ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਟੌਂਸਾ, ਨਾਨੋਵਾਲ ਬੇਟ, ਬਕਾਪੁਰ ਤੇ ਮੋਹਰ ਮੰਡੀਆਂ ਦਾ ਦੌਰਾ

ਬਲਾਚੌਰ, 18 ਅਪਰੈਲ,  ;- ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਅੱਜ ਬਲਾਚੌਰ ਹਲਕੇ ਦੀਆਂ  ਟੌਂਸਾ, ਨਾਨੋਵਾਲ ਬੇਟ, ਬਕਾਪੁਰ ਤੇ ਮੋਹਰ ਮੰਡੀਆਂ 'ਚ ਫ਼ਸਲ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਣ ਉਪਰੰਤ ਆਖਿਆ ਕਿ ਪੰਜਾਬ ਸਰਕਾਰ ਕਣਕ ਦੀ ਨਿਰਵਿਘਨ ਖਰੀਦ ਲਈ ਵਣਨਬੱਧ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਬਾਰਸ਼ਾਂ ਕਾਰਨ ਖਰਾਬ ਹੋਏ ਦਾਣੇ 'ਤੇ ਕੱਟ ਲਾਉਣ ਦਾ ਫ਼ੈਸਲਾ ਕੀਤਾ ਗਿਆ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਕੱਟ ਦੀ ਭਰਪਾਈ ਪੰਜਾਬ ਸਰਕਾਰ ਦੇ ਪੱਧਰ 'ਤੇ ਕਰਨ ਦਾ ਇਤਿਹਾਸਕ ਐਲਾਨ ਹੀ ਨਹੀਂ ਕੀਤਾ ਬਲਕਿ ਕਿਸਾਨਾਂ ਦੇ ਖਾਤਿਆਂ 'ਚ ਖਰੀਦੀ ਫ਼ਸਲ ਦੀ ਅਦਾਇਗੀ 2125 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਕਰਨੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਸ਼ਾਮ ਤੱਕ ਜ਼ਿਲ੍ਹੇ 'ਚ 28.90 ਕਰੋੜ ਰੁਪਏ ਦੀ ਰਾਸ਼ੀ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਖਰੀਦ ਦੇ ਬਦਲੇ 'ਚ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ 140 ਫ਼ੀਸਦੀ ਅਦਾਇਗੀ ਨਾਲ ਸਮੁੱਚੇ ਪੰਜਾਬ 'ਚ ਅਦਾਇਗੀ ਪੱਖੋਂ ਤੀਸਰੇ ਸਥਾਨ 'ਤੇ ਹੈ। ਵਿਧਾਇਕਾ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਨਦਾਤੇ ਵਜੋਂ ਜਾਣੇ ਜਾਂਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ, ਜਿਸ ਲਈ ਜ਼ਮੀਨੀ ਪੱਧਰ 'ਤੇ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਵੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਕਣਕ ਦਾ ਖਰੀਦ ਸੀਜ਼ਨ ਵਧੀਆ ਢੰਗ ਨਾਲ ਚੱਲ ਰਿਹਾ ਹੈ, ਜਿਸ ਵਿੱਚ ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਪ੍ਰਤੀਨਿਧਾਂ ਦਾ ਰੋਲ ਸ਼ਲਾਘਾਯੋਗ ਹੈ।
ਇਸ ਮੌਕੇ ਉਨ੍ਹਾਂ ਨਾਲ ਮੌਜੂਦ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਾਸ਼ਨ ਦੇ ਤੀਸਰੇ ਖਰੀਦ ਸੀਜ਼ਨ 'ਚ ਵੀ ਇਹ ਦਰਸਾ ਦਿੱਤਾ ਗਿਆ ਹੈ ਕਿ ਜਦੋਂ ਨੀਅਤ ਨੇਕ ਹੋਵੇ ਅਤੇ ਸੁਭਾਅ 'ਚ ਇਮਾਨਦਾਰੀ ਹੋਵੇ ਤਾਂ ਕਿਸੇ ਵੀ ਕਾਰਜ ਵਿੱਚ ਕੋਈ ਮੁਸ਼ਕਿਲ ਨਹੀਂ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਦਿਖਾਈ ਬੇਹਤਰੀਨ ਕਾਰਗੁਜ਼ਾਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਿਲ ਦੂਰ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਮੁੱਖ ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ।
ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਸਕੱਤਰ ਮਾਰਕੀਟ ਕਮੇਟੀ ਸੁਰਿੰਦਰਪਾਲ, ਡੀ ਐਫ ਐਸ ਓ ਜਤਿਨ ਵਰਮਾ, ਏ ਐਫ ਐਸ ਓ ਮਨਜੀਤ ਸਿੰਘ, ਮੈਨੇਜਰ ਮਾਰਕਫ਼ੈਡ ਪਰਮਿੰਦਰ ਗੁੱਜਰ, ਪਨਸਪ ਇੰਸਪੈਕਟਰ ਸਤਿੰਦਰ ਭੁੰਬਲਾ, ਫੂਡ ਸਪਲਾਈ ਇੰਸਪੈਕਟਰ ਗਗਨਦੀਪ ਸਿੰਘ, ਧਰਮਪਾਲ, ਹਰੀਸ਼ ਕੁਮਾਰ, ਤੇ ਐਫ ਸੀ ਆਈ ਦੇ ਤਕਨੀਕੀ ਸਹਾਇਕ ਸੁਮੇਰ ਸਿੰਘ ਤੇ ਅਜੇ ਸਿੰਘ ਤੋਂ ਇਲਾਵਾ ਆੜ੍ਹਤੀ ਤੇ ਕਿਸਾਨ ਮੌਜੂਦ ਸਨ।