ਬੰਗਾ ਅਤੇ ਬਲਾਚੌੌਰ ਦੇ ਸਕੂਲ ਆਫ਼ ਐਮੀਨੈਂਸ 'ਚ ਤਬਦੀਲ ਸਕੂਲਾਂ ਦੇ ਵੀ 6ਵੀਂ ਦੇ
ਦਾਖਲੇ ਲਈ ਬਦਲਵੇਂ ਪ੍ਰਬੰਧ ਕੀਤੇ ਗਏ
ਨਵਾਂਸ਼ਹਿਰ, 17 ਅਪਰੈਲ : ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਡਾ. ਕੁਲਤਰਨ ਸਿੰਘ ਨੇ
ਅੱਜ ਇੱਥੇ ਆਖਿਆ ਕਿ ਨਵਾਂਸ਼ਹਿਰ ਦੇ ਸਕੂਲ ਆਫ਼ ਐਮੀਨੈਂਸ 'ਚ 6ਵੀਂ ਜਮਾਤ ਦੇ ਦਾਖਲੇ 'ਤੇ
ਕੋਈ ਰੋਕ ਨਹੀਂ। ਉਨ੍ਹਾਂ ਦੱਸਿਆ ਕਿ ਸਕੂਲ ਸਿਖਿਆ ਵਿਭਾਗ ਵੱਲੋਂ ਨਵਾਂਸ਼ਹਿਰ 'ਚ
ਬਦਲਵੇਂ ਸਕੂਲ ਦਾ ਕੋਈ ਪ੍ਰਬੰਧ ਨਾ ਹੋਣ ਤੱਕ ਛੇਵੀਂ ਜਮਾਤ 'ਚ ਦਾਖਲਾ ਇਸੇ ਸਕੂਲ 'ਚ
ਕਰਨ ਦੀ ਆਗਿਆ ਪਹਿਲਾਂ ਹੀ ਦਿੱਤੀ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬੰਗਾ ਵਿਖੇ ਸਥਿਤ ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤੇ ਜਾਣ ਬਾਅਦ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੋ-ਐਡ) ਵਿਖੇ ਬਿਲਡਿੰਗ ਦੀ ਘਾਟ ਦੇ ਮੱਦੇਨਜ਼ਰ 6ਵੀਂ
ਜਮਾਤ ਦੇ ਮੁੰਡਿਆਂ ਨੂੰ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬੰਗਾ ਵਿਖੇ
ਦਾਖਲਾ ਦੇਣ ਦਾ ਪ੍ਰਬੰਧ ਕੀਤਾ ਗਿਆ।
ਇਸੇ ਤਰ੍ਹਾਂ ਬਲਾਚੌਰ ਵਿਖੇ ਸ਼ੁਰੂ ਕੀਤੇ ਸਕੂਲ ਆਫ਼ ਐਮੀਨੈਂਸ ਦੇ ਮੱਦੇਨਜ਼ਰ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਦੀਆਂ ਛੇਵੀਂ ਜਮਾਤ ਦੀਆਂ ਲੜਕੀਆਂ ਨੂੰ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਲਾਚੌਰ ਵਿਖੇ ਅਤੇ ਛੇਵੀਂ ਜਮਾਤ ਦੇ ਲੜਕਿਆਂ ਲਈ
ਸਰਕਾਰੀ ਮਿਡਲ ਸਕੂਲ ਸਿਆਣਾ ਵਿਖੇ ਦਾਖਲੇ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਸਿਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਰੌਸ਼ਨੀ 'ਚ ਜ਼ਿਲ੍ਹੇ
'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਮਹਿੰਦੀਪੁਰ (ਬਲਾਚੌਰ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ (ਕੋ-ਐਡ) ਵਿਖੇ
ਸਥਾਪਿਤ ਤਿੰਨ ਸਕੂਲ ਆਫ਼ ਐਮੀਨੈਂਸਿਜ਼ ਵਿਖੇ ਇਸ ਸੈਸ਼ਨ ਦੇ 9 ਵੀਂ ਅਤੇ 11 ਵੀਂ ਜਮਾਤ ਦੇ
ਦਾਖਲੇ ਲਈ 'ਪ੍ਰਵੇਸ਼ ਪ੍ਰੀਖਿਆ' ਹੋ ਚੁੱਕੀ ਹੈ, ਜਿਸ ਦੇ ਨਤੀਜੇ ਘੋਸ਼ਿਤ ਹੁੰਦਿਆਂ ਹੀ
ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।