ਬਲਾਚੌਰ ਹਲਕੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਖਰੀਦ ਦੀ ਕਰਵਾਈ ਰਸਮੀ ਸ਼ੁਰੂਆਤ
ਬਲਾਚੌਰ, 15 ਅਪਰੈਲ : ਪੰਜਾਬ ਦੀ ਭਗਵੰਤ ਮਾਨ ਸਰਕਾਰ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ
ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਵਿਧਾਇਕਾ ਸੰਤੋਸ਼
ਕਟਾਰੀਆ ਨੇ ਅੱਜ ਬਲਾਚੌਰ ਹਲਕੇ ਦੀਆਂ ਵੱਖ-ਵੱਖ ਮੰਡੀਆਂ 'ਚ ਕਣਕ ਦੀ ਰਸਮੀ ਖਰੀਦ ਦੀ
ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਬਲਾਚੌਰ, ਕਾਠਗੜ੍ਹ, ਕਰਾਵਰ/ਮਜਾਰੀ, ਸੜੋਆ ਤੇ ਸਾਹਿਬਾ
ਮੰਡੀਆਂ 'ਚ ਖਰੀਦ ਸ਼ੁਰੂ ਕਰਵਾਉਣ ਪੁੱਜੇ ਵਿਧਾਇਕ ਸ੍ਰੀਮਤੀ ਕਟਾਰੀਆ ਨੇ ਆਖਿਆ ਕਿ
ਪੰਜਾਬ ਸਰਕਾਰ ਨੇ ਕਿਸਾਨਾਂ ਦੀ ਹਰ ਮੁਸ਼ਕਿਲ ਸਮੇਂ ਬਾਂਹ ਫੜੀ ਹੈ। ਚਾਹੇ ਉਹ ਖਰਾਬੇ ਦੀ
ਵਿਸ਼ੇਸ਼ ਗਿਰਦਾਵਰੀ ਦਾ ਸਮਾਂ ਹੋਵੇ ਜਾਂ ਫ਼ਿਰ ਮੰਡੀਆਂ 'ਚ ਵਿਕਣ ਆਈ ਜਿਣਸ 'ਤੇ ਕੇਂਦਰ
ਸਰਕਾਰ ਵੱਲੋਂ ਲਾਏ 'ਵੈਲਿਯੂ ਕੱਟ' ਦਾ ਮੁੱਦਾ ਹੋਵੇ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ
ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਕੁਦਰਤੀ ਆਫ਼ਤ ਕਾਰਨ ਹੋਏ ਖਰਾਬੇ ਦੇ ਮੁਆਵਜ਼ੇ 'ਚ
ਇਕੱਠਾ 25 ਫ਼ੀਸਦੀ ਦਾ ਵਾਧਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਮੁਸੀਬਤ ਦੀ ਘੜੀ 'ਚ ਮੁੱਖ
ਮੰਤਰੀ ਭਗਵੰਤ ਮਾਨ ਦੀ ਸਰਕਾਰ ਹਮੇਸ਼ਾਂ ਕਿਸਾਨਾਂ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ
ਜ਼ਿਲ੍ਹੇ ਦੀਆਂ ਮੰਡੀਆਂ 'ਚ ਸ਼ਨੀਵਾਰ ਸ਼ਾਮ ਤੱਕ 10 ਹਜ਼ਾਰ ਮੀਟਿ੍ਰਕ ਟਨ ਦੇ ਕਰੀਬ ਖਰੀਦ
ਹੋ ਚੁੱਕੀ ਹੈ, ਜਿਸ 'ਚੋਂ ਇਕੱਲੀ 6 ਹਜ਼ਾਰ ਮੀਟਿ੍ਰਕ ਟਨ ਦੀ ਆਮਦ ਅਤੇ ਖਰੀਦ ਅੱਜ ਦਰਜ
ਕੀਤੀ ਗਈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਗਈ ਜਿਣਸ ਅਦਾਇਗੀ ਅਗਲੇ ਦਿਨ ਤੱਕ
ਨਾਲੋ-ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਦੀਆਂ ਨਵੀਂ ਫ਼ਸਲ ਦੇ ਆਉਣ
ਨਾਲ ਲਾਈਆਂ ਆਸਾਂ ਪੂਰੀਆਂ ਹੋ ਸਕਣ।
ਵਿਧਾਇਕਾ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ 90 ਫ਼ੀਸਦੀ ਤੋਂ ਵਧੇਰੇ ਰਕਬੇ ਦੀ ਖਰਾਬੇ
ਦੀ ਗਿਰਦਾਵਰੀ ਕੀਤੀ ਜਾ ਚੁੱਕੀ ਹੈ, ਜਿਸ ਦਾ ਅਗਲੇ ਦਿਨਾਂ 'ਚ ਮੁਆਵਜ਼ਾ ਵੀ ਜਾਰੀ ਕਰ
ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹੇ 'ਚ ਮਾਲ ਪਟਵਾਰੀਆਂ ਦੀਆਂ ਅਸਾਮੀਆਂ
ਖਾਲੀ ਹਨ ਪਰ ਤਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਖ ਕੇ, ਨਵੇਂ ਭਰਤੀ ਪਟਵਾਰੀਆਂ ਨੂੰ ਇਸ
ਕੰਮ 'ਚ ਨਾਲ ਲਾਇਆ ਗਿਆ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜੋ ਕਹਿੰਦੀ ਹੈ, ਉਸ 'ਤੇ ਹਮੇਸ਼ਾਂ ਪੂਰਾ ਉਤਰਦੀ
ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ 600 ਯੂਨਿਟ ਤੱਕ ਦਾ ਜ਼ੀਰੋ ਬਿੱਲ ਆਮ ਲੋਕਾਂ ਲਈ
ਵੱਡੀ ਰਾਹਤ ਹੈ।
ਇਸ ਦੌਰੇ ਮੌਕੇ ਉਨ੍ਹਾਂ ਨਾਲ ਕਾਠਗੜ੍ਹ ਮੰਡੀ 'ਚ ਮੌਜੂਦ ਜ਼ਿਲ੍ਹਾ ਯੋਜਨਾ ਕਮੇਟੀ ਦੇ
ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀ ਡਗਮਗਾਈ ਆਰਥਿਕ
ਹਾਲਤ ਨੂੰ ਆਪਣੀ ਇਮਾਨਦਾਰੀ ਅਤੇ ਨੇਕਨੀਅਤੀ ਨਾਲ ਉੱਪਰ ਚੁੱਕਿਆ ਹੈ। ਅੱਜ ਸੂਬੇ ਦੇ
ਆਬਕਾਰੀ ਮਾਲੀਏ 'ਚ 2587 ਕਰੋੜ ਰੁਪਏ ਦਾ ਵਾਧਾ, ਜੀ ਐਸ ਟੀ ਕੁਲੈਕਸ਼ਨ 'ਚ 16 ਫ਼ੀਸਦੀ
ਵਾਧਾ ਅਤੇ ਮਾਲ ਵਿਭਾਗ ਦੀ ਆਮਦਨ 'ਚ 26 ਫ਼ੀਸਦੀ ਵਾਧਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ
ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਪੀ ਐਸ ਪੀ ਐਸ
ਐਲ ਨੂੰ ਸਮੁੱਚੀ ਸਬਸਿਡੀ ਦੀ ਦੇਣਦਾਰੀ ਰਾਸ਼ੀ ਜੋ 20 ਹਜ਼ਾਰ ਕਰੋੜ ਤੋਂ ਉੱਪਰ ਬਣਦੀ ਸੀ,
ਅਦਾ ਕਰ ਦਿੱਤੀ ਗਈ ਹੈ।
ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਨਾਲ ਆਪ ਆਗੂ ਅਸ਼ੋਕ ਕਟਾਰੀਆ, ਚੰਦਰ ਮੋਹਨ ਜੇ ਡੀ,
ਹਨੀ ਡੱਬ, ਪ੍ਰਵੀਨ ਪੱਪਾ ਪੁਰੀ, ਜੌਲੀ ਬੈਂਸ, ਬਲਦੇਵ ਰਾਜ, ਕੁਲਦੀਪ ਕੁਮਾਰ ਤੇ ਰਣਜੀਤ
ਸਿੰਘ ਕਾਕਾ ਆਦਿ ਮੌਜੂਦ ਸਨ।
ਇਸ ਮੌਕੇ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ 'ਚ ਮਾਰਕੀਟ ਕਮੇਟੀ
ਬਲਾਚੌਰ ਦੇ ਸਕੱਤਰ ਸੁਰਿੰਦਰ ਪਾਲ, ਡੀ ਐਫ ਐਸ ਓ ਜਤਿਨ ਵਰਮਾ, ਏ ਐਫ ਐਸ ਓ ਬਲਾਚੌਰ
ਮਨਜੀਤ ਸਿੰਘ, , ਮਾਰਕਫ਼ੈਡ ਬਲਾਚੌਰ ਦੇ ਮੈਨੇਜਰ ਪਰਮਿੰਦਰ ਗੁੱਜਰ, ਪਨਸਪ ਦੇ ਇੰਸਪੈਕਟਰ
ਸੁਰਿੰਦਰ ਭੁੰਬਲਾ, ਪਨਗ੍ਰੇਨ ਦੇ ਇੰਸਪੈਕਟਰ ਗਗਨਦੀਪ ਸਿੰਘ, ਦਵਿੰਦਰ ਸਿੰਘ, ਧਰਮਪਾਲ,
ਹਰੀਸ਼ ਕੁਮਾਰ ਅਤੇ ਐਫ ਸੀ ਆਈ ਦੇ ਟੀ ਏ ਸੁਮੇਰ ਸਿੰਘ ਤੇ ਅਜੇ ਸਿੰਘ ਮੌਜੂਦ ਸਨ।