-ਘੱਟ ਗਿਣਤੀ ਫਿਰਕੇ ਸਰਕਾਰੀ ਸਕੀਮਾਂ ਦਾ ਲਾਭ ਲੈਕੇ ਸਿੱਖਿਆ ਤੇ ਰੋਜ਼ਗਾਰ ਨੂੰ
ਪ੍ਰਫੁਲਤ ਕਰਨ-ਇਕਬਾਲ ਸਿੰਘ ਲਾਲਪੁਰਾ
ਪਟਿਆਲਾ, 1 ਅਪ੍ਰੈਲ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ
ਨੇ ਅੱਜ ਪਟਿਆਲਾ ਵਿਖੇ ਘੱਟ ਗਿਣਤੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ
ਸਿੱਖਿਆ, ਰੋਜ਼ਗਾਰ, ਹਾਊਸਿੰਗ, ਕਿਸੇ ਤਰ੍ਹਾਂ ਦੇ ਵਿਤਕਰੇ, ਘੱਟ ਗਿਣਤੀਆਂ ਦੇ
ਸੱਭਿਆਚਾਰ ਦੀ ਪ੍ਰਫੁੱਲਤਾ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਆਦਿ ਮੁੱਦੇ ਵਿਚਾਰੇ।
ਇਕਬਾਲ ਸਿੰਘ ਲਾਲਪੁਰਾ ਨੇ ਇੱਥੇ ਸਰਕਟ ਹਾਊਸ ਵਿਖੇ ਮੀਟਿੰਗ ਕਰਦਿਆਂ ਕਿਹਾ ਕਿ ਭਾਰਤ
ਵਿੱਚ ਘੱਟ ਗਿਣਤੀਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਪੂਰੀ ਤਰ੍ਹਾਂ ਵਿਕਸਤ ਹੋ ਰਹੀਆਂ
ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਤੇ ਸੂਬੇ ਦੀ ਤਰੱਕੀ, ਫਿਰਕੂ ਇਕਸੁਰਤਾ,
ਅਮਨ-ਸ਼ਾਂਤੀ, ਆਪਸੀ ਭਾਈਚਾਰਾ ਅਤੇ ਇਕਜੁਟਤਾ ਲਈ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ
ਫਿਰਕਿਆਂ ਦੀ ਸਿੱਖਿਆ ਤੇ ਰੋਜ਼ਗਾਰ ਨੂੰ ਪ੍ਰਫੁਲਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਮੀਟਿੰਗ ਦਾ ਮੰਤਵ ਦੱਸਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਘੱਟ ਗਿਣਤੀਆਂ ਦੀ
ਭਲਾਈ ਤੇ ਪ੍ਰਫੁੱਲਤਾ ਲਈ ਪ੍ਰਧਾਨ ਮੰਤਰੀ ਦੇ 15 ਸੂਤਰੀ ਪ੍ਰੋਗਰਾਮ ਤਹਿਤ ਉਨ੍ਹਾਂ ਨੇ
ਘੱਟ ਗਿਣਤੀ ਫਿਰਕਿਆਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ
ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਸਰਕਾਰ ਨੂੰ ਆਪਣੀ ਸਿਫ਼ਾਰਸ਼ ਕਰਦਾ ਹੈ, ਇਸ
ਲਈ ਘੱਟ ਗਿਣਤੀਆਂ ਦੀ ਸੁਰੱਖਿਆ ਤੇ ਭਲਾਈ ਲਈ ਜੇਕਰ ਕਿਸੇ ਨੀਤੀ 'ਚ ਬਦਲਾਅ ਦੀ ਲੋੜ
ਹੋਵੇ, ਬਾਬਤ ਜਾਣਕਾਰੀ ਵੀ ਅਜਿਹੀਆਂ ਮੀਟਿੰਗਾਂ ਤੋਂ ਮਿਲਦੀ ਹੈ।
ਕੌਮੀ ਚੇਅਰਮੈਨ ਨੇ ਕਿਹਾ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਚਾਹੁੰਦਾ ਹੈ ਕਿ ਘੱਟ ਗਿਣਤੀਆਂ
ਲਈ ਬਣੀਆਂ ਸਕੀਮਾਂ ਦਾ ਲਾਭ ਘੱਟ ਗਿਣਤੀਆਂ ਲਈ ਹੇਠਲੇ ਪੱਧਰ ਤੱਕ ਪੁੱਜੇ ਅਤੇ ਵਿੱਦਿਆ
ਦਾ ਪਸਾਰ ਹੋਵੇ, ਸਾਰਿਆਂ ਨੂੰ ਰੋਜ਼ਗਾਰ ਮਿਲੇ, ਰਹਿਣ ਲਈ ਘਰ ਹੋਣ, ਕਿਸੇ ਨਾਲ ਕਿਸੇ
ਪੱਖੋਂ ਵਿਤਕਰਾ ਨਾ ਹੋਵੇ, ਕਿਸੇ ਦੇ ਸੱਭਿਆਚਾਰ 'ਤੇ ਹਮਲਾ ਨਾ ਹੋਵੇ, ਉਨ੍ਹਾਂ ਨੂੰ
ਸੁਰੱਖਿਆ ਮਿਲੇ।
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਰਤ 'ਚ ਆਜ਼ਾਦੀ ਤੋਂ ਬਾਅਦ ਘੱਟ ਗਿਣਤੀਆਂ 21
ਫੀਸਦੀ ਤੱਕ ਪਹੁੰਚ ਗਏ ਹਨ ਜਦਕਿ ਗਵਾਂਢੀ ਮੁਲਕ ਪਾਕਿਸਤਾਨ 'ਚ 22 ਫੀਸਦ ਤੋਂ ਕੇਵਲ
4.43 ਫੀਸਦੀ ਰਹਿ ਗਈਆਂ ਹਨ ਤੇ ਅਫ਼ਗਾਨਿਸਤਾਨ 'ਚ ਇਹ ਦਰ ਸਿਫ਼ਰ 'ਤੇ ਆ ਗਈ ਹੈ। ਉਨ੍ਹਾਂ
ਕਿਹਾ ਕਿ ਸਾਡਾ ਦੇਸ਼ ਵੰਨ-ਸੁਵੰਨੇ ਫੁੱਲਾਂ ਦਾ ਇਕ ਸੁੰਦਰ ਗੁਲਦਸਤਾ ਹੈ ਅਤੇ ਇੱਥੇ
ਸਾਰੇ ਫਿਰਕੇ ਮਿਲਜੁਲਕੇ ਰਹਿੰਦੇ ਹਨ।
ਮੀਟਿੰਗ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ
ਤੇ ਤਹਿਸੀਲ ਭਲਾਈ ਅਫ਼ਸਰ ਕੁਲਵਿੰਦਰ ਕੌਰ ਨੇ ਕੌਮੀ ਚੇਅਰਮੈਨ ਦਾ ਸਵਾਗਤ ਕੀਤਾ। ਇਸ
ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮੇਜਰ ਆਰ.ਐਸ. ਸ਼ੇਰਗਿਲ, ਬਾਬਾ ਭੁਪਿੰਦਰ
ਸਿੰਘ, ਡਾ. ਮਨਮੋਹਨ ਸਿੰਘ, ਪਾਸਟਰ ਜਤਿੰਦਰ ਸਟੀਫ਼ਨ, ਅਬਦੁਲ ਵਾਹਿਦ ਸਮੇਤ ਹੋਰ ਪਤਵੰਤੇ
ਵੀ ਮੌਜੂਦ ਸਨ। ਇਸ ਤੋਂ ਬਾਅਦ ਇਕਬਾਲ ਸਿੰਘ ਲਾਲਪੁਰਾ ਨੇ ਜੈਨ ਸਮਾਜ ਦੇ ਨੁਮਾਇੰਦਿਆਂ
ਨਾਲ ਵੀ ਬੈਠਕ ਕੀਤੀ।