ਫੌਜਦਾਰੀ ਨਿਆਂ ਪ੍ਰਣਾਲੀ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਲਈ ਅੰਤਰ ਵਿਭਾਗੀ ਮੀਟਿੰਗ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਅਦਾਲਤਾਂ 'ਚ ਦਾਇਰ ਮੁਕੱਦਮਿਆਂ ਦੀ ਢੁਕਵੀਂ ਪੈਰਵੀ ਯਕੀਨੀ ਬਣਾਉਣ ਦੇ ਆਦੇਸ਼
ਨਵਾਂਸ਼ਹਿਰ, 6 ਅਪਰੈਲ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹੇ 'ਚ ਫੌਜਦਾਰੀ ਨਿਆਂ ਪ੍ਰਣਾਲੀ (ਕਿ੍ਰਮੀਨਲ ਜਸਟਿਸ ਸਿਸਟਮ) ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅਦਾਲਤਾਂ 'ਚ ਲੰਬਿਤ ਵੱਖ-ਵੱਖ ਮਾਮਲਿਆਂ ਦੀ ਢੁਕਵੀਂ ਪੈਰਵੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ।
ਉਕਤ ਵਿਸ਼ੇ 'ਤੇ ਅੱਜ ਜ਼ਿਲ੍ਹਾ ਅਟਾਰਨੀ, ਉਪ ਮੰਡਲ ਮੈਜਿਸਟ੍ਰੇਟਾਂ, ਸਿਵਲ ਸਰਜਨ ਅਤੇ ਜ਼ਿਲ੍ਹਾ ਨਿਆਂ ਤੇ ਅਧਿਕਾਰਿਤਾ ਅਤੇ ਘੱਟ ਵਰਗ ਭਲਾਈ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ, ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਅਦਾਲਤਾਂ 'ਚ ਦਾਇਰ ਮੁੱਕਦਮਿਆਂ ਨੂੰ ਸਫ਼ਲ ਬਣਾਉਣਾ ਸਾਡੀ ਸਾਂਝੀ ਜਿੰਮੇਂਦਾਰੀ ਹੈ, ਜਿਸ ਲਈ ਸਮੇਂ ਸਿਰ ਪੈਰਵੀ ਯਕੀਨੀ ਬਣਾਉਣ ਦੇ ਨਾਲ-ਨਾਲ ਆਪਣੇ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ ਜਾਵੇ। ਮੀਟਿੰਗ 'ਚ ਕਿਸੇ ਵੀ ਅਗਾਊਂ/ਨਿਯਮਿਤ ਜ਼ਮਾਨਤ ਮਾਮਲੇ 'ਚ ਸਬੰਧਤ ਜਾਂਚ ਕਰਤਾ ਅਧਿਕਾਰੀ ਨੂੰ ਭੇਜਣਾ ਯਕੀਨੀ ਬਣਾਉਣ, ਭਾਰਤੀ ਸ਼ਹਾਦਤ (ਗਵਾਹੀ) ਐਕਟ ਤਹਿਤ ਜਾਂਚ ਕਰਤਾ ਅਧਿਕਾਰੀ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਪਾਸੋਂ ਲੋੜੀਂਦਾ ਹਲਫ਼ਨਾਮਾ ਅਤੇ ਸਰਟੀਫ਼ਿਕੇਟ ਜਾਂਚ ਦੌਰਾਨ ਹਾਸਲ ਕਰਨਾ ਯਕੀਨੀ ਬਣਾਉਣਾ, ਕਾਂਸਟੇਬਲ ਮਨਦੀਪ ਸਿੰਘ ਨੂੰ ਡਿਊਟੀ ਦੌਰਾਨ ਜ਼ਖਮੀ ਹੋਣ 'ਤੇ ਦਿੱਤੀ ਗਈ ਇਮਦਾਦ, ਡੀ ਜੀ ਪੀ ਵੱਲੋਂ ਗੁੱਡ ਗਵਰਨੈਂਸ ਸਿਰੀਜ਼ 'ਚ ਜਾਰੀ ਸਰਕੂਲਰ ਤਹਿਤ ਰਿਪੋਰਟ, ਟੈਸਟ ਆਈਡੈਂਟੀਫ਼ਿਕੇਸ਼ਨ ਪਰੇਡ ਸਬੰਧੀ ਜਾਰੀ ਸਰਕੂਲਰ ਤਹਿਤ ਲੋੜੀਂਦੀ ਰਿਪੋਰਟ, ਕਿਸੇ ਵੀ ਤਰ੍ਹਾਂ ਘਿਨਾਉਣੇ ਅਪਰਾਧ 'ਚ ਪੈਰਵੀ 'ਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਕਰਨ ਬਾਰੇ, ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐਨ ਡੀ ਪੀ ਐਸ ਦੀ ਧਾਰਾ 29 ਤਹਿਤ ਜੁਰਮ ਨੂੰ ਸਾਬਿਤ ਕਰਨ ਲਈ ਉਚਿਤ ਗਵਾਹੀਆਂ ਇਕੱਤਰ ਕਰਨਾ, ਭਿ੍ਰਸ਼ਟਾਚਾਰ ਰੋਕੂ ਐਕਟ ਤਹਿਤ ਦਰਜ ਫੌਜਦਾਰੀ ਮਾਮਲਿਆਂ 'ਚ ਸਬੰਧਤ ਵਿਭਾਗ ਪਾਸੋਂ ਇਸ ਗੱਲ ਨੂੰ ਤਸਦੀਕ ਕਰਨਾ ਕਿ ਚਲਾਨ ਕੀਤਾ ਗਿਆ ਵਿਅਕਤੀ ਸਬੰਧਤ ਵਿਭਾਗ 'ਚ ਸਬੰਧਤ ਪਦ 'ਤੇ ਤਾਇਨਾਤ ਰਿਹਾ ਹੈ, ਆਦਿ ਏਜੰਡਿਆਂ 'ਤੇ ਵਿਸਤਾਰ ਪੂਰਵਕ ਚਰਚਾ ਕੀਤੀ ਗਈ। ਮੀਟਿੰਗ 'ਚ ਜ਼ਿਲ੍ਹਾ ਅਟਾਰਨੀ ਅਨਿਲ ਬੋਪਾਰਾਏ, ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਬੱਲ, ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ, ਸਹਾਇਕ ਕਮਿਸ਼ਨਰ (ਜ) ਡਾ. ਗੁਰਲੀਨ ਅਤੇ ਸਿਹਤ ਵਿਭਾਗ ਤੋਂ ਅਧਿਕਾਰੀ ਮੌਜੂਦ ਸਨ।