ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ 16 ਤਰ੍ਹਾਂ ਦੇ ਸਰਟੀਫ਼ਿਕੇਟ ਬਿਨੇਕਾਰਾਂ ਨੂੰ
ਮੋਬਾਇਲ ਜ਼ਰੀਏ ਪ੍ਰਾਪਤ ਹੋਣੇ ਸ਼ੁਰੂ
ਮੋਬਾਇਲ ਰਾਹੀਂ ਪ੍ਰਾਪਤ ਸਰਟੀਫ਼ਿਕੇਟ ਸਾਰੇ ਦਫ਼ਤਰਾਂ 'ਚ ਪ੍ਰਵਾਨ ਕੀਤੇ ਜਾਣਗੇ,
ਪ੍ਰਮਾਣਿਕਤਾ ਦੀ ਜਾਂਚ ਈ ਸੇਵਾ ਪੋਰਟਲ 'ਤੇ ਹੋ ਸਕੇਗੀ
ਨਵਾਂਸ਼ਹਿਰ, 30 ਅਪਰੈਲ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਰਕਾਰੀ
ਸੇਵਾਵਾਂ ਨਾਲ ਸਬੰਧਤ ਸਰਟੀਫ਼ਿਕੇਟ ਹੁਣ ਫ਼ਿਜ਼ੀਕਲੀ (ਨਿੱਜੀ ਤੌਰ 'ਤੇ) ਸੇਵਾ ਕੇਂਦਰਾਂ
'ਚ ਆ ਕੇ ਪ੍ਰਾਪਤ ਕਰਨ ਦੀ ਥਾਂ ਉਨ੍ਹਾਂ ਦੇ ਮੋਬਾਇਲਾਂ ਰਾਹੀ ਐਸ ਐਮ ਐਸ ਲਿੰਕ ਰਾਹੀਂ
ਭੇਜਣੇ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਬਿਨੇਕਾਰਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ
ਪਹਿਲੇ ਪੜਾਅ 'ਚ 16 ਤਰ੍ਹਾਂ ਦੇ ਸਰਟੀਫਿਕੇਟ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿੱਚ ਜਨਮ
ਸਰਟੀਫ਼ਿਕੇਟ, ਮੌਤ ਸਰਟੀਫ਼ਿਕੇਟ, ਦਿਹਾਤੀ ਖੇਤਰ ਸਰਟੀਫ਼ਿਕੇਟ, ਆਮਦਨ ਸਰਟੀਫ਼ਿਕੇਟ, ਵਿਆਹ
ਸਰਟੀਫ਼ਿਕੇਟ, ਆਮਦਨ ਅਤੇ ਸੰਪਤੀ ਸਰਟੀਫ਼ਿਕੇਟ, ਰਿਹਾਇਸ਼ ਸਰਟੀਫ਼ਿਕੇਟ, ਐਸ.ਸੀ./ ਬੀ.ਸੀ./
ਓ.ਬੀ.ਸੀ./ ਜਨਰਲ ਸਰਟੀਫ਼ਿਕੇਟ, ਬੁਢਾਪਾ ਪੈਨਸ਼ਨ, ਦਿਵਿਆਂਗ ਪੈਨਸ਼ਨ, ਵਿਧਵਾ/ਬੇਸਹਾਰਾ
ਮਹਿਲਾ ਪੈਨਸ਼ਨ, ਆਸ਼ਰਿਤ ਬੱਚਿਆਂ ਲਈ ਪੈਨਸ਼ਨ ਅਤੇ ਸੀਨੀਅਰ ਸਿਟੀਜ਼ਨ ਆਈ.ਡੀ. ਕਾਰਡ ਸ਼ਾਮਲ
ਹਨ।
ਉੁਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਅਜਿਹੇ 42191 ਸਰਟੀਫ਼ਿਕੇਟ
ਮੋਬਾਇਲ ਫ਼ੋਨਾਂ ਜ਼ਰੀਏ ਐਸ ਐਮ ਐਸ ਲਿੰਕ ਰਾਹੀਂ ਭੇਜੇ ਗਏ ਹਨ, ਜਿਨ੍ਹਾਂ ਦਾ ਬਿਨੇਕਾਰ
ਆਪਣੀ ਸਹੂਲਤ ਲਈ ਪਿ੍ਰੰਟ ਵੀ ਕਢਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ
ਬਿਨੇਕਾਰ ਨੂੰ ਸਰਟੀਫ਼ਿਕੇਟ ਦੀ ਕਾਪੀ ਲੋੜੀਂਦੀ ਹੋਵੇ ਤਾਂ ਉਹ ਆਪਣੇ ਫ਼ੋਨ 'ਤੇ ਪ੍ਰਾਪਤ
ਹੋਇਆ ਐਸ ਐਮ ਐਸ ਦਿਖਾ ਕੇ ਨੇੜਲੇ ਸੇਵਾ ਕੇਂਦਰ ਤੋਂ ਉਸ ਦੀ ਕਾਪੀ ਵੀ ਕਢਵਾ ਸਕਦਾ ਹੈ,
ਜਿਸ ਦੀ ਕੋਈ ਫ਼ੀਸ ਨਹੀਂ ਲਈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਨ ਦੀ
ਪਹਿਲਕਦਮੀ ਸਦਕਾ ਹੁਣ ਨਾਗਰਿਕਾਂ ਨੂੰ ਸਰਟੀਫ਼ਿਕੇਟਾਂ ਦੀਆਂ ਹਾਰਡ (ਪਿ੍ਰੰਟ) ਕਾਪੀਆਂ
ਲੈਣ ਲਈ ਕਿਸੇ ਦਫ਼ਤਰ/ਸੇਵਾ ਕੇਂਦਰ ਵਿਖੇ ਜਾਣ ਦੀ ਲੋੜ ਨਹੀਂ ਪਵੇਗੀ। ਉਕਤ 16 ਸੇਵਾਵਾਂ
ਨਾਲ ਸਬੰਧਤ ਕਿਸੇ ਵੀ ਸੇਵਾ ਲਈ ਅਪਲਾਈ ਕਰਨ ਵਾਲੇ ਨਾਗਰਿਕ ਦੇ ਮੋਬਾਈਲ ਫੋਨ ਉਤੇ
ਐਸ.ਐਮ.ਐਸ. ਰਾਹੀਂ ਲਿੰਕ ਭੇਜਿਆ ਜਾਂਦਾ ਹੈ, ਜਿਸ ਉਤੇ ਕਲਿੱਕ ਕਰਕੇ ਸਰਟੀਫਿਕੇਟ
ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਸਰਟੀਫਿਕੇਟ ਨੂੰ ਸਾਰੇ ਦਫ਼ਤਰਾਂ ਵਿੱਚ ਸਵੀਕਾਰ ਕੀਤਾ
ਜਾਵੇਗਾ ਅਤੇ ਇਨ੍ਹਾਂ ਸਰਟੀਫ਼ਿਕੇਟਾਂ ਦੀ ਪ੍ਰਮਾਣਿਕਤਾ ਨੂੰ ਈ-ਸੇਵਾ ਪੋਰਟਲ 'ਤੇ
ਆਨਲਾਈਨ ਵੀ ਚੈੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਈ-ਸੇਵਾ ਪੋਰਟਲ ਉਤੇ 430
ਤੋਂ ਵੱਧ ਸੇਵਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ 320 ਸੇਵਾਵਾਂ ਵਿੱਚ ਆਨਲਾਈਨ ਬਿਨੇ
ਕਰਨ ਦੀ ਸੁਵਿਧਾ ਹੈ ਜਦਕਿ 105 ਸੇਵਾਵਾਂ ਵਾਸਤੇ ਆਫ਼ਲਾਈਨ (ਨਿੱਜੀ ਤੌਰ 'ਤੇ ਸੇਵਾ
ਕੇਂਦਰ 'ਚ ਜਾ ਕੇ) ਬਿਨੇ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ
ਸਰਟੀਫ਼ਿਕੇਟ ਜਾਂ ਸੇਵਾ ਲਈ ਬਿਨੇ ਕਰਨ 'ਤੇ ਬਿਨੇਕਾਰ ਨੂੰ ਇਧਰ-ਉਧਰ ਸਰਕਾਰੀ ਦਫ਼ਤਰਾਂ
'ਚ ਜਾਣ ਦੀ ਲੋੜ ਨਹੀਂ ਪੈਂਦੀ ਬਲਕਿ ਸਾਰਾ ਕੰਮ ਆਨਲਾਈਨ ਹੀ ਹੁੰਦਾ ਹੈ।