20 ਮਾਰਚ ਤੱਕ ਪੀੜੇ ਗੰਨੇ ਦੀ 80 ਫ਼ੀਸਦੀ ਅਦਾਇਗੀ ਕਰਕੇ ਸਮੁੱਚੇ ਪੰਜਾਬ ਦੀਆਂ
ਸਹਿਕਾਰੀ ਮਿੱਲਾਂ 'ਚੋਂ ਮੋਹਰੀ
ਨਵਾਂਸ਼ਹਿਰ, 6 ਅਪਰੈਲ, 2023: ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਬੋਰਡ ਆਫ
ਡਾਇਰੈਕਟਰਜ ਦੀ ਬੀਤੀ ਕਲ੍ਹ ਸਰਤਾਜ ਸਿੰਘ, ਡਾਇਰੈਕਟਰ, ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ
ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ 19 ਮਿ੍ਰਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ
ਰੋਜ਼ਗਾਰ ਦੇਣ ਸਬੰਧੀ ਮਤਾ ਪਾਸ ਕੀਤਾ ਗਿਆ।
ਇਸ ਮੀਟਿੰਗ ਵਿੱਚ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਤੋਂ ਇਲਾਵਾ ਐਸ.ਆਰ.ਗੌਤਮ (ਜਨਰਲ
ਮੈਨੇਜਰ, ਸਹਿਕਾਰੀ ਖੰਡ ਮਿੱਲ ਬੁੱਢੇਵਾਲ, ਨੁਮਾਇੰਦਾ ਸ਼ੂਗਰਫੈਡ), ਹਰਪ੍ਰੀਤ ਸਿੰਘ, ਉਪ
ਰਜਿਸਟਰਾਰ, ਸਹਿਕਾਰੀ ਸਭਾਵਾਂ, ਸ਼ਹੀਦ ਭਗਤ ਸਿੰਘ ਨਗਰ (ਨੁਮਾਇੰਦਾ ਰਜਿਸਟਰਾਰ ਸਹਿਕਾਰੀ
ਸਭਾਵਾਂ, ਪੰਜਾਬ), ਹਰਬੰਸ ਲਾਲ (ਨੁਮਾਇੰਦਾ ਕੇਨ ਕਮਿਸ਼ਨਰ, ਪੰਜਾਬ), ਸੁਰਿੰਦਰ ਪਾਲ,
ਜਨਰਲ ਮੈਨੇਜਰ, ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਹਾਜ਼ਰ ਹੋਏ।
ਮੀਟਿੰਗ ਉਪਰੰਤ ਜਨਰਲ ਮੈਨੇਜਰ ਸੁਰਿੰਦਰ ਪਾਲ ਵੱਲੋਂ ਦੱਸਿਆ ਗਿਆ ਕਿ ਮਿੱਲ ਵਿੱਚ
ਪਿਛਲੇ ਸਮੇਂ ਦੌਰਾਨ ਆਪਣੇ ਮਿੱਲ ਦੇ ਸੇਵਾਕਾਲ ਦੌਰਾਨ ਜਿਨ੍ਹਾਂ ਮਿੱਲ ਕਰਮਚਾਰੀਆਂ ਦੀ
ਮੌਤ ਹੋਈ ਸੀ, ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਦੇਣ ਸਬੰਧੀ ਲੰਬਿਤ
ਮਾਮਲੇ ਨੂੰ ਵਿਚਾਰਿਆ ਗਿਆ। ਇਸ ਮੀਟਿੰਗ ਦੌਰਾਨ 19 ਮਿ੍ਰਤਕ ਕਰਮਚਾਰੀਆਂ ਦੇ ਆਸ਼ਰਿਤਾਂ
ਨੂੰ ਰੋਜ਼ਗਾਰ ਦੇਣ ਸਬੰਧੀ ਮਤਾ ਪਾਸ ਕੀਤਾ ਗਿਆ, ਜਿਨ੍ਹਾਂ ਨੂੰ ਮਿੱਲ ਵੱਲੋਂ ਜਲਦੀ ਹੀ
ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸ ਮੀਟਿੰਗ ਦੌਰਾਨ ਮਿੱਲ ਦੇ ਯੋਗ ਵਰਕਰਾਂ ਨੂੰ ਵਰਦੀ
ਦੇਣ ਸਬੰਧੀ ਮਤਾ ਵੀ ਪ੍ਰਵਾਨ ਕੀਤਾ ਗਿਆ।
ਮੀਟਿੰਗ ਦੌਰਾਨ ਕਿਸਾਨ ਯੂਨੀਅਨ ਅਤੇ ਸਮੂਹ ਜਿਮੀਂਦਾਰਾਂ ਵੱਲੋਂ 10 ਮਾਰਚ 2023
ਉਪਰੰਤ, ਉਨ੍ਹਾਂ ਵੱਲੋਂ ਨੇੜਲੀਆਂ ਮਿੱਲਾਂ ਵਿੱਚ ਸਪਲਾਈ ਕੀਤੇ ਗਏ ਗੰਨੇ ਨੂੰ ਇਸ ਮਿੱਲ
ਦੀ ਬੌਂਡ ਦੀ ਸਪਲਾਈ ਵਿੱਚ ਐਡਜਸਟ ਕਰਨ ਸਬੰਧੀ ਕੀਤੀ ਗਈ ਮੰਗ 'ਤੇ ਵੀ ਵਿਚਾਰ ਵਟਾਂਦਰਾ
ਹੋਇਆ। ਇਸ ਤੋਂ ਇਲਾਵਾ ਮਿੱਲ ਏਰੀਏ ਦੇ ਜਿਮੀਂਦਾਰਾਂ ਵੱਲੋਂ ਗੰਨਾ ਯਾਰਡ ਨੂੰ ਪੱਕਾ
ਕਰਨ ਅਤੇ ਮਿੱਲ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦਿੱਖ ਸੁਧਾਰਨ ਦੀ ਕਾਫੀ ਸਮੇਂ
ਤੋਂ ਮੰਗ ਕੀਤੀ ਜਾ ਰਹੀ ਸੀ। ਜਿਮੀਂਦਾਰਾਂ ਦੀ ਇਸ ਮੰਗ ਨੂੰ ਮੁੱਖ ਰੱਖਦੇ ਹੋਏ ਮੀਟਿੰਗ
ਦੌਰਾਨ ਗੰਨਾ ਯਾਰਡ ਨੂੰ ਪੱਕਾ ਕਰਨ ਅਤੇ 51 ਲੱਖ ਰੁਪਏ ਨਾਲ ਮਿੱਲ ਦੇ ਗੁਰਦੁਆਰਾ
ਸਾਹਿਬ ਦੀ ਨਵੀ ਇਮਾਰਤ ਦੀ ਉਸਾਰੀ ਲਈ ਬੋਰਡ ਆਫ ਡਾਇਰੈਕਟਰਜ ਵੱਲੋਂ ਮਤੇ ਨੂੰ
ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਮਤੇ ਦੀ ਅੰਤਿਮ ਪ੍ਰਵਾਨਗੀ ਮਿੱਲ ਦੇ
ਹੋਣ ਵਾਲੇ ਸਲਾਨਾ ਆਮ ਇਜਲਾਸ ਵਿੱਚ ਲੈਣ ਉਪਰੰਤ, ਇਸ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ
ਲਿਆਉਣ ਲਈ ਕਿਹਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਤੱਕ ਮਿੱਲ ਵੱਲੋਂ ਲਗਪਗ 30.25 ਲੱਖ ਕੁਇੰਟਲ ਗੰਨੇ
ਦੀ ਪਿੜਾਈ ਕੀਤੀ ਜਾ ਚੁੱਕੀ ਹੈ ਅਤੇ ਜਿਮੀਂਦਾਰਾਂ ਤੋਂ ਖਰੀਦੇ ਕੀਤੇ ਗਏ ਗੰਨੇ ਦੀ
ਮਿਤੀ 20.03.2023 ਤੱਕ ਬਣਦੀ ਅਦਾਇਗੀ ਆਪਣੇ ਵਸੀਲਿਆਂ ਅਤੇ ਪੰਜਾਬ ਸਰਕਾਰ ਦੀ ਵਿੱਤੀ
ਸਹਾਇਤਾ ਨਾਲ ਕੀਤੀ ਜਾ ਚੁੱਕੀ ਹੈ ਜੋ ਕਿ ਕੁੱਲ ਦੇਣਯੋਗ ਰਾਸ਼ੀ ਦਾ 80 ਫ਼ੀਸਦੀ ਬਣਦੀ ਹੈ
ਅਤੇ ਰਾਜ ਦੀਆਂ ਦੂਸਰੀਆਂ ਸਹਿਕਾਰੀ ਖੰਡ ਮਿੱਲਾਂ ਤੋਂ ਜ਼ਿਆਦਾ ਹੈ। ਉਨ੍ਹਾਂ ਵਿਸ਼ਵਾਸ
ਦਿਵਾਇਆ ਕਿ ਮਿੱਲ ਦਾ ਪਿੜਾਈ ਸੀਜ਼ਨ ਏਰੀਏ ਦਾ ਸਾਰਾ ਗੰਨਾ ਪੀੜਨ ਉਪਰੰਤ ਹੀ ਸਮਾਪਤ
ਕੀਤਾ ਜਾਵੇਗਾ।
ਮੀਟਿੰਗ ਵਿੱਚ ਚਰਨਜੀਤ ਸਿੰਘ, ਹਰੀਪਾਲ ਸਿੰਘ ਜਾਡਲੀ, ਸਰਤਾਜ ਸਿੰਘ, ਸੋਹਣ ਸਿੰਘ
ਉੱਪਲ, ਮੋਹਿੰਦਰ ਸਿੰਘ ਲੰਗੜੋਆ, ਗੁਰਸੇਵਕ ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ,
ਸ਼੍ਰੀਮਤੀ ਹਰਿੰਦਰ ਕੌਰ, ਬੀਬੀ ਸੁਰਿੰਦਰ ਕੌਰ ਅਤੇ ਦੋਆਬਾ ਕਿਸਾਨ ਯੂਨੀਅਨ ਦੇ ਜਨਰਲ
ਸਕੱਤਰ ਅਮਰਜੀਤ ਸਿੰਘ ਬੁਰਜ, ਹਰਦੀਪ ਸਿੰਘ (ਪ੍ਰਧਾਨ ਮਿੱਲ ਵਰਕਰ ਯੂਨੀਅਨ), ਦਲਜੀਤ
ਸਿੰਘ, ਅਗਾਂਵਧੂ ਗੰਨਾ ਕਾਸ਼ਤਕਾਰ, ਅਵਤਾਰ ਸਿੰਘ ਸਾਧੜਾ (ਕਿਸਾਨ ਆਗੂ) ਆਦਿ ਹਾਜ਼ਰ ਹੋਏ।