ਸਰਕਾਰ ਨੂੰ ਪਹਿਲੀਆਂ ਖੱਡਾਂ ਤੋਂ ਆਇਆ 2.25 ਕਰੋੜ ਰੁਪਏ ਦਾ ਮਾਲੀਆ
ਨਵਾਂਸ਼ਹਿਰ, 22 ਅਪਰੈਲ : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਆਮ ਲੋਕਾਂ ਨੂੰ ਸਸਤੀ ਰੇਤ
ਮੁਹੱਈਆ ਕਰਵਾਉਣ ਦੇ ਉਪਰਾਲਿਆਂ ਤਹਿਤ ਜ਼ਿਲ੍ਹੇ 'ਚ ਕਲ੍ਹ ਦੋ ਹੋਰ ਜਨਤਕ ਰੇਤ ਖਾਣਾਂ
ਬੇਗੋਵਾਲ ਅਤੇ ਤਲਵੰਡੀ ਸਿੱਬੂ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਵਿੱਚ ਜਨਤਕ ਰੇਤ ਖੱਡਾਂ ਦੀ
ਗਿਣਤੀ 8 'ਤੇ ਪੁੱਜ ਗਈ ਹੈ। ਜ਼ਿਲ੍ਹਾ ਮਾਈਨਿੰਗ ਅਫ਼ਸਰ ਹੈਪੀ ਕੁਮਾਰ ਨੇ ਇਹ ਦੱਸਿਆ ਕਿ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੀਤੇ ਕਲ੍ਹ ਲੋਕ ਅਰਪਣ ਕੀਤੀਆਂ 20 ਜਨਤਕ ਰੇਤ
ਖੱਡਾਂ 'ਚ ਨਵਾਂਸ਼ਹਿਰ ਦੀਆਂ ਵੀ ਦੋ ਖੱਡਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ ਜਨਤਕ
ਰੇਤ ਖਾਣਾਂ ਆਮ ਲੋਕਾਂ ਨੂੰ ਪਿੱਟ ਹੈੱਡ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ
ਮੁਹੱਈਆ ਕਰਵਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੱਟ ਹੈਡ ਤੋਂ ਭਰਾਈ ਸਬੰਧਤ ਟਰਾਲੀ
ਮਾਲਕ ਦੀ ਆਪਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਲ੍ਹ ਐਲਾਨੀਆਂ ਗਈਆਂ ਦੋ ਨਵੀਂਆਂ ਜਨਤਕ
ਰੇਤ ਖਾਣਾਂ ਬੇਗੋਵਾਲ ਤੇ ਤਲਵੰਡੀ ਸਿੱਬੂ ਤੋਂ ਇਲਾਵਾ ਜ਼ਿਲ੍ਹੇ 'ਚ ਖੋਜਾ, ਬੁਰਜ ਟਹਿਲ
ਦਾਸ, ਰਤਨਾਣਾ, ਸੈਦਪੁਰ, ਫ਼ੂਲ ਮਕੌੜੀ ਤੇ ਔਲੀਆਪੁਰ ਰੇਤ ਖਾਣਾਂ ਪਹਿਲਾਂ ਤੋਂ ਹੀ ਚੱਲ
ਰਹੀਆਂ ਹਨ। ਐਸ ਡੀ ਓ ਮਾਈਨਿੰਗ ਗੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਸਾਰੀਆਂ ਜਨਤਕ ਰੇਤ
ਖਾਣਾਂ 'ਤੇ ਰੇਤ ਦੀ ਭਰਾਈ ਕੇਵਲ ਟ੍ਰਾਲੀਆਂ ਵਾਲੇ ਹੀ ਕਰ ਸਕਦੇ ਹਨ, ਉੱਥੇ ਟਿੱਪਰ ਆਦਿ
ਰਾਹੀਂ ਭਰਾਈ ਕਰਨ ਦੀ ਪੂਰਣ ਮਨਾਹੀ ਹੈ। ਉਨ੍ਹਾਂ ਦੱਸਿਆ ਕਿ ਟ੍ਰਾਲੀਆਂ ਦਾ ਡਬਲ ਟਾਇਰੀ
ਹੋਣਾ ਅਤੇ ਰੇਤ ਭਰਨ ਤੋਂ ਬਾਅਦ ਤਰਪਾਲ ਨਾਲ ਰੇਤ ਢੱਕਿਆ ਹੋਣਾ ਲਾਜ਼ਮੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਜਨਤਕ ਰੇਤ ਖਾਣ 'ਤੇ ਵਿਭਾਗ ਦੇ ਜੇ ਈ, ਬੇਲਦਾਰ ਅਤੇੇ
ਪੈਸਕੋ ਵੱਲੋਂ ਉਪਲਬਧ ਕਰਵਾਏ ਸਾਬਕਾ ਸੈਨਿਕ ਰੇਤ ਦੀ ਪੁਖਤਗੀ ਨਾਲ ਨਿਗਰਾਨੀ ਕਰ ਰਹੇ
ਹਨ।
ਜ਼ਿਲ੍ਹਾ ਮਾਈਨਿੰਗ ਅਫ਼ਸਰ ਹੈਪੀ ਕੁਮਾਰ ਅਨੁਸਾਰ ਜ਼ਿਲ੍ਹੇ 'ਚ ਜਨਤਕ ਰੇਤ ਖਾਣਾਂ ਤੋਂ
ਇਲਾਵਾ ਏ ਡੀ ਬੀ ਰੈਲ, ਪਰਾਗਪੁਰ ਵਿਖੇ ਕਮਰਸ਼ੀਅਲ ਰੇਤ ਖਾਣਾਂ ਦੇ ਟੈਂਡਰ ਲੱਗੇ ਹੋਏ ਹਨ
ਜਦਕਿ ਮੰਢਾਲਾ ਵਿਖੇ ਵੀ ਕਮਰਸ਼ੀਅਤ ਰੇਤ ਖੱਡ ਖੋਲ੍ਹਣ ਲਈ ਟੈਂਡਰਿੰਗ ਪ੍ਰਕਿਰਿਆ ਦੀ
ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕਮਰਸ਼ੀਅਲ ਰੇਤ ਖੱਡਾਂ ਦੇ
ਸ਼ੁਰੂ ਹੋਣ ਨਾਲ ਟਿੱਪਰ ਵੀ ਰੇਤ ਦੀ ਭਰਵਾਈ ਮਸ਼ੀਨੀ ਢੰਗ ਨਾਲ ਕਰਵਾ ਸਕਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਚੱਲ ਰਹੀਆਂ ਮੌਜੂਦਾ ਜਨਤਕ ਰੇਤ ਖਾਣਾਂ ਦਾ ਆਮ ਲੋਕਾਂ
ਨੂੰ ਵੱਡਾ ਲਾਭ ਮਿਲ ਰਿਹਾ ਹੈ, ਜਿੱਥੋਂ ਉਨ੍ਹਾਂ ਨੂੰ ਆਪਣੇ ਵਾਹਨਾਂ 'ਤੇ ਭਰਾਈ ਦੇ
ਖਰਚੇ ਤੋਂ ਬਿਨਾਂ 5.50 ਰੁਪਏ ਪ੍ਰਤੀ ਘਣ ਫੁੱਟ ਰੇਤ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ
ਕਲ੍ਹ ਸ਼ੁਰੀ ਹੋਈਆਂ ਦੋਵੇਂ ਜਨਤਕ ਰੇਤ ਖਾਣਾਂ ਨੂੰ ਛੱਡ ਕੇ ਬਾਕੀ ਦੀਆਂ ਰੇਤ ਖਾਣਾਂ
ਤੋਂ ਰੋਜ਼ਾਨਾ 400 ਤੋਂ 450 ਟ੍ਰਾਲੀਆਂ ਰੇਤਾ ਭਰ ਕੇ ਜਾ ਰਹੀਆਂ ਹਨ। ਹੁਣ ਤੱਕ
ਪਹਿਲੀਆਂ ਖਾਣਾਂ ਤੋਂ ਸਰਕਾਰ ਦੇ ਖਜ਼ਾਨੇ 'ਚ 2.25 ਕੋਰੜ ਰੁਪਏ ਦਾ ਮਾਲੀਆ ਆ ਚੁੱਕਾ
ਹੈ।