ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਖਰੀਦ ਦਾ 96 ਫ਼ੀਸਦੀ ਟੀਚਾ ਪੂਰਾ ਕੀਤਾ - ਸ਼ਨਿੱਚਰਵਾਰ ਸ਼ਾਮ ਤੱਕ 421.69 ਕਰੋੜ ਦੀ ਅਦਾਇਗੀ ਹੋਈ

ਨਵਾਂਸ਼ਹਿਰ, 29 ਅਪਰੈਲ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਸ਼ਨਿੱਚਰਵਾਰ ਸ਼ਾਮ ਨੂੰ ਕਣਕ ਦੇ ਮਿੱਥੇ ਖਰੀਦ ਟੀਚੇ ਦਾ 96 ਫ਼ੀਸਦੀ ਟੀਚਾ ਪੂਰਾ ਕਰ ਲਿਆ। ਜ਼ਿਲ੍ਹੇ ਨੇ ਇਸ ਵਾਰ 231600 ਮੀਟਿ੍ਰਕ ਟਨ ਕਣਕ ਦੀ ਆਮਦ ਮੰਡੀਆਂ 'ਚ ਅਨੁਮਾਨੀ ਸੀ, ਜਿਸ ਵਿੱਚੋਂ ਸ਼ਨਿੱਚਰਵਾਰ ਸ਼ਾਮ ਤੱਕ 220526 ਮੀਟਿ੍ਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚ ਖਰੀਦ ਕਾਰਜ ਨਿਰਵਿਘਨ ਚੱਲ ਰਹੇ ਹਨ। ਕਿਸਾਨਾਂ ਨੂੰ ਫ਼ਸਲ ਵੇਚਣ ਵਿੱਚ ਕੋਈ ਮੁਸ਼ਕਿਲ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਅੱਜ ਇੱਕ ਦਿਨ 'ਚ 11835 ਮੀਟਿ੍ਰਕ ਟਨ ਦੀ ਖਰੀਦ ਕੀਤੀ ਗਈ।
ਖਰੀਦੀ ਕਣਕ ਦੀ ਏਜੰਸੀਆਂ ਵੱਲੋਂ ਹੁਣ ਤੱਕ 21780 ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਸਕਦੀ ਹੈ ਜੋ ਕਿ 421.69 ਕਰੋੜ ਰੁਪਏ ਦੀ ਬਣਦੀ ਹੈ। ਉਨ੍ਹਾਂ ਏਜੰਸੀਵਾਰ ਖਰੀਦ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਨੇ 53092 ਮੀਟਿ੍ਰਕ ਟਨ, ਮਾਰਕਫ਼ੈਡ ਨੇ 59122 ਮੀਟਿ੍ਰਕ ਟਨ, ਪਨਸਪ ਨੇ 51700 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 34905 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 21700 ਮੀਟਿ੍ਰਕ ਟਨ ਖਰੀਦੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਮਿੱਥੇ ਟੀਚੇ ਦੇ ਨੇੜੇ ਪੁੱਜਣ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਜ਼ਿਲ੍ਹੇ 'ਚ ਪਹਿਲਾਂ ਹੋਈਆਂ ਬਾਰਸ਼ਾਂ ਕਾਰਨ ਫ਼ਸਲਾਂ ਦੇ ਝਾੜ 'ਤੇ ਕੋਈ ਜ਼ਿਆਦਾ ਅਸਰ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਖਰੀਦ ਕਾਰਜ ਨੇੜੇ ਲੱਗਣ ਬਾਅਦ ਹੁਣ ਮੰਡੀਆਂ 'ਚੋਂ ਲਿਫ਼ਟਿੰਗ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 100338 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ ਜੋ ਕਿ 57 ਫ਼ੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਲਿਫ਼ਟਿੰਗ ਕਾਰਨ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੀ ਫ਼ਸਲ ਮੰਡੀ 'ਚ ਆਉਣ 'ਤੇ ਤੁਰੰਤ ਖਰੀਦੀ ਜਾ ਰਹੀ ਹੈ।