ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਦੀਆਂ ਮੰਡੀਆਂ ਵਿੱਚ ਸੀਜ਼ਨ ਦੇ ਨਿਰਧਾਰਿਤ ਟੀਚੇ ਦੀ 76 ਫੀਸਦੀ ਖਰੀਦ ਮੁਕੰਮਲ

ਸਮੇਂ ਸਿਰ ਭਾਅ ਲੱਗਣ ਤੇ ਖਾਤਿਆਂ ਚ ਵਿਕੀ ਉਪਜ ਦੇ ਪੈਸੇ ਆਉਣ ਤੇ ਕਿਸਾਨ ਖੁਸ਼
ਨਵਾਂਸ਼ਹਿਰ, 26 ਅਪਰੈਲ : ਪੰਜਾਬ ਸਰਕਾਰ ਵੱਲੋਂ ਰੱਬੀ ਖਰੀਦ ਸੀਜ਼ਨ ਦੌਰਾਨ ਕਣਕ ਦੀ
ਨਾਲੋ-ਨਾਲ ਬੋਲੀ ਲਾਉਣ ਅਤੇ ਸਮੇਂ ਸਿਰ ਅਦਾਇਗੀ ਤੋਂ ਕਿਸਾਨਾਂ ਵਿਚ ਖੁਸ਼ੀ ਦਾ ਮਾਹੌਲ
ਹੈ। ਬੁੱਧਵਾਰ ਨੂੰ ਨਵਾਂਸ਼ਹਿਰ ਮੰਡੀ ਵਿੱਚ ਮੌਜੂਦ ਕਿਸਾਨਾਂ ਅਜਮੇਰ ਸਿੰਘ ਪੁੱਤਰ
ਕਰਨੈਲ ਸਿੰਘ ਪਿੰਡ ਅਮਰਗੜ੍ਹ ਅਤੇ ਜਸਕਰਨ ਸਿੰਘ ਪਿੰਡ ਚਾਹਲ ਖੁਰਦ ਦਾ ਕਹਿਣਾ ਸੀ ਕਿ
ਪੰਜਾਬ ਸਰਕਾਰ ਵਲੋਂ ਨਾਲੋ ਨਾਲ ਭਾਅ ਲਾਉਣ ਅਤੇ ਮਿੱਥੇ ਸਮੇਂ ਵਿੱਚ ਅਦਾਇਗੀ ਉਨ੍ਹਾਂ
ਦੇ ਖਾਤਿਆਂ ਵਿੱਚ ਕਰਨ ਨਾਲ, ਉਹ ਸੀਜ਼ਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ
ਦੱਸਿਆ ਕਿ ਇਸ ਨਾਲ ਜਿੱਥੇ ਉਨ੍ਹਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰੀ ਹੋਣ ਤੋਂ ਰਾਹਤ
ਮਿਲੀ ਹੈ, ਉੱਥੇ ਸ਼ਾਮ ਨੂੰ ਹੀ ਫ਼ਸਲ ਵੇਚ ਕੇ ਘਰ ਪਰਤ ਜਾਣ ਦੀ ਵੱਡੀ ਸਹੂਲਤ ਵੀ ਮਿਲੀ
ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ
ਮੰਡੀਆਂ ਵਿੱਚ ਬੁੱਧਵਾਰ ਸ਼ਾਮ ਤੱਕ 176088 ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਸ ਸੀਜ਼ਨ ਦੌਰਾਨ 231600 ਮੀਟ੍ਰਿਕ ਟਨ ਦੀ ਖਰੀਦ ਦਾ ਟੀਚਾ ਮਿਥਿਆ
ਗਿਆ ਹੈ, ਜਿਸ ਵਿਚੋਂ ਅੱਜ ਸ਼ਾਮ ਤੱਕ 76 ਫੀਸਦੀ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ
ਦੱਸਿਆ ਕਿ ਅੱਜ ਇੱਕ ਦਿਨ ਵਿੱਚ 21000 ਮੀਟ੍ਰਿਕ ਟਨ ਤੋਂ ਵਧੇਰੇ ਦੀ ਖਰੀਦ ਦਰਜ ਕੀਤੀ
ਗਈ।
ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਅੱਜ 1901 ਕਿਸਾਨਾਂ ਨੂੰ ਰਾਸ਼ੀ
ਜਾਰੀ ਕੀਤੀ ਗਈ ਅਤੇ ਸੀਜ਼ਨ ਦੌਰਾਨ 17442 ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ
ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ਾਮ ਤੱਕ ਖਰੀਦ ਏਜੰਸੀਆਂ ਵੱਲੋਂ 299.37 ਰੁਪਏ ਦੀ
ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਲਿਫਟਿੰਗ ਨੂੰ ਹੋਰ ਵਧਾਉਣ ਲਈ ਅੱਜ ਸ਼ਾਮ ਨੂੰ ਖਰੀਦ
ਏਜੰਸੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਆਮਦ ਦੇ
ਮੁਕਾਬਲੇ ਲਿਫਟਿੰਗ ਦੀ ਰਫ਼ਤਾਰ ਹੋਰ ਵਧਾਈ ਜਾਵੇ।