ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਆਰੰਭ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਆਰੰਭ
ਬੰਗਾ :  5 ਅਪ੍ਰੈਲ :-   ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਅਧੀਨ ਚੱਲ ਰਹੇ ਪ੍ਰਸਿੱਧ ਸੀ.ਬੀ.ਐਸ.ਸੀ. ਬੋਰਡ ਵੱਲੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਾਲ 2023- 2024 ਦਾ ਵਿਦਿਅਕ ਸੈਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਆਰੰਭ ਹੋਇਆ। ਇਸ ਮੌਕੇ ਸਜੇ ਪੰਡਾਲ ਵਿਚ ਪੂਰਨ ਗੁਰਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।  ਸੈਸ਼ਨ ਦੀ ਆਰੰਭਤਾ ਮੌਕੇ ਸਜੇ ਦੀਵਾਨ ਵਿਚ ਸੰਂਤ ਬਾਬਾ ਪ੍ਰੀਤਮ ਸਿੰਘ ਜੀ ਨਿਰਮਲ ਕੁਟੀਆ ਡੁਮੇਲੀ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।  ਬਾਬਾ ਜੀ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਸਕੂਲ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਅਤੇ ਪੜ੍ਹਾਈ ਦੀ ਮਹਾਨਤਾ ਬਾਰੇ ਜਾਣੂੰ ਕਰਵਾਇਆ।  ਸੈਸ਼ਨ ਦੀ ਆਰੰਭਤਾ ਮੌਕੇ  ਵਿਦਿਆਰਥੀਆਂ, ਸਟਾਫ਼, ਸਕੂਲ ਅਤੇ ਸਰਬੱਤ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ ।  
        ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਕੂਲ ਦੇ ਨਵੇਂ ਸੈਸ਼ਨ 2023-24 ਦੀ ਆਰੰਭਤਾ ਮੌਕੇ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਨੇ ਕਿਹਾ ਕਿ ਸਕੂਲ 'ਚ ਆਏ ਹਰ ਬੱਚੇ ਨੂੰ ਮਿਆਰੀ ਸਿੱਖਿਆ ਦੇਣਾ ਹੀ ਸਕੂਲ ਅਧਿਆਪਕਾਂ ਦਾ  ਦਾ ਮੁੱਢਲਾ ਫ਼ਰਜ਼ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਸਕੂਲ ਵਿਚ ਨਰਸਰੀ ਜਮਾਤ ਤੋਂ ਲੈ ਕੇ 10+2 ਤੱਕ ਦੀਆਂ ਕਲਾਸਾਂ ਵਿਚ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਦੀ ਪੜ੍ਹਾਈ ਆਧੁਨਿਕ ਤਰੀਕਿਆਂ ਨਾਲ ਕਰਵਾਈ ਜਾ ਰਹੀ ਹੈ । ਸਕੂਲ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।  ਮੈਡਮ ਪਰਮਜੀਤ ਕੌਰ ਮੱਲੂਪੋਤਾ ਨੇ ਸਟੇਜ ਦੀ ਸੰਚਾਲਨਾ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਨੇ ਸਕੂਲ ਪ੍ਰਬੰਧਕ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਸੰਂਤ ਬਾਬਾ ਪ੍ਰੀਤਮ ਸਿੰਘ ਜੀ ਡੁਮੇਲੀ ਵਾਲਿਆਂ  ਸਨਮਾਨ ਵੀ ਕੀਤਾ ਗਿਆ।
           ਨਵੇਂ ਸੈਸ਼ਨ 2023-24 ਦੀ ਆਰੰਭਤਾ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਗਿਆਨੀ ਗੁਰਦਿਆਲ ਸਿੰਘ ਲੱਖਪੁਰ,  ਪ੍ਰਿੰਸੀਪਲ ਮੈਡਮ ਵਨੀਤਾ ਚੋਟ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਸ੍ਰੀ ਲਾਲ ਚੰਦ ਔਜਲਾ,  ਸ. ਸੁਖਵਿੰਦਰ ਸਿੰਘ, ਮੈਡਮ ਅਮਰਜੀਤ ਕੌਰ, ਮੈਡਮ ਬਲਜੀਤ ਕੌਰ, ਡੀ. ਪੀ. ਈ. ਜਸਬੀਰ ਕੌਰ, ਸਮੂਹ ਸਕੂਲ ਸਟਾਫ਼ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਅਕ ਸੈਸ਼ਨ 2023-24 ਦੀ ਆਰੰਭਤਾ ਮੌਕੇ ਹੋਏ  ਸਮਾਗਮ ਦੀਆਂ ਤਸਵੀਰਾਂ