਚੱਕੀ, ਤੇਲ ਮਿੱਲ ਅਤੇ ਨਿਊਮੈਟਿਕ ਪਲਾਂਟਰ
ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਕਿਸਾਨਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ
ਗਈ ਹੈ। ਚਾਹਵਾਨ ਕਿਸਾਨ ਮਿਤੀ 03-01-2023 ਤੱਕ ਵਿਭਾਗ ਦੇ ਵੈਬ ਪੋਰਟਲ
(https://agrimachinerypb.com/) 'ਤੇ ਆਨਲਾਈਨ ਫਾਰਮ ਭਰਕੇ ਆਪਣੀ ਅਰਜ਼ੀ ਜਮ੍ਹਾਂ
ਕਰਵਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਸ਼ਹੀਦ ਭਗਤ ਸਿੰਘ
ਨਗਰ, ਡਾ. ਹਰਵਿੰਦਰ ਲਾਲ ਨੇ ਦੱਸਿਆ ਕਿ ਨਿਰਧਾਰਤ ਸਮੇਂ ਤੱਕ ਪੋਰਟਲ 'ਤੇ ਪ੍ਰਾਪਤ
ਅਰਜ਼ੀਆਂ ਨੂੰ ਪ੍ਰਵਾਨਗੀ ਜਾਰੀ ਕਰਨ ਲਈ ਲਾਭਪਾਤਰੀਆਂ ਦੀ ਚੋਣ ਵਿਭਾਗ ਵਲੋਂ ਪ੍ਰਾਪਤ
ਭੌਤਿਕੀ ਤੇ ਵਿੱਤੀ ਟੀਚੇ ਅਨੁਸਾਰ ਕੀਤੀ ਜਾਵੇਗੀ। ਚੁਣੇ ਗਏ ਲਾਭਪਾਤਰੀਆਂ ਨੂੰ
ਪ੍ਰਵਾਨਗੀ ਜਾਰੀ ਕਰਨ ਉਪਰੰਤ ਮਸ਼ੀਨਾਂ ਦੀ ਖਰੀਦ ਲਈ ਕਿਸਾਨਾਂ ਨੂੰ 21 ਦਿਨ ਦਾ ਸਮਾਂ
ਦਿੱਤਾ ਜਾਵੇਗਾ। ਲਾਭਪਾਤਰੀ ਕਿਸਾਨ ਵਿਭਾਗ ਵਲੋਂ ਪ੍ਰਵਾਨਿਤ ਕਿਸੇ ਵੀ ਮਸ਼ੀਨਰੀ
ਨਿਰਮਾਤਾ/ਡੀਲਰ ਕੋਲੋਂ ਆਪਣੀ ਪਸੰਦ ਅਨੁਸਾਰ ਇਨਾਂ ਮਸ਼ੀਨਾਂ ਦੀ ਖਰੀਦ ਕਰ ਸਕੇਗਾ।
ਪ੍ਰਵਾਨਿਤ ਮਸ਼ੀਨਰੀ ਨਿਰਮਾਤਾਵਾਂ/ਡੀਲਰਾਂ ਦੀ ਸੂਚੀ ਪੋਰਟਲ ਤੇ ਹੀ ਉਪਲੱਬਧ ਕਰਵਾਈ
ਜਾਵੇਗੀ। ਮਸ਼ੀਨਾਂ ਦੀ ਖਰੀਦ ਕਰਨ ਉਪਰੰਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਮਸ਼ੀਨਾਂ
ਦੀ ਭੌਤਿਕ ਪੜਤਾਲ ਕੀਤੀ ਜਾਵੇਗੀ। ਕਿਸਾਨ ਵਲੋਂ ਪੋਰਟਲ 'ਤੇ ਅਰਜ਼ੀ ਦੇਣ ਵੇਲੇ ਪੇਸ਼
ਕੀਤੇ ਗਏ ਵੇਰਵੇ ਤੇ ਤੱਥਾਂ ਅਤੇ ਮਸ਼ੀਨਾਂ ਦੀ ਖਰੀਦ ਉਪਰੰਤ ਵਿਭਾਗ ਵੱਲੋਂ ਕੀਤੀ ਗਈ
ਭੌਤਿਕ ਪੜਤਾਲ ਦੇ ਸਹੀ ਪਾਏ ਜਾਣ 'ਤੇ ਹੀ ਬਣਦੀ ਸਬਸਿਡੀ ਦੀ ਰਾਸ਼ੀ ਾਭਪਾਤਰੀ ਕਿਸਾਨ
ਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ 'ਤੇ ਮੁਹੱਈਆ ਕਰਵਾਈ ਜਾਵੇਗੀ। ਮੁੱਖ ਖੇਤੀਬਾੜੀ
ਅਫ਼ਸਰ ਨੇ ਇਸ ਸਬੰਧੀ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਸ਼ਹੀਦ
ਭਗਤ ਸਿੰਘ ਨਗਰ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਵੱਧ ਤੋ ਵੱਧ
ਮਸ਼ੀਨਾਂ ਲਈ ਅਰਜ਼ੀਆਂ ਦੇਣ ਅਤੇ ਅਰਜ਼ੀ ਜਮ੍ਹਾਂ ਕਰਵਾਉਣ ਵੇਲੇ ਵਿਭਾਗ ਵੱਲੋਂ ਨਿਰਧਾਰਤ
ਕੀਤੇ ਗਏ ਨਿਯਮਾਂ ਅਤੇ ਸ਼ਰਤਾਂ ਦਾ ਖਾਸ ਖਿਆਲ ਰੱਖਣ। ਵਧੇਰੇ ਜਾਣਕਾਰੀ ਲਈ ਕਿਸਾਨ
ਸਬੰਧਤ ਬਲਾਕ ਖੇਤੀਬਾੜੀ ਦਫ਼ਤਰ/ਦਫ਼ਤਰ ਸਹਾਇਕ ਖੇਤੀਬਾੜੀ ਇੰਜੀਨਿਅਰ (ਮਸ਼ੀਨਰੀ), ਸ਼ਹੀਦ
ਭਗਤ ਸਿੰਘ ਨਗਰ ਵਿਖੇ ਸੰਪਰਕ ਕਰ ਸਕਦੇ ਹਨ।

ਭਾਰਤ ਵੱਖ-ਵੱਖ ਧਰਮਾਂ, ਵਰਗਾਂ ਅਤੇ ਭਾਈਚਾਰਿਆਂ ਦਾ ਇਕ ਸੁੰਦਰ ਗੁਲਦਸਤਾ: ਸੰਸਦ ਮੈਂਬਰ ਮਨੀਸ਼ ਤਿਵਾੜੀ

ਕ੍ਰਿਸਮਿਸ ਦੇ ਸ਼ੁਭ ਮੌਕੇ 'ਤੇ ਪਿੰਡ ਔਡ਼ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕੀਤੀ
ਨਵਾਂਸ਼ਹਿਰ, 25 ਦਸੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ
ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਰਤ ਇੱਕ ਸੁੰਦਰ ਗੁਲਦਸਤੇ ਦੀ
ਤਰ੍ਹਾਂ ਹੈ, ਜਿੱਥੇ ਵੱਖ-ਵੱਖ ਧਰਮਾਂ, ਵਰਗਾਂ ਅਤੇ ਫਿਰਕਿਆਂ ਦੇ ਲੋਕ ਫੁੱਲਾਂ ਵਾਂਗ
ਇਕੱਠੇ ਰਹਿੰਦੇ ਹਨ ਅਤੇ ਇੱਕ ਦੂਜੇ ਦੇ ਤਿਉਹਾਰਾਂ ਵਿੱਚ ਹਿੱਸਾ ਲੈਂਦੇ ਹਨ। ਸੰਸਦ
ਮੈਂਬਰ ਤਿਵਾੜੀ ਕ੍ਰਿਸਮਿਸ ਦੇ ਸ਼ੁਭ ਮੌਕੇ 'ਤੇ ਸਥਿਤ ਪਿੰਡ ਔਡ਼ ਚਰਚ 'ਚ ਆਯੋਜਿਤ
ਪ੍ਰੋਗਰਾਮ 'ਚ ਸ਼ਿਰਕਤ ਕਰਦੇ ਹੋਏ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਹਾਜ਼ਰ
ਸ਼ਰਧਾਲੂਆਂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕ੍ਰਿਸਮਿਸ ਦੇ ਸ਼ੁਭ ਮੌਕੇ 'ਤੇ
ਵਧਾਈ ਦਿੰਦੇ ਹੋਏ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਸੀ ਭਾਈਚਾਰਕ
ਸਾਂਝ ਅਤੇ ਸਦਭਾਵਨਾ ਦੇ ਵਿਚਾਰ 'ਚ ਵਿਸ਼ਵਾਸ ਰੱਖਦੀ ਹੈ | ਪਾਰਟੀ ਆਗੂਆਂ ਨੇ ਦੇਸ਼
ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਵਾਰ-ਵਾਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸਾਨੂੰ ਆਪਸੀ ਭਾਈਚਾਰੇ ਅਤੇ ਸਦਭਾਵਨਾ ਨਾਲ
ਰਹਿਣ ਦਾ ਸੰਦੇਸ਼ ਦਿੰਦਾ ਹੈ। ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਸਰਬੱਤ
ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ। ਭਾਰਤ ਦੇਸ਼ ਇੱਕ ਸੁੰਦਰ ਗੁਲਦਸਤੇ ਦੀ ਤਰ੍ਹਾਂ
ਹੈ, ਜਿੱਥੇ ਵੱਖ-ਵੱਖ ਧਰਮਾਂ, ਵਰਗਾਂ ਅਤੇ ਫਿਰਕਿਆਂ ਦੇ ਲੋਕ ਫੁੱਲਾਂ ਵਾਂਗ ਇਕੱਠੇ
ਰਹਿੰਦੇ ਹਨ ਅਤੇ ਇੱਕ ਦੂਜੇ ਦੇ ਤਿਉਹਾਰਾਂ ਵਿੱਚ ਹਿੱਸਾ ਲੈਂਦੇ ਹਨ। ਜਿਸ ਦੌਰਾਨ
ਹੋਰਨਾਂ ਤੋਂ ਇਲਾਵਾ, ਪਾਸਟਰ ਅੰਮ੍ਰਿਤ ਸੰਧੂ, ਦਰਵਜੀਤ ਪੁਨੀ, ਸੁਖਵਿੰਦਰ ਧਵਾ,
ਜਤਿੰਦਰ ਕੌਰ ਮੋਂਗਾ, ਸ਼ੁਭ ਸੈਣੀ, ਸਰਪੰਚ ਜਗਰਾਜ, ਪੰਚ ਸੁਰਿੰਦਰਪਾਲ, ਭੁਪਿੰਦਰ ਸਿੰਘ
ਆਦਿ ਹਾਜ਼ਰ ਸਨ।

ਫੀਸ ਰੈਗੂਲੇਟਰੀ ਬਾਡੀ ਵੱਲੋਂ ਜ਼ਿਲ੍ਹੇ ਦੇ ਦੋ ਪ੍ਰਾਈਵੇਟ ਸਕੂਲਾਂ ਨੂੰ ਵਾਧੂ ਵਸੂਲੀ ਫੀਸ ਵਿਦਿਆਰਥੀਆਂ ਨੂੰ ਵਾਪਸ ਕਰਨ ਦੀ ਹਦਾਇਤ

ਫੀਸ ਰੈਗੂਲੇਟਰੀ ਬਾਡੀ ਨੇ ਦੋਵੇਂ ਸਕੂਲਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ 'ਤੇ ਲਗਾਇਆ ਜੁਰਮਾਨਾ
ਪਟਿਆਲਾ, 24 ਦਸੰਬਰ:ਫੀਸ ਰੈਗੂਲੇਟਰੀ ਬਾਡੀ ਪਟਿਆਲਾ ਵੱਲੋਂ ਜ਼ਿਲ੍ਹੇ ਦੇ ਦੋ ਪ੍ਰਾਈਵੇਟ ਸਕੂਲਾਂ ਨੂੰ ਵਿੱਦਿਅਕ ਸਾਲ 2022-23 ਦੌਰਾਨ ਵਸੂਲੀ ਗਈ ਵੱਧ ਫੀਸ ਵਿਦਿਆਰਥੀਆਂ ਨੂੰ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ 'ਦਾ ਪੰਜਾਬ ਰੈਗੂਲੇਸ਼ਨ ਆਫ਼ ਫੀ ਆਫ਼ ਅਨ-ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨਲ ਐਕਟ' ਦੀ ਉਲੰਘਣਾ ਕਰਨ ਉਤੇ ਜੁਰਮਾਨਾ ਵੀ ਲਗਾਇਆ ਗਿਆ ਹੈ।ਫੀਸ ਰੈਗੂਲੇਟਰੀ ਬਾਡੀ ਪਟਿਆਲਾ ਦੇ ਮੈਂਬਰ ਸਕੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2022-23 ਦੀਆਂ ਫੀਸਾਂ ਸਬੰਧੀ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਵਿਚ ਵੱਖ ਵੱਖ ਸਕੂਲਾਂ ਦੀਆਂ ਸ਼ਿਕਾਇਤਾਂ ਮਿਲਣ 'ਤੇ ਪੜਤਾਲ ਕੀਤੀ ਗਈ ਸੀ ਜਿਸ ਦੇ ਆਧਾਰ 'ਤੇ ਫੀਸ ਰੈਗੂਲੇਟਰੀ ਬਾਡੀ ਜ਼ਿਲ੍ਹਾ ਪਟਿਆਲਾ ਦੇ ਚੇਅਰਪਰਸਨ ਵੱਲੋਂ ਪਟਿਆਲਾ ਦੇ ਰਿਆਨ ਇੰਟਰਨੈਸ਼ਨਲ ਸਕੂਲ, ਅਰਬਨ ਅਸਟੇਟ ਫੇਜ-2 ਤੇ ਕੇ.ਐਸ.ਬੀ. ਵਰਲਡ ਸਕੂਲ ਬੂਰੜ ਜ਼ਿਲ੍ਹਾ ਪਟਿਆਲਾ ਨੂੰ ਵਿੱਦਿਅਕ ਸਾਲ 2022-23 ਦੌਰਾਨ ਵਿਦਿਆਰਥੀਆਂ ਪਾਸੋਂ ਵਸੂਲੀ ਵੱਧ ਫੀਸ ਵਾਪਸ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਕ੍ਰਮਵਾਰ ਦੋ ਲੱਖ ਤੇ ਇੱਕ ਲੱਖ ਦਾ ਜੁਰਮਾਨਾ ਵੀ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਸਬੰਧੀ ਫੀਸ ਰੈਗੂਲੇਟਰੀ ਬਾਡੀ ਵੱਲੋਂ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਤਰੁੱਟੀਆਂ ਪਾਈਆਂ ਗਈ ਸਨ ਜਿਸ ਲਈ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਕਤ ਦੋਵੇ ਸਕੂਲਾਂ ਨੇ ਜੋ ਫੀਸ ਦਾ ਵਾਧਾ ਕੀਤਾ ਸੀ ਉਸ ਸਬੰਧੀ ਕੋਈ ਢੁਕਵਾਂ ਜਵਾਬ ਨਾ ਦੇਣ ਕਾਰਨ ਉਨ੍ਹਾਂ 'ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਤੇ ਇੱਕ ਹਫ਼ਤੇ ਅੰਦਰ ਅੰਦਰ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿਚ ਸਕੂਲ ਵਿਰੁੱਧ ਫੀਸ ਐਕਟ 2016 ਦੇ ਸੈਕਸ਼ਨ 14 ਤਹਿਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ ’ਤੇ ਹੋਵੇਗੀ ਕਾਰਵਾਈ- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

ਨਵਾਂਸ਼ਹਿਰ, 24 ਦਸੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ ਨੇ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਗਾਵਾਂ/ਪਸ਼ੂਆਂ ਨੂੰ ਬੇਸਹਾਰਾ ਛੱਡਣ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।  ਉਨ੍ਹਾਂ ਕਿਹਾ ਕਿ ਗਊਵੰਸ਼ ਦਾ ਕੁਝ ਧਰਮਾਂ ਵਿਚ ਬਹੁਤ ਜ਼ਿਆਦਾ ਸਤਿਕਾਰ ਹੋਣ ਕਾਰਨ ਗਊਵੰਸ਼ ਨੂੰ ਇਸ ਤਰ੍ਹਾਂ ਬੇਸਹਾਰਾ ਛੱਡਣ ਕਾਰਨ ਉਨ੍ਹਾਂ ਨੂੰ ਪੁੱਜਣ ਵਾਲੇ ਜਾਨੀ ਨੁਕਸਾਨ ਨਾਲ ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ, ਉਥੇ ਅਮਨ ਅਤੇ ਕਾਨੂੰਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਬੇਸਹਾਰਾ ਛੱਡਣ ਨਾਲ ਇਹ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਪੁਲਿਸ ਵਿਭਾਗ, ਪਸ਼ੂ ਪਾਲਣ ਵਿਭਾਗ, ਬੀ ਡੀ ਪੀ ਓਜ਼, ਕਾਰਜ ਸਾਧਕ ਅਫ਼ਸਰ ਜਿੰਮੇਵਾਰ ਹੋਣਗੇ ਅਤੇ ਜੇਕਰ ਉਨ੍ਹਾਂ ਦੇ ਧਿਆਨ 'ਚ ਕੋਈ ਵੀ ਬੇਸਹਾਰਾ ਪਸ਼ੂ ਛੱਡਣ ਦੀ ਘਟਨਾ ਆਉਂਦੀ ਹੈ ਤਾਂ ਤੁਰੰਤ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਇਹ ਮਨਾਹੀ ਦੇ ਹੁਕਮ 28 ਦਸੰਬਰ 2022 ਤੋਂ 27 ਫ਼ਰਵਰੀ 2023 ਤੱਕ ਲਾਗੂ ਰਹਿਣਗੇ।
 

ਡਿਪਟੀ ਕਮਿਸ਼ਨਰ ਵਲੋਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ, ਵਿਭਾਗਾਂ ਤੇ ਸੜਕਾਂ ਆਦਿ ਦੇ ਨਾਮ ਪੰਜਾਬੀ ’ਚ ਲਿਖਣ ਦੀ ਹਦਾਇਤ

21 ਫਰਵਰੀ ਤੱਕ ਪਾਲਣਾ ਨਾ ਕਰਨ ਦੀ ਸੂਰਤ ਵਿਚ ਹੋਵੇਗੀ ਕਾਰਵਾਈ
ਹੁਸ਼ਿਆਰਪੁਰ, 23 ਦਸੰਬਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਨੂੰ ਮਹੱਤਤਾ ਦੇਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਸੰਸਥਾਵਾਂ, ਵਿਦਿਅਕ ਅਦਾਰਿਆਂ,ਬੋਰਡਾਂ, ਨਿਗਮਾਂ, ਗੈਰ ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ, ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ ਅਤੇ ਸਾਈਨ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿਚ ਲਿਖਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿਚ ਲਿਖਿਆ ਜਾਵੇ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ, ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ 21 ਫਰਵਰੀ 2023 ਤੱਕ ਅਜਿਹਾ ਨਾ ਹੋਣ ਦੀ ਸੂਰਤ ਵਿਚ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ-2008 ਅਤੇ 2021 ਵਿਚ ਦਰਜ ਉਪਬੰਧਾਂ ਅਨੁਸਾਰ ਜ਼ੁਰਮਾਨਾ ਲਗਾਉਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਪੰਜਾਬੀ ਭਾਸ਼ਾ ਲਿਖਣ ਸਮੇਂ ਕੋਈ ਸਮੱਸਿਆ ਦਰਪੇਸ਼ ਆਉਂਦੀ ਹੈ, ਤਾਂ ਉਹ ਇਸ ਸਬੰਧੀ ਜ਼ਿਲ੍ਹਾ ਭਾਸ਼ਾ ਦਫ਼ਤਰ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪੂਰਨ ਸਹਿਯੋਗ ਦੇਣ।

ਜ਼ਿਲ੍ਹੇ ਦੀ ਹਦੂਦ ਅੰਦਰ ਬਿਨਾਂ ਮਨਜੂਰੀ ਡਰੋਨ ਉਡਾਉਣ/ਵਰਤੋਂ ’ਤੇ ਪਾਬੰਦੀ


ਨਵਾਂਸ਼ਹਿਰ, 24 ਦਸੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ ਨੇ ਰਾਜ ਅੰਦਰ ਸਰਹੱਦੀ ਜ਼ਿਲ੍ਹਿਆਂ 'ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਡਰੋਨ ਦੀ ਮੱਦਦ ਨਾਲ ਗੈਰ-ਕਾਨੂੰਨੂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਡਰੋਨ ਉਡਾਉਣ/ਵਰਤੋਂ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।  ਵਧੀਖ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਵਿਆਹ ਸਮਾਗਮਾਂ/ਧਾਰਮਿਕ ਸਮਾਗਮਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਬਿਨਾਂ ਮਨਜੂਰੀ ਡਰੋਨ ਚਲਾਉਣ 'ਤੇ ਪੂਰਣ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 28 ਦਸੰਬਰ 2022 ਤੋਂ 27 ਫ਼ਰਵਰੀ 2023 ਤੱਕ ਲਾਗੂ ਰਹਿਣਗੇ।

ਜ਼ਿਲ੍ਹੇ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਦੇ ਦਿਵਸ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ ’ਤੇ ਪਟਾਕੇ ਚਲਾਉਣ ਦੀ ਮਨਾਹੀ

ਨਵਾਂਸ਼ਹਿਰ, 24 ਦਸੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ 23548 ਆਫ਼ 2017 ਅਤੇ 23905 ਆਫ਼ 2017 ਵਿੱਚ ਪਾਸ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਦੇ ਦਿਵਸ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ 'ਤੇ ਮਨਾਹੀ ਦੇ ਹੁਕਮ ਕੀਤੇ ਹਨ।   ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਤਹਿਤ ਜਾਰੀ ਇਹ ਹੁਕਮ 28 ਦਸੰਬਰ 2022 ਤੋਂ 27 ਫ਼ਰਵਰੀ 2023 ਤੱਕ ਤੱਕ ਲਾਗੂ ਰਹਿਣਗੇ।

ਜ਼ਿਲ੍ਹੇ ਵਿਚ ਸ਼ੋਰ ਪ੍ਰਦੂਸ਼ਣ ਸਬੰਧੀ ਮਨਾਹੀ ਦੇ ਹੁਕਮ ਜਾਰੀ

ਨਵਾਂਸ਼ਹਿਰ, 24 ਦਸੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਵੱਲੋਂ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਰਿੱਟ ਪਟੀਸ਼ਨ (ਸਿਵਲ) ਨੰਬਰ 72 ਆਫ਼ 1998 ਵਿੱਚ ਕੀਤੇ ਹੁਕਮ (ਮਿਤੀ 18.07.2005), ਭਾਰਤ ਸਰਕਾਰ ਵੱਲੋਂ ਜਾਰੀ 'ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼, 2000' ਤਹਿਤ ਜਾਰੀ ਨੋਟੀਫਿਕੇਸ਼ਨ ਮਿਤੀ 14.02.2000 ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿੱਟ ਪਟੀਸ਼ਨ 6213 ਆਫ਼ 2016 ਵਿੱਚ ਮਿਤੀ 22.07.2019 ਨੂੰ ਪਾਸ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਸ਼ੋਰ ਪ੍ਰਦੂਸ਼ਣ 'ਤੇ ਰੋਕ ਅਤੇ ਨਿਯੰਤਰਣ ਲਈ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।   ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਜਥੇਬੰਦੀਆਂ ਦੇ ਲੀਡਰਾਂ ਤੇ ਅਹੁਦੇਦਾਰਾਂ ਵੱਲੋਂ ਕੀਤੇ ਜਾਣ ਵਾਲੇ ਜਲਸਿਆਂ, ਰੈਲੀਆਂ, ਰੋਸ ਧਰਨੇ ਆਦਿ, ਕਿਸੇ ਵੀ ਐਨ.ਜੀ.ਓਜ਼, ਪ੍ਰਾਈਵੇਟ, ਸਮਾਜਿਕ, ਮੰਦਿਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਸੰਸਥਾਵਾਂ, ਵਪਾਰਕ ਸੰਸਥਾਵਾਂ/ਅਦਾਰਿਆਂ ਆਦਿ ਦੇ ਪ੍ਰਬੰਧਕਾਂ/ਅਹੁਦੇਦਾਰਾਂ ਵੱਲੋਂ ਵੱਖ-ਵੱਖ ਪ੍ਰੋਗਰਾਮ, ਸਮਾਗਮ ਆਦਿ ਮੌਕੇ 'ਤੇ ਕਿਸੇ ਵੀ ਬਿਲਡਿੰਗ, ਪਬਲਿਕ ਸਥਾਨਾਂ, ਖੁੱਲੇ੍ਹ ਸਥਾਨਾਂ, ਪੰਡਾਲਾਂ ਵਿਚ ਲਾਊਡ ਸਪੀਕਰ ਆਦਿ ਦੀ ਵਰਤੋਂ ਲਈ ਅਤੇ ਕਿਸੇ ਵੱਲੋਂ ਵੀ ਵਿਆਹ ਸ਼ਾਦੀਆਂ, ਖੁਸ਼ੀ ਦੇ ਮੌਕਿਆਂ ਅਤੇ ਹੋਰ ਵੱਖ-ਵੱਖ ਮੌਕਿਆ ਆਦਿ ਤੇ ਮੈਰਿਜ ਪੈਲੇਸਾਂ, ਕਲੱਬਾਂ, ਹੋਟਲਾਂ ਅਤੇ ਖੁੱਲੇ ਸਥਾਨਾਂ ਆਦਿ ਵਿਚ ਡੀ. ਜੇ, ਆਰਕੈਸਟਰਾ, ਸੰਗੀਤਕ ਯੰਤਰ ਆਦਿ ਦੀ ਵਰਤੋਂ ਕਿਸੇ ਵੀ ਸਮੇਂ (ਦਿਨ ਜਾਂ ਰਾਤ), ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੁਆਇਸ) ਐਕਟ, 1956 ਵਿਚ ਦਰਜ ਸ਼ਰਤਾਂ ਤਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਏ ਜਾਣਗੇ। ਲਿਖਤੀ ਪ੍ਰਵਾਨਗੀ ਲੈਣ ਉਪਰੰਤ ਇਹ ਅੰਡਰਟੇਕਿੰਗ ਦੇਣੀ ਪਵੇਗੀ ਕਿ ਆਵਾਜ਼ ਦਾ ਪੱਧਰ 10 ਡੀ ਬੀ (ਏ) ਤੋਂ ਜ਼ਿਆਦਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋੋਰਟ ਵਲੋਂ ਜਾਰੀ ਹਦਾਇਤਾਂ ਮੁਤਾਬਿਕ ਇਮਤਿਹਾਨ ਦੇ ਦਿਨਾਂ 'ਚ ਪ੍ਰੀਖਿਆ ਤੋਂ 15 ਦਿਨ ਪਹਿਲਾਂ ਕਿਸੇ ਵੀ ਲਾਊਡ ਸਪੀਕਰ ਆਦਿ ਦੀ ਪ੍ਰਵਾਨਗੀ ਨਾ ਦੇਣਾ ਸਬੰਧਤ ਉਪ ਮੰਡਲ ਮੈਜਿਸਟਰੇਟ ਯਕੀਨੀ ਬਣਾਉਣਗੇ।
           ਇਸੇ ਤਰ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਲਾਊਡ ਸਪੀਕਰ ਅਤੇ ਕਿਸੇ ਵੀ ਹੋਰ ਸੰਗੀਤਕ ਯੰਤਰ ਆਦਿ ਚਲਾਉਣ ਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਉਕਤ ਕਿਸੇ ਵੀ ਆਵਾਜ਼ੀ ਅਤੇ ਸੰਗੀਤਕ ਯੰਤਰਾਂ ਆਦਿ ਦੇ ਕਿਸੇ ਵੀ ਬਿਲਡਿੰਗ ਵਿਚ ਅਤੇ ਸਥਾਨ 'ਤੇ ਚਲਾਉਣ/ਵਜਾਉਣ 'ਤੇ ਮੁਕੰਮਲ ਪਾਬੰਦੀ ਹੋਵੇਗੀ, ਸਿਵਾਏੇ ਸੱਭਿਆਚਾਰਕ ਤੇ ਧਾਰਮਿਕ ਮੌਕਿਆਂ 'ਤੇ ਰਾਤ 10 ਵਜੇ ਤੋਂ 12 ਵਜੇ ਤੱਕ, ਜਿਹੜੇ ਕਿ ਪੂਰੇ ਸਾਲ ਵਿੱਚ 15 ਦਿਨਾਂ ਤੋਂ ਵੱਧ ਨਹੀਂ ਹੋਣਗੇ ਅਤੇ ਆਵਾਜ਼ ਦਾ ਪੱਧਰ 10 ਡੀ ਬੀ (ਏ) ਤੋਂ ਜ਼ਿਆਦਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਨਿੱਜੀ ਮਲਕੀਅਤ ਵਾਲੇ ਸਾੳਂੂਡ ਸਿਸਟਮ ਅਤੇ ਆਵਾਜ਼ ਪੈਦਾ ਕਰਨ ਵਾਲੇ ਯੰਤਰਾਂ ਦੀ ਆਵਾਜ਼ ਦਾ ਪੱਧਰ 5 ਡੀ ਬੀ (ਏ) ਤੋਂ ਜ਼ਿਆਦਾ ਨਹੀਂ ਹੋਵੇਗਾ।
           ਹੁਕਮਾਂ ਅਨੁਸਾਰ ਜ਼ਿਲ੍ਹੇ 'ਚ ਕਿਸੇ ਵੱਲੋਂ ਵੀ ਸ਼ੋਰ ਪ੍ਰਦੂਸ਼ਣ ਸਬੰਧੀ ਕੋਈ ਸ਼ਿਕਾਇਤ ਪੇਸ਼ ਕੀਤੇ ਜਾਣ 'ਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਆਪਣੇ ਪੱਧਰ 'ਤੇ ਸਬੰਧਤ ਉਪ ਕਪਤਾਨ ਪੁਲਿਸ ਅਤੇ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹੁਸ਼ਿਆਰਪੁਰ ਨਾਲ ਤਾਲਮੇਲ ਕਰਕੇ ਪ੍ਰਾਪਤ ਹੋਈ ਸ਼ਿਕਾਇਤ ਸਬੰਧੀ ਮੌਕੇ 'ਤੇ ਜਾ ਕੇ ਲੋੜੀਂਦੀ ਪੜਤਾਲ ਕੀਤੀ ਜਾਵੇਗੀ ਅਤੇ ਸ਼ਿਕਾਇਤ ਸਹੀ  ਪਾਏ ਜਾਣ 'ਤੇ  ਅਦਾਲਤ  ਵੱਲੋਂ  ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ  ਉਕਤ  ਐਕਟ ਤਹਿਤ, ਸ਼ਿਕਾਇਤ  ਵਿੱਚ ਦਰਸਾਏ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਿਸੇ ਵੀ ਤਰ੍ਹਾਂ ਦੇ ਆਵਾਜ਼ੀ/ਸੰਗੀਤਕ ਯੰਤਰ ਨੂੰ ਹਟਵਾ ਕੇ ਆਪਣੇ ਕਬਜ਼ੇ ਵਿਚ ਲੈਣਗੇ। ਉਹ ਉਕਤ ਐਕਟ 'ਤੇ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਆਪਣੇ ਪੱਧਰ 'ਤੇ ਕਾਨੂੰਨੀ ਕਾਰਵਾਈ ਕਰਕੇ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਦਾ ਨਿਪਟਾਰਾ ਕਰਨਗੇ।
            ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਵਿਅਕਤੀ ਵੱਲੋਂ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਜਿਨ੍ਹਾਂ-ਜਿਨ੍ਹਾਂ ਥਾਵਾਂ 'ਤੇ ਇਹ ਲਾਊਡ ਸਪੀਕਰ, ਆਵਾਜ਼ੀ/ਸੰਗੀਤਕ ਯੰਤਰ ਆਦਿ ਚਲਾਏ ਜਾਣਗੇ, ਦੀ ਆਵਾਜ਼ ਪ੍ਰੋਗਰਾਮ/ਫੰਕਸ਼ਨ ਵਾਲੇ ਸਥਾਨ, ਧਾਰਮਿਕ ਸਥਾਨ ਅਤੇ ਬਿਲਡਿੰਗ ਆਦਿ ਦੀ ਚਾਰਦੀਵਾਰੀ ਦੇ ਦਾਇਰੇ ਅੰਦਰ ਰਹਿਣੀ ਚਾਹੀਦੀ ਹੈ, ਜੋ ਕਿ ਭਾਰਤ ਸਰਕਾਰ ਵੱਲੋਂ ਜਾਰੀ 'ਆਵਾਜ਼ੀ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼, 2000' ਤਹਿਤ ਜਾਰੀ ਨੋਟੀਫਿਕੇਸ਼ਨ ਮਿਤੀ 14.02.2000 ਵਿਚ ਨਿਰਧਾਰਤ ਕੀਤੇ ਆਵਾਜ਼ੀ ਸਟੈਂਡਰਡ ਤੋਂ ਕਿਸੇ ਵੀ ਹਾਲਤ ਵਿਚ ਵੱਧ ਨਹੀਂ ਹੋਣੀ ਚਾਹੀਦੀ ਹੈ।
            ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਹ ਪਾਬੰਦੀ ਅਤੇ ਰੋਕ ਇਸ ਲਈ ਵੀ ਲਗਾਉਣਾ ਜ਼ਰੂਰੀ ਹੈ ਕਿਉਂਕਿ ਮੈਰਿਜ ਪੈਲੇਸਾਂ, ਹੋਟਲਾਂ, ਰੈਸਟੋਰੈਂਟਾਂ ਆਦਿ ਵਿਚ ਬਹੁਤ ਉੱਚੀ ਆਵਾਜ਼ ਵਿਚ ਲਾਊਡ ਸਪੀਕਰ, ਡੀ.ਜੇ. ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਪ੍ਰੋਫੈਸ਼ਨਲ ਗਾਇਕ ਸਭਿਆਚਾਰਕ ਪੋ੍ਰਗਰਾਮਾਂ ਵਿਚ ਭਾਗ ਲੈਂਦੇ ਹਨ ਅਤੇ ਰਾਤ ਦੇਰ ਤੱਕ ਲਾਊਡ ਸਪੀਕਰ/ਡੀ.ਜੇ ਆਦਿ ਦੀ ਵਰਤੋਂ ਕਰਦੇ ਹਨ, ਜਿਸ ਦੇ ਨਾਲ ਆਸ ਪਾਸ ਦੇ ਰਹਿਣ ਵਾਲੇ ਲੋਕਾਂ, ਮਰੀਜ਼ਾਂ ਨੂੰ ਅਤੇ ਪੜ੍ਹਨ ਵਾਲੇ ਬੱਚਿਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ੋਰ ਪ੍ਰਦੂਸ਼ਣ ਨਾਲ ਉਹਨਾਂ ਦੀ ਸਿਹਤ ਲਈ ਵੀ ਖਤਰਾ ਪੈਦਾ ਹੰੁਦਾ ਹੈ। ਇਹ ਹੁਕਮ 28 ਦਸੰਬਰ 2022 ਤੋਂ 27 ਫ਼ਰਵਰੀ 2023 ਤੱਕ ਲਾਗੂ ਰਹਿਣਗੇ।

ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਕਰਵਾਇਆ ਲੈਕਚਰ


ਪਟਿਆਲਾ, 24 ਦਸੰਬਰ: ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਮੈਂਬਰਾਂ ਅਤੇ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਸਿੱਖਿਆਰਥੀਆਂ ਲਈ ਮਹੀਨਾਵਾਰ ਲੈਕਚਰਾਂ ਦੀ ਲੜੀ ਨੂੰ ਬਰਕਰਾਰ ਰੱਖਦੇ ਹੋਏ ਵਿਸ਼ੇਸ਼ ਲੈਕਚਰ ਕਰਵਾਇਆਗਿਆ।  ਜੀ.ਐਸ.ਐਸ. ਡੀ.ਜੀ.ਐਸ ਖਾਲਸਾ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾ.ਮੰਜੂ ਮਿੱਤਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਤਾਕਤ, ਕਮਜ਼ੋਰੀ, ਮੌਕੇ ਅਤੇ ਔਕੜਾਂ ਬਾਰੇ ਪੜਤਾਲ ਕਰਨ ਸੰਬੰਧੀ ਕੁੱਝ ਤਕਨੀਕਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਮੇਂ ਦਾ ਸਦਉਪਯੋਗ ਕਰਨ ਸੰਬੰਧੀ ਅਤੇ ਸਕਾਰਾਤਮਿਕ ਸੋਚ ਰੱਖਣ ਸੰਬੰਧੀ ਪ੍ਰੇਰਨਾ ਦਿੱਤੀ। ਇਨ੍ਹਾਂ ਲੜੀਵਾਰ ਲੈਕਚਰਾਂ ਦਾ ਆਯੋਜਨ, ਸੈਂਟਰਲ ਲਾਇਬ੍ਰੇਰੀ ਵਿਖੇ ਰੋਜ਼ਾਨਾ ਪ੍ਰਤੀਯੋਗਤਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਵਿੱਚ ਮਦਦ ਮਿਲ ਸਕੇ। ਸਪੀਕਰ ਮੈਡਮ ਨੇ ਲੈਕਚਰ ਦੇ ਦੌਰਾਨ ਵਿਦਿਆਰਥੀਆਂ ਨਾਲ ਛੋਟੀਆਂ-ਛੋਟੀਆਂ ਰੋਚਕ ਤਕਨੀਕਾਂ ਰਾਹੀਂ ਆਪਣੇ ਆਪ ਨੂੰ ਜਾਣਨਾ ਅਤੇ ਪੜਤਾਲ ਕਰਨਾ ਸਿਖਾਇਆ। ਡਾ. ਪ੍ਰਭਜੋਤ ਕੌਰ ਚੀਫ਼ ਲਾਇਬ੍ਰੇਰੀਅਨ ਨੇ ਸਾਰੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਇਸ ਰੋਚਕ ਅਤੇ ਇੰਟਰਐਕਟਿਵ ਸੈਸ਼ਨ ਲਈ ਧੰਨਵਾਦ ਕੀਤਾ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਹੋਇਆ

ਨਵਾਂਸ਼ਹਿਰ 23 ਦਸੰਬਰ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ  ਤਹਿਤ ਅੱਜ ਸੂਬੇ ਦੇ ਸਾਰੇ ਸਕੂਲਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਗਏ ਹਨ, ਇਸੇ ਲੜੀ ਤਹਿਤ ਅੱਜ ਸਸਸਸ ਲੰਗੜੋਆ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਗੁਰੂ ਲਾਲਾਂ ਦੇ ਜੀਵਨ ਫਲਸਫ਼ੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ.  ਹਰਿੰਦਰ ਸਿੰਘ ਨੇ ''ਰਾਤ ਛੱਡੇਗਾ ਕਿਲਾ ਆਨੰਦਪੁਰ ਦਾ ਕਲਗੀਧਰ ਦਾ ਸਾਰਾ ਪਰਿਵਾਰ ਸਿੰਘੋ'' ਕਵਿਤਾ ਦੀਆਂ ਸਤਰਾਂ ਪੜ੍ਹਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਹਨਾਂ ਦੇ ਸਰਬੰਸ ਵਾਰ ਦੇਣ ਦੀ ਵਿਥਿਆ ਬਿਆਨ ਕਰਕੇ ਬੱਚਿਆਂ ਨੂੰ ਕੇਂਦਰਿਤ ਕੀਤਾ। ਉਹਨਾਂ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸ ਤੱਕ ਵਾਪਰੇ ਬਿਰਤਾਂਤ ਤੋਂ ਬੱਚਿਆਂ ਜਾਣੂ ਕਰਵਾਇਆ।  ਇਸ ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੀ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਰਚਨਾਵਾਂ, ਕਵਿਤਾਵਾਂ ਤੇ ਧਾਰਮਿਕ ਗੀਤ ਪੇਸ਼ ਕੀਤੇ।  ਡਾਕਟਰ ਜਸਵਿੰਦਰ ਸਿੰਘ ਸੰਧੂ ਵਲੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ ਬਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਔਰੰਗਜ਼ੇਬ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਵਲੋਂ ਵਿਸ਼ੇਸ਼ ਤੌਰ ਤੇ ਆਪਣੇ ਭਾਸ਼ਣ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਬੋਲਦਿਆਂ ਉਨ੍ਹਾਂ ਨੂੰ ਨਮਨ ਕੀਤਾ ਤੇ ਬੱਚਿਆਂ ਨੂੰ ਉਹਨਾਂ ਦੇ ਫਲਸਫੇ ਤੇ ਚੱਲਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਕਰਦੇ ਹੋਏ ਮਾਸਟਰ ਮਨਮੋਹਨ ਸਿੰਘ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਚਾਰ ਦੀ ਸਾਂਝ ਪਾਈ । ਇਸ ਸਮਾਗਮ ਵਿਚ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਗੁਨੀਤ, ਅਸ਼ਵਨੀ ਕੁਮਾਰ, ਪਰਮਿੰਦਰ ਸਿੰਘ, ਪ੍ਰਦੀਪ ਸਿੰਘ ਨੇ ਵੀ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ  ਸਰਬਜੀਤ ਕੌਰ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਪਰਦੀਪ ਕੌਰ, ਮੀਨਾ ਰਾਣੀ, ਜਸਵਿੰਦਰ ਕੌਰ, ਸੁਮੀਤ ਸੋਢੀ, ਹਿਮਾਂਸ਼ੂ ਸੋਬਤੀ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

ਸ਼ਹਾਦਤ ਨੂੰ ਸਮਰਪਿਤ : ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ

ਪਟਿਆਲਾ, 23 ਦਸੰਬਰ:  ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜ਼ਿਲ੍ਹੇ ਭਰ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ.ਸਿੱ) ਇੰਜ. ਅਮਰਜੀਤ ਸਿੰਘ ਅਤੇ ਉਪ-ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ.ਸਿੱ) ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਹੇਠ ਸਰਕਾਰੀ ਮਲਟੀਪਰਪਜ਼ ਐਲੀਮੈਂਟਰੀ ਸਕੂਲ ਪਟਿਆਲਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਨੋਡਲ ਅਧਿਕਾਰੀ ਬੀਪੀਈਓ ਭਾਦਸੋਂ-2 ਜਗਜੀਤ ਸਿੰਘ ਨੌਹਰਾ ਸਨ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸਹਾਇਕ ਡਾਇਰੈਕਟਰ ਸਤਨਾਮ ਸਿੰਘ ਅਤੇ ਖੋਜ ਅਫ਼ਸਰ ਸੰਤੋਖ ਸਿੰਘ ਅਤੇ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਰੋਬਿਨ ਸ਼ਰਮਾ ਤੇ ਕਾਜਲ ਸ਼ਰਮਾ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ 12 ਪ੍ਰਕਾਰ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਕਹਾਣੀ ਸੁਣਾਉਣ, ਬੋਲ ਲਿਖਤ, ਚਿੱਤਰਕਲਾ, ਲੇਖ ਲਿਖਣ, ਆਮ ਗਿਆਨ, ਭਾਸ਼ਣ, ਪੰਜਾਬੀ ਪੜ੍ਹਨਾ, ਕਵਿਤਾ ਉਚਾਰਨ, ਸੁੰਦਰ ਲਿਖਾਈ (ਪੰਜਾਬੀ, ਹਿੰਦੀ, ਅੰਗਰੇਜ਼ੀ), ਪਹਾੜੇ ਸੁਣਾਉਣਾ ਸ਼ਾਮਲ ਸਨ।
  ਇਨ੍ਹਾਂ ਮੁਕਾਬਲਿਆਂ ਦੌਰਾਨ ਸੁੰਦਰ ਲਿਖਾਈ (ਪੰਜਾਬੀ) 'ਚ ਦੇਵੀਗੜ੍ਹ ਬਲਾਕ ਦੇ ਗੁਰਜੰਟ ਸਿੰਘ, ਸੁੰਦਰ ਲਿਖਾਈ (ਹਿੰਦੀ) 'ਚ ਬਾਬਰਪੁਰ ਬਲਾਕ ਦੀ ਵਿਦਿਆਰਥਣ ਜਸਪ੍ਰੀਤ ਕੌਰ, ਸੁੰਦਰ ਲਿਖਾਈ (ਅੰਗਰੇਜ਼ੀ) 'ਚ ਸਮਾਣਾ-1 ਬਲਾਕ ਦੀ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਕਹਾਣੀ ਸੁਣਾਉਣਾ 'ਚ ਭਾਦਸੋਂ-2 ਬਲਾਕ ਦੀ ਵਿਦਿਆਰਥਣ ਅਣਾਨ ਨੇ ਪਹਿਲਾ, ਲੇਖ ਲਿਖਣਾ 'ਚ ਭੁਨਰਹੇੜੀ-2 ਬਲਾਕ ਦੇ ਵਿਦਿਆਰਥੀ ਅਮਸਨਦੀਪ ਸਿੰਘ, ਕਵਿਤਾ ਉਚਾਰਨ 'ਚ ਪਟਿਆਲਾ-2 ਬਲਾਕ ਦੀ ਹਰਪ੍ਰੀਤ ਕੌਰ, ਪੰਜਾਬੀ ਪੜ੍ਹਨਾ ਮੁਕਾਬਲੇ 'ਚ ਘਨੌਰ ਬਲਾਕ ਦੀ ਵਿਦਿਆਰਥਣ ਗੁਰਲੀਨ ਕੌਰ, ਪਹਾੜੇ ਸੁਣਾਉਣਾ 'ਚ ਰਾਜਪੁਰਾ-2 ਬਲਾਕ ਦੇ ਨਵਜੋਤ ਸਿੰਘ, ਬੋਲ ਲਿਖਤ 'ਚ ਦੇਵੀਗੜ ਬਲਾਕ ਦੀ ਕਾਮਨਾ, ਚਿੱਤਰਕਲਾ 'ਚ ਪਟਿਆਲਾ-2 ਬਲਾਕ ਦੇ ਅੰਕੁਸ਼ ਗਾਗਟ ਅਤੇ ਆਮ ਗਿਆਨ 'ਚ ਬਾਬਰਪੁਰ ਬਲਾਕ ਦੇ ਵਿਦਿਆਰਥੀ ਅਵੀਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਦੌਰਾਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕਿ ਵਿਦਿਆਰਥੀਆਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਅੰਦਰੋਂ ਸਟੇਜਾਂ ਆਦਿ 'ਤੇ ਬੋਲਣ ਦੀ ਝਿਜਕ ਦੂਰ ਹੋ ਸਕੇ। ਉਨ੍ਹਾਂ ਕਿਹਾ ਕਿ ਇਹੋ ਜਿਹੇ ਮੁਕਾਬਲਿਆਂ ਦੌਰਾਨ ਹੀ ਵਿਦਿਆਰਥੀਆਂ ਅੰਦਰ ਛੁੱਪੀ ਹੋਈ ਪ੍ਰਤਿਭਾ ਬਾਹਰ ਨਿਕਲਦੀ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ.ਸਿੱ) ਇੰਜ. ਅਮਰਜੀਤ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਜਾਣੂ ਕਰਵਾਉਣ ਦਾ ਸਕੂਲੀ ਸਿੱਖਿਆ ਵਿਭਾਗ ਪੰਜਾਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੌਰਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲ.ਸਿੱ) ਇੰਜ. ਅਮਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਅਖੀਰ 'ਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ.ਸਿੱ) ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਬੀਪੀਈਓਜ਼, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।

ਜ਼ਿਲ੍ਹਾ ਸਿਹਤ ਵਿਭਾਗ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰਾਂ ਨਾਲ ਤਿਆਰ : ਡਾ. ਦਵਿੰਦਰ ਢਾਂਡਾ

ਨਵਾਂਸ਼ਹਿਰ, 23 ਦਸੰਬਰ 2022:- ਅਮਰੀਕਾ ਅਤੇ ਚੀਨ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਪ੍ਰਬੰਧਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਵਿਰੁੱਧ ਸਭ ਤੋਂ ਵੱਡਾ ਹਥਿਆਰ ਟੀਕਾਕਰਨ ਹੈ ਅਤੇ ਜ਼ਿਲ੍ਹੇ ਵਿਚ ਮੌਜੂਦਾ ਸਮੇਂ ਵਿਚ 1260 ਖੁਰਾਕਾਂ ਕੋਵੈਕਸੀਨ ਉਪਲੱਬਧ ਹਨ ਅਤੇ ਜ਼ਿਲ੍ਹੇ ਵਿਚ ਕੋਵੀਸ਼ੀਲਡ ਦੀ ਸਪਲਾਈ ਵੀ ਆਉਣੀ ਸ਼ੁਰੂ ਹੋ ਗਈ ਹੈ, ਜਿਨ੍ਹਾਂ ਵਿਚੋਂ ਕੋਵੀਸ਼ੀਲਡ ਦੀਆਂ 100 ਖੁਰਾਕਾਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਉਪਲੱਬਧ ਕਰਵਾਈਆਂ ਗਈਆਂ ਹਨ।   ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕੋਰੋਨਾ ਆਈਸੋਲੇਸ਼ਨ ਵਾਰਡ ਸਥਾਪਿਤ ਹੈ ਅਤੇ ਲੋੜ ਪੈਣ 'ਤੇ ਕੋਰੋਨਾ ਮਰੀਜ਼ਾਂ ਨੂੰ ਦਾਖਲ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੋ ਪੀਸੀਏ ਆਕਸੀਜਨ (ਪ੍ਰੈਸ਼ਰ ਸਵਿੰਗ ਅਬਸੋਰਪਸ਼ਨ) ਪਲਾਂਟ ਅਤੇ ਇਕ ਐੱਲ.ਐੱਮ.ਓ. ਆਕਸੀਜਨ ਟੈਂਕ ਚੱਲ ਰਹੇ ਹਨ, ਜਿਨ੍ਹਾਂ ਨਾਲ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਨਿਰਵਿਘਨ ਸਪਲਾਈ ਮੁਹੱਈਆ ਕਰਵਾਈ ਜਾ ਸਕਦੀ ਹੈ। ਇਨ੍ਹਾਂ ਪਲਾਂਟਾਂ ਤੋਂ ਇਲਾਵਾ ਜ਼ਿਲ੍ਹੇ ਵਿਚ ਆਕਸੀਜਨ ਕੰਸਨਟਰੇਟਰ ਵੀ ਢੁੱਕਵੀਂ ਮਾਤਰਾ ਵਿਚ ਉਪਲੱਬਧ ਹਨ, ਜਿਨ੍ਹਾਂ ਨੂੰ ਥੋੜ੍ਹੀ ਮਾਤਰਾ ਵਿਚ ਆਕਸੀਜਨ ਦੀ ਲੋੜ ਪੈਣ 'ਤੇ ਵਰਤੋਂ ਵਿਚ ਲਿਆਂਦਾ ਜਾ ਸਕੇਗਾ। ਇਸ ਲਈ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਆਕਸੀਜਨ ਦੀ ਕੋਈ ਵੀ ਦਿੱਕਤ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤਕਰੀਬਨ ਇਕ ਮਹੀਨੇ ਬਾਅਦ ਕੋਰੋਨਾ ਦਾ ਅੱਜ ਇਕ ਕੇਸ ਸਾਹਮਣੇ ਆਇਆ ਹੈ, ਇਸ ਲਈ ਸਾਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕੋਰੋਨਾ ਪਾਜੇਟਿਵ ਪਾਇਆ ਜਾਂਦਾ ਹੈ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਉਸ ਨੂੰ ਹੋਮ ਆਈਸੋਲੇਟ ਕਰ ਦਿੰਦੀਆਂ ਹਨ, ਜਿਸ ਨਾਲ ਕੋਰੋਨਾ ਦੇ ਅਗਾਂਹ ਫੈਲਾਅ 'ਤੇ ਰੋਕ ਲੱਗ ਜਾਂਦੀ ਹੈ। 
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 5 ਲੱਖ 42 ਹਜ਼ਾਰ 598 ਆਰਟੀਪੀਸੀਆਰ ਅਤੇ ਆਰਏਟੀ ਟੈਸਟ ਕੀਤੇ ਜਾ ਚੁੱਕੇ ਹਨ ਤੇ ਇਹ ਟੈਸਟ ਕਰਨ ਦੀ ਪ੍ਰਕਿਿਰਆ ਨਿਰੰਤਰ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹਰ ਰੋਜ਼ ਟੈਸਟਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਮਾਮਲਿਆਂ ਦੀ ਰੋਕਥਾਮ ਲਈ, ਜਾਂਚ, ਨਿਗਰਾਨੀ, ਇਲਾਜ, ਟੀਕਾਕਰਨ ਅਤੇ ਕੋਵਿਡ ਦੇ ਉਚਿੱਤ ਵਿਵਹਾਰ ਦੀ ਪਾਲਣਾ ਸਮੇਤ ਸਭ ਤਿਆਰੀਆਂ ਮੁਕੰਮਲ ਹਨ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਗਤੀਵਿਧੀਆਂ ਬੇਹੱਦ ਜ਼ਰੂਰੀ ਹਨ। ਇਸ ਲਈ ਸਰਕਾਰੀ ਸਿਹਤ ਸੰਸਥਾਵਾਂ ਅਤੇ ਫੀਲਡ ਸਟਾਫ ਵੱਲੋਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਹੀ ਮਾਸਕ ਆਦਿ ਨਾਲ ਮੂੰਹ ਢੱਕ ਕੇ ਰੱਖਣ ਅਤੇ ਇਕ ਦੂਜੇ ਤੋਂ 2 ਗਜ ਦਾ ਫ਼ਾਸਲਾ ਰੱਖਣ, ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਗਲੇ ਆਉਣ ਵਾਲੇ ਤਿਓਹਾਰਾਂ ਵੱਡੀਆਂ ਭੀੜਾਂ ਤੋਂ ਦੂਰ ਰਹਿਣ ਤੇ ਕੋਵਿਡ-19 ਸਬੰਧੀ ਹਦਾਇਤਾਂ ਦੀ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦਸੰਬਰ-ਜਨਵਰੀ ਮਹੀਨਿਆਂ ਵਿਚ ਆਉਣ ਵਾਲੇ ਤਿਓਹਾਰਾਂ ਦੌਰਾਨ ਬਾਜ਼ਾਰਾਂ ਵਿਚ ਵੱਡੀਆਂ ਭੀੜਾਂ ਸੰਭਾਵਿਤ ਤੌਰ 'ਤੇ ਲਾਗ ਦੇ ਫੈਲਾਅ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਕੋਰੋਨਾ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਦੇ ਮੱਦੇਨਜਰ ਅਗਲੇ ਕੁਝ ਦਿਨ ਸਾਵਧਾਨੀਆਂ ਲਈ ਬੇਹੱਦ ਮਹੱਤਵਪੂਰਨ ਹਨ। ਜੇਕਰ ਅਸੀਂ ਆਉਣ ਵਾਲੇ ਤਿਓਹਾਰਾਂ ਦੇ ਸੀਜਨ ਦੌਰਾਨ ਕੋਵਿਡ-19 ਸਬੰਧੀ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਦੇ ਹਾਂ ਤਾਂ ਕੋਰੋਨਾ ਦੀ ਅਗਲੀ ਸੰਭਾਵਿਤ ਲਹਿਰ ਨੂੰ ਰੋਕਣ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਤਿਓਹਾਰਾਂ ਦੌਰਾਨ ਬਾਜਾਰਾਂ 'ਚ ਭੀੜ ਭਰੀਆਂ ਥਾਵਾਂ 'ਤੇ ਜਾਣ ਦੀ ਬਜਾਏ ਘਰਾਂ 'ਚ ਰਹਿ ਕੇ ਹੀ ਆਪਣੇ ਪਿਆਰਿਆਂ, ਪਰਿਵਾਰ ਜੀਆਂ ਅਤੇ ਰਿਸਤੇਦਾਰਾਂ ਨਾਲ ਤਿਓਹਾਰਾਂ ਦਾ ਆਨੰਦ ਲੈਣ। ਉਨ੍ਹਾਂ ਕਿਹਾ ਕਿ ਤਿਓਹਾਰਾਂ ਦੇ ਸੀਜਨ ਵਿਚ ਕੋਵਿਡ-19 ਨਾਲ ਲੜਾਈ ਹੀ ਹਰ ਵਿਅਕਤੀ ਦਾ ਪਹਿਲਾ 'ਧਰਮ' ਹੋਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵਿਚ ਅਸੀਂ ਕਿਸੇ ਵੀ ਕੀਮਤ 'ਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਨੂੰ ਹੀ ਆਪਣਾ ਧਰਮ ਸਮਝਦੇ ਹਾਂ। ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਆਮ ਦੇਖਣ ਵਿਚ ਆਇਆ ਹੈ ਕਿ ਲੋਕ ਬਾਜਾਰਾਂ ਵਿਚ ਕੋਵਿਡ-19 ਸਬੰਧੀ ਹਦਾਇਤਾਂ ਦੀ ਨਾਲ ਪਾਲਣਾ ਨਹੀਂ ਕਰਦੇ, ਜਿਸ ਨਾਲ ਕੋਰੋਨਾ ਦੇ ਪ੍ਰਸਾਰ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਬਿਨਾਂ ਘਰੋਂ ਬਾਹਰ ਨਿਕਲਣ ਸਮੇਂ ਹੀ ਮਾਸਕ ਆਦਿ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਇਕ ਦੂਜੇ ਤੋਂ 2 ਗਜ ਦਾ ਫ਼ਾਸਲਾ ਰੱਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਬੀਮਾਰੀ ਦੇ ਮਾੜੇ-ਮੋਟੇ ਲੱਛਣ ਦਿਸਣ 'ਤੇ ਤੁਰੰਤ ਟੈਸਟ ਕਰਵਾਉਣ।

ਢਾਹਾਂ ਕਲੇਰਾਂ ਹਸਪਤਾਲ ਵਿਖੇ ਦੋ ਦਿਨਾਂ ਮੈਡੀਕਲ ਇੰਸਟਰੂਮੈਂਟ ਟਰੇਨਿੰਗ ਹੋਈ

ਢਾਹਾਂ ਕਲੇਰਾਂ ਹਸਪਤਾਲ ਵਿਖੇ ਦੋ ਦਿਨਾਂ ਮੈਡੀਕਲ ਇੰਸਟਰੂਮੈਂਟ ਟਰੇਨਿੰਗ ਹੋਈ
ਬੰਗਾ : 22 ਦਸੰਬਰ () ਅਮਰੀਕਾ ਦੀ ਸੰਸਥਾ ਰੋਅਰ ਫਾਰ ਚੇਂਜ਼, ਅਜੂਬਾ ਫਾਊਡੇਸ਼ਨ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਜੂਬਾ ਇਨੋਵੇਟਿਵ ਮੈਡੀਕਲ ਕੰਪਨੀ, ਆਈ. ਵੀ. ਐਚ. ਹੈਲਥ ਸੋਲਿਊਸ਼ਨਜ਼ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਕਲੇਰਾਂ ਦੇ ਸਹਿਯੋਗ ਨਾਲ ਦੋ ਦਿਨਾਂ ਅਜੂਬਾ ਇਨੋਵੇਟਿਵ ਮੈਡੀਕਲ ਸੋਲਿਊਸ਼ਨਜ਼ ਇੰਸਟਰੂਮੈਂਟ ਟਰੇਨਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਦੁਨੀਆਂ ਦੀ ਅਤਿ ਆਧੁਨਿਕ ਪੀ.ਏ.ਡੀ. (ਖੂਨ ਦੀਆਂ ਨਾੜਾਂ ਦੀਆਂ ਬਿਮਾਰੀਆਂ) ਮਸ਼ੀਨ, ਡਾਇਲਸਿਸ ਮਸ਼ੀਨ, ਕੰਨਾਂ ਦੇ ਸੁਣਾਈ ਦੇ ਟੈਸਟ ਲਈ ਉਟੋਸਕੋਪ ਵਾਲੀ ਆਡੀਉਮੀਟਰੀ ਮਸ਼ੀਨ, ਅੱਖਾਂ ਵਿਚ ਪਾਣੀ ਦਾ ਸੁਕਣਾ, ਅੱਖਾਂ ਦਾ ਖੁਸ਼ਕ ਹੋਣਾ, ਅੱਖਾਂ ਦੇ ਰੈਟੀਨਾ ਦੀ ਜਾਂਚ, ਦਿਲ ਦੇ ਰੋਗਾਂ ਦਾ ਟੈਸਟ ਈ.ਸੀ.ਜੀ. ਕਿੱਟਾਂ ਬਾਰੇ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਟੀਮ ਵਿਚ ਆਈ.ਵੀ.ਐਚ ਹੈਲਥ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ ਦੇ ਕੋ-ਫਾਊਂਡਰ ਸ੍ਰੀ ਐਲਫ੍ਰੇਡ ਮਾਈਕਲ ਅਰਮਭਾਨ, ਕੋ-ਫਾਊਂਡਰ ਤੇ ਸੀ.ਈ.ਉ. ਮੈਡਮ ਪੂਜਾ ਅਰਮਭਾਨ, ਕੋ-ਫਾਊਂਡਰ-ਸਪਲਾਈ ਚੇਨ ਸ਼ਪੈਸ਼ਲਿਸਟ ਮੈਡਮ ਆਰਾਥੀ ਅਰਮਭਾਨ, ਸ੍ਰੀ ਸ੍ਰੀ ਨਿਵਾਸ ਜੋਸ਼ੀ, ਸ੍ਰੀ ਟੀ. ਉਦੈ ਰਾਗਾ ਕਿਰਨ ਅਤੇ ਮੈਡਮ ਵਿਜੈਸ਼੍ਰੀ ਬਾਹੂਬਲੀ ਨਾਗਵੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਸਾਹਿਬਾਨ ਅਤੇ ਮੈਡੀਕਲ ਸਟਾਫ ਨੂੰ ਬਿਮਾਰੀਆਂ ਦੀ ਨਵੀਨਤਮ ਤਰੀਕਿਆਂ ਨਾਲ ਤਸੱਲੀਬਖਸ਼ ਜਾਂਚ ਕਰਨ ਦੀ ਟਰੇਨਿੰਗ ਦਿੱਤੀ। ਉਹਨਾਂ ਦੱਸਿਆ ਕਿ ਇਸਰਾਈਲ ਅਤੇ ਅਮਰੀਕਾ ਦੀਆਂ ਆਧੁਨਿਕ ਏ.ਆਈ. ਤਕਨੀਕ ਨਾਲ ਤਿਆਰ ਇਹਨਾਂ ਮੈਡੀਕਲ ਇੰਸਟਰੂਮੈਂਟਾਂ, ਸਾਫਟਵੇਅਰਾਂ ਦੀ ਮਦਦ ਨਾਲ ਮਰੀਜ਼ਾਂ ਦੀ ਬਿਮਾਰੀਆਂ ਦਾ ਸਹੀ ਡਾਇਗਨੋਜ਼ ਕੀਤਾ ਜਾਂਦਾ ਹੈ ਅਤੇ ਬਿਮਾਰੀਆਂ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਬਿਮਾਰੀ ਪਤਾ ਲਗਾਇਆ ਜਾ ਸਕਦਾ ਹੈ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਕਲੇਰਾਂ ਅਤੇ ਡਾ. ਐਸ ਐਸ ਗਿੱਲ ਮੈਡੀਕਲ ਡਾਇਰੈਕਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ  ਰੋਅਰ ਫਾਰ ਚੇਂਜ਼, ਅਜੂਬਾ ਇਨੋਵੇਟਿਵ ਮੈਡੀਕਲ ਅਤੇ ਆਈ.ਵੀ.ਐਚ ਹੈਲਥ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ ਦਾ ਹਸਪਤਾਲ ਢਾਹਾਂ ਕਲੇਰਾਂ ਦੇ ਸਟਾਫ ਨੂੰ ਆਧੁਨਿਕ ਟਰੇਨਿੰਗ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਇਸ ਦੋ ਦਿਨਾਂ ਮੈਡੀਕਲ ਇੰਸਟਰੂਮੈਂਟ ਟਰੇਨਿੰਗ ਵਿਚ ਡਾ. ਅਨੂਰੀਤ ਕੌਰ ਚੰਡੀਗੜ੍ਹ, ਮੈਡਮ ਪਰਮਜੀਤ ਕੌਰ ਚੀਫ ਪ੍ਰੌਜੈਕਟ ਕੁਆਰਡੀਨੇਟਰ, ਸ. ਅਵਤਾਰ ਸਿੰਘ ਪ੍ਰੌਜੈਕਟ ਕੁਆਰਡੀਨੇਟਰ, ਸ੍ਰੀ ਯੋਗੇਸ਼ ਅਤਰੀ ਪ੍ਰੌਜੈਕਟ ਕੁਆਰਡੀਨੇਟਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ,  ਡਾ. ਜਸਦੀਪ ਸਿੰਘ ਸੈਣੀ, ਡਾ. ਜੁਗਬਦਲ ਸਿੰਘ ਨੰਨੂਆਂ, ਡਾ. ਰੋਹਿਤ ਮਸੀਹ, ਡਾ. ਨਵਜੋਤ ਸਿੰਘ ਸਹੋਤਾ, ਡਾ. ਚਾਂਦਨੀ ਬੱਗਾ, ਡਾ. ਦੀਪਕ ਦੁੱਗਲ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਜਗਜੀਤ ਕੌਰ ਆਈ.ਸੀ.ਐਨ. ਤੋਂ ਇਲਾਵਾ ਮੈਡੀਕਲ ਅਫਸਰ, ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ।
ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਅਜੂਬਾ ਟੀਮ ਅਤੇ ਆਈ.ਆਈ.ਵੀ. ਦੀ ਟੀਮ ਦਾ ਸਨਮਾਨ ਕਰਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਡਾ. ਐਸ ਐਸ ਗਿੱਲ ਮੈਡੀਕਲ ਡਾਇਰੈਕਟਰ


 

ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ 1 ਜਨਵਰੀ 2023 ਤੋਂ

ਪਟਿਆਲਾ, 21 ਦਸੰਬਰ: ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਚੰਦਨਦੀਪ ਕੌਰ ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ 1 ਜਨਵਰੀ 2023 ਤੋਂ ਸ਼ੁਰੂ ਕੀਤੀ
ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਛੇ ਮਹੀਨੇ ਦੇ ਕੋਰਸ ਲਈ ਕਲਾਸਾਂ ਦਾ ਸਮਾਂ ਸ਼ਾਮ
5:00 ਤੋਂ 6:00 ਵਜੇ ਤੱਕ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਉਰਦੂ ਸਿੱਖਣ ਦੇ
ਚਾਹਵਾਨ ਵਿਅਕਤੀ ਮਿਤੀ 31 ਦਸੰਬਰ ਤੱਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ (ਭਾਸ਼ਾ ਭਵਨ),
ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਆਪਣਾ ਫਾਰਮ (ਸਮੇਤ ਇਕ ਪਾਸਪੋਰਟ ਸਾਈਜ਼ ਫੋਟੋ, ਆਧਾਰ
ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀ ਫੋਟੋ ਕਾਪੀ) ਭਰ ਕੇ ਦਾਖਲਾ ਲੈ ਸਕਦੇ
ਹਨ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ

ਹੁਸ਼ਿਆਰਪੁਰ, 21 ਦਸੰਬਰ: ਅੱਜ ਦਿਲਬਾਗ ਸਿੰਘ ਜੌਹਲ ਜ਼ਿਲ੍ਹਾ ਅਤੇ ਸ਼ੈਸ਼ਨ
ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਕੇਂਦਰੀ
ਜੇਲ੍ਹ, ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਕੇਂਦਰੀ ਜੇਲ੍ਹ, ਹੁਸ਼ਿਆਰਪੁਰ
ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਲਗਾਏ ਗਏ ਮੈਡੀਕਲ ਕੈਪ
ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ
ਅਥਾਰਟੀ, ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਵੀ ਉਨ੍ਹਾਂ ਨਾਲ ਸਨ। ਇਸ ਮੈਡੀਕਲ ਕੈਂਪ ਦੌਰਾਨ
ਡਾਕਟਰਾਂ ਦੀ ਟੀਮ ਜਿਨ੍ਹਾਂ ਵਿੱਚ ਡਾਕਟਰ ਸਨਮ ਕੁਮਾਰ (ਦੰਦਾਂ ਦੇ ਮਾਹਿਰ), ਡਾਕਟਰ
ਮਨਦੀਪ ਕੌਰ (ਅੱਖਾਂ ਦੇ ਮਾਹਿਰ ), ਡਾਕਟਰ ਕਮਲੇਸ਼ ( ਨੱਕ ਅਤੇ ਕੰਨ ਦੇ ਮਾਹਿਰ),
ਡਾਕਟਰ ਰੁਪਿੰਦਰਜੀਤ (ਸਰਜਨ), ਡਾਕਟਰ ਜਸਦੀਪ ( ਛਾਤੀ ਅਤੇ ਟੀ.ਵੀ ਦੇ ਮਾਹਿਰ) ਅਤੇ
ਡਾਕਟਰ ਪ੍ਰਤੀਭਾ ਵਲੋਂ ਜੇਲ੍ਹ ਵਿੱਚ ਬੰਦ ਕੈਦੀ ਅਤੇ ਹਵਾਲਾਤੀ 190 ਮਰੀਜ਼ਾ ਦਾ ਚੈਕ
ਅੱਪ ਕੀਤਾ ਗਿਆ ਅਤੇ ਦਵਾਈਆ ਮੁਹੱਇਆ ਕਰਵਾਈਆਂ ਗਈਆਂ। ਇਸ ਮੈਡੀਕਲ ਕੈਂਪ ਵਿੱਚ ਕੇਂਦਰੀ
ਜੇਲ੍ਹ, ਹੁਸ਼ਿਆਰਪੁਰ ਅੰਦਰ ਬੰਦ ਹਵਾਲਾਤੀਆਂ ਦੀਆ ਬੈਰਕਾਂ ਨੂੰ ਚੈੱਕ ਕੀਤਾ ਗਿਆ ਅਤੇ
ਕੈਦੀਆਂ/ਹਵਾਲਾਤੀਆਂ ਨੂੰ ਜੇਲ਼੍ਹ ਅੰਦਰ ਸਾਫ ਸਫਾਈ ਰੱਖਣ ਲਈ ਵੀ ਕਿਹਾ ਗਿਆ ਅਤੇ
ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀ ਸਿਹਤ ਪੱਖੋ ਜਾਣਕਾਰੀ ਲਈ ਗਈ। ਇਸ
ਮੌਕੇ ਅਨੁਰਾਗ ਕੁਮਾਰ ਆਜ਼ਾਦ, ਸੁਪਰਡੈਂਟ ਕੇਦਰੀ ਜੇਲ੍ਹ, ਹੁਸ਼ਿਆਰਪੁਰ, ਤੇਜਪਾਲ ਡਿਪਟੀ
ਸੁਪਰਡੈਂਟ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।

ਮੌਜੂਦਾ ਸਾਲ ਦੌਰਾਨ ਕੀਤੇ ਗਏ ਪਰਾਲੀ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਰੀਵਿਊ

ਪਰਾਲੀ ਸਾੜਨ ਦੇ ਮਾਮਲਿਆਂ ਵਿਚ ਪਿਛਲੇ ਸਾਲ ਨਾਲੋਂ ਲਗਭਗ 21 ਫੀਸਦੀ ਦੀ ਹੋਈ ਗਿਰਾਵਟ
ਹੁਸ਼ਿਆਰਪੁਰ, 21 ਦਸੰਬਰ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਜ਼ਿਲ੍ਹੇ ਦੇ
ਵੱਖ—ਵੱਖ ਵਿਭਾਗਾਂ ਅਤੇ ਪਰਾਲੀ ਨੂੰ ਖਪਤ ਕਰਨ ਵਾਲੀਆਂ ਇਕਾਈਆਂ ਨਾਲ ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਸਾਲ 2022 ਦੌਰਾਨ ਪਰਾਲੀ ਪ੍ਰੰਬਧਨ
ਸਬੰਧੀ ਕੀਤੇ ਉਪਰਾਲਿਆਂ ਦਾ ਰੀਵਿਊ ਅਤੇ ਭਵਿੱਖ ਵਿੱਚ ਇਸ ਦੇ ਪ੍ਰਬੰਧਾਂ ਨੂੰ ਹੋਰ
ਬਿਹਤਰ ਢੰਗ ਨਾਲ ਲਾਗੂ ਕਰਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ
ਵਲੋਂ ਵੱਖ—ਵੱਖ ਵਿਭਾਗਾਂ ਵਲੋਂ ਮੌਜੂਦਾ ਸਾਲ ਦੌਰਾਨ ਪਰਾਲੀ ਦੀ ਸਾਂਭ-ਸੰਭਾਲ ਨੂੰ ਲੈ
ਕੇ ਵਿਸਥਾਰ ਨਾਲ ਆਪਣੇ ਸੁਝਾਅ, ਪੇਸ਼ ਆਈਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਯੋਗ ਹੱਲ ਸਬੰਧੀ
ਵਿਚਾਰ- ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿੱਚ
ਕੁੱਲ 259 ਥਾਵਾਂ ਤੇ ਅੱਗ ਲੱਗਣ ਸਬੰਧੀ ਸਪਾਟ ਸੈਟੇਲਾਈਟ ਵਲੋਂ ਕੈਪਚਰ ਕੀਤੇ ਗਏ ਜੋ
ਕਿ ਪਿਛਲੇ ਸਾਲ ਨਾਲੋਂ ਲਗਭਗ 21 ਫੀਸਦੀ ਘੱਟ ਹਨ। ਉਨ੍ਹਾਂ ਕਿਸਾਨਾਂ ਵਲੋਂ ਪਰਾਲੀ
ਪ੍ਰਬੰਧਨ ਲਈ ਵੱਖ-ਵੱਖ ਢੰਗਾਂ ਨੂੰ ਅਪਨਾਉਣਾ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ
ਵੱਖ-ਵੱਖ ਉਪਰਾਲਿਆਂ ਪ੍ਰਤੀ ਕਿਸਾਨਾਂ ਦਾ ਹਾਂ ਪੱਖੀ ਹੁੰਗਾਰਾ ਅਤੇ ਖੇਤੀਬਾੜੀ ਅਤੇ
ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਚਲਾਈ ਗਈ ਮੁਹਿੰਮ ਇਸ
ਗਿਰਾਵਟ ਦਾ ਮੁੱਖ ਕਾਰਨ ਦੱਸਿਆ। ਇਸ ਮੌਕੇ ਉਨ੍ਹਾਂ ਵਲੋਂ ਵੱਖ-ਵੱਖ ਇੰਡਸਟਰੀਅਲ
ਇਕਾਈਆਂ ਜਿਨ੍ਹਾਂ ਵਲੋਂ ਪਰਾਲੀ ਦੀ ਖਪਤ ਕੀਤੀ ਜਾਂਦੀ ਹੈ ਅਤੇ ਕਿਸਾਨ ਜੋ ਬੇਲਰ ਚਲਾ
ਕੇ ਪਰਾਲੀ ਇੱਕਠੀ ਕਰਦੇ ਹਨ ਦਾ ਆਪਸੀ ਤਾਲਮੇਲ ਅਤੇ ਸਹਿਯੋਗ ਹੋਰ ਵਧਾਉਣ ਉੱਤੇ ਜੋਰ
ਦਿੱਤਾ ਤਾਂ ਜੋ ਪਰਾਲੀ ਪ੍ਰਬੰਧਨ ਨੂੰ ਭਵਿੱਖ ਵਿੱਚ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ
ਸਕੇ। ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਕਿਸਾਨਾਂ
ਵਲੋਂ ਮਹਿਕਮੇ ਦੁਆਰਾ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਮਸ਼ੀਨਰੀ ਦੀ ਯੋਗ ਵਰਤੋਂ, ਖੇਤਰ
ਅਨੁਸਾਰ ਬੇਲਰ ਰਾਹੀਂ ਗੰਢਾਂ ਬਣਾ ਕੇ ਪ੍ਰਬੰਧਨ, ਪਸ਼ੂ ਚਾਰੇ ਵਜੋਂ ਵਰਤੋਂ ਆਦਿ ਨੂੰ
ਪਰਾਲੀ ਪ੍ਰਬੰਧਨ ਦੀ ਮੁਹਿੰਮ ਵਿੱਚ ਇੱਕ ਅਹਿਮ ਹਿੱਸਾ ਦੱਸਿਆ। ਉਨ੍ਹਾਂ ਭਵਿੱਖ ਵਿੱਚ
ਵੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਆਪਣਾ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ। ਇਸ
ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ ਵਿਭਾਗ, ਪੰਜਾਬ ਪ੍ਰਦੂਸ਼ਣ
ਕੰਟਰੋਲ ਬੋਰਡ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਕੋਆਪਰੇਟਿਵ ਸੁਸਾਇਟੀਜ਼,
ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਬਾਗਬਾਨੀ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।

ਪੰਜਾਬ ਪੁਲੀਸ ਮੁਲਾਜ਼ਮਾਂ ਦਾ ਸੀ.ਜੀ.ਐਚ.ਐਸ. ਦਰਾਂ ’ਤੇ ਇਲਾਜ ਕਰਨ ਲਈ ਸਤਿਕਾਰ ਹੈਲਥ ਸਕੀਮ ਦਾ ਹਸਪਤਾਲ ਢਾਹਾਂ ਕਲੇਰਾਂ ਨਾਲ ਐਮ ਉ ਯੂ ਹੋਇਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਤਿਕਾਰ ਹੈਲਥ ਸਕੀਮ ਹੇਠਾਂ
ਪੰਜਾਬ ਪੁਲੀਸ ਮੁਲਾਜ਼ਮਾਂ ਤੇ ਪਰਿਵਾਰਾਂ ਦਾ ਹੋਵੇਗਾ ਸੀ.ਜੀ.ਐਚ.ਐਸ. ਦਰਾਂ 'ਤੇ ਇਲਾਜ

ਪੰਜਾਬ ਪੁਲੀਸ ਮੁਲਾਜ਼ਮਾਂ ਦਾ ਸੀ.ਜੀ.ਐਚ.ਐਸ. ਦਰਾਂ 'ਤੇ ਇਲਾਜ ਕਰਨ ਲਈ
ਸਤਿਕਾਰ ਹੈਲਥ ਸਕੀਮ ਦਾ ਹਸਪਤਾਲ ਢਾਹਾਂ ਕਲੇਰਾਂ ਨਾਲ ਐਮ ਉ ਯੂ ਹੋਇਆ


ਬੰਗਾ :- 21 ਦਸੰਬਰ () ਦੁਆਬੇ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਸਿਹਤ ਅਦਾਰੇ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ''ਸਤਿਕਾਰ ਹੈਲਥ ਸਕੀਮ'' ਅਧੀਨ ਹੁਣ ਪੰਜਾਬ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਸੀ.ਜੀ.ਐਚ.ਐਸ. ਦਰਾਂ 'ਤੇ ਇਲਾਜ ਹੋਇਆ ਕਰੇਗਾ। ਪੰਜਾਬ ਪੁਲੀਸ ਦੁੇ ਮੁਲਾਜ਼ਮਾਂ ਦੀ ਭਲਾਈ ਲਈ ਸ਼ੁਰੂ ਹੋਈ ''ਸਤਿਕਾਰ ਹੈਲਥ ਸਕੀਮ'' ਨੂੰ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਚਾਲੂ ਕਰਨ ਲਈ ਏ.ਡੀ.ਜੀ.ਪੀ. ਐਸ. ਏ. ਪੀ. ਵੱਲੋਂ ਡੀ.ਆਈ.ਜੀ. ਇੰਦਰਬੀਰ ਸਿੰਘ ਆਈ.ਪੀ.ਐਸ., ਪੀ. ਏ. ਪੀ. ਐਡਮਿਨਸ਼ਟਰੇਸ਼ਨ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਜਨਰਲ ਸਕੱਤਰ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਵੱਲੋਂ ''ਸਤਿਕਾਰ ਹੈਲਥ ਸਕੀਮ'' ਦੇ ਐਮ. ਉ. ਯੂ. 'ਤੇ ਹਸਤਾਖਰ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਜਥੇਦਾਰ ਕੁਲਵਿੰਦਰ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਨਾਲ ਸਤਿਕਾਰ ਹੈਲਥ ਸਕੀਮ ਦਾ ਐਮ. ਉ. ਯੂ. ਸਾਈਨ ਹੋੋਣ ਨਾਲ ਸਮੂਹ ਪੰਜਾਬ ਪੁਲੀਸ ਉੱਚ ਅਧਿਕਾਰੀ ਅਤੇ ਵੱਖ-ਵੱਖ ਅਹੁਦਿਆਂ ਦੇ ਪੁਲੀਸ ਕਰਮਚਾਰੀ, ਉਹਨਾਂ 'ਤੇ ਨਿਰਭਰ ਪਰਿਵਾਰਕ ਮੈਂਬਰ ਹੁਣ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਵੱਖ-ਵੱਖ ਮੈਡੀਕਲ ਇਲਾਜ ਸੇਵਾਵਾਂ ਦਾ ਲਾਭ ਕੇਂਦਰੀ ਸਰਕਾਰ ਦੀ ਸਿਹਤ ਯੋਜਨਾ ਸੀ.ਜੀ.ਐਚ.ਐਸ. ਦਰਾਂ ਪ੍ਰਾਪਤ ਕਰ ਸਕਣਗੇ। ਇਹ ਸਹੂਲਤ ਸਾਰੇ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਸਮੇਤ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸ.ਪੀ.ਓਜ਼), ਪੰਜਾਬ ਹੋਮ ਗਾਰਡਜ਼ (ਪੀ.ਐਚ.ਜੀ.) ਅਤੇ ਕਲਾਸ-4 ਦੇ ਸਟਾਫ਼ ਨੂੰ ਵੀ ਦਿੱਤੀ ਜਾਵੇਗੀ। ਸਤਿਕਾਰ ਹੈਲਥ ਸਕੀਮ ਅਧੀਨ ਇਲਾਜ ਕਰਵਾਉਣ ਵਾਲੇ ਪੁਲਿਸ ਅਧਿਕਾਰੀਆਂ ਵੱਲੋਂ ਢਾਹਾਂ ਕਲੇਰਾਂ ਹਸਪਤਾਲ ਵਿਖੇ ਆਪਣਾ ਇਲਾਜ ਸੀ.ਜੀ.ਐਚ.ਐਸ. ਦਰਾਂ ਤੇ ਕਰਵਾ ਕੇ ਅਤੇ ਬਾਅਦ ਵਿੱਚ ਆਪਣੇ ਵਿਭਾਗ ਤੋਂ ਆਪਣੇ ਬਿਲ ਦੀ ਰਕਮ ਕਲੇਮ ਕਰ ਸਕਣਗੇ। ਸਤਿਕਾਰ ਹੈਲਥ ਸਕੀਮ ਦੇ ਸਮਝੌਤੇ 'ਤੇ ਹਸਤਾਖਰ ਕਰਨ ਮੌਕੇ ਡੀ.ਆਈ.ਜੀ. ਇੰਦਰਬੀਰ ਸਿੰਘ ਆਈ. ਪੀ. ਐਸ. ਨੇ ਖੁਸ਼ੀ ਪ੍ਰਗਟਾਈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲੀਸ ਅਧਿਕਾਰੀ, ਸਮੂਹ ਕਰਮਚਾਰੀ ਅਤੇ ਉਹਨਾਂ 'ਤੇ ਨਿਰਭਰ ਪਰਿਵਾਰਕਕ ਮੈਂਬਰ ਘਰ ਦੇ ਨੇੜੇ ਹੀ ਵਧੀਆ ਇਲਾਜ ਕਰਵਾ ਸਕਣਗੇ। ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।

ਤਸਵੀਰ :- ''ਸਤਿਕਾਰ ਹੈਲਥ ਸਕੀਮ'' ਦੇ ਸਮਝੌਤੇ ਤੇ ਦਸਤਖਤ ਕਰਨ ਮੌਕੇ ਡੀ.ਆਈ.ਜੀ. ਇੰਦਰਬੀਰ ਸਿੰਘ ਆਈ.ਪੀ.ਐਸ., ਪੀ. ਏ. ਪੀ. ਐਡਮਿਨਸ਼ਟਰੇਸ਼ਨ ਅਤੇ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਜਨਰਲ ਸਕੱਤਰ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ

ਪੰਚਾਇਤ ਘਰ ਸਾਉਨਾ ਵਿਖੇ 21 ਦਸੰਬਰ ਨੂੰ ਸੁਣੀਆਂ ਜਾਣਗੀਆਂ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ

ਨਵਾਂਸ਼ਹਿਰ, 20 ਦਸੰਬਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਕਾਸ ਕਾਰਜਾਂ ਅਤੇ ਹੋਰ
ਮੁਸ਼ਕਿਲਾਂ ਸਬੰਧੀ ਪਿੰਡਾਂ 'ਚ ਲਾਏ ਜਾਣ ਵਾਲੇ ਕੈਂਪਾਂ ਦੀ ਲੜੀ 'ਚ 21 ਦਸੰਬਰ ਨੂੰ
ਸਵੇਰੇ 10 ਵਜੇ ਤੋਂ 12 ਵਜੇ ਤੱਕ ਨਵਾਂਸ਼ਹਿਰ ਬਲਾਕ ਦੇ ਪਿੰਡ ਸਾਉਨਾ ਦੇ ਪੰਚਾਇਤ ਘਰ
ਵਿਖੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਜ਼ਿਲ੍ਹਾ
ਵਿਕਾਸ ਤੇ ਪੰਚਾਇਤ ਅਫ਼ਸਰ ਦਵਿੰਦਰ ਕੁਮਾਰ ਅਨੁਸਾਰ ਪਿੰਡ ਸਾਉਨਾ ਵਿਖੇ ਮਹਿੰਦੀਪੁਰ,
ਕੁਲਾਮ, ਚੂਹੜਪੁਰ, ਸਾਉਨਾ, ਦੌਲਤਪੁਰ, ਬਘੌਰਾ, ਬੜਵਾ ਤੇ ਭਾਨ ਮਜਾਰਾ ਦੇ ਵਿਕਾਸ
ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਲਈ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਇਨ੍ਹਾਂ
ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਜਾਣਗੀਆਂ।
ਉਨ੍ਹਾਂ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬੁੱਧਵਾਰ ਨੂੰ ਸਵੇਰੇ 10 ਵਜੇ ਸਾਉਨਾ
ਪਿੰਡ ਦੇ ਪੰਚਾਇਤ ਘਰ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਹਾਜ਼ਰ
ਰਹਿਣ ਵਾਲੇ ਅਧਿਕਾਰੀਆਂ 'ਚ ਬੀ ਡੀ ਪੀ ਓ, ਨਾਇਬ ਤਹਿਸੀਲਦਾਰ, ਮਨਰੇਗਾ ਦੇ ਵਰਕਸ
ਮੈਨੇਜਰ , ਏ ਪੀ ਓ, ਜੇ ਈ, ਮੰਡੀ ਬੋਰਡ ਦੇ ਐਸ ਡੀ ਓ, ਪਾਵਰਕਾਮ ਦੇ ਐਸ ਡੀ ਓ, ਪੁਲਿਸ
ਅਧਿਕਾਰੀ, ਡੀ ਐਫ ਐਸ ਸੀ ਤੇ ਸੀ ਡੀ ਪੀ ਓ ਸ਼ਾਮਿਲ ਹਨ।

ਬਲਾਚੌਰ ਨਗਰ ਕੌਂਸਲ ਦੀ ਪ੍ਰਸਤਾਵਿਤ ਵਾਰਡਬੰਦੀ ਡੀ-ਲਿਮੀਟੇਸ਼ਨ ਬੋਰਡ ਵੱਲੋਂ ਸਰਕਾਰ ਨੂੰ ਭੇਜੀ ਗਈ

ਸਾਲ 2011 ਦੀ ਜਨਗਣਨਾ ਮੁਤਾਬਕ 15 ਵਾਰਡਾਂ ਦੀ ਨਵੇਂ ਸਿਰਿਓਂ ਵਾਰਡਬੰਦੀ ਕੀਤੀ ਗਈ ਤਜ਼ਵੀਜ਼
ਨਵਾਂਸ਼ਹਿਰ, 20 ਦਸੰਬਰ : ਨਗਰ ਕੌਂਸਲ ਬਲਾਚੌਰ ਦੀ ਨਵੇਂ ਸਿਰਿਓਂ ਵਾਰਡਬੰਦੀ ਦੀ ਤਜ਼ਵੀਜ਼
ਅੱਜ ਡੀ-ਲਿਮੀਟੇਸ਼ਨ ਬੋਰਡ ਵੱਲੋਂ ਮੁਢਲੀ ਪ੍ਰਕਾਸ਼ਨਾ ਲਈ ਸਰਕਾਰ ਨੂੰ ਭੇਜੀ ਗਈ।
ਪ੍ਰਸਤਾਵਿਤ ਵਾਰਡਬੰਦੀ 'ਚ ਸ਼ਹਿਰ ਦੀ 21364 ਦੀ ਜਨਸੰਖਿਆ ਦੇ ਆਧਾਰ 'ਤੇ 15 ਵਾਰਡਾਂ
ਦੀ ਤਜ਼ਵੀਜ਼ ਭੇਜੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ
ਵਰਮਾ ਨੇ ਦੱਸਿਆ ਕਿ ਇਸ ਡੀ-ਲਿਮੀਟੇਸ਼ਨ ਬੋਰਡ ਦੇ ਮੈਂਬਰਾਂ 'ਚ ਐਮ ਐਲ ਏ ਬਲਾਚੌਰ
ਸ੍ਰੀਮਤੀ ਸੰਤੋਸ਼ ਕਟਾਰੀਆ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਐਸ ਡੀ ਐਮ ਬਲਾਚੌਰ,
ਪ੍ਰਧਾਨ ਮਿਊਂਸਪਲ ਕੌਂਸਲ ਬਲਾਚੌਰ, ਈ ਓ ਮਿਊਂਸਪਲ ਕੌਂਸਲ ਬਲਾਚੌਰ, ਅਸ਼ੋਕ ਕਟਾਰੀਆ,
ਕਰਨਵੀਰ ਕਟਾਰੀਆ ਅਤੇ ਸਹਿਯੋਗੀ ਮੈਂਬਰ ਮਾਰਫ਼ਤ ਈ ਓ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ
ਡੀ-ਲਿਮੀਟੇਸ਼ਨ ਬੋਰਡ ਵੱਲੋਂ ਦਿੱਤੀਆਂ ਸਿਫ਼ਾਰਸ਼ਾਂ ਮੁਤਾਬਕ ਦੋ ਅਨੁਸੂਚਿਤ ਜਾਤੀ
ਮਹਿਲਾਵਾਂ ਸਮੇਤ 5 ਵਾਰਡ ਅਨੁਸੂਚਿਤ ਜਾਤੀ ਸ੍ਰੇਣੀ ਲਈ ਰਾਖਵੇਂ, ਉਕਤ ਦੋ ਅਨੁਸੂਚਿਤ
ਜਾਤੀ ਮਹਿਲਾਵਾਂ ਤੋਂ ਇਲਾਵਾ ਪੰਜ ਵਾਰਡ ਮਹਿਲਾਵਾਂ ਲਈ ਰਾਖਵੇਂ, ਇੱਕ ਵਾਰਡ ਪੱਛੜੀ
ਸ੍ਰੇਣੀ ਲਈ ਰਾਖਵਾਂ ਅਤੇ ਚਾਰ ਵਾਰਡ ਅਣ-ਰਾਖਵੇਂ ਰੱਖੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ
ਅਨੁਸਾਰ ਕਮੇਟੀ ਦੀਆਂ ਵਾਰਡਬੰਦੀ ਨਾਲ ਸਬੰਧਤ ਸਿਫ਼ਾਰਸ਼ਾਂ ਤੋਂ ਬਾਅਦ ਹੁਣ ਸਥਾਨਕ ਸਰਕਾਰ
ਵਿਭਾਗ ਵੱਲੋਂ ਵਾਰਡਬੰਦੀ ਅਤੇ ਨਕਸ਼ੇ ਦੀ ਮੁਢਲੀ ਪ੍ਰਕਾਸ਼ਨਾ ਬਾਅਦ ਆਮ ਲੋਕਾਂ ਦੇ ਸੁਝਾਅ
ਤੇ ਇਤਰਾਜ਼ ਮੰਗੇ ਜਾਣਗੇ। ਉਸ ਤੋਂ ਬਾਅਦ ਵਾਰਡਬੰਦੀ ਨੂੰ ਅੰਤਮ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਮੈਂਬਰਾਂ ਸਮੇਤ ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ, ਸਹਾਇਕ
ਕਮਿਸ਼ਨਰ ਡਾ. ਗੁਰਲੀਨ ਸਿੱਧੂ, ਕਾਰਜ ਸਾਧਕ ਅਫ਼ਸਰ ਭਜਨ ਚੰਦ, ਮੈਂਬਰ ਕਰਨਵੀਰ ਕਟਾਰੀਆ
ਤੇ ਪ੍ਰਧਾਨ ਨਰਿੰਦਰ ਘਈ ਵੀ ਮੌਜੂਦ ਸਨ।

ਐਨ.ਡੀ.ਪੀ.ਐਸ. ਐਕਟ ਦੇ ਕੁੱਲ 48 ਮੁਕੱਦਮਿਆ ਦਾ ਮਾਲ ਨਸ਼ਟ ਕਰਵਾਇਆ

ਹੁਸ਼ਿਆਰਪੁਰ : 20 ਦਸੰਬਰ : ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਦੇ
ਦਿਸ਼ਾ ਨਿਰਦੇਸ਼ਾਂ ਹੇਠ ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੀ
ਨਿਗਰਾਨੀ ਹੇਠ ਗਠਿਤ ਕੀਤੀ ਗਈ ਡਰੱਗ ਡਿਸਪੋਜਲ ਕਮੇਟੀ ਜਿਸ ਵਿੱਚ ਮਨਪ੍ਰੀਤ ਸਿੰਘ
ਢਿੱਲੋ ਪੁਲਿਸ ਕਪਤਾਨ, ਤਫਤੀਸ਼ ਹੁਸ਼ਿਆਰਪੁਰ, ਉਪ ਪੁਲਿਸ ਕਪਤਾਨ, ਡਿਟੈਕਟਿਵ ਹੁਸ਼ਿਆਰਪੁਰ
ਮੈਂਬਰ ਹਨ, ਵਲੋਂ ਅੱਜ ਮਿਤੀ 20.12.2022 ਨੂੰ ਐਨ.ਡੀ.ਪੀ.ਐਸ. ਐਕਟ ਦੇ ਕੁੱਲ 48
ਮੁਕੱਦਮਿਆ ਦਾ ਮਾਲ ਜਿਸ ਵਿੱਚ (ਡੋਡੇ ਚੂਰਾ ਪੋਸਤ 326 ਕਿਲੋ 200 ਗ੍ਰਾਮ, ਹੈਰੋਇਨ
713 ਗ੍ਰਾਮ, ਚਰਸ 940 ਗ੍ਰਾਮ, ਨਸ਼ੀਲਾ ਪਦਾਰਥ 04 ਕਿਲੋ 534 ਗ੍ਰਾਮ, ਨਸ਼ੀਲੇ ਟੀਕੇ
10, ਸਿਰਿੰਜ 9, ਨਸ਼ੀਲੇ ਕੈਪਸੂਲ 520 ਅਤੇ ਨਸ਼ੀਲੀਆਂ ਗੋਲੀਆਂ 1320 ਨੂੰ ਨਸ਼ਟ ਕਰਵਾਇਆ
ਗਿਆ ਹੈ ।

ਜ਼ਿਲ੍ਹਾ ਸਿਹਤ ਅਫ਼ਸਰ ਨੇ 6 ਥਾਵਾਂ ਤੋਂ ਲਏ ਗੁੜ ਤੇ ਸ਼ੱਕਰ ਦੇ 10 ਸੈਂਪਲ

ਜ਼ਿਲ੍ਹੇ 'ਚ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਫੂਡ ਸੇਫਟੀ ਤੇ ਸਟੈਂਡਰਡ ਐਕਟ-2006
-ਹਰ ਛੋਟੇ ਤੋਂ ਵੱਡੇ ਫੂਡ ਬਿਜਨੈਸ ਓਪਰੇਟਰ ਲਈ ਰਜਿਸਟ੍ਰੇਸ਼ਨ ਜਾਂ ਲਾਇਸੰਸ ਜ਼ਰੂਰੀ
ਹੁਸ਼ਿਆਰਪੁਰ, 20 ਦਸੰਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ 'ਤੇ ਜ਼ਿਲ੍ਹੇ ਵਿਚ ਲੋਕਾਂ ਨੂੰ ਮਿਲਾਵਟ ਮੁਕਤ ਖਾਣ-ਪੀਣ ਵਾਲੇ ਪਦਾਰਥ ਉਪਲਬੱਧ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਅੱਜ ਮਾਹਿਲਪੁਰ ਤੇ ਗੜ੍ਹਸ਼ੰਕਰ ਵਿਚ ਚੈਕਿੰਗ ਦੌਰਾਨ 6 ਥਾਵਾਂ ਤੋਂ ਗੁੜ ਤੇ ਸ਼ੱਕਰ ਦੇ 10 ਸੈਂਪਲ ਲਏ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਮਿਲਾਵਟਖੋਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਿਲਾਵਟਖੋਰੀ ਖਿਲਾਫ਼ ਫੂਡ ਸੇਫਟੀ ਤੇ ਸਟੈਂਡਰਡ ਐਕਟ-2006 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਤਾਂ ਜੋ ਪੰਜਾਬ ਸਰਕਾਰ ਦੇ ਰੰਗਲੇ ਤੇ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਪੂਰੀ ਤਰ੍ਹਾਂ ਸਾਕਾਰ ਕੀਤਾ ਜਾ ਸਕੇ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਅੱਜ ਮਾਹਿਲਪੁਰ, ਡਾਂਸੀਵਾਲ, ਸਤਨੌਰ, ਬਡੇਸਰੋਂ ਅਤੇ ਗੋਲੀਆਂ ਦੇ ਬੇਲਣਿਆਂ ਤੋਂ ਇਲਾਵਾ ਗੜ੍ਹਸ਼ੰਕਰ ਦੀ ਮੋਰ ਰਿਟੇਲ ਸ਼ਾਪ ਤੋਂ ਗੁੜ ਤੇ ਸ਼ੱਕਰ ਦੇ ਸੈਂਪਲ ਲਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਸੈਂਪਲ ਟੈਸਟਿੰਗ ਲੈਬਾਰਟਰੀ ਖਰੜ ਵਿਚ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਇਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਖਾਣ-ਪੀਣ ਵਾਲੇ ਸਾਫ਼-ਸੁਥਰੇ ਤੇ ਸ਼ੁੱਧ ਪਦਾਰਥ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਮੰਗ ਹੈ। ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਸਟੇਟ ਫੂਡ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਸ਼ੁੱਧ ਤੇ ਸਾਫ਼-ਸੁਥਰੀਆਂ ਖੁਰਾਕੀ ਵਸਤੂਆਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਪਾਏ ਜਾਣ 'ਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਜ਼ਿਲ੍ਹੇ ਦੇ ਅੰਦਰ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਅਤੇ ਇਨ੍ਹਾਂ ਪਦਾਰਥਾਂ ਨੂੰ ਤਿਆਰ ਕਰਨ ਵਾਲਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਲੋਕ ਹਿੱਤ ਦੇ ਮੱਦੇਨਜ਼ਰ ਸ਼ੁੱਧ, ਮਿਆਰੀ ਤੇ ਕੁਆਲਟੀ ਪਦਾਰਥਾਂ ਦੀ ਵਿਕਰੀ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਬਾਸੀ ਜਾਂ ਮਿਲਾਵਟੀ ਪਦਾਰਥਾਂ ਦੀ ਵਿਕਰੀ ਨਾ ਕਰਨ। ਡਾ. ਲਖਵੀਰ ਸਿੰਘ ਨੇ ਕਿਹਾ ਕਿ ਹਰ ਛੋਟੇ ਅਤੇ ਵੱਡੇ ਫੂਡ ਬਿਜਨੈਸ ਆਪਰੇਟਰ (ਐਫ.ਬੀ.ਓ) ਲਈ ਰਜਿਸਟਰੇਸ਼ਨ ਜਾਂ ਲਾਇਸੰਸ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਲ ਵਿਚ 12 ਲੱਖ ਰੁਪਏ ਤੋਂ ਘੱਟ ਸੇਲ ਕਰਨ ਵਾਲੇ ਐਫ.ਬੀ.ਓਜ਼ ਲਈ 100 ਰੁਪਏ ਸਾਲਾਨਾ ਰਜਿਸਟਰੇਸ਼ਨ ਜ਼ਰੂਰੀ ਹੈ, ਜਦਕਿ ਸਾਲ ਵਿਚ 12 ਲੱਖ ਰੁਪਏ ਤੋਂ ਵੱਧ ਸੇਲ ਕਰਨ ਵਾਲੇ ਐਫ.ਬੀ.ਓਜ਼ ਲਈ 2 ਹਜ਼ਾਰ ਰੁਪਏ ਸਾਲਾਨਾ ਲਾਇਸੰਸ ਫੀਸ ਜਮ੍ਹਾਂ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਐਫ.ਬੀ.ਓਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੀ ਰਜਿਸਟਰੇਸ਼ਨ ਜਾਂ ਲਾਇਸੰਸ ਫੀਸ ਰੀਨਿਊ ਕਰਨ ਵਾਲੀ ਹੈ, ਉਹ ਆਪਣੀ ਫੀਸ ਜਮ੍ਹਾਂ ਕਰਵਾਉਣ ਅਤੇ ਜਿਨ੍ਹਾਂ ਨੇ ਹੁਣ ਤੱਕ ਰਜਿਸਟਰੇਸ਼ਨ ਜਾਂ ਲਾਇਸੰਸ ਨਹੀਂ ਲਏ, ਉਹ ਜਲਦ ਇਸ ਪ੍ਰਕਿਰਿਆ ਨੂੰ ਪੂਰਾ ਕਰਨ।
 

ਬੇਲਣਿਆਂ ’ਤੇ ਕੇਵਲ ਮਿਆਰੀ ਗੁੜ-ਸ਼ੱਕਰ ਬਣਾ ਕੇ ਹੀ ਵੇਚਿਆ ਜਾਵੇ : ਡਿਪਟੀ ਕਮਿਸ਼ਨਰ

 ਹੁਸ਼ਿਆਰਪੁਰ, 19 ਦਸੰਬਰ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲਗਭਗ 25000 ਹੈਕਟੇਅਰ ਰਕਬੇ
'ਤੇ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ
ਗੰਨੇ ਦੀ ਕਾਸ਼ਤ ਵਿੱਚ ਮੋਹਰੀ ਹੈ। ਗੁੜ ਅਤੇ ਸ਼ੱਕਰ ਦੇ ਮਿਆਰੀ ਉਤਪਾਦਨ ਅਤੇ ਇਸ ਦੀ
ਗਾਹਕਾਂ ਨੂੰ ਮਿਆਰੀ ਉਪਲਬੱਧਤਾ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਮੂਹ
ਬੇਲਣਾਂ ਮਾਲਕਾਂ ਨੂੰ ਗੁੜ ਅਤੇ ਸ਼ੱਕਰ ਦੇ ਉਤਪਾਦਨ ਦੌਰਾਨ ਕਿਸੇ ਵੀ ਤਰ੍ਹਾਂ ਦੇ
ਕੈਮੀਕਲ ਜਾਂ ਘਟੀਆ ਕੁਆਲਿਟੀ ਦੀ ਖੰਡ ਦੀ ਵਰਤੋਂ ਨਾ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਇਸ ਦੀ ਮਿਆਰੀ ਉਪਲਬੱਧਤਾ ਲਈ ਜ਼ਿਲ੍ਹਾ
ਸਿਹਤ ਅਫ਼ਸਰ ਅਤੇ ਉਨ੍ਹਾਂ ਦੀਆਂ ਫੂਡ ਸੇਫਟੀ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ
ਬੇਲਣਿਆਂ ਦੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਬੇਲਣੇ 'ਤੇ
ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੈਮੀਕਲ ਜਾਂ ਕੋਈ ਹੋਰ ਅਜਿਹੇ ਪਦਾਰਥ ਪਾਏ
ਜਾਂਦੇ ਹਨ ਤਾਂ ਅਜਿਹੀ ਸੂਰਤ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲ੍ਹੇ ਵਿਚ ਗੁੜ ਅਤੇ ਸ਼ੱਕਰ ਉਤਪਾਦਨ ਲਈ ਲੱਗੇ ਬੇਲਣਿਆਂ ਸਬੰਧੀ ਜ਼ਿਲ੍ਹੇ ਦੇ ਮੁੱਖ
ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਬੇਲਣਿਆਂ ਦੀ ਰਜਿਸਟ੍ਰੇਸ਼ਨ
ਮੁਫ਼ਤ ਵਿਚ ਕੇਨ ਕਮਿਸ਼ਨਰ ਪੰਜਾਬ ਵਲੋਂ ਕੀਤੀ ਜਾਂਦੀ ਹੈ। ਉਨ੍ਹਾਂ ਸਮੂਹ ਬੇਲਣਿਆਂ ਦੇ
ਮਾਲਕਾਂ ਨੂੰ ਇਹ ਰਜਿਸਟ੍ਰੇਸ਼ਨ ਯਕੀਨੀ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ
ਕਿਸਾਨਾਂ ਨੂੰ ਗੰਨੇ ਤੋਂ ਮਿਆਰੀ ਗੁੜ ਅਤੇ ਸ਼ੱਕਰ ਤਿਆਰ ਕਰਕੇ ਆਪਣੀ ਉਪਜ ਦਾ
ਪ੍ਰੋਸੈਸਿੰਗ ਦੇ ਨਾਲ ਮੰਡੀਕਰਨ ਕਰਕੇ ਆਮਦਨ ਵਿਚ ਵਾਧਾ ਕਰਨ ਦੀ ਗੱਲ ਵੀ ਆਖੀ।

ਸੜਕਾਂ ਦੀਆਂ ਬਰਮਾਂ ਪੂਰੀਆਂ ਕਰਕੇ ਹਾਦਸੇ ਰੋਕਣ ਲਈ ਸਰਗਰਮ ਹੋਣ ਸਬੰਧਤ ਅਧਿਕਾਰੀ-ਹਰਮੀਤ ਪਠਾਣਮਾਜਰਾ

ਵਿਧਾਇਕ ਪਠਾਣਮਾਜਰਾ ਵੱਲੋਂ ਸੜਕਾਂ ਕਿਨਾਰਿਓਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੀਟਿੰਗ
ਪਟਿਆਲਾ, 19 ਦਸੰਬਰ: ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਮੰਡੀ
ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਨੌਰ ਹਲਕੇ
ਵਿੱਚ ਸੜਕਾਂ ਦੀਆਂ ਬਰਮਾਂ 'ਤੇ ਹੋਏ ਨਾਜਾਇਜ਼ ਕਬਜੇ ਤੁਰੰਤ ਹਟਾਉਣ ਦੀ ਹਦਾਇਤ ਕੀਤੀ
ਹੈ। ਹਲਕਾ ਵਿਧਾਇਕ ਪਠਾਣਮਾਜਰਾ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)
ਗੌਤਮ ਜੈਨ, ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ. ਦੂਧਨਸਾਧਾਂ
ਕਿਰਪਾਲਵੀਰ ਸਿੰਘ ਤੇ ਡੀ.ਐਸ.ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਦੀ ਮੌਜੂਦਗੀ 'ਚ
ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਸਨੌਰ ਅਤੇ ਨਗਰ ਪੰਚਾਇਤ ਦੇਵੀਗੜ੍ਹ ਦੇ
ਕਾਰਜ ਸਾਧਕ ਅਫ਼ਸਰਾਂ ਸੁਖਦੀਪ ਸਿੰਘ ਕੰਬੋਜ ਤੇ ਰਾਕੇਸ਼ ਅਰੋੜਾ ਨਾਲ ਮੀਟਿੰਗ ਕਰ ਰਹੇ
ਸਨ। ਇਸ ਮੌਕੇ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਸੜਕਾਂ ਦੁਆਲੇ ਨਾਜਾਇਜ਼ ਕਬਜੇ
ਹੋਣ ਕਰਕੇ ਸੜਕਾਂ ਦੀ ਚੌੜਾਈ ਘਟ ਜਾਂਦੀ ਹੈ, ਜਿਸ ਕਰਕੇ ਸੜਕੀ ਹਾਦਸੇ ਵਾਪਰਦੇ ਹਨ।
ਉਨ੍ਹਾਂ ਨੇ ਦੇਵੀਗੜ੍ਹ ਕਪੂਰੀ ਪਿੰਡ ਦੇ ਦੋ ਸਕੇ ਭੈਣ-ਭਰਾਵਾਂ ਦੀ ਸੜਕ ਹਾਦਸੇ ਵਿੱਚ
ਹੋਈ ਦੁਖਦਾਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ
ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਹਲਕੇ ਵਿੱਚ ਸੜਕਾਂ ਦੇ ਕਿਨਾਰਿਆਂ 'ਤੇ ਬਰਮਾਂ ਪੂਰੀਆਂ
ਕੀਤੀਆਂ ਜਾਣ ਅਤੇ ਨਾਲ ਹੀ ਸੜਕਾਂ ਕੰਢੇ ਖੜ੍ਹੇ ਦਰਖਤਾਂ ਦੀਆਂ ਟਾਹਣੀਆਂ ਵੀ ਛਾਂਗੀਆਂ
ਜਾਣ ਤਾਂ ਕਿ ਕਿਸੇ ਦੀ ਅਣਗਹਿਲੀ ਕਰਕੇ ਕੋਈ ਹਾਦਸਾ ਨਾ ਵਾਪਰੇ ਅਤੇ ਕੋਈ ਕੀਮਤੀ ਜਾਨ
ਅਜਾਂਈ ਨਾ ਜਾਵੇ।
ਵਿਧਾਇਕ ਪਠਾਣਮਾਜਰਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ
ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸੜਕਾਂ ਦਾ ਕੰਮ ਗੁਣਵੱਤਾ ਪੱਖੋਂ ਪਾਏਦਾਰ ਹੋਣਾ ਚਾਹੀਦਾ
ਹੈ ਅਤੇ ਨਾਲ ਹੀ ਸੜਕਾਂ 'ਤੇ ਪਏ ਟੋਏ ਤੁਰੰਤ ਮੁਰੰਮਤ ਕਰਕੇ ਠੀਕ ਕੀਤੇ ਜਾਣ ਤਾਂ ਕਿ
ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਮੀਟਿੰਗ ਵਿੱਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ
ਮਨਿੰਦਰ ਫਰਾਂਸਵਾਲਾ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ ਤੱਖਰ ਅਤੇ ਯਾਦਵਿੰਦਰ ਸਿੰਘ
ਹੋਰ ਪਤਵੰਤੇ ਵੀ ਮੌਜੂਦ ਸਨ।

ਰਿਕਵਰੀ ਸਬੰਧੀ ਮਾਮਲਿਆਂ ’ਚ ਗੰਭੀਰਤਾ ਦਿਖਾਉਣ ਮਾਲ ਅਫ਼ਸਰ : ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗਾਂ 'ਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ
ਸਮੀਖਿਆ ਕਰਕੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 19 ਦਸੰਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ
ਕੰਪਲੈਕਸ ਵਿਖੇ ਮਹੀਨਾਵਾਰ ਮੀਟਿੰਗਾਂ ਦੌਰਾਨ ਮਾਲ ਅਧਿਕਾਰੀਆਂ ਦੇ ਕੰਮਾਂ ਦੀ ਸਮੀਖਿਆ
ਕਰਕੇ ਉਨ੍ਹਾਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਉਨ੍ਹਾਂ ਤਹਿਸੀਲਦਾਰਾਂ ਤੇ ਨਾਇਬ
ਤਹਿਸੀਲਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰਿਕਵਰੀ ਸਬੰਧੀ ਮਾਮਲਿਆਂ ਵਿਚ ਗੰਭੀਰਤਾ
ਦਿਖਾਈ ਜਾਵੇ ਅਤੇ ਡਿਫਾਲਟਰਾਂ ਦੀ ਸੂਚੀ ਬਣਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ।
ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ ਵੀ ਮੌਜੂਦ ਸਨ।
ਉਨ੍ਹਾਂ ਮੀਟਿੰਗ ਦੌਰਾਨ ਫਸਲ, ਕਰਜ਼ਾ ਯੋਜਨਾਵਾਂ, ਕੋਰਟ ਕੇਸਾਂ ਤੋਂ ਇਲਾਵਾ ਹੋਰ
ਵਿਸ਼ਿਆਂ 'ਤੇ ਜਾਣਕਾਰੀ ਹਾਸਲ ਕਰਕੇ ਪੈਡਿੰਗ ਮਾਮਲਿਆਂ ਨੂੰ ਜਲਦ ਨਿਪਟਾਉਣ ਦੇ ਨਿਰਦੇਸ਼
ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਦੀ
ਸਮੀਖਿਆ ਕਰਦੇ ਹੋਏ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ
ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਤਾਲਮੇਲ ਕਰਕੇ ਸਰਕਾਰੀ ਸਕੂਲਾਂ ਦੀਆਂ
ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਪ੍ਰੋਗਰਾਮ ਤੈਅ ਕੀਤੇ ਜਾਣ। ਉਨ੍ਹਾਂ ਨੇ ਜ਼ਿਲ੍ਹੇ
ਦੇ 1926 ਆਂਗਣਵਾੜੀ ਕੇਂਦਰਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਦੀ ਹਦਾਇਤ ਵੀ
ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਤਹਿਤ ਜ਼ਿਲ੍ਹੇ ਦੇ
42341 ਲਾਭਪਾਤਰੀਆਂ ਦੇ ਖਾਤਿਆਂ ਵਿਚ 15,24,6200 ਰੁਪਏ ਟਰਾਂਸਫਰ ਕੀਤੇ ਜਾ ਚੁੱਕੇ
ਹਨ।
ਕੋਮਲ ਮਿੱਤਲ ਨੇ ਪੋਸ਼ਣ ਅਭਿਆਨ, ਵਨ ਸਟਾਪ ਸੈਂਟਰ, ਚਾਈਲਡ ਪ੍ਰੋਟੈਕਸ਼ਨ ਯੂਨਿਟ ਆਦਿ
ਯੋਜਨਾਵਾਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੱਗਰ ਸਿੱਖਿਆ ਅਭਿਆਨ,
ਮਿਡ-ਡੇ-ਮੀਲ, ਖੇਤੀ ਵਿਭਾਗ, ਸਹਿਕਾਰਤਾ ਵਿਭਾਗ, ਪਸ਼ੂ ਪਾਲਣ ਵਿਭਾਗ ਸਬੰਧੀ ਵੀ
ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ ਦਸੂਹਾ ਓਜਸਵੀ ਅਲੰਕਾਰ,
ਐਸ.ਡੀ.ਐਮ ਮੁਕੇਰੀਆਂ ਕੰਵਲਜੀਤ ਸਿੰਘ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ
ਬੈਂਸ, ਜ਼ਿਲ੍ਹਾ ਮਾਲ ਅਫ਼ਸਰ ਗੁਰਮੀਤ ਸਿੰਘ ਮਾਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ
ਸਨ।

ਏ ਡੀ ਸੀ ਰਾਜੀਵ ਵਰਮਾ ਵੱਲੋਂ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਐਨ ਆਰ ਆਈਜ਼ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਗਈਆਂ

ਅਦਾਲਤਾਂ 'ਚ ਚਲਦੇ ਮਾਮਲਿਆਂ ਨੂੰ ਛੱਡ ਕੇ ਬਾਕੀਆਂ 'ਚ ਕਾਰਵਾਈ ਤੇਜ਼ੀ ਨਾਲ ਕਰਨ ਦਾ ਭਰੋਸਾ
ਨਵਾਂਸ਼ਹਿਰ, 19 ਦਸੰਬਰ : ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜਲੰਧਰ ਵਿਖੇ ਰਾਜ ਦੇ
ਐਨ ਆਰ ਆਈਜ਼ ਮਾਮਲਿਆਂ ਬਾਰੇ ਪੰਜਾਬੀ ਸ. ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਹੋਈ
ਪੰਜਾਬੀ ਐਨ ਆਰ ਆਈਜ਼ ਨਾਲ ਮਿਲਣੀ ਤੋਂ ਬਾਅਦ ਮਿਲੇ ਨਿਰਦੇਸ਼ਾਂ ਦੇ ਆਧਾਰ 'ਤੇ ਅੱਜ
ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਵੱਲੋਂ ਮਿਲਣੀ ਦੌਰਾਨ
ਸਮੱਸਿਆਵਾਂ/ਸ਼ਿਕਾਇਤਾਂ ਲੈ ਕੇ ਗਏੇ ਐਨ ਆਰ ਆਈਜ਼ ਨੂੰ ਸੁਣਿਆ ਗਿਆ। ਵਧੀਕ ਡਿਪਟੀ
ਕਮਿਸ਼ਨਰ (ਜ) ਰਾਜੀਵ ਵਰਮਾ ਅਨੁਸਾਰ ਐਨ ਆਰ ਆਈਜ਼ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ
ਸਿੰਘ ਧਾਲੀਵਾਲ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਉੱਥੇ ਪੁੱਜੀਆਂ 11
ਸਮੱਸਿਆਵਾਂ/ਸ਼ਿਕਾਇਤਾਂ ਨਾਲ ਸਬੰਧਤ ਧਿਰਾਂ ਨੂੰ ਅੱਜ ਡੀ ਸੀ ਦਫ਼ਤਰ ਵਿਖੇ ਬੁਲਾ ਕੇ
ਵਿਸਥਾਰ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ
11 'ਚੋਂ 10 ਮੁਸ਼ਕਿਲਾਂ ਨਾਲ ਸਬੰਧਤ ਧਿਰਾਂ ਪੁੱਜੀਆਂ ਹੋਈਆਂ ਸਨ, ਜਿਨ੍ਹਾਂ ਦੀ
ਸੁਣਵਾਈ ਲਈ ਉਨ੍ਹਾਂ ਤੋਂ ਇਲਾਵਾ ਐਸ ਡੀ ਐਮ ਨਵਾਂਸ਼ਹਿਰ ਤੇ ਬੰਗਾ ਮੇਜਰ (ਡਾ) ਸ਼ਿਵਰਾਜ
ਸਿੰਘ ਬੱਲ, ਐਸ ਪੀ (ਜਾਂਚ) ਡਾ. ਮੁਕੇਸ਼, ਐਸ ਪੀ (ਪੀ ਬੀ ਆਈ) ਇਕਬਾਲ ਸਿੰਘ, ਡੀ ਐਸ
ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾਂ, ਡੀ ਐਸ ਪੀ ਬੰਗਾ ਸਰਵਣ ਸਿੰਘ ਬੱਲ, ਇੰਸਪੈਕਟਰ
ਗੁਰਮੁਖ ਸਿੰਘ, ਡੀ ਡੀ ਪੀ ਓ ਦਵਿੰਦਰ ਕੁਮਾਰ, ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ,
ਤਹਿਸੀਲਦਾਰ ਬੰਗਾ ਗੁਰਸੇਵਕ ਚੰਦ, ਬੀ ਡੀ ਪੀ ਓ ਬੰਗਾ ਰਣਜੀਤ ਸਿੰਘ ਮੌਜੂਦ ਸਨ। ਵਧੀਕ
ਡਿਪਟੀ ਕਮਿਸ਼ਨਰ ਅਨੁਸਾਰ ਇਸ ਮੌਕੇ ਅਦਾਲਤਾਂ ਚੱਲ ਰਹੇ ਕੇਸਾਂ ਨੂੰ ਛੱਡ ਕੇ ਬਾਕੀਆਂ ਦੇ
ਮਾਮਲਿਆਂ 'ਚ ਲੰਬਿਤ/ਚੱਲ ਰਹੀ ਕਾਰਵਾਈ ਨੂੰ ਜਲਦ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਇੱਕ-ਅੱਧ ਸ਼ਿਕਾਇਤ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਸ਼ਿਕਾਇਤਾਂ
ਜਾਇਦਾਦ ਨਾਲ ਸਬੰਧਤ ਝਗੜਿਆਂ ਨਾਲ ਸਬੰਧਤ ਹੋਣ ਕਾਰਨ, ਅਦਾਲਤਾਂ ਤੱਕ ਨਾ ਪੁੱਜੀਆਂ
ਸ਼ਿਕਾਇਤਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਐਨ ਆਰ ਆਈਜ਼ ਨਾਲ ਸਬੰਧਤ ਮੁਸ਼ਕਿਲਾਂ ਨੂੰ ਭਵਿੱਖ ਵਿੱਚ ਮਾਸਿਕ
ਮੀਟਿੰਗਾਂ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਜੋ ਇਨ੍ਹਾਂ ਦੀ ਲਗਾਤਾਰ ਪ੍ਰਗਤੀ ਬਾਰੇ ਪਤਾ
ਲੱਗ ਸਕੇ।

ਢਾਹਾਂ ਕਲੇਰਾਂ ਸਕੂਲ ਦੀ ਵੇਟ ਲਿਫਟਰ ਹਰਜੋਤ ਕੌਰ ਨੇ ਸੂਬਾ ਪੱਧਰੀ ਸਕੂਲ ਖੇਡਾਂ ਵਿਚ ਜਿੱਤਿਆ ਗੋਲਡ ਮੈਡਲ

ਢਾਹਾਂ ਕਲੇਰਾਂ ਸਕੂਲ ਦੀ ਵੇਟ ਲਿਫਟਰ ਹਰਜੋਤ ਕੌਰ ਨੇ ਸੂਬਾ ਪੱਧਰੀ ਸਕੂਲ ਖੇਡਾਂ ਵਿਚ ਜਿੱਤਿਆ ਗੋਲਡ ਮੈਡਲ
ਬੰਗਾ : 19 ਦਸੰਬਰ () ਪੇਂਡੂ ਇਲਾਕੇ ਦੇ ਪ੍ਰਸਿੱਧ ਸੀ.ਬੀ.ਐਸ.ਈ. ਬੋਰਡ ਦਿੱਲੀ ਤੋ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ  ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10+1 ਕਲਾਸ ਦੀ ਵਿਦਿਆਰਥਣ ਵੇਟ ਲਿਫਟਰ ਹਰਜੋਤ ਕੌਰ ਨੇ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2022-23 ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਗੋਲਡ ਮੈਡਲ ਜਿੱਤਿਆ ਹੈ ।ਇਹ ਜਾਣਕਾਰੀ ਸਕੂਲ ਪ੍ਰਬੰਧਕ ਟਰੱਸਟ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2022-23 ਵਿਚ ਬੀਤੀ 18 ਦਸੰਬਰ ਨੂੰ ਨਰੇਸ਼ ਚੰਦ ਖੇਡ  ਸਟੇਡੀਅਮ ਖੰਨਾ ਵਿਖੇ ਹੋਈਆਂ ਸਨ। ਜਿਸ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਕੂਲ ਦੀ 10+1 ਕਾਮਰਸ ਦੀ ਵਿਦਿਆਰਥਣ ਹਰਜੋਤ ਕੌਰ ਪੁੱਤਰੀ ਉਂਕਾਰ ਸਿੰਘ ਵਾਸੀ ਮਜਾਰਾ ਨੌ ਅਬਾਦ ਨੇ 81+ ਕਿਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਸਕੂਲ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ। ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਵਿਦਿਆਰਥਣ ਹਰਜੋਤ ਕੌਰ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਕਰਦੇ ਹੋਏ ਉਸ ਦੀ ਸਕੂਲ ਫੀਸ ਮਾਫ ਕਰਨ ਦਾ ਐਲਾਨ ਕੀਤਾ । ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੱਖ ਵੱਖ ਖੇਡਾਂ ਦੀ ਵੀ ਵਧੀਆ ਸਿਖਲਾਈ ਦੇਣ ਲਈ ਵਿਸ਼ੇਸ਼ ਖੇਡ ਵਿੰਗ ਸਥਾਪਿਤ ਹੈ ਅਤੇ ਸਕੂਲ ਦੇ ਅਨੇਕਾਂ ਖਿਡਾਰੀ ਕੌਮੀ ਅਤੇ ਸੂਬਾ ਪੱਧਰੀ ਖੇਡ ਟੂਰਨਾਮੈਂਟਾਂ ਵਿੱਚੋਂ ਵੱਡੇ ਇਨਾਮ ਜਿੱਤ ਚੁੱਕੇ ਹਨ। ਵੇਟ ਲਿਫਟਰ ਹਰਜੋਤ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਮੈਡਮ ਜਸਵੀਰ ਕੌਰ ਡੀ ਪੀ ਈ ਮੁਖੀ ਖੇਡ ਵਿਭਾਗ, ਮੈਡਮ ਵਿਜੇਤਾ ਰਾਣਾ ਵੀ ਹਾਜ਼ਰ ਸਨ।
ਫੋਟੋ : ਢਾਹਾਂ ਕਲੇਰਾਂ ਸਕੂਲ ਦੀ ਗੋਲਡ ਮੈਡਮ ਜੇਤੂ ਵੇਟ ਲਿਫਟਰ ਹਰਜੋਤ ਕੌਰ ਦਾ ਸਨਮਾਨ ਕਰਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਪ੍ਰਿੰਸੀਪਲ ਵਨੀਤਾ ਚੋਟ ਅਤੇ ਸਕੂਲ ਸਟਾਫ

ਸਰਕਾਰੀ ਕੰਨਿਆ ਸਕੂਲ ਰਾਹੋਂ ਦੇ ਦੋ ਪ੍ਰੋਜੈਕਟਾਂ ਦੀ ਰਾਜ ਪੱਧਰ ਬਾਲ ਸਾਇੰਸ ਕਾਂਗਰਸ ਲਈ ਚੋਣ ਹੋਈ

ਨਵਾਂਸ਼ਹਿਰ, 17 ਦਸੰਬਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਕਰਵਾਏ ਗਏ
ਜ਼ਿਲ੍ਹਾ ਪੱਧਰੀ ਬਾਲ ਸਾਇੰਸ ਕਾਂਗਰਸ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ
ਸੈਕੰਡਰੀ ਸਕੂਲ ਰਾਹੋਂ ਦੇ ਦੋ ਪ੍ਰੋਜੈਕਟ ਰਾਜ ਪੱਧਰ ਬਾਲ ਸਾਇੰਸ ਕਾਂਗਰਸ ਲਈ ਚੁਣੇ
ਗਏ। ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਦਆਰਥੀਆਂ ਨੇ ਜੂਨੀਅਰ ਪੱਧਰ ਅਤੇ
ਸੀਨੀਅਰ ਪੱਧਰ ਦੇ ਦੋਵੇਂ ਮੁਕਾਬਲਿਆਂ ਵਿੱਚ ਗਾਈਡ ਅਧਿਆਪਕਾਂ ਸਤਨਾਮ ਸਿੰਘ ਲੈਕਕਰਾਰ
ਬਾਇਓ, ਸੋਨਾ ਸ਼ਰਮਾ ਅਤੇ ਮਨਦੀਪ ਕੌਰ (ਦੋਵੇਂ ਸਾਇੰਸ ਮਿਸਟ੍ਰੈੱਸ) ਅਤੇ ਗੁਰਮੀਤ ਸਿੰਘ
ਸਾਇੰਸ ਮਾਸਟਰ ਦੀ ਅਗਵਾਈ ਹੇਠ ਭਾਗ ਲਿਆ। ਉਨ੍ਹਾਂ ਦੱਸਿਆ ਕਿ ਜੂਨੀਅਰ ਵਰਗ ਵਿੱਚ
ਸ਼੍ਰੇਆ ਕੁਮਾਰੀ ਜਮਾਤ ਅੱਠਵੀਂ ਅਤੇ ਨੇਹਾ ਜਮਾਤ ਸੱਤਵੀਂ ਨੇ ਮੋਟੇ ਆਹਾਰ ਦਾ ਮਨੁੱਖੀ
ਸਰੀਰ ਤੇ ਪ੍ਰਭਾਵ ਪ੍ਰੋਜੈਕਟ ਤਿਆਰ ਕੀਤਾ ਅਤੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ
ਕੀਤਾ। ਸੀਨੀਅਰ ਵਰਗ ਵਿੱਚ ਸ਼ੀਤਲ ਪਾਂਡੇ ਬਾਰਵੀਂ ਜਮਾਤ ਅਤੇ ਸਾਕਸ਼ੀ ਸ਼ਰਮਾ ਗਿਆਰਵੀਂ
ਜਮਾਤ ਨੇ ਮੋਬਾਇਲ ਫੋਨ ਦੇ ਅੱਜ ਦੇ ਵਿਦਆਰਥੀਆਂ, ਛੋਟੇ ਬੱਚਿਆਂ ਅਤੇ ਬਾਲਗਾਂ ਦੇ ਉੱਪਰ
ਪੈਣ ਵਾਲੇ ਪ੍ਰਭਾਵ ਤੇ ਪ੍ਰੋਜੈਕਟ ਤਿਆਰ ਕੀਤਾ, ਜਿਸ ਨੇ ਜ਼ਿਲ੍ਹੇ ਵਿੱਚੋਂ ਤੀਸਰਾ
ਸਥਾਨ ਪ੍ਰਾਪਤ ਕੀਤਾ।
ਇਹ ਦੋਵੇਂ ਟੀਮਾਂ ਹੁਣ 21 ਦਸੰਬਰ ਨੂੰ ਡੀ ਏ ਵੀ ਯੂਨੀਵਰਸਿਟੀ, ਜਲੰਧਰ ਵਿਖੇ
ਹੋਣ ਜਾ ਰਹੇ ਰਾਜ ਪੱਧਰੀ ਬਾਲ ਸਾਇੰਸ ਕਾਂਗਰਸ ਵਿੱਚ ਭਾਗ ਲੈਣਗੀਆਂ।
ਇਨ੍ਹਾਂ ਵਿਦਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ
ਗਿਆ। ਇਸ ਮੌਕੇ ਗੁਰਸ਼ਰਨਦੀਪ,ਰਾਜਨ ਰਾਣਾ, ਹਰਜਿੰਦਰ ਲਾਲ, ਦਵਿੰਦਰ ਕੌਰ
ਬਾਜਵਾ,ਗਗਨਪ੍ਰੀਤ ਕੌਰ,ਅਜੀਤ ਸਿੰਘ, ਰਾਜਵਿੰਦਰ ਸਿੰਘ ਸੰਧੂ,ਉਂਕਾਰ ਸਿੰਘ,ਸੁਖਮਿੰਦਰ
ਕੌਰ,ਰਣਜੀਤ ਸਿੰਘ, ਗੁਰਮੀਤ ਸਿੰਘ,ਜਸਵੀਰ ਰਾਜ, ਰਮਨਦੀਪ ਸਿੰਘ, ਸਤਿੰਦਰ ਕੌਰ, ਰਣਜੀਤ
ਕੌਰ,ਰੇਨੂੰ,ਕਮਲਦੀਪ, ਅਲਕਾ ਅਰੋੜਾ,ਜਸਵਿੰਦਰ ਕੌਰ,ਸੰਦੀਪ ਕੌਰ,ਨੀਲਮ ਰਾਣੀ, ਨੀਨਾ,
ਸਤਿੰਦਰਪਾਲ ਕੌਰ, ਬਲਵਿੰਦਰ ਕੌਰ, ਕਰਮਜੀਤ ਕੌਰ, ਨਿਧੀ ਉਮਟ, ਸੰਜੀਵ ਕੁਮਾਰ ਹਾਜ਼ਰ ਸਨ।