ਸੀਜ਼ਨ ਸੰਪੂਰਨਤਾ 'ਤੇ ਮਿੱਲ ਦੇ ਗੁਰਦੁਆਰੇ ਵਿੱਚ ਕੀਤਾ ਗਿਆ ਸ਼ੁਕਰਾਨਾ
ਨਵਾਂਸ਼ਹਿਰ, 15 ਅਪਰੈਲ : ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਨੇ ਆਪਣਾ 55ਵਾਂ ਪਿੜਾਈ
ਸੀਜ਼ਨ 2022-23 ਸਫ਼ਲਤਾ ਪੂਰਵਕ ਸੰਪੂਰਨ ਕੀਤਾ। ਬੋਰਡ ਆਫ ਡਾਇਰੈਕਟਰਜ਼ ਅਤੇ ਮਿੱਲ
ਮੈਨੇਜਮੈਂਟ ਵੱਲੋਂ ਪਿੜਾਈ ਸੀਜ਼ਨ ਦੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਨ 'ਤੇ ਗੰਨਾ
ਕਿਸਾਨਾਂ ਅਤੇ ਮਿੱਲ ਵਰਕਰਾਂ ਦਾ ਸਮੂਹਿਕ ਧੰਨਵਾਦ ਕਰਦੇ ਹੋਏ, ਸ਼ੁਕਰਾਨੇ ਵਜੋਂ ਮਿੱਲ
ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।
ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਦੱਸਿਆ ਕਿ ਮਿੱਲ ਵੱਲੋਂ ਇਸ ਸੀਜਨ ਦੌਰਾਨ
ਲੱਗਭੱਗ 32.18 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ
ਸੀਜ਼ਨ ਦੌਰਾਨ ਖਰੀਦ ਕੀਤੇ ਗੰਨੇ ਦੀ ਮਿਤੀ 21.03.2023 ਤੱਕ ਦੀ ਬਣਦੀ ਅਦਾਇਗੀ ਆਪਣੇ
ਵਸੀਲਿਆਂ ਅਤੇ ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਕੀਤੀ ਜਾ ਚੁੱਕੀ ਹੈ।
ਇਸ ਮੌਕੇ 'ਤੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ ਅਤੇ ਮਿੱਲ ਮੈਨੇਜਮੈਂਟ ਵੱਲੋਂ ਕਿਸਾਨ
ਭਰਾਵਾਂ, ਸਥਾਨਕ ਲੀਡਰਸ਼ਿੱਪ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਮਿੱਲ ਦੇ ਅਧਿਕਾਰੀਆਂ/ਕਰਮਚਾਰੀਆਂ
ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ
ਮਿੱਲ ਵੱਲੋਂ ਇਲਾਕੇ ਦੇ ਜਿਮੀਂਦਾਰਾਂ ਦੇ ਸਹਿਯੋਗ ਨਾਲ ਮਿੱਲ ਏਰੀਏ ਦਾ ਸਾਰਾ ਬੌਂਡ
ਕੀਤਾ ਗਿਆ ਗੰਨਾ ਪੀੜਿਆ ਗਿਆ।
ਉਨ੍ਹਾਂ ਦੱਸਿਆ ਕਿ ਮਿੱਲ ਵਿੱਚ ਲੱਗੇ ਕੋ-ਜੈਨਰੇਸ਼ਨ ਪਲਾਂਟ ਦੇ ਅਧਿਕਾਰੀਆਂ ਨੂੰ ਹਦਾਇਤ
ਕੀਤੀ ਗਈ ਹੈ ਕਿ ਪਲਾਂਟ ਦੇ ਬੁਆਇਲਰ 'ਤੇ ਲੱਗਣ ਵਾਲੇ ਵੈੱਟ ਸਕਰੱਬਰ ਦੇ ਕੰਮ ਨੂੰ
ਜਲਦੀ ਤੋਂ ਜਲਦੀ ਮੁਕੰਮਲ ਕਰਵਾਇਆ ਜਾਵੇ ਅਤੇ ਇਸ ਉਪਰੰਤ ਹੀ ਪਲਾਂਟ ਚਲਾਇਆ ਜਾਵੇ ਤਾਂ
ਜੋ ਸ਼ਹਿਰ ਵਾਸੀਆਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।
ਇਸ ਮੌਕੇ ਡਾਇਰੈਕਟਰਾਂ 'ਚ ਚਰਨਜੀਤ ਸਿੰਘ ਮੁਬਾਰਕਪੁਰ, ਕਸ਼ਮੀਰ ਸਿੰਘ ਬੀਰੋਵਾਲ, ਜਗਤਾਰ
ਸਿੰਘ, ਬੀਬੀ ਸੁਰਿੰਦਰ ਕੌਰ, ਹਰੀਪਾਲ ਸਿੰਘ ਜਾਡਲੀ, ਸਰਤਾਜ ਸਿੰਘ ਭੰਗਲ, ਸੋਹਣ ਸਿੰਘ
ਉੱਪਲ, ਮੋਹਿੰਦਰ ਸਿੰਘ ਲੰਗੜੋਆ, ਗੁਰਸੇਵਕ ਸਿੰਘ ਲਿੱਧੜ, ਸ਼੍ਰੀਮਤੀ ਹਰਿੰਦਰ ਕੌਰ ਅਤੇ
ਦੋਆਬਾ ਕਿਸਾਨ ਯੂਨੀਅਨ ਤੋਂ ਕੁਲਦੀਪ ਸਿੰਘ ਬਜੀਦਪੁਰ (ਪ੍ਰਧਾਨ), ਅਮਰਜੀਤ ਸਿੰਘ ਬੁਰਜ
(ਜਨਰਲ ਸਕੱਤਰ), ਦਲਜੀਤ ਸਿੰਘ (ਮੁੱਖ ਇੰਜੀਨੀਅਰ), ਪਵਿੱਤਰ ਸਿੰਘ (ਗੰਨਾ ਵਿਕਾਸ
ਅਫਸਰ), ਜੀ.ਡੀ. ਸ਼ਰਮਾ (ਲੇਖਾ ਅਫਸਰ), ਅਨੁਰਾਗ ਕਵਾਤਰਾ (ਲੈਬ ਇੰਚਾਰਜ), ਸ਼ਾਮ ਸੁੰਦਰ
(ਕਿਰਤ ਭਲਾਈ ਅਫਸਰ), ਹਰਦੀਪ ਸਿੰਘ (ਪ੍ਰਧਾਨ ਮਿੱਲ ਵਰਕਰ ਯੂਨੀਅਨ), ਦਲਜੀਤ ਸਿੰਘ,
ਅਗਾਂਹਵਧੂ ਗੰਨਾ ਕਾਸ਼ਤਕਾਰ, ਅਵਤਾਰ ਸਿੰਘ ਸਾਧੜਾ (ਕਿਸਾਨ ਆਗੂ) ਆਦਿ ਹਾਜ਼ਰ ਸਨ।