ਬਲਾਚੌਰ ਹਲਕੇ 'ਚ ਕੰਢੀ ਨਹਿਰ ਦੀਆਂ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ ਤਿੰਨ ਮਹੀਨੇ 'ਚ
ਮੁਕੰਮਲ ਕਰ ਲਿਆ ਬਲਾਚੌਰ, 12 ਅਪਰੈਲ : ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਅੱਜ
ਇੱਥੋਂ ਨਜ਼ਦੀਕ ਕਰਾਵਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ 'ਚ ਮੁੱਖ ਮਹਿਮਾਨ ਵਜੋਂ
ਸ਼ਿਰਕਤ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਬਾਰਸ਼ਾਂ ਕਾਰਨ ਖਰਾਬ ਹੋਏ ਕਣਕ ਦੇ
ਦਾਣਿਆਂ 'ਤੇ ਲਾਏ 'ਵੈਲਿਯੂ ਕੱਟ' ਦੀ ਭਰਪਾਈ ਪੰਜਾਬ ਸਰਕਾਰ ਕਰੇਗੀ, ਜਿਸ ਬਾਰੇ ਮੁੱਖ
ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਅੱਜ ਰਸਮੀ ਐਲਾਨ ਵੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾਂ ਤੋਂ ਕਿਸਾਨ ਹਿੱਤੂ ਹਨ,
ਚਾਹੇ ਖਾਰਬੇ ਦੇ ਮੁਆਵਜ਼ੇ 'ਚ ਵਾਧਾ ਕਰਨ ਦੀ ਗੱਲ ਸੀ ਜਾਂ ਖੰਡ ਮਿੱਲਾਂ ਦੇ ਬਕਾਇਆ ਪਏ
ਪੈਸਿਆਂ ਦਾ ਮੁੱਦਾ ਸੀ, ਉਨ੍ਹਾਂ ਆਪਣੇ ਵਾਅਦੇ ਮੁਤਾਬਕ ਕਿਸਾਨ ਹਿੱਤਾਂ ਨੂੰ ਪਹਿਲ
ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਦੇ ਅੰਨਦਾਤੇ ਨੂੰ ਬਾਰਸ਼ਾਂ ਦੇ ਖਰਾਬੇ
ਕਾਰਨ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਤਾਂ ਮੁੱਖ ਮੰਤਰੀ ਪੰਜਾਬ ਨੇ ਮੁਆਵਜ਼ੇ ਲਈ
ਸਪੈਸ਼ਲ ਗਿਰਦਾਵਰੀ ਤੋਂ ਬਾਅਦ ਹੁਣ ਕੇਂਦਰ ਵੱਲੋਂ ਭਾਅ 'ਚ ਲਾਏ ਕੱਟ ਦੀ ਭਰਪਾਈ ਵੀ
ਪੰਜਾਬ ਸਰਕਾਰ ਵੱਲੋਂ ਕਰਨ ਦਾ ਐਲਾਨ ਕਰਕੇ ਮੁਸੀਬਤ ਦੇ ਮਾਰੇ ਕਿਸਾਨਾਂ ਦੇ ਹੱਕ ਵਿਚ
ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਬਲਾਚੌਰ ਦੇ ਕੰਢੀ ਇਲਾਕੇ ਦੀ ਸਭ ਤੋਂ
ਵੱਡੀ ਮੰਗ ਕੰਢੀ ਨਹਿਰ ਦੀ ਸੰਪੂਰਨਤਾ ਵੀ ਮੁੱਖ ਮੰਤਰੀ ਦੇ ਹੁਕਮਾਂ ਬਾਅਦ ਸ਼ੁਰੂ ਹੋ ਗਈ
ਹੈ ਅਤੇ ਪੋਜੇਵਾਲ ਤੋਂ ਸ਼ੁਰੂ ਕੀਤਾ ਗਿਆ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ 3 ਮਹੀਨੇ 'ਚ
ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ
ਕਿਸਾਨਾਂ ਨੂੰ ਨਵੀਂਆਂ ਖੋਜਾਂ ਅਤੇ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਲਾਏ ਕੈਂਪਾਂ
ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਵੀ ਆਖਿਆ।
ਇਸ ਤੋਂ ਪਹਿਲਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਸਾਨ
ਮੇਲੇ ਦੇ ਉਦਘਾਟਨ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਇਹ ਕਿਸਾਨ ਮੇਲੇ ਖੇਤੀ ਦੇ
ਖੇਤਰ 'ਚ ਆਈਆਂ ਤਬਦੀਲੀਆਂ, ਹੋਈਆਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਨੂੰ ਕਿਸਾਨਾਂ ਤੱਕ
ਪਹੁੰਚਾਉਣ ਲਈ ਬੜੇ ਲਾਭਦਾਇਕ ਸਿੱਧ ਹੁੰਦੇ ਹਨ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹੇ
ਦੀਆਂ ਮੰਡੀਆਂ 'ਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ
ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਨਿਰਵਿਘਨ ਖਰੀਦਿਆ ਜਾਵੇਗਾ। ਉਨ੍ਹਾਂ ਦੱਸਿਆ ਕਿ
ਕਣਕ ਦੇ ਖਰਾਬੇ ਦਾ ਮੁਆਵਜ਼ਾ ਅਗਲੇ ਇੱਕ-ਦੋ ਦਿਨਾਂ 'ਚ ਵੰਡਣਾ ਸ਼ੁਰੂ ਕਰ ਦਿੱਤਾ
ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੇ ਵੱਢ ਨੂੰ ਅੱਗ ਲਾਉਣ ਤੋਂ ਵਾਤਾਵਰਣ ਅਤੇ
ਜਨਤਕ ਹਿੱਤ 'ਚ ਪ੍ਰਹੇਜ਼ ਕਰਨ ਦੀ ਜ਼ੋਰਦਾਰ ਅਪੀਲ ਕੀਤੀ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਲਾਲ ਚੋਪੜਾ ਨੇ ਕਿਸਾਨਾਂ ਨੂੰ
ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਉਣੀ ਸੀਜ਼ਨ 2023 ਦੌਰਾਨ ਜ਼ਿਲ੍ਹੇ 'ਚ ਮੱਕੀ ਹੇਠ
11,000 ਹੈਕਟੇਅਰ, ਝੋਨੇ ਹੇਠ 57,500 ਹੈਕਟੇਅਰ, ਗੰਨੇ ਹੇਠ 7800 ਹੈਕਟੇਅਰ, ਦਾਲਾਂ
ਹੇਠ 300 ਹੈਕਟੇਅਰ ਰਕਬਾ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਉਣੀ 2023 ਲਈ
ਮੱਕੀ, ਝੋਨਾ, ਬਾਸਮਤੀ ਅਤੇ ਦਾਲਾਂ ਆਦਿ ਫਸਲਾਂ ਲਈ ਮਿਆਰੀ ਬੀਜਾਂ ਦੀਆਂ ਵੱਖ-ਵੱਖ
ਕਿਸਮਾਂ ਦਾ ਪ੍ਰਬੰਧ ਕਿਸਾਨਾਂ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਸਲੀ
ਰਹਿੰਦ-ਖੂਹੰਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਜ਼ਿਲ੍ਹੇ 'ਚ ਇਸ ਸਾਲ ਕਿਸਾਨਾਂ ਨੂੰ ਕੁੱਲ
371 ਮਸ਼ੀਨਾਂ ਸਬਸਿਡੀ 'ਤੇ ਮਹੁੱਈਆ ਕਰਵਾਈਆਂ ਗਈਆਂ ਅਤੇ ਬਣਦੀ ਕੁੱਲ ਸਬਸਿਡੀ
5,10,04,510/- ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਤਬਦੀਲ ਕੀਤੀ ਜਾ ਚੁੱਕੀ ਹੈ।
ਡਾ. ਕੰਵਰ ਬਰਜਿੰਦਰ ਸਿੰਘ ਸਟੇਸ਼ਨ ਡਾਇਰੈਕਟਰ ਪੀ ਏ ਯੂ ਕੰਢੀ ਖੋਜ ਕੇਂਦਰ,
ਬੱਲੋਵਾਲ ਸੌਂਖੜੀ ਵਲੋਂ ਕਿਸਾਨਾਂ ਨੂੰ ਕੰਢੀ ਖੋਜ ਕੇਂਦਰ ਵਲੋਂ ਵਿਕਸਤ ਕੀਤੀਆਂ ਗਈਆਂ
ਤਕਨੀਕਾਂ ਅਤੇ ਵੱਖ-ਵੱਖ ਫਸਲਾਂ ਦੀਆਂ ਕਿਸਮਾਂ ਨੂੰ ਅਪਣਾ ਕੇ ਵੱਧ ਤੋਂ ਵੱਧ ਲਾਭ ਲੈਣ
ਲਈ ਅਪੀਲ ਕੀਤੀ ਗਈ। ਉਨ੍ਹਾਂ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਸੰਬੰਧੀ ਅਪੀਲ ਕਰਦਿਆਂ
ਝੋਨੇ ਦੀ ਬਿਜਾਈ 15 ਜੂਨ ਤੋਂ ਬਾਅਦ ਕਰਨ ਦੀ ਅਪੀਲ ਵੀ ਕੀਤੀ।
ਸਮਾਗਮ ਦੀ ਸਮਾਪਤੀ ਉਪਰੰਤ ਡਾ. ਸੁਰਿੰਦਰ ਪਾਲ ਸਿੰਘ ਜ਼ਿਲ੍ਹਾ ਖੇਤੀਬਾੜੀ ਸਿਖਲਾਈ ਅਫ਼ਸਰ
ਵਲੋਂ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ.
ਕੁਲਵਿੰਦਰ ਕੌਰ ਏ.ਡੀ.ਓ (ਟੀ.ਏ.) ਅਤੇ ਡਾ. ਜਸਵਿੰਦਰ ਕੁਮਾਰ ਨੇ ਸਟੇਜ ਸਕੱਤਰ ਦੀ
ਸੇਵਾ ਨਿਭਾਈ।
ਇਸ ਤੋਂ ਇਲਾਵਾ ਡਾ. ਮਨਿੰਦਰ ਸਿੰਘ ਬੌਂਸ ਡਿਪਟੀ ਡਾਇਰੈਕਟਰ ਕੇ.ਵੀ.ਕੇ.
ਲੰਗੜੋਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ 'ਤੇ
ਭਰਪੂਰ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਨਰੇਸ਼ ਕੁਮਾਰ ਕਟਾਰੀਆ ਖੇਤੀਬਾੜੀ
ਅਫਸਰ (ਸਦਰ ਮੁਕਾਮ), ਡਾ. ਵਿਜੈ ਮਹੇਸ਼ੀ ਏ.ਡੀ.ਓ. (ਇੰਨਫੋਰਸਮੈਂਟ), ਡਾ. ਕਮਲਦੀਪ
ਸਿੰਘ ਪ੍ਰੋਜਕੈਟ ਡਾਇਰੈਕਟਰ ਆਤਮਾ, ਇੰਜੀਨੀਅਰ ਚੰਦਨ ਸ਼ਰਮਾ, ਡਾ. ਰਾਜ ਕੁਮਾਰ
ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ. ਹਰਪ੍ਰੀਤ ਸਿੰਘ ਏ ਡੀ ਓ ਸੜੋਆ, ਡਾ. ਲਛਮਣ ਦਾਸ
ਖੇਤੀਬਾੜੀ ਅਫਸਰ ਬੰਗਾ, ਡਾ. ਲੇਖ ਰਾਜ ਖੇਤੀਬਾੜੀ ਅਫਸਰ ਔੜ, ਡਾ. ਸੁਰਿੰਦਰ ਕੁਮਾਰ
ਖੇਤੀਬਾੜੀ ਅਫਸਰ, ਬਲਾਚੌਰ, ਸ੍ਰੀਮਤੀ ਨੀਨਾ ਕੰਵਰ ਅਤੇ ਸੀ੍ਰਮਤੀ ਪਰਮਵੀਰ ਕੌਰ ਡੀ ਪੀ
ਡੀ ਹਾਜ਼ਰ ਸਨ।
ਇਸ ਤੋਂ ਇਲਾਵਾ ਅਸ਼ੋਕ ਕਟਾਰੀਆ, ਜਸਪ੍ਰੀਤ ਹੌਬੀ, ਸੰਤੋਖ ਸਿੰਘ ਦਿਆਲਾਂ, ਬਲਜੀਤ ਸਿੰਘ
ਭਾਰਾਪੁਰ ਅਤੇ ਬਲਿਹਾਰ ਸਿੰਘ ਬਛੌੜੀ ਆਦਿ ਹਾਜ਼ਰ ਸਨ। ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ
ਤੋਂ ਆਏ 1000 ਤੋਂ ਵਧੇਰੇ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਇਸ ਕੈਂਪ ਵਿੱਚ ਭਾਗ ਲਿਆ।