ਬੰਗਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਲਈ 12 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੰਡੇ
ਨਵਾਂਸ਼ਹਿਰ/ਬੰਗਾ, 9 ਅਪਰੈਲ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ
ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ
ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਮਹਿੰਗਾਈ ਨੇ
ਮੱਧਮ ਅਤੇ ਹੇਠਲੇ ਵਰਗ ਦੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਘਰ ਦੇ ਖਰਚੇ ਪੂਰੇ
ਕਰਨੇ ਔਖੇ ਹੋ ਗਏ ਹਨ। ਉਹ ਅੱਜ ਬੰਗਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਲਧਾਣਾ
ਝਿੱਕਾ, ਝਿੰਗਣਾ ਅਤੇ ਮੰਡਹਾਲੀ ਦਾ ਦੌਰਾ ਕਰਨ ਮੌਕੇ ਆਯੋਜਿਤ ਜਨਤਕ ਮੀਟਿੰਗਾਂ ਨੂੰ
ਸੰਬੋਧਨ ਕਰ ਰਹੇ ਸਨ। ਜਿੱਥੇ ਉਨ੍ਹਾਂ ਨੇ ਪਿੰਡ ਲਧਾਣਾ ਝਿੱਕਾ, ਝਿੰਗਣਾ, ਭੜੋਲੀ ਅਤੇ
ਮੰਡਹਾਲੀ ਦੇ ਵਿਕਾਸ ਕਾਰਜਾਂ ਲਈ ਕੁੱਲ 12 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਵੰਡੇ।
ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਦੀ
ਯੂ.ਪੀ.ਏ ਸਰਕਾਰ ਵੇਲੇ ਘਰੇਲੂ ਰਸੋਈ ਗੈਸ ਦਾ ਸਿਲੰਡਰ ਜੋ 350 ਰੁਪਏ ਦੇ ਕਰੀਬ ਮਿਲਦਾ
ਸੀ, ਅੱਜ 1100 ਰੁਪਏ ਦੇ ਲਗਭਗ ਮਿਲ ਰਿਹਾ ਹੈ। ਸਰ੍ਹੋਂ ਦਾ ਤੇਲ 200 ਰੁਪਏ ਪ੍ਰਤੀ
ਲੀਟਰ ਦੇ ਕਰੀਬ ਪਹੁੰਚ ਗਿਆ ਹੈ। ਦੁੱਧ, ਖੰਡ ਤੋਂ ਲੈ ਕੇ ਹਰ ਚੀਜ਼ ਦੇ ਰੇਟ ਅਸਮਾਨ
ਨੂੰ ਛੂਹ ਰਹੇ ਹਨ। ਅਸਮਾਨ ਛੂਹ ਰਹੀ ਮਹਿੰਗਾਈ ਨੇ ਮੱਧਮ ਅਤੇ ਹੇਠਲੇ ਵਰਗ ਦੇ ਲੋਕਾਂ
ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ ਦਾ ਨਾਅਰਾ ਦੇਣ
ਵਾਲੀ ਭਾਜਪਾ ਦੇ ਸ਼ਾਸਨ ਵਿੱਚ ਮਹਿੰਗਾਈ ਨੇ ਤਬਾਹਕੁਨ ਰੂਪ ਧਾਰਨ ਕਰ ਲਿਆ ਹੈ।
ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਆਪਣੀ
ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਲੋਕਾਂ ਨੂੰ ਬੁਨਿਆਦੀ
ਸਹੂਲਤਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ ਅਤੇ ਇਸ ਲਈ ਉਹ ਲਗਾਤਾਰ ਯਤਨ ਕਰਦੇ ਰਹਿਣਗੇ।
ਜਿਸ ਵਿਚ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਤਰਲੋਚਨ ਸੂੰਢ, ਯੋਜਨਾ ਬੋਰਡ
ਨਵਾਂਸ਼ਹਿਰ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਡਾ: ਹਰਪ੍ਰੀਤ ਕੈਂਥ,
ਧਰਮਜੀਤ ਸਿੰਘ ਪੂੰਨੀ ਸਾਬਕਾ ਚੇਅਰਮੈਨ, ਨਰਿੰਦਰ ਸਿੰਘ ਸਰਪੰਚ, ਸੁਖਵਿੰਦਰ ਸਿੰਘ
ਧਾਵਾ, ਕੁਲਬਰਨ ਸਿੰਘ, ਸੋਨੂੰ ਝਿੱਕਾ, ਸ਼ਿਵ ਨਾਥ, ਸਤਵੰਤ ਕੌਰ, ਬਿਹਾਰੀ ਲਾਲ ਸਾਬਕਾ
ਸਰਪੰਚ, ਹਰਚਰਨਜੀਤ ਨੰਬਰਦਾਰ, ਮੀਰਾ ਸ਼ਰਮਾ ਸਰਪੰਚ, ਨੀਲਮ ਸ਼ਰਮਾ, ਹਰਭਜਨ ਸਿੰਘ
ਭੜੌਲੀ, ਪਰਵਿੰਦਰ ਛਾਬੜਾ, ਕਸ਼ਮੀਰ ਸਿੰਘ ਲੰਬੜਦਾਰ, ਕ੍ਰਿਸ਼ਨ ਕੁਮਾਰ ਸਰਪੰਚ, ਕਸ਼ਮੀਰ
ਸਿੰਘ ਪੱਪੂ, ਤੀਰਥ ਸਿੰਘ ਸ਼ੇਰਗਿੱਲ, ਜੋਗਿੰਦਰ ਸਿੰਘ, ਤਲਵਿੰਦਰ ਸਿੰਘ ਆਦਿ ਹਾਜ਼ਰ ਸਨ
|