ਮਾਲੇਵਾਲ ਵਿਖੇ ਸਥਿਤ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਭੂਰੀਵਾਲਿਆਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਸਰੋਵਰ ਨੂੰ ਪੰਜਾਬ ਯਾਤਰਾ ਤੇ ਸਭਿਆਚਾਰ ਵਿਭਾਗ ਵੱਲੋਂ ਜਲਦ ਮੁਕੰਮਲ ਕੀਤਾ ਜਾਵੇਗਾ-ਡੀ ਸੀ ਰੰਧਾਵਾ

ਨਵਾਂਸ਼ਹਿਰ, 29 ਅਪਰੈਲ : ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਮੋਢੀ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲਿਆਂ ਦਾ  ਪਿੰਡ ਮਾਲੇਵਾਲ ਵਿਖੇ ਪਵਿੱਤਰ ਚਰਨ ਛੋਹ ਪ੍ਰਾਪਤ  ਸਰੋਵਰ ਜਿਸ ਨੂੰ ਬ੍ਰਹਮ ਸਰੋਵਰ ਦਾ ਨਾਂ ਦਿੱਤਾ ਗਿਆ ਹੈ,  ਨੂੰ ਧਾਰਮਿਕ ਤੀਰਥ ਯਾਤਰਾ ਸਥਲ ਵਜੋਂ, ਪੰਜਾਬ ਯਾਤਰਾ ਤੇ ਸਭਿਆਚਾਰ ਵਿਭਾਗ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ, ਨੂੰ ਜਲਦ ਮੁਕੰਮਲ ਕਰਕੇ ਸੰਗਤਾਂ ਨੂੰ ਅਰਪਣ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਲ੍ਹ ਮਾਲੇਵਾਲ ਵਿਖੇ ਬ੍ਰਹਮ ਸਰੋਵਰ ਦੇ ਦਰਸ਼ਨਾਂ ਬਾਅਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਚੌਰ ਦੇ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਵੀ ਮੌਜੂਦ ਸਨ। ਉਨ੍ਹਾਂ ਇਸ ਮੌਕੇ ਇਸ ਪਵਿੱਤਰ ਸਥਾਨ ਨੂੰ ਧਾਰਮਿਕ ਤੀਰਥ ਯਾਤਰਾ ਸਥਲ ਵਜੋਂ ਵਿਕਸਿਤ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਕੁੱਝ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਇਸ ਪਵਿੱਤਰ ਸਥਾਨ ਨੂੰ ਲਗਦੇ ਰਸਤੇ ਨੂੰ ਪੱਕਾ ਕਰਵਾਉਣ ਅਤੇ ਵਿਰਾਸਤੀ ਦਿੱਖ ਦੇਣ ਲਈ ਵੀ ਸਰਕਾਰ ਨੂੰ ਪ੍ਰਸਤਾਵ ਭੇਜਣ ਲਈ ਆਖਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬ੍ਰਹਮ ਸਰੋਵਰ ਦੇ ਚੌਗਿਰਦੇ 'ਚ ਮੌਜੂਦ ਪੁਰਾਤਨ ਰੁੱਖਾਂ ਦੀ ਸਾਂਭ-ਸੰਭਾਲ 'ਤੇ ਜ਼ੋਰ ਦਿੰਦਿਆਂ ਪ੍ਰਬੰਧਕਾਂ ਨੂੰ ਇਨ੍ਹਾਂ ਰੁੱਖਾਂ ਨੂੰ ਸੁਰੱਖਿਅਤ ਰੱਖਣ ਅਤੇ ਬ੍ਰਹਮ ਸਰੋਵਰ 'ਚ ਸਜਾਵਟੀ ਮੱਛੀਆਂ ਆਦਿ ਛੱਡਣ ਲਈ ਵੀ ਆਖਿਆ ਤਾਂ ਜੋ ਬ੍ਰਹਮ ਸਰੋਵਰ ਦੀ ਕੁਦਰਤੀ ਸਫ਼ਾਈ ਹੁੰਦੀ ਰਹੇ। ਇਥੇ ਇਹ ਵਰਨਣਯੋਗ ਹੈ ਕਿ ਇਸ ਬ੍ਰਹਮ ਸਰੋਵਰ ਦਾ ਨਵੀਨੀਕਰਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆਂ, ਵਰਤਮਾਨ ਗੱਦੀਨਸ਼ੀਨ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਯਤਨਾਂ ਅਤੇ ਧਾਰਮਿਕ ਰਹਿਨੁਮਾਈ ਹੇਠ ਹੋ ਰਿਹਾ ਹੈ।
ਇਸ ਮੌਕੇ ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ ਤੋਂ ਇਲਾਵਾ ਅਸ਼ੋਕ ਕਟਾਰੀਆ ਅਤੇ ਸ਼ਿਵਕਰਨ ਚੇਚੀ ਵੀ ਮੌਜੂਦ ਸਨ।