ਬੁੱਧਵਾਰ ਸ਼ਾਮ ਤੱਕ ਖਰੀਦ ਏਜੰਸੀਆਂ ਵੱਲੋਂ 99.29 ਕਰੋੜ ਰੁਪਏ ਦੀ ਰਾਸ਼ੀ ਜਾਰੀ

ਸਪੈਸ਼ਨ ਦੌਰਾਨ ਬੁੱਧਵਾਰ ਨੂੰ ਬੰਗਾ ਤੇ ਬਲਾਚੌਰ ਦੀਆਂ ਮੰਡੀਆਂ 'ਚੋਨ 3500 ਮੀਟਿ੍ਰਕ ਟਨ ਜਿਣਸ ਚੁੱਕੀ ਗਈ
ਡੀ ਸੀ ਰੰਧਾਵਾ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਦਾ ਭਰੋਸਾ
ਨਵਾਂਸ਼ਹਿਰ, 19 ਅਪਰੈਲ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਲ੍ਹ ਸ਼ਾਮ ਤੱਕ 69767 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ, ਜਿਸ ਵਿੱਚੋਂ 68346 ਮੀਟਿ੍ਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਇੱਕ ਦਿਨ ਵਿੱਚ 15430 ਮੀਟਿ੍ਰਕ ਟਨ ਕਣਕ ਦੀ ਰਿਕਾਰਡ ਖਰੀਦ ਕੀਤੀ ਗਈ ਜਦਕਿ ਆਮਦ 15235 ਮੀਟਿ੍ਰਕ ਟਨ ਦੀ ਸੀ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਜਿਣਸ ਦੀ ਅਦਾਇਗੀ ਨਾਲੋਂ-ਨਾਲ ਕਰਨ ਦੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਬੁੱਧਵਾਰ ਸ਼ਾਮ ਤੱਕ 99.29 ਕਰੋੜ ਰੁਪਏ ਦੀ ਰਾਸ਼ੀ ਖਰੀਦ ਏਜੰਸੀਆਂ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਲਿਆਂਦੀ ਜਾ ਰਹੀ ਕਣਕ ਦਾ ਬਿਨਾਂ ਕੋਈ ਕੱਟ ਲਾਇਆਂ ਪੂਰਾ ਭਾਅ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਪ੍ਰਤੀ ਕੁਇੰਟਲ ਦਾ ਘੱਟੋ-ਘੱਟ ਸਮਰਥਨ ਮੁੱਲ 2125 ਰੁਪਏ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਏਜੰਸੀਵਾਰ ਖਰੀਦ ਅੰਕੜਿਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਪਨਗ੍ਰੇਨ ਵੱਲੋਂ 14429 ਮੀਟਿ੍ਰਕ ਟਨ, ਮਾਰਕਫ਼ੈਡ ਵੱਲੋਂ 19104 ਮੀਟਿ੍ਰਕ ਟਨ, ਪਨਸਪ ਵੱਲੋਂ 20730 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 10361 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ 3715 ਮੀਟਿ੍ਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ 'ਚ ਲੱਗੀਆਂ ਸਪੈਸ਼ਲਾਂ ਦੌਰਾਨ 2500 ਐਮ ਟੀ ਕਣਕ ਬੰਗਾ ਦੀਆਂ ਮੰਡੀਆਂ 'ਚੋਂ ਅਤੇ 1000 ਐਮ ਟੀ ਬਲਾਚੌਰ ਦੀਆਂ ਮੰਡੀਆਂ 'ਚੋਂ ਚੁੱਕੀ ਗਈ। ਉਨ੍ਹਾਂ ਦੱਸਿਆ ਕਿ ਕਲ੍ਹ ਵੀ ਸਪੈਸ਼ਲਾਂ ਲੱਗਣਗੀਆਂ, ਜਿਸ ਨਾਲ ਲਿਫ਼ਟਿੰਗ ਨੂੰ ਹੁਲਾਰਾ ਮਿਲੇਗਾ। ਹੁਣ ਤੱਕ 10 ਹਜ਼ਾਰ ਮੀਟਿ੍ਰਕ ਟਨ ਦੇ ਕਰੀਬ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।