ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਬਦਲੇ ਸਮੇਂ ਮੁਤਾਬਕ 2 ਮਈ ਤੋਂ ਸਵੇਰੇ 7:30 ਵਜੇ ਦਫ਼ਤਰ ਖੁੱਲ੍ਹਣਗੇ-ਡੀ ਸੀ ਰੰਧਾਵਾ

ਅਧਿਕਾਰੀਆਂ/ਕਰਮਚਾਰੀਆਂ ਨੂੰ ਤਬਦੀਲ ਹੋਏ ਸਮੇਂ ਮੁਤਾਬਕ ਦਫ਼ਤਰਾਂ 'ਚ ਹਾਜ਼ਰ ਰਹਿਣ ਦੀਆਂ ਹਦਾਇਤਾਂ

ਆਮ ਲੋਕਾਂ ਨੂੰ ਆਪਣੇ ਕੰਮਾਂ ਲਈ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਸਰਕਾਰੀ
ਦਫ਼ਤਰਾਂ 'ਚ ਆਉਣ ਦੀ ਅਪੀਲ

ਨਵਾਂਸ਼ਹਿਰ, 30 ਅਪਰੈਲ : ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿਖੇ ਸਥਿਤ
ਆਪਣੇ ਸਾਰੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ
ਜ਼ਿਲ੍ਹੇ ਵਿੱਚ ਵੀ 2 ਮਈ ਮੰਗਲਵਾਰ ਤੋਂ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਤੋਂ ਦੁਪਹਿਰ
2:00 ਵਜੇ ਤੱਕ ਕੰਮ ਕਰਨਗੇ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ, ਨਵਜੋਤ ਪਾਲ
ਸਿੰਘ ਰੰਧਾਵਾ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਦੇ ਸਮੇਂ 'ਚ ਇਹ ਤਬਦੀਲੀ 15 ਜੁਲਾਈ,
2023 ਤੱਕ ਲਾਗੂ ਰਹੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਦਫ਼ਤਰੀ ਸਮੇਂ 'ਚ ਕੀਤੀ
ਤਬਦੀਲੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 2 ਮਈ ਤੋਂ
ਬਦਲੇ ਸਮੇਂ ਮੁਤਾਬਕ ਦਫ਼ਤਰਾਂ 'ਚ ਪਹੁੰਚਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ
ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਦਫ਼ਤਰਾਂ ਦੀ ਨਵੀਂ
ਸਮਾਂ ਸਾਰਣੀ ਅਨੁਸਾਰ ਹੀ ਆਪਣੇ ਕੰਮਕਾਜ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ।
ਉਨ੍ਹਾਂ ਦੱਸਿਆ ਕਿ ਦਫ਼ਤਰਾਂ ਦਾ ਬਦਲਿਆ ਸਮਾਂ ਜਿੱਥੇ ਗਰਮੀਆਂ ਵਿੱਚ ਬਿਜਲੀ ਦੀ ਵਧੀ
ਮੰਗ ਦੇ ਮੱਦੇਨਜ਼ਰ ਬਿਜਲੀ ਦੀ ਖਪਤ ਘਟਾਉਣ 'ਚ ਮੱਦਦ ਕਰੇਗਾ ਉੱਥੇ ਆਮ ਲੋਕਾਂ ਨੂੰ ਵੀ
ਸਵੇਰੇ-ਸਵੇਰੇ ਆਪਣੇ ਕੰਮਾਂ-ਕਾਰਾਂ ਲਈ ਦਫ਼ਤਰਾਂ 'ਚ ਸਟਾਫ਼ ਉਪਲਬਧ ਕਰਵਾ ਕੇ, ਗਰਮੀਆਂ
ਦੀਆਂ ਤਿੱਖੜ ਦੁਪਹਿਰਾਂ ਤੋਂ ਵੀ ਰਾਹਤ ਮਿਲੇਗੀ।

ਕਣਕ ਦੇ ਸੁਚੱਜੇ ਖਰੀਦ ਪ੍ਰਬੰਧਾਂ ਕਾਰਨ ਮੰਡੀਆਂ ਵਿੱਚ ਹੋ ਰਹੀ ਨਿਰਵਿਘਨ ਖਰੀਦ : ਡਿਪਟੀ ਕਮਿਸ਼ਨਰ

ਕਰੀਬ 4 ਲੱਖ ਮੀਟਿਰਕ ਟਨ ਕਣਕ ਦੀ ਕੀਤੀ ਖਰੀਦ
ਅੰਮਿ੍ਤਸਰ, 30 ਅ੍ਰਪੈਲ : ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਕੀਤੇ ਗਏ ਸੁਚੱਜੇ
ਪ੍ਰਬੰਧਾਂ ਸਦਕਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖਰੀਦ ਕੀਤੀ ਜਾ ਰਹੀ
ਹੈ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਮੰਡੀਆਂ ਵਿੱਚੋਂ ਗੌਦਾਮਾਂ ਤੱਕ ਕਣਕ ਲੈ ਕੇ ਜਾਣ
ਵਾਲੇ ਸਾਰੇ ਵਾਹਨਾਂ ਤੇ ਜੀ.ਪੀ.ਐਸ. ਸਿਸਟਮ ਲਗਾ ਕੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ
ਕਿਸੇ ਕਿਸਮ ਦੀ ਅਣਗਹਿਲੀ ਨਾ ਹੋ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ
ਸਿੰਘ ਸੂਦਨ ਨੇ ਕਣਕ ਦੀ ਖਰੀਦ ਪ੍ਰਕਿ੍ਰਆ ਸਬੰਧੀ ਵਿਚਾਰ ਸਾਂਝਾ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਹੋਈ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਦੇ ਬਾਵਜੂਦ
ਜ਼ਿਲ੍ਹੇ ਵਿੱਚ ਕਣਕ ਦੀ ਬੰਪਰ ਪੈਦਾਵਾਰ ਹੋਈ ਹੈ ਅਤੇ ਮੰਡੀਆਂ ਵਿੱਚ ਵੀ ਪਿਛਲੇ ਸਾਲ
ਨਾਲੋਂ ਕਿਧਰੇ ਵੱਧ ਫਸਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 4
ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਉਨਾਂ ਨੇ ਦੱਸਿਆ ਕਿ ਮੰਡੀਆ ਵਿੱਚ ਆਮਦ ਵੀ ਪਿਛਲੇ ਸਾਲਾਂ ਨਾਲੋਂ ਵੱਧ ਹੋ
ਰਹੀ ਹੈ ਅਤੇ ਹੋਰ ਕਣਕ ਮੰਡੀਆਂ ਵਿੱਚ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸਰਕਾਰ
ਦੇ ਆਦੇਸ਼ਾਂ ਅਤੇ ਮੰਡੀਆਂ ਦੀ ਲੋੜ ਨੂੰ ਵੇਖਦੇ ਹੋਏ ਲਿਫਟਿੰਗ ਦੇ ਕੰਮ ਵਿੱਚ ਵੀ ਤੇਜੀ
ਲਿਆਂਦੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖਰੀਦੀ ਗਈ ਕਣਕ ਦੀ ਅਦਾਇਗੀ ਵੀ ਤੈਅ ਸਮੇਂ
ਅੰਦਰ ਕੀਤੀ ਜਾ ਰਹੀ ਹੈ।

ਕਣਕ ਦੀ ਖਰੀਦ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ
ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਤੇ ਵਪਾਰੀਆਂ ਵੱਲੋਂ
ਖਰੀਦ ਕੀਤੀ ਗਈ ਕਰੀਬ 4 ਲੱਖ ਮੀਟਰਿਕ ਟਨ ਵਿੱਚੋਂ ਪਨਗ੍ਰੇਨ ਵੱਲੋਂ 122436 ਮੀਟਰਿਕ
ਟਨ, ਮਾਰਕਫੈੱਡ ਵੱਲੋਂ 90506 ਮੀਟਰਿਕ ਟਨ, ਪਨਸਪ ਵੱਲੋਂ 76120 ਮੀਟਰਿਕ ਟਨ, ਵੇਅਰ
ਹਾਊਸ ਵੱਲੋਂ 77845 ਮੀਟਰਿਕ ਟਨ, ਐਫ.ਸੀ.ਆਈ. ਵੱਲੋਂ 14080 ਮੀਟਰਿਕ ਟਨ ਕਣਕ ਦੀ
ਖਰੀਦ ਕੀਤੀ ਗਈ ਹੈ।

ਜ਼ਿਲ੍ਹੇ ਵਿੱਚ 42 ਹਜ਼ਾਰ ਤੋਂ ਵਧੇਰੇ ਸਰਟੀਫ਼ਿਕੇਟ ਮੋਬਾਇਲ ਫ਼ੋਨਾਂ ਜ਼ਰੀਏ ਐਸ ਐਮ ਐਸ ਲਿੰਕ ਰਾਹੀਂ ਭੇਜੇ ਗਏ

ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ 16 ਤਰ੍ਹਾਂ ਦੇ ਸਰਟੀਫ਼ਿਕੇਟ ਬਿਨੇਕਾਰਾਂ ਨੂੰ
ਮੋਬਾਇਲ ਜ਼ਰੀਏ ਪ੍ਰਾਪਤ ਹੋਣੇ ਸ਼ੁਰੂ
ਮੋਬਾਇਲ ਰਾਹੀਂ ਪ੍ਰਾਪਤ ਸਰਟੀਫ਼ਿਕੇਟ ਸਾਰੇ ਦਫ਼ਤਰਾਂ 'ਚ ਪ੍ਰਵਾਨ ਕੀਤੇ ਜਾਣਗੇ,
ਪ੍ਰਮਾਣਿਕਤਾ ਦੀ ਜਾਂਚ ਈ ਸੇਵਾ ਪੋਰਟਲ 'ਤੇ ਹੋ ਸਕੇਗੀ
ਨਵਾਂਸ਼ਹਿਰ, 30 ਅਪਰੈਲ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਰਕਾਰੀ
ਸੇਵਾਵਾਂ ਨਾਲ ਸਬੰਧਤ ਸਰਟੀਫ਼ਿਕੇਟ ਹੁਣ ਫ਼ਿਜ਼ੀਕਲੀ (ਨਿੱਜੀ ਤੌਰ 'ਤੇ) ਸੇਵਾ ਕੇਂਦਰਾਂ
'ਚ ਆ ਕੇ ਪ੍ਰਾਪਤ ਕਰਨ ਦੀ ਥਾਂ ਉਨ੍ਹਾਂ ਦੇ ਮੋਬਾਇਲਾਂ ਰਾਹੀ ਐਸ ਐਮ ਐਸ ਲਿੰਕ ਰਾਹੀਂ
ਭੇਜਣੇ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਬਿਨੇਕਾਰਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ
ਪਹਿਲੇ ਪੜਾਅ 'ਚ 16 ਤਰ੍ਹਾਂ ਦੇ ਸਰਟੀਫਿਕੇਟ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿੱਚ ਜਨਮ
ਸਰਟੀਫ਼ਿਕੇਟ, ਮੌਤ ਸਰਟੀਫ਼ਿਕੇਟ, ਦਿਹਾਤੀ ਖੇਤਰ ਸਰਟੀਫ਼ਿਕੇਟ, ਆਮਦਨ ਸਰਟੀਫ਼ਿਕੇਟ, ਵਿਆਹ
ਸਰਟੀਫ਼ਿਕੇਟ, ਆਮਦਨ ਅਤੇ ਸੰਪਤੀ ਸਰਟੀਫ਼ਿਕੇਟ, ਰਿਹਾਇਸ਼ ਸਰਟੀਫ਼ਿਕੇਟ, ਐਸ.ਸੀ./ ਬੀ.ਸੀ./
ਓ.ਬੀ.ਸੀ./ ਜਨਰਲ ਸਰਟੀਫ਼ਿਕੇਟ, ਬੁਢਾਪਾ ਪੈਨਸ਼ਨ, ਦਿਵਿਆਂਗ ਪੈਨਸ਼ਨ, ਵਿਧਵਾ/ਬੇਸਹਾਰਾ
ਮਹਿਲਾ ਪੈਨਸ਼ਨ, ਆਸ਼ਰਿਤ ਬੱਚਿਆਂ ਲਈ ਪੈਨਸ਼ਨ ਅਤੇ ਸੀਨੀਅਰ ਸਿਟੀਜ਼ਨ ਆਈ.ਡੀ. ਕਾਰਡ ਸ਼ਾਮਲ
ਹਨ।
ਉੁਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਅਜਿਹੇ 42191 ਸਰਟੀਫ਼ਿਕੇਟ
ਮੋਬਾਇਲ ਫ਼ੋਨਾਂ ਜ਼ਰੀਏ ਐਸ ਐਮ ਐਸ ਲਿੰਕ ਰਾਹੀਂ ਭੇਜੇ ਗਏ ਹਨ, ਜਿਨ੍ਹਾਂ ਦਾ ਬਿਨੇਕਾਰ
ਆਪਣੀ ਸਹੂਲਤ ਲਈ ਪਿ੍ਰੰਟ ਵੀ ਕਢਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ
ਬਿਨੇਕਾਰ ਨੂੰ ਸਰਟੀਫ਼ਿਕੇਟ ਦੀ ਕਾਪੀ ਲੋੜੀਂਦੀ ਹੋਵੇ ਤਾਂ ਉਹ ਆਪਣੇ ਫ਼ੋਨ 'ਤੇ ਪ੍ਰਾਪਤ
ਹੋਇਆ ਐਸ ਐਮ ਐਸ ਦਿਖਾ ਕੇ ਨੇੜਲੇ ਸੇਵਾ ਕੇਂਦਰ ਤੋਂ ਉਸ ਦੀ ਕਾਪੀ ਵੀ ਕਢਵਾ ਸਕਦਾ ਹੈ,
ਜਿਸ ਦੀ ਕੋਈ ਫ਼ੀਸ ਨਹੀਂ ਲਈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਨ ਦੀ
ਪਹਿਲਕਦਮੀ ਸਦਕਾ ਹੁਣ ਨਾਗਰਿਕਾਂ ਨੂੰ ਸਰਟੀਫ਼ਿਕੇਟਾਂ ਦੀਆਂ ਹਾਰਡ (ਪਿ੍ਰੰਟ) ਕਾਪੀਆਂ
ਲੈਣ ਲਈ ਕਿਸੇ ਦਫ਼ਤਰ/ਸੇਵਾ ਕੇਂਦਰ ਵਿਖੇ ਜਾਣ ਦੀ ਲੋੜ ਨਹੀਂ ਪਵੇਗੀ। ਉਕਤ 16 ਸੇਵਾਵਾਂ
ਨਾਲ ਸਬੰਧਤ ਕਿਸੇ ਵੀ ਸੇਵਾ ਲਈ ਅਪਲਾਈ ਕਰਨ ਵਾਲੇ ਨਾਗਰਿਕ ਦੇ ਮੋਬਾਈਲ ਫੋਨ ਉਤੇ
ਐਸ.ਐਮ.ਐਸ. ਰਾਹੀਂ ਲਿੰਕ ਭੇਜਿਆ ਜਾਂਦਾ ਹੈ, ਜਿਸ ਉਤੇ ਕਲਿੱਕ ਕਰਕੇ ਸਰਟੀਫਿਕੇਟ
ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਸਰਟੀਫਿਕੇਟ ਨੂੰ ਸਾਰੇ ਦਫ਼ਤਰਾਂ ਵਿੱਚ ਸਵੀਕਾਰ ਕੀਤਾ
ਜਾਵੇਗਾ ਅਤੇ ਇਨ੍ਹਾਂ ਸਰਟੀਫ਼ਿਕੇਟਾਂ ਦੀ ਪ੍ਰਮਾਣਿਕਤਾ ਨੂੰ ਈ-ਸੇਵਾ ਪੋਰਟਲ 'ਤੇ
ਆਨਲਾਈਨ ਵੀ ਚੈੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਈ-ਸੇਵਾ ਪੋਰਟਲ ਉਤੇ 430
ਤੋਂ ਵੱਧ ਸੇਵਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ 320 ਸੇਵਾਵਾਂ ਵਿੱਚ ਆਨਲਾਈਨ ਬਿਨੇ
ਕਰਨ ਦੀ ਸੁਵਿਧਾ ਹੈ ਜਦਕਿ 105 ਸੇਵਾਵਾਂ ਵਾਸਤੇ ਆਫ਼ਲਾਈਨ (ਨਿੱਜੀ ਤੌਰ 'ਤੇ ਸੇਵਾ
ਕੇਂਦਰ 'ਚ ਜਾ ਕੇ) ਬਿਨੇ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ
ਸਰਟੀਫ਼ਿਕੇਟ ਜਾਂ ਸੇਵਾ ਲਈ ਬਿਨੇ ਕਰਨ 'ਤੇ ਬਿਨੇਕਾਰ ਨੂੰ ਇਧਰ-ਉਧਰ ਸਰਕਾਰੀ ਦਫ਼ਤਰਾਂ
'ਚ ਜਾਣ ਦੀ ਲੋੜ ਨਹੀਂ ਪੈਂਦੀ ਬਲਕਿ ਸਾਰਾ ਕੰਮ ਆਨਲਾਈਨ ਹੀ ਹੁੰਦਾ ਹੈ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਐਤਵਾਰ ਸ਼ਾਮ ਤੱਕ 228137 ਮੀਟ੍ਰਿਕ ਟਨ ਕਣਕ ਦੀ ਖਰੀਦ

ਨਵਾਂਸ਼ਹਿਰ, 30 ਅਪਰੈਲ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ
ਐਤਵਾਰ ਸ਼ਾਮ ਤਕ 228137 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਕਿ ਇਸ
ਸਾਲ ਦੇ ਮਿੱਥੇ ਟੀਚੇ 231600 ਮੀਟ੍ਰਿਕ ਟਨ ਦਾ 98.5 ਫੀਸਦੀ ਬਣਦੀ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਮਿੱਥੇ ਟੀਚੇ ਤੇ ਨਜ਼ਦੀਕ ਚੱਲ ਰਹੀ ਹੈ।
ਇਸ ਤੋਂ ਇਲਾਵਾ ਜ਼ਿਲੇ ਵਿਚ ਖਰੀਦੀ ਗਈ ਕਣਕ ਲਈ 445.52 ਕਰੋੜ ਰੁਪਏ ਦੀ ਅਦਾਇਗੀ ਕੀਤੀ
ਜਾ ਚੁੱਕੀ ਹੈ। ਇਹ ਅਦਾਇਗੀ 22637 ਕਿਸਾਨਾਂ ਨੂੰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ
ਅੱਜ ਇੱਕ ਦਿਨ ਵਿੱਚ 7611 ਮੀਟ੍ਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ। ਉਨ੍ਹਾਂ ਏਜੰਸੀ
ਵਾਰ ਖਰੀਦ ਦੇ ਅੰਕੜੇ ਦਿੰਦਿਆਂ ਦੱਸਿਆ ਕਿ ਮਾਰਕਫੈੱਡ ਨੇ 60983 ਮੀਟ੍ਰਿਕ ਟਨ,
ਪਨਗ੍ਰੇਨ ਨੇ 53627 ਮੀਟ੍ਰਿਕ ਟਨ, ਪਨਸਪ ਨੇ 54300 ਮੀਟ੍ਰਿਕ ਟਨ, ਪੰਜਾਬ ਰਾਜ
ਗੁਦਾਮ ਨਿਗਮ ਨੇ 35677 ਮੀਟ੍ਰਿਕ ਟਨ ਅਤੇ ਭਾਰਤੀ ਖ਼ੁਰਾਕ ਨਿਗਮ ਨੇ 23543
ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।

ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਉਰਦੂ ਸਿਖਲਾਈ ਜਮਾਤ ਇੱਕ ਜੁਲਾਈ ਤੋਂ

ਉਰਦੂ ਪੜ੍ਹਾਉਣ ਲਈ ਅੰਸ਼ਕਾਲੀ/ ਪਾਰਟ-ਟਾਈਮ ਯੋਗ ਅਧਿਆਪਕ ਵੀ ਕਰਨ ਸੰਪਰਕ
ਨਵਾਂਸ਼ਹਿਰ, 30 ਅਪਰੈਲ : ਭਾਸ਼ਾ ਵਿਭਾਗ, ਪੰਜਾਬ ਵਲੋਂ ਭਾਸ਼ਾਵਾਂ ਦੇ ਵਿਕਾਸ ਤਹਿਤ ਉਰਦੂ
ਭਾਸ਼ਾ ਦੀ ਸਿਖਲਾਈ ਦੇਣ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ
ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਇਸ ਸੈਸ਼ਨ ਤੋਂ ਉਰਦੂ ਸਿਖਲਾਈ ਕੇਂਦਰ ਸਥਾਪਤ
ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ, ਜ਼ਿਲ੍ਹਾ ਭਾਸ਼ਾ
ਦਫ਼ਤਰ, ਸੰਦੀਪ ਸਿੰਘ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ (ਐਸ ਡੀ
ਐਮ ਦਫ਼ਤਰ ਕੰਪਲੈਕਸ, ਨਵਾਂ ਸ਼ਹਿਰ) ਵਿਖੇ 1 ਜੁਲਾਈ 2023 ਤੋਂ ਉਰਦੂ ਸਿਖਲਾਈ ਲਈ ਜਮਾਤ
ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਉਰਦੂ ਸਿਖਲਾਈ ਕੇਂਦਰ ਵਾਸਤੇ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ/ ਪਾਰਟ-ਟਾਈਮ ਯੋਗ
ਅਧਿਆਪਕਾਂ ਨੂੰ ਵੀ ਜ਼ਿਲ੍ਹਾ ਭਾਸ਼ਾ ਦਫ਼ਤਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ
ਦੱਸਿਆ ਕਿ ਉਰਦੂ ਅਧਿਆਪਕ ਦੀ ਘੱਟੋ-ਘੱਟ ਯੋਗਤਾ ਐੱਮ.ਏ. ਉਰਦੂ ਰੱਖੀ ਗਈ ਹੈ। ਉਨ੍ਹਾਂ
ਦੱਸਿਆ ਕਿ ਉਰਦੂ ਅਧਿਆਪਕ ਵਜੋਂ ਸੇਵਾਵਾਂ ਦੇਣ ਵਾਲੇ ਬਿਨੇਕਾਰਾਂ ਦੀ ਮੈਰਿਟ ਬਣਾ ਕੇ
ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੂੰ ਭੇਜੀ ਜਾਵੇਗੀ, ਜਿਸ ਸਬੰਧੀ ਅੰਤਿਮ ਫੈਸਲਾ
ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵਲੋਂ ਹੀ ਲਿਆ ਜਾਵੇਗਾ। ਸੰਦੀਪ ਸਿੰਘ ਨੇ ਇਹ ਵੀ
ਦੱਸਿਆ ਕਿ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ / ਪਾਰਟ-ਟਾਈਮ ਰੱਖੇ ਗਏ ਉਮੀਦਵਾਰ ਨੂੰ
8000/-(ਅੱਠ ਹਜ਼ਾਰ ਰੁਪਏ) ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ ਅਤੇ ਰੋਜ਼ਾਨਾ ਇੱਕ
ਘੰਟੇ ਦੀ ਜਮਾਤ ਹੋਵੇਗੀ। ਅਧਿਆਪਕ ਲੱਗਣ ਦੇ ਚਾਹਵਾਨ ਉਮੀਦਵਾਰ ਆਪਣੇ ਬਿਨੈ- ਪੱਤਰ 10
ਮਈ 2023 ਤੱਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਭੇਜ ਸਕਦੇ ਹਨ।
ਜ਼ਿਆਦਾ ਜਾਣਕਾਰੀ ਲਈ ਸੰਦੀਪ ਸਿੰਘ ਖੋਜ ਅਫ਼ਸਰ ਨਾਲ (84376-26373) ਸੰਪਰਕ ਕੀਤਾ ਜਾ
ਸਕਦਾ ਹੈ।

ਜ਼ਿਲ੍ਹੇ ਵਿਚ ਸ਼ੋਰ ਪ੍ਰਦੂਸ਼ਣ ਸਬੰਧੀ ਮਨਾਹੀ ਦੇ ਹੁਕਮ ਜਾਰੀ

ਜ਼ਿਲ੍ਹੇ ਵਿਚ ਸ਼ੋਰ ਪ੍ਰਦੂਸ਼ਣ ਸਬੰਧੀ ਮਨਾਹੀ ਦੇ ਹੁਕਮ ਜਾਰੀ
ਨਵਾਂਸ਼ਹਿਰ, 29 ਅਪਰੈਲ : ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਰਿੱਟ ਪਟੀਸ਼ਨ (ਸਿਵਲ) ਨੰਬਰ 72 ਆਫ਼ 1998 ਵਿੱਚ ਕੀਤੇ ਹੁਕਮ (ਮਿਤੀ 18.07.2005), ਭਾਰਤ ਸਰਕਾਰ ਵੱਲੋਂ ਜਾਰੀ 'ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼, 2000' ਤਹਿਤ ਜਾਰੀ ਨੋਟੀਫਿਕੇਸ਼ਨ ਮਿਤੀ 14.02.2000 ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿੱਟ ਪਟੀਸ਼ਨ 6213 ਆਫ਼ 2016 ਵਿੱਚ ਮਿਤੀ 22.07.2019 ਨੂੰ ਪਾਸ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਸ਼ੋਰ ਪ੍ਰਦੂਸ਼ਣ 'ਤੇ ਰੋਕ ਅਤੇ ਨਿਯੰਤਰਣ ਲਈ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।
            ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਜਥੇਬੰਦੀਆਂ ਦੇ ਲੀਡਰਾਂ ਤੇ ਅਹੁਦੇਦਾਰਾਂ ਵੱਲੋਂ ਕੀਤੇ ਜਾਣ ਵਾਲੇ ਜਲਸਿਆਂ, ਰੈਲੀਆਂ, ਰੋਸ ਧਰਨੇ ਆਦਿ, ਕਿਸੇ ਵੀ ਐਨ.ਜੀ.ਓਜ਼, ਪ੍ਰਾਈਵੇਟ, ਸਮਾਜਿਕ, ਮੰਦਿਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਸੰਸਥਾਵਾਂ, ਵਪਾਰਕ ਸੰਸਥਾਵਾਂ/ਅਦਾਰਿਆਂ ਆਦਿ ਦੇ ਪ੍ਰਬੰਧਕਾਂ/ਅਹੁਦੇਦਾਰਾਂ ਵੱਲੋਂ ਵੱਖ-ਵੱਖ ਪ੍ਰੋਗਰਾਮ, ਸਮਾਗਮ ਆਦਿ ਮੌਕੇ 'ਤੇ ਕਿਸੇ ਵੀ ਬਿਲਡਿੰਗ, ਪਬਲਿਕ ਸਥਾਨਾਂ, ਖੁੱਲੇ੍ਹ ਸਥਾਨਾਂ, ਪੰਡਾਲਾਂ ਵਿਚ ਲਾਊਡ ਸਪੀਕਰ ਆਦਿ ਦੀ ਵਰਤੋਂ ਲਈ ਅਤੇ ਕਿਸੇ ਵੱਲੋਂ ਵੀ ਵਿਆਹ ਸ਼ਾਦੀਆਂ, ਖੁਸ਼ੀ ਦੇ ਮੌਕਿਆਂ ਅਤੇ ਹੋਰ ਵੱਖ-ਵੱਖ ਮੌਕਿਆ ਆਦਿ ਤੇ ਮੈਰਿਜ ਪੈਲੇਸਾਂ, ਕਲੱਬਾਂ, ਹੋਟਲਾਂ ਅਤੇ ਖੁੱਲੇ ਸਥਾਨਾਂ ਆਦਿ ਵਿਚ ਡੀ. ਜੇ, ਆਰਕੈਸਟਰਾ, ਸੰਗੀਤਕ ਯੰਤਰ ਆਦਿ ਦੀ ਵਰਤੋਂ ਕਿਸੇ ਵੀ ਸਮੇਂ (ਦਿਨ ਜਾਂ ਰਾਤ), ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੁਆਇਸ) ਐਕਟ, 1956 ਵਿਚ ਦਰਜ ਸ਼ਰਤਾਂ ਤਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਏ ਜਾਣਗੇ। ਲਿਖਤੀ ਪ੍ਰਵਾਨਗੀ ਲੈਣ ਉਪਰੰਤ ਇਹ ਅੰਡਰਟੇਕਿੰਗ ਦੇਣੀ ਪਵੇਗੀ ਕਿ ਆਵਾਜ਼ ਦਾ ਪੱਧਰ 10 ਡੀ ਬੀ (ਏ) ਤੋਂ ਜ਼ਿਆਦਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਹਦਾਇਤਾਂ ਮੁਤਾਬਿਕ ਇਮਤਿਹਾਨ ਦੇ ਦਿਨਾਂ 'ਚ ਪ੍ਰੀਖਿਆ ਤੋਂ 15 ਦਿਨ ਪਹਿਲਾਂ ਕਿਸੇ ਵੀ ਲਾਊਡ ਸਪੀਕਰ ਆਦਿ ਦੀ ਪ੍ਰਵਾਨਗੀ ਨਾ ਦੇਣਾ ਸਬੰਧਤ ਉਪ ਮੰਡਲ ਮੈਜਿਸਟਰੇਟ ਯਕੀਨੀ ਬਣਾਉਣਗੇ।
           ਇਸੇ ਤਰ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਲਾਊਡ ਸਪੀਕਰ ਅਤੇ ਕਿਸੇ ਵੀ ਹੋਰ ਸੰਗੀਤਕ ਯੰਤਰ ਆਦਿ ਚਲਾਉਣ ਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਉਕਤ ਕਿਸੇ ਵੀ ਆਵਾਜ਼ੀ ਅਤੇ ਸੰਗੀਤਕ ਯੰਤਰਾਂ ਆਦਿ ਦੇ ਕਿਸੇ ਵੀ ਬਿਲਡਿੰਗ ਵਿਚ ਅਤੇ ਸਥਾਨ 'ਤੇ ਚਲਾਉਣ/ਵਜਾਉਣ 'ਤੇ ਮੁਕੰਮਲ ਪਾਬੰਦੀ ਹੋਵੇਗੀ, ਸਿਵਾਏੇ ਸੱਭਿਆਚਾਰਕ ਤੇ ਧਾਰਮਿਕ ਮੌਕਿਆਂ 'ਤੇ ਰਾਤ 10 ਵਜੇ ਤੋਂ 12 ਵਜੇ ਤੱਕ, ਜਿਹੜੇ ਕਿ ਪੂਰੇ ਸਾਲ ਵਿੱਚ 15 ਦਿਨਾਂ ਤੋਂ ਵੱਧ ਨਹੀਂ ਹੋਣਗੇ ਅਤੇ ਆਵਾਜ਼ ਦਾ ਪੱਧਰ 10 ਡੀ ਬੀ (ਏ) ਤੋਂ ਜ਼ਿਆਦਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਨਿੱਜੀ ਮਲਕੀਅਤ ਵਾਲੇ ਸਾੳਂੂਡ ਸਿਸਟਮ ਅਤੇ ਆਵਾਜ਼ ਪੈਦਾ ਕਰਨ ਵਾਲੇ ਯੰਤਰਾਂ ਦੀ ਆਵਾਜ਼ ਦਾ ਪੱਧਰ 5 ਡੀ ਬੀ (ਏ) ਤੋਂ ਜ਼ਿਆਦਾ ਨਹੀਂ ਹੋਵੇਗਾ।
           ਹੁਕਮਾਂ ਅਨੁਸਾਰ ਜ਼ਿਲ੍ਹੇ 'ਚ ਕਿਸੇ ਵੱਲੋਂ ਵੀ ਸ਼ੋਰ ਪ੍ਰਦੂਸ਼ਣ ਸਬੰਧੀ ਕੋਈ ਸ਼ਿਕਾਇਤ ਪੇਸ਼ ਕੀਤੇ ਜਾਣ 'ਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਆਪਣੇ ਪੱਧਰ 'ਤੇ ਸਬੰਧਤ ਉਪ ਕਪਤਾਨ ਪੁਲਿਸ ਅਤੇ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹੁਸ਼ਿਆਰਪੁਰ ਨਾਲ ਤਾਲਮੇਲ ਕਰਕੇ ਪ੍ਰਾਪਤ ਹੋਈ ਸ਼ਿਕਾਇਤ ਸਬੰਧੀ ਮੌਕੇ 'ਤੇ ਜਾ ਕੇ ਲੋੜੀਂਦੀ ਪੜਤਾਲ ਕੀਤੀ ਜਾਵੇਗੀ ਅਤੇ ਸ਼ਿਕਾਇਤ ਸਹੀ  ਪਾਏ ਜਾਣ 'ਤੇ  ਅਦਾਲਤ  ਵੱਲੋਂ  ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ  ਉਕਤ  ਐਕਟ ਤਹਿਤ, ਸ਼ਿਕਾਇਤ  ਵਿੱਚ ਦਰਸਾਏ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਿਸੇ ਵੀ ਤਰ੍ਹਾਂ ਦੇ ਆਵਾਜ਼ੀ/ਸੰਗੀਤਕ ਯੰਤਰ ਨੂੰ ਹਟਵਾ ਕੇ ਆਪਣੇ ਕਬਜ਼ੇ ਵਿਚ ਲੈਣਗੇ। ਉਹ ਉਕਤ ਐਕਟ 'ਤੇ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਆਪਣੇ ਪੱਧਰ 'ਤੇ ਕਾਨੂੰਨੀ ਕਾਰਵਾਈ ਕਰਕੇ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਦਾ ਨਿਪਟਾਰਾ ਕਰਨਗੇ।
            ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਵਿਅਕਤੀ ਵੱਲੋਂ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਜਿਨ੍ਹਾਂ-ਜਿਨ੍ਹਾਂ ਥਾਵਾਂ 'ਤੇ ਇਹ ਲਾਊਡ ਸਪੀਕਰ, ਆਵਾਜ਼ੀ/ਸੰਗੀਤਕ ਯੰਤਰ ਆਦਿ ਚਲਾਏ ਜਾਣਗੇ, ਦੀ ਆਵਾਜ਼ ਪ੍ਰੋਗਰਾਮ/ਫੰਕਸ਼ਨ ਵਾਲੇ ਸਥਾਨ, ਧਾਰਮਿਕ ਸਥਾਨ ਅਤੇ ਬਿਲਡਿੰਗ ਆਦਿ ਦੀ ਚਾਰਦੀਵਾਰੀ ਦੇ ਦਾਇਰੇ ਅੰਦਰ ਰਹਿਣੀ ਚਾਹੀਦੀ ਹੈ, ਜੋ ਕਿ ਭਾਰਤ ਸਰਕਾਰ ਵੱਲੋਂ ਜਾਰੀ 'ਆਵਾਜ਼ੀ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼, 2000' ਤਹਿਤ ਜਾਰੀ ਨੋਟੀਫਿਕੇਸ਼ਨ ਮਿਤੀ 14.02.2000 ਵਿਚ ਨਿਰਧਾਰਤ ਕੀਤੇ ਆਵਾਜ਼ੀ ਸਟੈਂਡਰਡ ਤੋਂ ਕਿਸੇ ਵੀ ਹਾਲਤ ਵਿਚ ਵੱਧ ਨਹੀਂ ਹੋਣੀ ਚਾਹੀਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਹ ਪਾਬੰਦੀ ਅਤੇ ਰੋਕ ਇਸ ਲਈ ਵੀ ਲਗਾਉਣਾ ਜ਼ਰੂਰੀ ਹੈ ਕਿਉਂਕਿ ਮੈਰਿਜ ਪੈਲੇਸਾਂ, ਹੋਟਲਾਂ, ਰੈਸਟੋਰੈਂਟਾਂ ਆਦਿ ਵਿਚ ਬਹੁਤ ਉੱਚੀ ਆਵਾਜ਼ ਵਿਚ ਲਾਊਡ ਸਪੀਕਰ, ਡੀ.ਜੇ. ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਪ੍ਰੋਫੈਸ਼ਨਲ ਗਾਇਕ ਸਭਿਆਚਾਰਕ ਪ੍ਰੋਗਰਾਮਾਂ ਵਿਚ ਭਾਗ ਲੈਂਦੇ ਹਨ ਅਤੇ ਰਾਤ ਦੇਰ ਤੱਕ ਲਾਊਡ ਸਪੀਕਰ/ਡੀ.ਜੇ ਆਦਿ ਦੀ ਵਰਤੋਂ ਕਰਦੇ ਹਨ, ਜਿਸ ਦੇ ਨਾਲ ਆਸ ਪਾਸ ਦੇ ਰਹਿਣ ਵਾਲੇ ਲੋਕਾਂ, ਮਰੀਜ਼ਾਂ ਨੂੰ ਅਤੇ ਪੜ੍ਹਨ ਵਾਲੇ ਬੱਚਿਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ੋਰ ਪ੍ਰਦੂਸ਼ਣ ਨਾਲ ਉਹਨਾਂ ਦੀ ਸਿਹਤ ਲਈ ਵੀ ਖਤਰਾ ਪੈਦਾ ਹੁੰਦਾ ਹੈ। ਇਹ ਹੁਕਮ 28 ਅਪਰੈਲ 2023 ਤੋਂ 27 ਜੂਨ 2023 ਤੱਕ ਲਾਗੂ ਰਹਿਣਗੇ।

ਜ਼ਿਲ੍ਹੇ ਵਿਚ ਅਣ-ਅਧਿਕਾਰਿਤ ਤੌਰ 'ਤੇ ਧਾਰਮਿਕ ਸਥਾਨਾਂ ਦੀ ਉਸਾਰੀ 'ਤੇ ਰੋਕ :- 
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹੇ ਦੀਆਂ ਸਰਕਾਰੀ ਥਾਵਾਂ/ਜਨਤਕ ਸਥਾਨਾਂ/ਗਲੀਆਂ/ਪਾਰਕਾਂ ਉੱਤੇ ਅਣ-ਅਧਿਕਾਰਿਤ ਤੌਰ 'ਤੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਥਾਨ ਦੀ ਉਸਾਰੀ ਕਰਨ 'ਤੇ ਰੋਕ ਲਾਈ ਗਈ ਹੈ। ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਤਹਿਤ ਇਹ ਮਨਾਹੀ ਦੇ ਹੁਕਮ ਜ਼ਿਲ੍ਹੇ ਭਰ ਵਿਚ 28 ਅਪਰੈਲ 2023 ਤੋਂ 27 ਜੂਨ 2023 ਤੱਕ ਲਾਗੂ ਰਹਿਣਗੇ।
       ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਮਾਣਯੋਗ ਸੁਪਰੀਮ ਕੋਰਟ ਵੱਲੋਂ ਐਸ.ਐਲ.ਪੀ.(ਸਿਵਲ) 8519/2006 ਭਾਰਤ ਸਰਕਾਰ ਬਨਾਮ ਗੁਜਰਾਤ ਸਰਕਾਰ ਵਿਚ ਸਪੱਸ਼ਟ ਤੌਰ 'ਤੇ ਦਿੱਤੇ ਨਿਰਦੇਸ਼ਾਂ ਵਿਚ ਕਿਸੇ ਵੀ ਜਨਤਕ ਸਥਾਨ, ਪਾਰਕ ਜਾਂ ਗਲੀਆਂ ਆਦਿ ਉੱਤੇ ਧਾਰਮਿਕ ਸਥਾਨ ਦੀ ਉਸਾਰੀ ਕਰਨ 'ਤੇ ਸਖ਼ਤੀ ਨਾਲ ਰੋਕ ਲਾਈ ਹੈ। ਇਨ੍ਹਾਂ ਹੁਕਮਾਂ ਦੀ ਪਾਲਣਾ ਵਿਚ ਹੀ ਇਹ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੱਖੋ-ਵੱਖਰੇ ਵਿਭਾਗਾਂ ਦੇ ਮੁਖੀਆਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਦੇ ਅਧੀਨ ਪੈਂਦੀ ਕਿਸੇ ਵੀ ਅਜਿਹੀ ਥਾਂ 'ਤੇ ਕਿਸੇ ਵੀ ਤਰ੍ਹਾਂ ਦੇ ਮੰਦਰ, ਚਰਚ, ਮਸੀਤ ਜਾਂ ਗੁਰਦੁਆਰੇ ਦੀ ਉਸਾਰੀ ਨਾ ਹੋਵੇ ਅਤੇ ਉਹ ਇਸ ਦੀ ਬਾਕਾਇਦਾ ਨਜ਼ਰਸਾਨੀ ਕਰਦੇ ਰਹਿਣ। ਉਨ੍ਹਾਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਸਰਪੰਚਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਗਰ ਕੌਂਸਲ/ਪੰਚਾਇਤੀ/ਸ਼ਾਮਲਾਟ/ਮੁਸ਼ਤਰਕਾ ਮਾਲਕਾਨ ਜ਼ਮੀਨ 'ਤੇ ਕਿਸੇ ਵੀ ਧਾਰਮਿਕ ਸਥਾਨ ਦੀ ਅਣਅਧਕਾਰਿਤ ਤੌਰ 'ਤੇ ਉਸਾਰੀ ਨਾ ਹੋਣ ਦੇਣ। ਜੇਕਰ ਕੋਈ ਵਿਅਕਤੀ ਉਲੰਘਣਾ ਕਰਦਾ ਹੈ ਤਾਂ ਉਸ ਬਾਰੇ ਤੁਰੰਤ ਨੇੜੇ ਦੀ ਪੁਲਿਸ ਚੌਂਕੀ/ਥਾਣੇ ਨੂੰ ਇਤਲਾਹ ਕੀਤੀ ਜਾਵੇ। ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਆਪਣੇ ਇਨ੍ਹਾਂ ਰੋਕ ਦੇ ਹੁਕਮਾਂ ਦੀ ਅਦੂਲੀ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਨ ਅਤੇ ਉਸਾਰੀ ਬੰਦ ਕਰਵਾਉਣ ਲਈ ਵੀ ਆਖਿਆ ਹੈ।
------------------------------------------
ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ 'ਤੇ ਹੋਵੇਗੀ ਕਾਰਵਾਈ-  ਜ਼ਿਲ੍ਹਾ ਮੈਜਿਸਟ੍ਰੇਟ
ਨਵਾਂਸ਼ਹਿਰ, 29 ਅਪਰੈਲ, 2023 :
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਗਾਵਾਂ/ਪਸ਼ੂਆਂ ਨੂੰ ਬੇਸਹਾਰਾ ਛੱਡਣ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
            ਉਨ੍ਹਾਂ ਕਿਹਾ ਕਿ ਗਊਵੰਸ਼ ਦਾ ਕੁਝ ਧਰਮਾਂ ਵਿਚ ਬਹੁਤ ਜ਼ਿਆਦਾ ਸਤਿਕਾਰ ਹੋਣ ਕਾਰਨ ਗਊਵੰਸ਼ ਨੂੰ ਇਸ ਤਰ੍ਹਾਂ ਬੇਸਹਾਰਾ ਛੱਡਣ ਕਾਰਨ ਉਨ੍ਹਾਂ ਨੂੰ ਪੁੱਜਣ ਵਾਲੇ ਜਾਨੀ ਨੁਕਸਾਨ ਨਾਲ ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ, ਉਥੇ ਅਮਨ ਅਤੇ ਕਾਨੂੰਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਬੇਸਹਾਰਾ ਛੱਡਣ ਨਾਲ ਇਹ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਪੁਲਿਸ ਵਿਭਾਗ, ਪਸ਼ੂ ਪਾਲਣ ਵਿਭਾਗ, ਬੀ ਡੀ ਪੀ ਓਜ਼, ਕਾਰਜ ਸਾਧਕ ਅਫ਼ਸਰ ਜਿੰਮੇਵਾਰ ਹੋਣਗੇ ਅਤੇ ਜੇਕਰ ਉਨ੍ਹਾਂ ਦੇ ਧਿਆਨ 'ਚ ਕੋਈ ਵੀ ਬੇਸਹਾਰਾ ਪਸ਼ੂ ਛੱਡਣ ਦੀ ਘਟਨਾ ਆਉਂਦੀ ਹੈ ਤਾਂ ਤੁਰੰਤ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਇਹ ਮਨਾਹੀ ਦੇ ਹੁਕਮ 28 ਅਪਰੈਲ 2023 ਤੋਂ 27 ਜੂਨ 2023 ਤੱਕ ਲਾਗੂ ਰਹਿਣਗੇ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵਿਆਹ ਵਾਲੇ ਦਿਨ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ 'ਤੇ ਪਟਾਕੇ ਚਲਾਉਣ ਦੀ ਮਨਾਹੀ :
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ 23548 ਆਫ਼ 2017 ਅਤੇ 23905 ਆਫ਼ 2017 ਵਿੱਚ ਪਾਸ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਦੇ ਦਿਵਸ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ 'ਤੇ ਮਨਾਹੀ ਦੇ ਹੁਕਮ ਕੀਤੇ ਹਨ।
        ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਤਹਿਤ ਜਾਰੀ ਇਹ ਹੁਕਮ 28 ਅਪਰੈਲ 2023 ਤੋਂ 27 ਜੂਨ 2023 ਤੱਕ ਤੱਕ ਲਾਗੂ ਰਹਿਣਗੇ।
 
ਜ਼ਿਲ੍ਹੇ ਦੀ ਹਦੂਦ ਅੰਦਰ ਬਿਨਾਂ ਮਨਜੂਰੀ ਡਰੋਨ ਉਡਾਉਣ/ਵਰਤੋਂ 'ਤੇ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਰਾਜ ਅੰਦਰ ਸਰਹੱਦੀ ਜ਼ਿਲ੍ਹਿਆਂ 'ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਡਰੋਨ ਦੀ ਮੱਦਦ ਨਾਲ ਗੈਰ-ਕਾਨੂੰਨੂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਡਰੋਨ ਉਡਾਉਣ/ਵਰਤੋਂ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
       ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਵਿਆਹ ਸਮਾਗਮਾਂ/ਧਾਰਮਿਕ ਸਮਾਗਮਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਬਿਨਾਂ ਮਨਜੂਰੀ ਡਰੋਨ ਚਲਾਉਣ 'ਤੇ ਪੂਰਣ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 28 ਅਪਰੈਲ 2023 ਤੋਂ 27 ਜੂਨ 2023 ਤੱਕ ਲਾਗੂ ਰਹਿਣਗੇ।

ਮਾਲੇਵਾਲ ਵਿਖੇ ਸਥਿਤ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਭੂਰੀਵਾਲਿਆਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਸਰੋਵਰ ਨੂੰ ਪੰਜਾਬ ਯਾਤਰਾ ਤੇ ਸਭਿਆਚਾਰ ਵਿਭਾਗ ਵੱਲੋਂ ਜਲਦ ਮੁਕੰਮਲ ਕੀਤਾ ਜਾਵੇਗਾ-ਡੀ ਸੀ ਰੰਧਾਵਾ

ਨਵਾਂਸ਼ਹਿਰ, 29 ਅਪਰੈਲ : ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਮੋਢੀ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲਿਆਂ ਦਾ  ਪਿੰਡ ਮਾਲੇਵਾਲ ਵਿਖੇ ਪਵਿੱਤਰ ਚਰਨ ਛੋਹ ਪ੍ਰਾਪਤ  ਸਰੋਵਰ ਜਿਸ ਨੂੰ ਬ੍ਰਹਮ ਸਰੋਵਰ ਦਾ ਨਾਂ ਦਿੱਤਾ ਗਿਆ ਹੈ,  ਨੂੰ ਧਾਰਮਿਕ ਤੀਰਥ ਯਾਤਰਾ ਸਥਲ ਵਜੋਂ, ਪੰਜਾਬ ਯਾਤਰਾ ਤੇ ਸਭਿਆਚਾਰ ਵਿਭਾਗ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ, ਨੂੰ ਜਲਦ ਮੁਕੰਮਲ ਕਰਕੇ ਸੰਗਤਾਂ ਨੂੰ ਅਰਪਣ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਲ੍ਹ ਮਾਲੇਵਾਲ ਵਿਖੇ ਬ੍ਰਹਮ ਸਰੋਵਰ ਦੇ ਦਰਸ਼ਨਾਂ ਬਾਅਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਚੌਰ ਦੇ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਵੀ ਮੌਜੂਦ ਸਨ। ਉਨ੍ਹਾਂ ਇਸ ਮੌਕੇ ਇਸ ਪਵਿੱਤਰ ਸਥਾਨ ਨੂੰ ਧਾਰਮਿਕ ਤੀਰਥ ਯਾਤਰਾ ਸਥਲ ਵਜੋਂ ਵਿਕਸਿਤ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਕੁੱਝ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਇਸ ਪਵਿੱਤਰ ਸਥਾਨ ਨੂੰ ਲਗਦੇ ਰਸਤੇ ਨੂੰ ਪੱਕਾ ਕਰਵਾਉਣ ਅਤੇ ਵਿਰਾਸਤੀ ਦਿੱਖ ਦੇਣ ਲਈ ਵੀ ਸਰਕਾਰ ਨੂੰ ਪ੍ਰਸਤਾਵ ਭੇਜਣ ਲਈ ਆਖਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬ੍ਰਹਮ ਸਰੋਵਰ ਦੇ ਚੌਗਿਰਦੇ 'ਚ ਮੌਜੂਦ ਪੁਰਾਤਨ ਰੁੱਖਾਂ ਦੀ ਸਾਂਭ-ਸੰਭਾਲ 'ਤੇ ਜ਼ੋਰ ਦਿੰਦਿਆਂ ਪ੍ਰਬੰਧਕਾਂ ਨੂੰ ਇਨ੍ਹਾਂ ਰੁੱਖਾਂ ਨੂੰ ਸੁਰੱਖਿਅਤ ਰੱਖਣ ਅਤੇ ਬ੍ਰਹਮ ਸਰੋਵਰ 'ਚ ਸਜਾਵਟੀ ਮੱਛੀਆਂ ਆਦਿ ਛੱਡਣ ਲਈ ਵੀ ਆਖਿਆ ਤਾਂ ਜੋ ਬ੍ਰਹਮ ਸਰੋਵਰ ਦੀ ਕੁਦਰਤੀ ਸਫ਼ਾਈ ਹੁੰਦੀ ਰਹੇ। ਇਥੇ ਇਹ ਵਰਨਣਯੋਗ ਹੈ ਕਿ ਇਸ ਬ੍ਰਹਮ ਸਰੋਵਰ ਦਾ ਨਵੀਨੀਕਰਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆਂ, ਵਰਤਮਾਨ ਗੱਦੀਨਸ਼ੀਨ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਯਤਨਾਂ ਅਤੇ ਧਾਰਮਿਕ ਰਹਿਨੁਮਾਈ ਹੇਠ ਹੋ ਰਿਹਾ ਹੈ।
ਇਸ ਮੌਕੇ ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ ਤੋਂ ਇਲਾਵਾ ਅਸ਼ੋਕ ਕਟਾਰੀਆ ਅਤੇ ਸ਼ਿਵਕਰਨ ਚੇਚੀ ਵੀ ਮੌਜੂਦ ਸਨ।

ਪ੍ਰਕਾਸ਼ ਸਿੰਘ ਬਾਦਲ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ : ਪ੍ਰੋ. ਬਡੂੰਗਰ

ਪਟਿਆਲਾ, 29 ਅਪ੍ਰੈਲ :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਅਕਾਲੀ ਸਿਆਸਤ ਦੇ ਧੁਰੇ ਤੇ ਦਰਵੇਸ਼ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੇ ਹੋਏ ਦਿਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹੋ ਜਿਹੇ ਇਨਸਾਨ ਦੁਨੀਆਂ ਤੇ ਵਿਰਲੇ ਹੀ ਜਨਮ ਲੈਂਦੇ ਹਨ, ਕਿਉਂਕਿ ਉਨ੍ਹਾਂ ਵੱਲੋਂ ਦੇਸ਼ ਤੇ ਰਾਜ ਪ੍ਰਤੀ ਜਜਬੇ, ਇਨਸਾਨੀਅਤ ਲਈ ਕੀਤੇ ਕਾਰਜਾਂ, ਹਮੇਸ਼ਾ ਵਿਕਾਸ ਨੂੰ ਸਮਰਪੱਤ ਸੋਚ ਸਦਕਾ ਪੂਰੇ ਦੇਸ਼ ਭਰ ਵਿਚ ਫੈਲੀ ਸੋਗ ਦੀ ਲਹਿਰ ਅਤੇ ਲਾਮਿਸਾਲ ਸੰਗਤਾਂ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। 
ਪ੍ਰੋ. ਬਡੂੰਗਰ ਨੇ ਕਿਹਾ ਕਿ 27 ਅਪ੍ਰੈਲ 1970 ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹੱਥ ਮਿਲਾਕੇ ਇਕੱਠੇ ਹੋਏ ਸਨ ਤੇ ਅੱਜ ਪੂਰੇ 53 ਸਾਲਾਂ ਬਾਅਦ 27 ਅਪ੍ਰੈਲ ਨੂੰ ਹੀ ਉਨ੍ਹਾਂ ਦਾ ਵਿਛੋੜਾ ਹੋਇਆ। 
ਪ੍ਰੋਫੈਸਰ ਬਡੂੰਗਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹਨਾਂ ਨੇ ਸਰਦਾਰ ਬਾਦਲ ਨਾਲ 53 ਸਾਲ ਲਗਾਤਾਰ ਪਾਰਟੀ ਦੀ ਮਜਬੂਤੀ ਤੇ ਚੜ੍ਹਦੀਕਲਾ ਲਈ ਇਕੱਠਿਆਂ ਕੰਮ ਕੀਤਾ ਤੇ ਸਾਰੀ ਉਮਰ ਉਹਨਾਂ ਨਾਲ ਸਾਥ ਨਿਭਾਇਆ। ਉਨ੍ਹਾਂ ਦੱਸਿਆ ਕਿ ਪਾਰਟੀ ਵਿਚ ਰਹਿੰਦਿਆਂ ਬਹੁਤ ਕਠਿਨਾਇਆਂ ਅਤੇ ਉਤਰਾਅ-ਚੜਾਅ ਵੀ ਸਾਹਮਣੇ ਆਏ, ਪ੍ਰੰਤੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣੇ ਤੋਂ ਕਦੀ ਵੱਖ ਨਹੀਂ ਹੋਣ ਦਿੱਤਾ ਤੇ ਪਾਰਟੀ ਵਿੱਚ ਹਰ ਸਮੇਂ ਪੂਰਾ ਮਾਣ-ਸਤਿਕਾਰ ਦਿੱਤਾ।  
ਪ੍ਰੋ. ਬਡੂੰਗਰ ਨੇ ਦੱਸਿਆ ਕਿ ਜਿਥੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਪੰਜ ਵਾਰ ਮੁੱਖ ਮੰਤਰੀ ਹੁੰਦਿਆਂ ਪੰਜਾਬ ਵਿਚ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ, ਉਥੇ ਹੀ 5 ਫਰਵਰੀ 1998 ਨੂੰ ਇਤਿਹਾਸਕ ਫੈਸਲਾ ਕਰਦਿਆਂ ਹੋਇਆਂ ਪੰਜਾਬ ਨੂੰ ਹਿੰਦੁਸਤਾਨ ਦਾ ਪਹਿਲਾ ਸੂਬਾ ਬਣਾਇਆ, ਜਿੱਥੇ ਪੰਜਾਬ ਦੇ ਰਹਿਣ ਵਾਲੇ ਸਾਰੇ ਫੌਜੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਹੀ ਸਹੂਲਤਾਂ ਪ੍ਰਦਾਨ ਕੀਤੀਆਂ, ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਮਿਲਦੀਆਂ ਸਨ ਤੇ ਇਸ ਦੇ ਨਾਲ ਹੀ ਮਾਰਚ 1999 ਵਿੱਚ ਫੌਜੀ ਵਿਧਵਾਵਾਂ, ਜਿਨ੍ਹਾਂ ਨੂੰ ਉਨ੍ਹਾਂ ਦੀ ਉਚ ਵਿੱਦਿਅਕ ਯੋਗਤਾ ਦੇ ਮੁਤਾਬਿਕ ਸਰਕਾਰੀ ਨੌਕਰੀ ਤੇ ਇੱਥੋਂ ਤਕ ਪੀਸੀਐਸ ਤੱਕ ਸਿੱਧੀ ਭਰਤੀ ਕਰਕੇ ਵੱਡੀ ਮਿਸਾਲ ਕਾਇਮ ਕੀਤੀ ਤੇ ਉਹ ਕਾਨੂੰਨ ਅੱਜ ਵੀ ਬਾਦਸਤੂਰ ਕਾਇਮ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਸ. ਬਾਦਲ ਨਾਲ ਉਨ੍ਹਾਂ ਨੂੰ ਪਾਰਟੀ ਦੇ ਸੈਕਟਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਬਤੌਰ ਓ.ਐਸ.ਡੀ (ਵਿਸ਼ੇਸ਼ ਕਾਰਜ ਅਫਸਰ) ਵਜੋਂ ਸੇਵਾਵਾ ਕਰਨ ਦਾ ਮੌਕਾ ਮਿਲਿਆ ਤੇ ਨਿਰੰਤਰ 53 ਸਾਲ ਪੂਰਾ ਸਾਥ ਨਿਭਾ ਕੇ ਉਹ ਸ. ਬਾਦਲ ਦੇ ਨਾਲ ਰਹੇ।

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਅਸੀਂ ਆਪਣੇ ਪਹਿਲੇ ਪੂਰਨ ਬਜਟ 'ਚ ਪੰਜਾਬੀ ਯੂਨੀਵਰਸਿਟੀ ਲਈ ਹਰ ਮਹੀਨੇ 30 ਕਰੋੜ  ਰੁਪਏ ਦੇਣ ਦੀ ਵਿਵਸਥਾ ਕੀਤੀ-ਮੁੱਖ ਮੰਤਰੀ
ਪਟਿਆਲਾ, 29 ਅਪ੍ਰੈਲ : ਸਿੱਖਿਆ ਸੰਸਥਾਵਾਂ ਦੇ ਕਰਜ਼ੇ ਵਿੱਚ ਡੁੱਬੇ ਹੋਣ ਨੂੰ ਸਮਾਜਿਕ ਲਾਹਨਤ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਕਿ ਸੂਬੇ ਦੇ ਕੋਈ ਵੀ ਬੱਚਾ ਮਿਆਰੀ ਸਿੱਖਿਆ ਹਾਸਲ ਕਰਨ  ਦੇ ਮੌਕਿਆਂ ਤੋਂ ਵਾਂਝਾ ਨਾ ਰਹੇ।
ਅੱਜ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਪੰਜਾਬੀ ਯੂਨੀਵਰਸਿਟੀ ਦੇ 62ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਮੌਕੇ ਮੁਹੱਈਆ ਕਰਵਾਉਣਾ ਸਰਕਾਰ ਦਾ ਮੁਢਲਾ ਫਰਜ਼ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਸੂਬਾ ਸਰਕਾਰ ਵਿਦਿਅਕ ਸੰਸਥਾਵਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਯਤਨਸ਼ੀਲ ਹੈ।
ਪੰਜਾਬ ਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾ ਰਹੀ ਇਸ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਇਹ ਯੂਨੀਵਰਸਿਟੀ ਪੰਜਾਬ ਅਤੇ ਪੰਜਾਬੀ ਮਾਂ-ਬੋਲੀ ਦਾ ਗੌਰਵ ਹੈ। ਇਸ ਨੂੰ 'ਮਾਲਵੇ ਦਾ ਦਿਲ' ਵੀ ਕਿਹਾ ਜਾਂਦਾ ਹੈ। ਮੈਂ ਇਸ ਯੂਨੀਵਰਸਿਟੀ ਨੂੰ ਕਰਜ਼ੇ ਦੇ ਬੋਝ ਤੋਂ ਮੁਕਤ ਕਰਨ ਦੀ ਗਾਰੰਟੀ ਦਿੱਤੀ ਸੀ ਤਾਂ ਕਿ ਉੱਤਰੀ ਭਾਰਤ ਵਿਚ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਨਾਮਵਰ ਯੂਨੀਵਰਸਿਟੀ ਦੀ ਮਾਣਮੱਤੀ ਅਤੇ ਅਸਲ ਸ਼ਾਨ ਨੂੰ ਬਹਾਲ ਕੀਤਾ ਜਾ ਸਕੇ। ਅੱਜ ਸਥਾਪਨ ਦਿਵਸ ਮੌਕੇ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦੇ ਬਜਟ ਵਿਚ ਸੂਬਾ ਸਰਕਾਰ ਨੇ ਯੂਨੀਵਰਸਿਟੀ ਨੂੰ ਹਰੇਕ ਮਹੀਨੇ 30 ਕਰੋੜ ਰੁਪਏ ਦੀ ਗਰਾਂਟ ਦੇਣ ਦੀ ਵਿਵਸਥਾ ਕਰ ਦਿੱਤੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਹ ਯੂਨੀਵਰਸਿਟੀ ਹੁਣ ਵਿੱਤੀ ਤੰਗੀਆਂ-ਤੁਰਸ਼ੀਆਂ ਤੋਂ ਮੁਕਤ ਹੋ ਕੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕਰੇਗੀ।"  
ਉਚੇਰੀ ਸਿੱਖਿਆ ਨੂੰ ਨੌਜਵਾਨਾਂ ਦੇ ਜੀਵਨ ਦਾ ਮਹੱਤਵਪੂਰਨ ਪੜਾਅ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸੂਬੇ ਦੇ ਖਾਸ ਕਰਕੇ ਪੇਂਡੂ ਇਲਾਕੇ ਦੇ ਨੌਜਵਾਨਾਂ ਲਈ ਰੋਲ ਮਾਡਲ ਵਜੋਂ ਭੂਮਿਕਾ ਅਦਾ ਕਰ ਰਹੀ ਹੈ ਜੋ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਵਿਚ ਮਾਰਗਦਰਸ਼ਨ ਕਰਦੀ ਹੈ। ਇਹ ਯੂਨੀਵਰਸਿਟੀ ਨੌਜਵਾਨਾਂ ਨੂੰ ਤਾਲੀਮ ਦੇਣ ਦੇ ਨਾਲ-ਨਾਲ ਹੋਰ ਉਸਾਰੂ ਗਤੀਵਿਧੀਆਂ ਲਈ ਵੀ ਉਤਸ਼ਾਹਤ ਕਰ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਨਾਲ ਜੁੜੀਆਂ ਯਾਦਾਂ ਨੂੰ ਚੇਤੇ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਇਸ ਯੂਨੀਵਰਸਿਟੀ ਨੇ ਮੈਨੂੰ ਆਪਣੇ ਜੀਵਨ ਵਿਚ ਨਵੀਂ ਸੋਚ ਤੇ ਨਵੇਂ ਰਾਹਾਂ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ। ਮੇਰੀ ਕਲਾ ਦਾ ਮੁੱਢ ਇਸ ਯੂਨੀਵਰਸਿਟੀ ਤੋਂ ਬੱਝਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਦਾ ਮੰਚ ਮੇਰੇ ਜੀਵਨ ਦਾ ਰਾਹ ਦਸੇਰਾ ਹੈ ਜਿੱਥੋਂ ਮੈਂ ਆਪਣੇ ਸੁਪਨਿਆਂ ਦੀ ਉਡਾਨ ਭਰੀ ਸੀ।"  
ਨੌਜਵਾਨਾਂ ਨੂੰ ਆਪਣਾ ਰੋਲ ਮਾਡਲ ਖੁਦ ਬਣਨ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਲੋਕ ਹੀ ਹੋਰਨਾਂ ਲਈ ਮਿਸਾਲ ਬਣ ਕੇ ਉਭਰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਵਾਇਤਾਂ ਤੋਂ ਹਟ ਕੇ ਨਵੇਂ ਵਿਚਾਰਾਂ ਨਾਲ ਅੱਗੇ ਵਧਿਆ ਜਾ ਸਕਦਾ ਹੈ ਕਿਉਂਕਿ ਸਾਨੂੰ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ।
'ਸਕੂਲ ਆਫ ਐਮੀਨੈਂਸ' ਨੂੰ ਨੌਜਵਾਨਾਂ ਦਾ ਭਵਿੱਖ ਤਰਾਸ਼ਣ ਵਾਲੀਆਂ ਸੰਸਥਾਵਾਂ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ 'ਸਕੂਲ ਆਫ ਐਮੀਨੈਂਸ' ਵਰਗੇ ਆਹਲਾ ਦਰਜੇ ਦੇ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਨਾਲ ਨੌਜਵਾਨ ਆਪਣੇ ਟੀਚੇ ਬਾਰੇ ਸਪੱਸ਼ਟ ਹੋਇਆ ਕਰਨਗੇ ਅਤੇ ਉਸ ਟੀਚੇ ਨੂੰ ਹਾਸਲ ਕਰਨ ਲਈ ਯੂਨੀਵਰਸਿਟੀਆਂ ਵਿਚ ਪੜ੍ਹਨ ਜਾਇਆ ਕਰਨਗੇ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਕਲਾਸ ਦੇ ਨਤੀਜਿਆਂ ਵਿਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥੀਆਂ ਦੀ ਇਸ ਵੱਡੀ ਪ੍ਰਾਪਤੀ ਦਾ ਵੀ ਜ਼ਿਕਰ ਕੀਤਾ।
ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਮਾਂ ਬੋਲੀ ਦੇ ਪ੍ਰਚਾਰ ਤੇ ਪਾਸਾਰ ਲਈ ਵੱਡੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਦੁਕਾਨਾਂ ਦੇ ਸਾਈਨ ਬੋਰਡਾਂ ਉਤੇ ਪੰਜਾਬੀ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਪੰਜਾਬੀ ਭਾਸ਼ਾ ਦੇ ਸਤਿਕਾਰ ਵਿਚ ਕੋਈ ਕਮੀ ਬਾਕੀ ਨਾ ਰਹੇ।
ਇਸ ਮੌਕੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਨੂੰ ਅਪਗ੍ਰੇਡ ਕਰਨ ਦ ਐਲਾਨ ਕਰਦੇ ਹੋਏ ਕਿਹਾ ਕਿ ਇਸ ਹਾਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਕਿ ਇਸ ਹਾਲ ਵਿਚ ਕੌਮਾਂਤਰੀ ਪੱਧਰ ਦੇ ਸਮਾਗਮ ਵੀ ਕਰਵਾਏ ਜਾ ਸਕਣ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਚੁੱਕੇ ਗਏ ਕਦਮਾਂ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ। ਉਪ ਕੁਲਪਤੀ ਨੇ ਕਿਹਾ ਕਿ ਇਸ ਉਚੇਰੀ ਸੰਸਥਾ ਦੇ ਸਿਰ ਕਰਜ਼ਾ ਹੋਣ ਕਰਕੇ ਇਸ ਦੀਆਂ ਨੀਂਹਾਂ ਕਮਜ਼ੋਰ ਹੋਣ ਲੱਗੀਆਂ ਸਨ ਪਰ ਮੁੱਖ ਮੰਤਰੀ ਵੱਲੋਂ ਫਰਾਖਦਿਲੀ ਨਾਲ ਫੰਡ ਦੇਣ ਕਰਕੇ ਇਹ ਨੀਂਹਾਂ ਹੁਣ ਹੋਰ ਮਜ਼ਬੂਤ ਹੋਣ ਲੱਗੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ ਅਤੇ ਹੁਣ ਯੂਨੀਵਰਸਿਟੀ ਉਚੇਰੀ ਸਿੱਖਿਆ ਦੇ ਖੇਤਰ ਵਿਚ ਵੱਡੇ ਮੁਕਾਮ ਹਾਸਲ ਕਰੇਗੀ।
ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ ਤੇ ਹਰਮੀਤ ਸਿੰਘ ਪਠਾਣਮਾਜਰਾ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

ਮਾਲਵੇ ਦੇ ਲੋਕਾਂ ਲਈ ਵੱਡੀ ਸੌਗਾਤ, ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਆਧਿਨਕ ਸਹੂਲਤਾਂ ਨਾਲ ਲੈਸ ਐਮਰਜੈਂਸੀ ਵਾਰਡ ਦਾ ਉਦਘਾਟਨ

ਪਟਿਆਲਾ, 29 ਅਪ੍ਰੈਲ:ਸੂਬੇ ਦੇ ਲੋਕਾਂ ਖਾਸ ਕਰਕੇ ਮਾਲਵੇ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੋਂ ਦੇ ਰਾਜਿੰਦਰਾ ਹਸਪਤਾਲ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਐਮਰਜੈਂਸੀ ਦਾ ਉਦਘਾਟਨ ਕੀਤਾ ਜਿਸ ਨਾਲ ਲੋਕਾਂ ਨੂੰ ਸਮੇਂ ਸਿਰ ਹੰਗਾਮੀ ਸੇਵਾਵਾਂ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇਗਾ। ਐਮਰਜੈਂਸੀ ਦੇ ਨਵੀਨੀਕਰਨ ਦੇ ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਮਾਲਵੇ ਦੇ ਲੋਕ ਵੱਡੀ ਗਿਣਤੀ ਵਿਚ ਇਲਾਜ ਕਰਵਾਉਣ ਲਈ ਰਾਜਿੰਦਰਾ ਹਸਪਤਾਲ ਵਿਚ ਆਉਂਦੇ ਹਨ ਤੇ ਇੱਥੋਂ ਤੱਕ ਕਿ ਗੰਗਾਨਗਰ ਤੋਂ ਵੀ ਮਰੀਜ਼ ਇੱਥੇ ਇਲਾਜ ਲਈ ਆਉਂਦੇ ਹਨ ਜਿਸ ਕਰਕੇ ਸਰਕਾਰ ਵੱਲੋਂ ਇਸ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਫੌਰੀ ਇਲਾਜ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ 68.74 ਕਰੋੜ ਰੁਪਏ ਦੀ ਲਾਗਤ ਨਾਲ ਟਰੌਮਾ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਐਕਸੀਡੈਂਟ ਕੇਸਾਂ ਦੇ ਮਰੀਜ਼ ਨੂੰ ਇਲਾਜ ਲਈ ਪੀ.ਜੀ.ਆਈ. ਲਈ ਰੈਫਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟਰੌਮਾ ਸੈਂਟਰ ਬਣਨ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਪੀ.ਜੀ.ਆਈ. ਉਤੇ ਵੀ ਬੋਝ ਘਟੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਐਮਰਜੈਂਸੀ ਵਾਰਡ ਵਿਚ ਬੈੱਡਾਂ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਗਈ ਹੈ ਜੋ ਹੁਣ 50 ਬੈੱਡਾਂ ਤੋਂ ਵਧਾ ਕੇ 100 ਬੈੱਡ ਕਰ ਦਿੱਤੇ ਗਏ ਹਨ ਜਿਸ ਨਾਲ ਲੋਕਾਂ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਦੇਣ ਵਿਚ ਦੇਰੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਲਈ ਲੋੜੀਂਦੇ ਟੈਸਟ ਵੀ ਹੁਣ ਐਮਰਜੈਂਸੀ ਵਿਚ ਹੀ ਹੋ ਜਾਇਆ ਕਰਨਗੇ ਤੇ ਇਸ ਨਾਲ ਮਰੀਜ਼ ਦਾ ਸਮੇਂ ਸਿਰ ਇਲਾਜ ਵੀ ਸ਼ੁਰੂ ਕੀਤਾ ਜਾ ਸਕੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਐਮਰਜੈਂਸੀ ਲਈ ਵਿਸ਼ੇਸ਼ ਤੌਰ ਉਤੇ 40 ਨਵੇਂ ਮੁਲਾਜ਼ਮ ਵੀ ਭਰਤੀ ਕੀਤੇ ਗਏ ਹਨ ਜੋ ਸਿਰਫ ਐਮਰਜੈਂਸੀ ਵਾਰਡ ਵਿਚ ਹੀ ਡਿਊਟੀ ਨਿਭਾਉਣਗੇ। ਰਾਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਹੋਰ ਵੀ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿਚ ਐਡਵਾਂਸਡ ਆਈ.ਸੀ.ਯੂ. ਲਈ 17 ਬੈੱਡ, ਅਪ੍ਰੇਸ਼ਨ ਥੀਏਟਰ ਨਾਲ ਜੁੜੀ ਐਮਰਜੈਂਸੀ ਲਈ ਚਾਰ ਅਪ੍ਰੇਸ਼ਨ ਥੀਏਟਰ, ਸਰਜੀਕਲ ਐਚ.ਡੀ.ਯੂ. ਲਈ 10 ਬੈੱਡ ਨਵੇਂ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ 50 ਲੋਕਾਂ ਲਈ ਉਡੀਕ ਖੇਤਰ ਅਤੇ ਆਧੁਨਿਕ ਮੈਡੀਕਲ ਸਾਜ਼ੋ-ਸਾਮਾਨ ਸਥਾਪਤ ਕੀਤਾ ਗਿਆ ਹੈ।  
ਪੰਜਾਬੀਆਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਸਰਕਾਰ ਦੀ ਜ਼ਿੰਮੇਵਾਰੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਸ਼ਿੱਦਤ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਖ਼ਾਲੀ ਪਈਆਂ ਆਸਾਮੀਆਂ ਭਰਨ ਲਈ ਵੱਡੇ ਪੱਧਰ ਉਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਦਾ ਇਕੋ-ਇਕ ਮਕਸਦ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ 500 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫ਼ਤ ਸਿਹਤ ਤੇ ਜਾਂਚ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਕਲੀਨਿਕ ਵੀ ਖੋਲ੍ਹੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸੰਸਥਾਵਾਂ ਵਿਚ ਸਾਫ਼-ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਹਸਪਤਾਲ ਵਿਚ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਭਗਵੰਤ ਮਾਨ ਨੇ ਡਾਕਟਰਾਂ ਤੇ ਪੈਰਾ-ਮੈਡੀਕਲ ਸਟਾਫ ਨਾਲ ਵੀ ਵਿਸਥਾਰ ਵਿਚ ਗੱਲਬਾਤ ਕਰਕੇ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਸਰਕਾਰੀ ਹਸਪਤਾਲਾਂ ਨੂੰ ਨਵੀਨਤਮ ਸਹੂਲਤਾਂ ਨਾਲ ਲੈਸ ਕਰਨ ਦੇ ਨਾਲ-ਨਾਲ ਨਵੇਂ ਹਸਪਤਾਲ ਖੋਲ੍ਹਣ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।  ਇਸ ਮੌਕੇ ਮੁੱਖ ਮੰਤਰੀ ਨੇ ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਲਈ 196.81 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਵੀ ਐਲਾਨ ਕੀਤਾ ਜਿਨ੍ਹਾਂ ਵਿਚ ਡਾਕਟਰਾਂ ਲਈ ਰਿਹਾਇਸ਼, ਸਪੋਰਟਸ ਹਾਲ, ਕੈਦੀਆਂ ਲਈ ਵੱਖਰਾ ਵਾਰਡ ਤੇ ਹੋਰ ਪ੍ਰਾਜੈਕਟ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਹਰਮੀਤ ਸਿੰਘ ਪਠਾਣਮਾਜਰਾ ਵੀ ਮੌਜੂਦ ਸਨ। ਉਨ੍ਹਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਹਰਮੀਤ ਸਿੰਘ ਪਠਾਣਮਾਜਰਾ, ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਆਈ.ਜੀ. ਮੁੱਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਵਰੁਣ ਸ਼ਰਮਾ,ਮੈਡੀਕਲ ਸਿੱਖਿਆ ਦੇ ਵਧੀਕ ਸਕੱਤਰ ਰਾਹੁਲ ਗੁਪਤਾ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ,  ਆਪ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਬਲਵਿੰਦਰ ਸੈਣੀ, ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਖਰੀਦ ਦਾ 96 ਫ਼ੀਸਦੀ ਟੀਚਾ ਪੂਰਾ ਕੀਤਾ - ਸ਼ਨਿੱਚਰਵਾਰ ਸ਼ਾਮ ਤੱਕ 421.69 ਕਰੋੜ ਦੀ ਅਦਾਇਗੀ ਹੋਈ

ਨਵਾਂਸ਼ਹਿਰ, 29 ਅਪਰੈਲ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਸ਼ਨਿੱਚਰਵਾਰ ਸ਼ਾਮ ਨੂੰ ਕਣਕ ਦੇ ਮਿੱਥੇ ਖਰੀਦ ਟੀਚੇ ਦਾ 96 ਫ਼ੀਸਦੀ ਟੀਚਾ ਪੂਰਾ ਕਰ ਲਿਆ। ਜ਼ਿਲ੍ਹੇ ਨੇ ਇਸ ਵਾਰ 231600 ਮੀਟਿ੍ਰਕ ਟਨ ਕਣਕ ਦੀ ਆਮਦ ਮੰਡੀਆਂ 'ਚ ਅਨੁਮਾਨੀ ਸੀ, ਜਿਸ ਵਿੱਚੋਂ ਸ਼ਨਿੱਚਰਵਾਰ ਸ਼ਾਮ ਤੱਕ 220526 ਮੀਟਿ੍ਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚ ਖਰੀਦ ਕਾਰਜ ਨਿਰਵਿਘਨ ਚੱਲ ਰਹੇ ਹਨ। ਕਿਸਾਨਾਂ ਨੂੰ ਫ਼ਸਲ ਵੇਚਣ ਵਿੱਚ ਕੋਈ ਮੁਸ਼ਕਿਲ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਅੱਜ ਇੱਕ ਦਿਨ 'ਚ 11835 ਮੀਟਿ੍ਰਕ ਟਨ ਦੀ ਖਰੀਦ ਕੀਤੀ ਗਈ।
ਖਰੀਦੀ ਕਣਕ ਦੀ ਏਜੰਸੀਆਂ ਵੱਲੋਂ ਹੁਣ ਤੱਕ 21780 ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਸਕਦੀ ਹੈ ਜੋ ਕਿ 421.69 ਕਰੋੜ ਰੁਪਏ ਦੀ ਬਣਦੀ ਹੈ। ਉਨ੍ਹਾਂ ਏਜੰਸੀਵਾਰ ਖਰੀਦ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਨੇ 53092 ਮੀਟਿ੍ਰਕ ਟਨ, ਮਾਰਕਫ਼ੈਡ ਨੇ 59122 ਮੀਟਿ੍ਰਕ ਟਨ, ਪਨਸਪ ਨੇ 51700 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 34905 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 21700 ਮੀਟਿ੍ਰਕ ਟਨ ਖਰੀਦੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਮਿੱਥੇ ਟੀਚੇ ਦੇ ਨੇੜੇ ਪੁੱਜਣ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਜ਼ਿਲ੍ਹੇ 'ਚ ਪਹਿਲਾਂ ਹੋਈਆਂ ਬਾਰਸ਼ਾਂ ਕਾਰਨ ਫ਼ਸਲਾਂ ਦੇ ਝਾੜ 'ਤੇ ਕੋਈ ਜ਼ਿਆਦਾ ਅਸਰ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਖਰੀਦ ਕਾਰਜ ਨੇੜੇ ਲੱਗਣ ਬਾਅਦ ਹੁਣ ਮੰਡੀਆਂ 'ਚੋਂ ਲਿਫ਼ਟਿੰਗ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 100338 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ ਜੋ ਕਿ 57 ਫ਼ੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਲਿਫ਼ਟਿੰਗ ਕਾਰਨ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੀ ਫ਼ਸਲ ਮੰਡੀ 'ਚ ਆਉਣ 'ਤੇ ਤੁਰੰਤ ਖਰੀਦੀ ਜਾ ਰਹੀ ਹੈ।

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ) ਦਾ ਸ਼ਾਨਦਾਰ ਨਤੀਜਾ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ) ਦਾ ਸ਼ਾਨਦਾਰ ਨਤੀਜਾ

ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥੀ ਲਵਪ੍ਰੀਤ ਕੌਰ ਕਲੇਰ ਨੇ  ਬੀ.ਐਸ.ਸੀ. ਅਪਰੇਸ਼ਨ ਥੀਏਟਰ ਟੈਕਨੋਲਜੀ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ


ਬੰਗਾ : 28 ਅਪ੍ਰੈਲ () ਢਾਹਾਂ ਕਲੇਰਾਂ ਵਿਖੇ ਸਥਾਪਿਤ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ) ਕਲਾਸ ਦਾ ਸ਼ਾਨਦਾਰ ਨਤੀਜਾ ਆਇਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਿਯੰਕਾ ਰਾਜ ਜਾਣਕਾਰੀ ਦਿੰਦੇ ਦੱਸਿਆ ਕਿ ਬੀ.ਐਸ.ਸੀ. ਅਪਰੇਸ਼ਨ ਥੀਏਟਰ ਟੈਕਨੋਲਜੀ (ਪਹਿਲਾ ਸਮੈਸਟਰ) ਵਿਚੋਂ ਪਹਿਲਾ ਸਥਾਨ ਲਵਪ੍ਰੀਤ ਕੌਰ ਕਲੇਰ ਪੁੱਤਰੀ ਸ੍ਰੀ ਸੁਰਜੀਤ ਸਿੰਘ ਕਲੇਰ- ਸ੍ਰੀਮਤੀ ਜਾਗੀਰ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ 7.96 ਐਸ.ਜੀ.ਪੀ.ਏ ਪ੍ਰਾਪਤ ਕੀਤਾ ਹੈ। ਜਦ ਕਿ ਦੂਸਰਾ ਸਥਾਨ ਨਿਧਾਤ ਅਬਦੁੱਲਾ ਪੁੱਤਰੀ ਸ੍ਰੀ ਮੁਹੰਮਦ ਅਬਦੁੱਲਾ-ਸ੍ਰੀਮਤੀ ਹਮੀਦਾ ਬੇਗਮ ਜੰਮੂ ਕਸ਼ਮੀਰ ਨੇ 7.85 ਐਸ.ਜੀ.ਪੀ.ਏ ਪ੍ਰਾਪਤ ਹਾਸਲ ਕੀਤਾ। ਕਲਾਸ ਵਿਚ ਹਿਮਾਨੀ ਸ਼ਰਮਾ ਪੁੱਤਰੀ ਸ੍ਰੀ ਸੁਰਿੰਦਰ ਸ਼ਰਮਾ-ਸ੍ਰੀਮਤੀ ਕਿਰਨ ਸ਼ਰਮਾ  ਜੰਮੂ ਅਤੇ ਦਵਿੰਦਰਪ੍ਰੀਤ ਕੌਰ ਪੁੱਤਰੀ ਸ੍ਰੀ ਜੀਵਨ ਲਾਲ-ਸ੍ਰੀਮਤੀ ਕੁਲਵਿੰਦਰ ਕੌਰ ਜ਼ਿਲ੍ਹਾ ਜਲੰਧਰ ਨੇ ਇੱਕੋ ਜਿਹੇ ਗਰੇਡ ਅੰਕ 7.81 ਐਸ.ਜੀ.ਪੀ.ਏ ਲੈ ਕੇ ਤੀਜੇ ਸਥਾਨ ਤੇ ਰਹੇ। ਜਦ ਕਿ ਚੌਥਾ ਸਥਾਨ ਇਰਤੀਜਾ ਗਫਾਰ ਪੁੱਤਰੀ ਸ੍ਰੀ ਅੱਬਦੁੱਲ ਗਫਾਰ ਲੋਨ-ਸ੍ਰੀਮਤੀ ਜਵਾਹਰਾ ਬੇਗਮ, ਜੰਮੂ ਕਸ਼ਮੀਰ ਨੇ 7.59 ਐਸ.ਜੀ.ਪੀ.ਏ ਲੈ ਕੇ ਪ੍ਰਾਪਤ ਕੀਤਾ । ਪ੍ਰਿੰਸੀਪਲ ਡਾ. ਪ੍ਰਿੰਯਕਾ ਰਾਜ ਨੇ ਦੱਸਿਆ ਕਿ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਕਰਵਾਉਣ ਦੇ ਨਾਲ ਨਾਲ, ਉਹਨਾਂ ਦੇ ਸਰਬਪੱਖੀ ਵਿਕਾਸ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਕਾਲਜ ਵਿਚ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ) ਤੋ ਇਲਾਵਾ ਬੀ.ਐਸ.ਸੀ. ਰੇਡੀਉ ਐਂਡ ਇਮੇਜ਼ਿੰਗ ਟੈਕਨੋਲਜੀ ਅਤੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦੇ ਕੋਰਸ ਵੀ ਕਰਵਾਏ ਜਾਂਦੇ ਹਨ। ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ  ਸ.ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ) ਪਹਿਲਾ ਸਮੈਸਟਰ ਦੇ ਸਮੂਹ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਮਾਪਿਆਂ ਨੂੰ, ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਵੀ ਦਿੱਤੀ।
ਕਾਲਜ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਪ੍ਰਿਯੰਕਾ ਰਾਜ ਪ੍ਰਿੰਸੀਪਲ, ਸ੍ਰੀ ਰਾਜਦੀਪ ਥਿਦਵਾਰ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਮੈਡਮ ਪ੍ਰਭਜੋਤ ਕੌਰ ਖਟਕੜ, ਸਮੂਹ ਸਟਾਫ ਅਤੇ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ) ਦੇ ਟਾਪਰ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. (ਅਪਰੇਸ਼ਨ ਥੀਏਟਰ ਟੈਕਨੋਲਜੀ) ਪਹਿਲਾ ਸਮੈਸਟਰ ਦੇ ਪਹਿਲੇ, ਦੂਜੇ, ਤੀਜੇ ਤੇ ਚੌਥੇ ਸਥਾਨ ਤੇ ਰਹੇ ਵਿਦਿਆਰਥੀ

ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਦੀ ਨਵੀਂ ਕਮੇਟੀ ਦੀ ਚੋਣ ਹੋਈ

ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਦੀ ਨਵੀਂ ਕਮੇਟੀ ਦੀ ਚੋਣ ਹੋਈ
ਮਲਕੀਅਤ ਸਿੰਘ ਬਾਹੜੋਵਾਲ ਬਣੇ ਪੰਜਵੀਂਂ ਵਾਰ ਪ੍ਰਧਾਨ
ਬੰਗਾ : 28 ਅਪ੍ਰੈਲ () ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਵਧੀਆ ਕੰਮ ਕਰ ਰਹੀ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ। ਇਸ ਵਾਰ ਸਮੂਹ ਮੈਂਬਰਾਂ ਵੱਲੋਂ  ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ ਨੂੰ  ਸਭਾ ਦਾ ਪ੍ਰਧਾਨ  ਚੁਣਿਆ ਗਿਆ ਹੈ। ਇਹ ਜਾਣਕਾਰੀ ਸਭਾ ਦੇ ਸਕੱਤਰ ਰਾਜਵਿੰਦਰ ਸਿੰਘ ਨੇ ਦਿੱਤੀ। ਸੱਕਤਰ ਸਭਾ ਨੇ ਦੱਸਿਆ ਕਿ ਪੰਜਾਬ ਕੋਆਪਰੇਟਿਵ ਸੁਸਾਇਟੀ ਦੇ ਨਿਯਮਾਂ ਅਨੁਸਾਰ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਗਈ, ਜਿਸ ਵਿਚ ਸਾਲ 2023-2028 ਲਈ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਹੈ। ਜਿਸ ਵਿਚ ਮਲਕੀਅਤ ਸਿੰਘ ਬਾਹੜੋਵਾਲ ਪ੍ਰਧਾਨ ਚੁਣੇ ਗਏ ਹਨ। ਇਸ ਮੌਕੇ  ਰਾਮ ਲੁਭਾਇਆ ਖਟਕੜ ਖੁਰਦ ਸੀਨੀਅਰ ਮੀਤ ਪ੍ਰਧਾਨ ਅਤੇ ਤੇਜਾ ਸਿੰਘ ਮਜਾਰੀ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ । ਇਸ ਤੋਂ ਇਲਾਵਾ ਨਵੀਂ ਕਮੇਟੀ ਵਿਚ ਅੱਠ ਪ੍ਰਬੰਧਕ ਮੈਂਬਰ ਬਣਾਏ ਗਏ ਹਨ ਜਿਹਨਾਂ ਵਿਚ ਬਲਿਹਾਰ ਸਿੰਘ, ਬਲਬੀਰ ਕੌਰ, ਹਰਦੇਵ ਸਿੰਘ, ਉਮ ਪ੍ਰਕਾਸ਼, ਊਸ਼ਾ ਰਾਣੀ, ਕੁਲਦੀਪ ਚੰਦ, ਬਹਾਦਰ ਸਿੰਘ ਅਤੇ ਜਸਵੰਤ ਸਿੰਘ  ਸ਼ਾਮਿਲ ਹਨ। ਰਾਜਵਿੰਦਰ ਸਿੰਘ ਸਕੱਤਰ ਸਭਾ ਨੇ ਦੱਸਿਆ ਕਿ ਸਤਨਾਮ ਸਿੰਘ ਸਾਬਕਾ ਸਕੱਤਰ ਦੀ ਪ੍ਰੇਣਾ ਨਾਲ ਸਮੂਹ ਮੈਂਬਰਾਂ ਵੱਲੋਂ ਸੁਸਾਇਟੀ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਸਰਬਸਮੰਤੀ ਨਾਲ ਕੀਤੀ ਗਈ ਹੈ।    ਨਵ ਨਿਯੁਕਤ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਨੇ ਕਿਹਾ ਉਹ ਅਤੇ ਉਹਨਾਂ ਦੀ ਸਮੂਹ ਕਮੇਟੀ ਵੱਲੋਂ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਨੂੰ ਹੋਰ ਬੁਲੰਦੀਆਂ ਉੱਤੇ ਲਿਜਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਸੁਸਾਇਟੀ ਤਿੰਨ ਪਿੰਡਾਂ, ਪਿੰਡ ਬਾਹੜੋਵਾਲ , ਪਿੰਡ ਮਜਾਰੀ ਅਤੇ ਪਿੰਡ ਖਟਕੜ ਖੁਰਦ ਨੂੰ ਸੇਵਾਵਾਂ ਪ੍ਰਦਾਨ ਕਰ ਰਹੀ ਹੈ ।  ਸਮੂਹ ਮੈਂਬਰਾਂ ਨੂੰ ਇਸ ਸਭਾ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇਗਾ ਅਤੇ  ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ। ਇਸ ਮੌਕੇ ਸਮੂਹ ਨਵੀਂ ਪ੍ਰਬੰਧਕ ਕਮੇਟੀ ਦਾ ਸਨਮਾਨ ਕਰਨ ਮੌਕੇ ਰਾਜਵਿੰਦਰ ਸਿੰਘ ਸਕੱਤਰ, ਸਤਨਾਮ ਸਿੰਘ ਸਾਬਕਾ ਸਕੱਤਰ, ਮਨਜਿੰਦਰ ਸਿੰਘ, ਬਾਬਾ ਸੁਰੈਣ ਸਿੰਘ, ਇਕਬਾਲ ਸਿੰਘ, ਗੁਰਨਾਮ ਸਿੰਘ ਤੋਂ ਇਲਾਵਾ ਵੀ ਸਭਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਆਪਣੀਆਂ ਸ਼ਾਨਦਾਰ ਸੇਵਾਵਾਂ ਕਰਕੇ ਮਲਕੀਅਤ ਸਿੰਘ ਬਾਹੜੋਵਾਲ ਇਸ ਸਹਿਕਾਰੀ ਸਭਾ ਦੇ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਹਨ।
ਫੋਟੋ : ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਬਾਹੜੋਵਾਲ ਦੇ ਨਵ-ਨਯੁਕਿਤ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਨਵੀਂ ਕਮੇਟੀ ਮੈਂਬਰਾਂ ਅਤੇ ਅਹੁਦੇਦਾਰਾਂ ਨਾਲ ਯਾਦਗਾਰੀ ਤਸਵੀਰ ਵਿਚ


ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵੀਰਵਾਰ ਸ਼ਾਮ ਤੱਕ 193018 ਮੀਟ੍ਰਿਕ ਟਨ ਕਣਕ ਦੀ ਖਰੀਦ

19000 ਤੋਂ ਵਧੇਰੇ ਕਿਸਾਨਾਂ ਨੂੰ 340.25 ਕਰੋੜ ਦੀ ਅਦਾਇਗੀ
ਨਵਾਂਸ਼ਹਿਰ, 27 ਅਪਰੈਲ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ
ਵੀਰਵਾਰ ਸ਼ਾਮ ਤੱਕ 193018 ਮੀਟ੍ਰਿਕ ਟਨ ਕਣਕ ਦੀ ਖਰੀਦ ਦਰਜ ਕੀਤੀ ਗਈ ਹੈ। ਵੀਰਵਾਰ
ਨੂੰ ਇੱਕ ਦਿਨ ਵਿੱਚ 16930 ਮੀਟ੍ਰਿਕ ਟਨ ਖਰੀਦ ਹੋਈ। ਜ਼ਿਲ੍ਹੇ ਦਾ ਕੁੱਲ ਖਰੀਦ ਟੀਚਾ
231600 ਮੀਟ੍ਰਿਕ ਟਨ ਰੱਖਿਆ ਗਿਆ ਹੈ। ਹੁਣ ਤੱਕ ਦੀ ਖਰੀਦ ਨੂੰ ਮਿਲਾ ਕੇ ਜ਼ਿਲ੍ਹੇ ਨੇ
84 ਫ਼ੀਸਦੀ ਟੀਚਾ ਪ੍ਰਾਪਤ ਕਰ ਲਿਆ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ
ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਜਿਸ ਰਫ਼ਤਾਰ ਨਾਲ ਕਣਕ ਦੀ ਆਮਦ ਅਤੇ ਖਰੀਦ ਹੋ ਰਹੀ
ਹੈ, ਉਸ ਤੋਂ ਇਹ ਜਾਪਦਾ ਹੈ ਕਿ ਅਗਲੇ ਕੁਝ ਦਿਨਾਂ ਚ ਖਰੀਦ ਦਾ ਮਿਥਿਆ ਟੀਚਾ ਪ੍ਰਾਪਤ
ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ
ਖਰੀਦ ਅਤੇ ਅਦਾਇਗੀ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ
ਦਿੱਤੀ ਜਾ ਰਹੀ। ਹੁਣ ਤੱਕ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 19091 ਕਿਸਾਨਾਂ ਨੂੰ
340.25 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਏਜੰਸੀ ਵਾਰ ਖਰੀਦ ਅੰਕੜੇ ਮੁਤਾਬਕ ਪਨਗ੍ਰੇਨ ਨੇ 45793
ਮੀਟ੍ਰਿਕ ਟਨ, ਮਾਰਕਫੈੱਡ ਨੇ 52135 ਮੀਟ੍ਰਿਕ ਟਨ, ਪਨਸਪ ਨੇ 46770 ਮੀਟ੍ਰਿਕ ਟਨ,
ਪੰਜਾਬ ਰਾਜ ਗੋਦਾਮ ਨਿਗਮ ਨੇ 29712 ਮੀਟ੍ਰਿਕ ਟਨ, ਭਾਰਤੀ ਖੁਰਾਕ ਨਿਗਮ ਨੇ 18601
ਮੀਟ੍ਰਿਕ ਟਨ ਅਤੇ ਨਿੱਜੀ ਵਪਾਰੀਆਂ ਨੇ 7 ਮੀਟ੍ਰਿਕ ਟਨ ਕਣਕ ਖਰੀਦੀ ਹੈ। ਉਨ੍ਹਾਂ
ਦੱਸਿਆ ਕਿ ਹੁਣ ਤੱਕ 79451 ਮੀਟ੍ਰਿਕ ਟਨ ਕਣਕ ਦੀ ਮੰਡੀਆਂ ਵਿੱਚੋਂ ਲਿਫਟਿੰਗ ਹੋ
ਚੁੱਕੀ ਹੈ ਜੋ ਕਿ 72 ਘੰਟਿਆਂ ਦੀਆਂ ਹਦਾਇਤਾਂ ਮੁਤਾਬਕ 58 ਫੀਸਦੀ ਹੋ ਗਈ ਹੈ। ਉਨ੍ਹਾਂ
ਦੱਸਿਆ ਕਿ ਅੱਜ 10133 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਦੀਆਂ ਮੰਡੀਆਂ ਵਿੱਚ ਸੀਜ਼ਨ ਦੇ ਨਿਰਧਾਰਿਤ ਟੀਚੇ ਦੀ 76 ਫੀਸਦੀ ਖਰੀਦ ਮੁਕੰਮਲ

ਸਮੇਂ ਸਿਰ ਭਾਅ ਲੱਗਣ ਤੇ ਖਾਤਿਆਂ ਚ ਵਿਕੀ ਉਪਜ ਦੇ ਪੈਸੇ ਆਉਣ ਤੇ ਕਿਸਾਨ ਖੁਸ਼
ਨਵਾਂਸ਼ਹਿਰ, 26 ਅਪਰੈਲ : ਪੰਜਾਬ ਸਰਕਾਰ ਵੱਲੋਂ ਰੱਬੀ ਖਰੀਦ ਸੀਜ਼ਨ ਦੌਰਾਨ ਕਣਕ ਦੀ
ਨਾਲੋ-ਨਾਲ ਬੋਲੀ ਲਾਉਣ ਅਤੇ ਸਮੇਂ ਸਿਰ ਅਦਾਇਗੀ ਤੋਂ ਕਿਸਾਨਾਂ ਵਿਚ ਖੁਸ਼ੀ ਦਾ ਮਾਹੌਲ
ਹੈ। ਬੁੱਧਵਾਰ ਨੂੰ ਨਵਾਂਸ਼ਹਿਰ ਮੰਡੀ ਵਿੱਚ ਮੌਜੂਦ ਕਿਸਾਨਾਂ ਅਜਮੇਰ ਸਿੰਘ ਪੁੱਤਰ
ਕਰਨੈਲ ਸਿੰਘ ਪਿੰਡ ਅਮਰਗੜ੍ਹ ਅਤੇ ਜਸਕਰਨ ਸਿੰਘ ਪਿੰਡ ਚਾਹਲ ਖੁਰਦ ਦਾ ਕਹਿਣਾ ਸੀ ਕਿ
ਪੰਜਾਬ ਸਰਕਾਰ ਵਲੋਂ ਨਾਲੋ ਨਾਲ ਭਾਅ ਲਾਉਣ ਅਤੇ ਮਿੱਥੇ ਸਮੇਂ ਵਿੱਚ ਅਦਾਇਗੀ ਉਨ੍ਹਾਂ
ਦੇ ਖਾਤਿਆਂ ਵਿੱਚ ਕਰਨ ਨਾਲ, ਉਹ ਸੀਜ਼ਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ
ਦੱਸਿਆ ਕਿ ਇਸ ਨਾਲ ਜਿੱਥੇ ਉਨ੍ਹਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰੀ ਹੋਣ ਤੋਂ ਰਾਹਤ
ਮਿਲੀ ਹੈ, ਉੱਥੇ ਸ਼ਾਮ ਨੂੰ ਹੀ ਫ਼ਸਲ ਵੇਚ ਕੇ ਘਰ ਪਰਤ ਜਾਣ ਦੀ ਵੱਡੀ ਸਹੂਲਤ ਵੀ ਮਿਲੀ
ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ
ਮੰਡੀਆਂ ਵਿੱਚ ਬੁੱਧਵਾਰ ਸ਼ਾਮ ਤੱਕ 176088 ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਸ ਸੀਜ਼ਨ ਦੌਰਾਨ 231600 ਮੀਟ੍ਰਿਕ ਟਨ ਦੀ ਖਰੀਦ ਦਾ ਟੀਚਾ ਮਿਥਿਆ
ਗਿਆ ਹੈ, ਜਿਸ ਵਿਚੋਂ ਅੱਜ ਸ਼ਾਮ ਤੱਕ 76 ਫੀਸਦੀ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ
ਦੱਸਿਆ ਕਿ ਅੱਜ ਇੱਕ ਦਿਨ ਵਿੱਚ 21000 ਮੀਟ੍ਰਿਕ ਟਨ ਤੋਂ ਵਧੇਰੇ ਦੀ ਖਰੀਦ ਦਰਜ ਕੀਤੀ
ਗਈ।
ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਅੱਜ 1901 ਕਿਸਾਨਾਂ ਨੂੰ ਰਾਸ਼ੀ
ਜਾਰੀ ਕੀਤੀ ਗਈ ਅਤੇ ਸੀਜ਼ਨ ਦੌਰਾਨ 17442 ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ
ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ਾਮ ਤੱਕ ਖਰੀਦ ਏਜੰਸੀਆਂ ਵੱਲੋਂ 299.37 ਰੁਪਏ ਦੀ
ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਲਿਫਟਿੰਗ ਨੂੰ ਹੋਰ ਵਧਾਉਣ ਲਈ ਅੱਜ ਸ਼ਾਮ ਨੂੰ ਖਰੀਦ
ਏਜੰਸੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਆਮਦ ਦੇ
ਮੁਕਾਬਲੇ ਲਿਫਟਿੰਗ ਦੀ ਰਫ਼ਤਾਰ ਹੋਰ ਵਧਾਈ ਜਾਵੇ।

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਸੈਣੀ ਨੇ ਕੀਤਾ ਨੌਜਵਾਨ ਔਰਤ ਦੇ ਬਰੇਨ ਟਿਊਮਰ ਦਾ ਸਫਲ ਅਪਰੇਸ਼ਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਸੈਣੀ ਨੇ ਕੀਤਾ ਨੌਜਵਾਨ ਔਰਤ ਦੇ ਬਰੇਨ ਟਿਊਮਰ ਦਾ ਸਫਲ ਅਪਰੇਸ਼ਨ
ਬੰਗਾ 26 ਅਪਰੈਲ () ਪੰਜਾਬ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਰੀ ਵਿਭਾਗ ਦੇ ਮੁੱਖੀ ਡਾ. ਜਸਦੀਪ ਸਿੰਘ ਸੈਣੀ ਐਮ. ਸੀ. ਐਚ. ਵੱਲੋਂ ਨੌਜਵਾਨ ਔਰਤ ਦੇ ਸਿਰ ਵਿਚ ਬਹੁਤ ਖਤਰਨਾਕ ਬਰੇਨ ਟਿਊਮਰ ਦਾ ਸਫਲ ਅਪਰੇਸ਼ਨ ਕੀਤਾ ਗਿਆ। ਬਰੇਨ ਟਿਊਮਰ ਦੇ ਇਸ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਸੈਣੀ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਕਲੇਰਾਂ ਵਾਸੀ ਬੀਬੀ ਸੁਖਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਆਪਣੇ ਸਿਰ ਦੀ ਸਮੱਸਿਆ ਕਰਕੇ ਬੰਗਾ ਸ਼ਹਿਰ ਵਿਖੇ ਅਚਾਨਕ ਡਿੱਗ ਪਏ। ਅਰਾਮ ਨਾ ਆਉਂਦਾ ਦੇਖ ਕੇ ਉਹਨਾਂ ਦੇ ਪਤੀ ਨੇ ਆਪਣੀ ਪਤਨੀ ਦੀਆਂ ਵੱਧ ਰਹੀਆਂ ਤਕਲੀਫ ਨੂੰ ਦੇਖਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ।  ਜਿੱਥੇ ਸਿਰ ਦੇ ਅਪਰੇਸ਼ਨਾਂ ਅਤੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ ਨੇ ਮਰੀਜ਼ ਦੇ ਜ਼ਰੂਰੀ ਟੈਸਟ ਕਰਵਾਏ ।  ਇਸ ਜਾਂਚ ਵਿਚ ਪਤਾ ਲੱਗਾ ਕਿ ਕਿ ਬੀਬੀ  ਸੁਖਵਿੰਦਰ ਕੌਰ ਦੇ ਸਿਰ ਵਿਚ ਖਤਰਨਾਕ ਟਿਊਮਰ ਹੈ।  ਜਿਸ ਕਰਕੇ ਉਹ ਅਚਾਨਕ ਡਿੱਗ ਪਏ ਅਤੇ ਹੁਣ ਹੋਰ ਵੀ ਹੋਰ ਵੀ ਮੁਸ਼ਕਲਾਂ ਸਾਹਮਣੇ ਆ ਰਹੀਆਂ ਸਨ। ਸੁਖਵਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨਾਲ ਬਿਮਾਰੀ ਬਾਰੇ ਦੱਸਣ ਉਪਰੰਤ ਢਾਹਾਂ ਕਲੇਰਾਂ ਹਸਪਤਾਲ ਦੇ ਮਾਡੂਲਰ ਉਪਰੇਸ਼ਨ ਥੀਏਟਰ ਵਿਚ ਸਫਲ ਅਪਰੇਸ਼ਨ ਕੀਤਾ ਗਿਆ। ਡਾ. ਸੈਣੀ ਅਤੇ ਸਮੂਹ ਸਟਾਫ ਦੀ ਮਿਨਹਤ ਸਦਕਾ ਨੇ ਬੀਬੀ ਸੁਖਵਿੰਦਰ ਕੌਰ ਹੁਣ ਤੰਦਰੁਸਤ ਹੋ ਕੇ ਆਪਣੇ ਲਾਡਲੇ ਬੱਚਿਆਂ ਨਾਲ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਹੀ ਹੈ। ਇਸ ਮੌਕੇ ਮਰੀਜ਼ ਦੇ ਪਤੀ ਜਸਵਿੰਦਰ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ ਦਾ ਹਾਰਦਿਕ ਧੰਨਵਾਦ ਕੀਤਾ ਜਿਨ੍ਹਾਂ ਕਰਕੇ ਉਸ ਦੀ ਧਰਮਪਤਨੀ ਨੂੰ ਨਵਾਂ ਜੀਵਨ ਮਿਲਿਆ ਹੈ।  ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਬਰੇਨ ਟਿਊਮਰ ਦੇ ਸਫਲ ਅਪਰੇਸ਼ਨ ਲਈ ਡਾ. ਜਸਦੀਪ ਸਿੰਘ ਸੈਣੀ ਅਤੇ ਸਮੂਹ ਮੈਡੀਕਲ ਸਟਾਫ ਨੂੰ ਵਧਾਈਆਂ ਦਿੱਤੀਆਂ।  ਡਾ. ਜਸਦੀਪ ਸਿੰਘ ਸੈਣੀ ਨੇ ਬਰੇਨ ਟਿਊਮਰ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਸਰੀਰ ਵਿਚ ਸਿਰ ਦੀ ਖੋਪੜੀ ਦੇ ਹੇਠਾਂ ਦਿਮਾਗ ਦੇ ਸੈੱਲਾਂ ਦਾ ਅਚਾਨਕ ਜਾਂ ਕਿਸੇ ਹੋਰ ਕਾਰਨਾਂ ਕਰਕੇ ਵਾਧਾ ਹੋਣ ਕਰਕੇ ਬ੍ਰੇਨ ਟਿਊਮਰ ਬਣ ਜਾਂਦਾ ਹੈ।  ਬ੍ਰੇਨ ਟਿਊਮਰ ਸਿਰ ਦੀ ਖੋਪੜੀ ਦੇ ਹੇਠਾਂ ਹੋਣ ਕਰਕੇ ਜੀਵਨ ਲਈ ਨੁਕਸਾਨ ਦਾਇਕ ਹੁੰਦਾ ਹੈ, ਜਿਸ ਪੱਕਾ ਹੱਲ ਅਪਰੇਸ਼ਨ ਹੁੰਦਾ ਹੈ।  ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾਕਟਰ ਸਾਹਿਬਾਨ ਤੋਂ ਇਲਾਵਾ ਹਸਪਤਾਲ ਸਟਾਫ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
 ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੇ ਪਤੀ ਨਾਲ ਬੀਬੀ ਸੁਖਵਿੰਦਰ ਕੌਰ ਤੰਦਰੁਸਤੀ ਉਪਰੰਤ ਹਸਪਤਾਲ ਪ੍ਰਬੰਧਕਾਂ, ਡਾਕਟਰ ਸਾਹਿਬਾਨ ਅਤੇ ਹਸਪਤਾਲ ਸਟਾਫ ਨਾਲ ਤਸਵੀਰ ਵਿਚ 

ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦਾ ਸ਼ਾਨਦਾਰ ਨਤੀਜਾ

ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ   (ਦੂਜਾ ਸਾਲ ) ਦਾ ਸ਼ਾਨਦਾਰ ਨਤੀਜਾ
ਬੰਗਾ : 25 ਅਪਰੈਲ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦੂਜਾ ਸਾਲ (2020-2024) ਦਾ ਸ਼ਾਨਦਾਰ ਨਤੀਜਾ ਆਇਆ ਹੈ। ਇਸ ਪ੍ਰੀਖਿਆ ਵਿਚੋਂ ਬੀ.ਐੱਸ.ਸੀ. ਨਰਸਿੰਗ (ਦੂਜਾ ਸਾਲ) ਕਲਾਸ ਵਿਚੋਂ ਪਹਿਲਾ ਸਥਾਨ ਜਤਿੰਦਰ ਕੌਰ ਪੁੱਤਰੀ ਦਿਲਬਾਗ ਸਿੰਘ-ਕਰਮਜੀਤ ਕੌਰ ਪਿੰਡ ਸੈਣੀ ਮਾਜਰਾ ਜ਼ਿਲ੍ਹਾ ਰੋਪੜ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕੀਤਾ। ਜਦ ਕਿ ਦੂਜਾ ਸਥਾਨ ਦੋ ਵਿਦਿਆਰਥੀਆਂ ਗਗਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ-ਰਾਜਵਿੰਦਰ ਕੌਰ ਪਿੰਡ ਅੱਟੀ, ਜ਼ਿਲ੍ਹਾ ਜਲੰਧਰ ਅਤੇ ਹਰਲੀਨ ਕੌਰ ਪੁੱਤਰੀ ਨਛੱਤਰ ਸਿੰਘ-ਸੁਰਜੀਤ ਕੌਰ ਪਿੰਡ ਉਡੇਰ ਖੁਰਦ, ਜ਼ਿਲ੍ਹਾ ਜਲੰਧਰ ਨੇ ਇੱਕੋ ਜਿੰਨੇ ਅੰਕ ਪ੍ਰਾਪਤ ਕਰਕੇ ਕੀਤਾ। ਇਸੇ ਤਰ੍ਹਾਂ ਤੀਜਾ ਸਥਾਨ ਜਸਮੀਨ ਕੌਰ ਪੁੱਤਰੀ ਗੁਰਜੀਵ ਸਿੰਘ-ਹਰਜਿੰਦਰ ਕੌਰ ਪਿੰਡ ਗਰਚਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਹਾਸਲ ਕੀਤਾ ਹੈ। ਇਸ ਸ਼ਾਨਦਾਰ ਨਤੀਜੇ ਅਤੇ ਕਲਾਸ ਦੇ ਟੌਪਰ ਵਿਦਿਆਰਥੀਆਂ ਦੀ ਜਾਣਕਾਰੀ ਦਿੰਦੇ  ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਨੇ ਨਾਲ ਨਾਲ ਉਹਨਾਂ ਦਾ ਸਰਬਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
      ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ ਐੱਸ ਸੀ ਨਰਸਿੰਗ (ਦੂਜਾ ਸਾਲ) ਦੇ ਸ਼ਾਨਦਾਰ ਨਤੀਜੇ ਲਈ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ।
  ਇਸ ਮੌਕੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ, ਮੈਡਮ ਪੂਜਾ ਜੱਸੀ ਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਦੂਜਾ ਸਾਲ ਵਿਚੋਂ ਅਵੱਲ ਰਹੇ ਵਿਦਿਆਰਥੀ

36ਵੀਂ ਨੈਸ਼ਨਲ ਗੇਮਜ਼ ਵਿੱਚ ਜਿਲ੍ਹੇ ਦੇ 20 ਖਿਡਾਰੀਆਂ ਨੇ ਕੀਤਾ ਪੰਜਾਬ ਦਾ ਨਾਂ ਰੌਸ਼ਨ - ਜ਼ਿਲ੍ਹੇ ਦੇ 20 ਖਿਡਾਰੀਆਂ ਨੂੰ ਮਿਲੀ 71 ਲੱਖ ਦੀ ਇਨਾਮੀ ਰਾਸ਼ੀ

ਅੰਮ੍ਰਿਤਸਰ, 24 ਅਪ੍ਰੈਲ:ਰਾਜ ਵਿੱਚ ਖੇਡਾਂ ਨੂੰ ਮੋਹਰੀ ਬਣਾਉਣ ਲਈ ਪੰਜਾਬ ਸਰਕਾਰ
ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ
ਮਕਸਦ ਨਾਲ ਦੇਸ਼ 'ਚ ਸਭ ਤੋਂ ਪਹਿਲਾਂ ਕੌਮੀ ਖੇਡਾਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਦੀ
ਪਹਿਲ ਕੀਤੀ ਗਈ ਹੈ, ਜਿਸ 'ਚ ਅੰਮ੍ਰਿਤਸਰ ਜਿਲ੍ਹੇ ਦੇ 20 ਖਿਡਾਰੀਆਂ ਨੂੰ 71 ਲੱਖ
ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੌਮੀ ਖੇਡਾਂ ਦੇ ਸੋਨ
ਤਗਮਾ ਜੇਤੂਆਂ ਨੂੰ 5-5 ਲੱਖ ਰੁਪਏ, ਚਾਂਦੀ ਦੇ ਤਗਮਾ ਜੇਤੂਆਂ ਨੂੰ 3-3 ਲੱਖ ਰੁਪਏ
ਅਤੇ ਕਾਂਸੇ ਦਾ ਤਗਮਾ ਜੇਤੂਆਂ ਨੂੰ 2-2 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ
ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ
ਦੱਸਿਆ ਕਿ ਗੁਜਰਾਤ ਵਿਖੇ 36ਵੀਂ ਨੈਸ਼ਨਲ ਗੇਮਜ਼ 2022 ਦੀਆਂ ਖੇਡਾਂ ਦੌਰਾਨ ਜਿਲ੍ਹੇ ਦੇ
20 ਖਿਡਾਰੀਆਂ ਨੇ 6 ਗੋਲਡ, 11 ਸਿਲਵਰ ਅਤੇ 4 ਕਾਂਸੇ ਦੇ ਮੈਡਲ ਜਿੱਤੇ ਸਨ। ਜਿਸ ਸਦਕਾ
ਇਨਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ 71 ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ
ਹੈ। ਉਨਾਂ ਦੱਸਿਆ ਕਿ ਵੇਟ ਲਿਫਟਿੰਗ ਵਿੱਚ 109 ਕਿਲੋਗ੍ਰਾਮ ਭਾਰ ਦੇ ਮੁਕਾਬਲਿਆਂ ਵਿੱਚ
ਸ: ਲਵਪ੍ਰੀਤ ਸਿੰਘ ਨੇ ਗੋਲਡ, ਸਾਫਟ ਬਾਲ ਵਿੱਚ ਸਿਮਰਨਜੀਤ ਕੌਰ, ਸੋਨੀਆ ਕੁਮਾਰ,
ਹਰਦਿਸ਼ ਕੌਰ, ਮਨਪ੍ਰੀਤ ਕੌਰ ਅਤੇ ਕੰਵਲਜੀਤ ਕੌਰ ਨੇ ਗੋਲਡ ਮੈਡਲ ਹਾਸਿਲ ਕੀਤਾ ਹੈ ਅਤੇ
ਆਰਚਰੀ ਵਿੱਚ ਸੁਖਵਿੰਦਰ ਸਿੰਘ, ਬਾਸਕਿਲ ਬਾਲ ਵਿੱਚ ਅੰਮ੍ਰਿਤਪਾਲ ਸਿੰਘ, ਜੂਡੋ ਵਿੱਚ
ਨਵਰੂਪ ਕੌਰ, ਸ਼ੂਟਿੰਗ ਵਿੱਚ ਜੋਰਾਵਰ ਸਿੰਘ ਸੰਧੂ, 67 ਕਿਲੋਗ੍ਰਾਮ ਵਾਲੇ ਰੈਸÇਲੰਗ ਦੇ
ਮੁਕਾਬਲਿਆਂ ਵਿੱਚ ਕਰਨਜੀਤ ਸਿੰਘ, ਰੋਵਿੰਗ ਵਿੱਚ ਹਰਿੰਦਰ ਸਿੰਘ, ਵੁਸ਼ੂ ਗੇਮ ਵਿੱਚ
ਮਯੰਕ ਮਹਾਜਨ, ਹਾਕੀ ਵਿੱਚ ਯੋਗਤਾ ਬਾਲੀ, ਗੁਰਜੀਤ ਕੌਰ, ਮਨਮੀਤ ਕੌਰ, ਕੰਵਲਪ੍ਰੀਤ
ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ। ਉਨਾਂ ਦੱਸਿਆ ਕਿ
ਇਸ ਤੋਂ ਇਲਾਵਾ ਅਥਲੈਟਿਕਸ ਵਿੱਚ ਅਰਪਿੰਦਰਪਾਲ ਸਿੰਘ, ਬਾਕਸਿੰਗ ਵਿੱਚ ਕਮਲਪ੍ਰੀਤ ਕੌਰ
ਨੇ ਕਾਂਸੇ ਮੈਡਲ ਅਤੇ ਸਾਇਕਲੰਗ ਵਿੱਚ ਅਮਰਜੀਤ ਸਿੰਘ ਨੇ 2 ਕਾਂਸੇ ਮੈਡਲ ਜਿੱਤੇ ਸਨ
ਅਤੇ ਪੰਜਾਬ ਸਰਕਾਰ ਵਲੋਂ ਅਮਰਜੀਤ ਸਿੰਘ ਨੂੰ 4 ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ
ਸੀ।

ਸ੍ਰੀ ਸੂਦਨ ਨੇ ਦੱਸਿਆ ਕਿ ਇਹ ਮਾਣ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ
ਪ੍ਰੇਰਿਤ ਕਰੇਗਾ ਅਤੇ ਉਹ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ 'ਤੇ
ਰੌਸ਼ਨ ਕਰਨਗੇ। ਉਨਾਂ ਕਿਹਾ ਕਿ ਖੇਡਾਂ ਜਿੱਥੇ ਵਿਅਕਤੀ ਦੇ ਮਾਨਸਿਕ ਪੱਧਰ ਨੂੰ ਉੱਚਾ
ਚੁਕਦੀਆਂ ਹਨ ਉਥੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿੰਦਾ ਹੈ। ਉਨਾਂ ਕਿਹਾ ਕਿ
ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਗਵਾਚੀ ਸ਼ਾਨ
ਬਹਾਲ ਕਰਨ ਲਈ ਦਿਨ ਰਾਤ ਇਕ ਕਰ ਰਹੀ ਹੈ ਅਤੇ ਵੱਖ ਵੱਖ ਖੇਡਾਂ ਵਿੱਚ ਮੱਲਾਂ ਮਾਰਨ
ਵਾਲੇ ਖਿਡਾਰੀਆਂ ਨੂੰ ਚੰਗਾ ਮਾਨ ਸਨਮਾਨ ਦੇ ਕੇ ਨਵਾਜਿਆ ਜਾ ਰਿਹਾ ਹੈ।

ਕੈਪਸ਼ਨ : 36ਵੀਂ ਨੈਸ਼ਨਲ ਗੇਮਜ਼ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਮੁੱਖ ਮੰਤਰੀ
ਪੰਜਾਬ ਸ: ਭਗਵੰਤ ਮਾਨ ਇਨਾਮ ਰਾਸ਼ੀ ਦੇ ਚੈਕ ਵੰਡਦੇ ਹੋਏ।

ਕੈਬਨਿਟ ਮੰਤਰੀ ਜਿੰਪਾ ਵਲੋਂ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ ਲਈ ਚੁਣੀ ਗਈ ਅਕਸ਼ਿਤਾ ਸ਼ਰਮਾ ਨੂੰ 1 ਲੱਖ ਰੁਪਏ ਦਾ ਚੈਕ ਭੇਟ

ਹੁਸ਼ਿਆਰਪੁਰ, 24 ਅਪ੍ਰੈਲ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਏਸ਼ੀਅਨ ਸੀਨੀਅਰ
ਕੁਰਾਸ਼ ਚੈਂਪੀਅਨਸ਼ਿਪ ਲਈ ਚੁਣੀ ਗਈ ਹੁਸ਼ਿਆਰਪੁਰ ਦੀ ਧੀ ਅਕਸ਼ਿਤਾ ਸ਼ਰਮਾ ਨੂੰ 1 ਲੱਖ
ਰੁਪਏ ਦਾ ਚੈਕ ਭੇਟ ਕੀਤਾ ਗਿਆ। ਹੁਸ਼ਿਆਰਪੁਰ ਦੇ ਜਗਤਪੁਰਾ ਦੀ ਰਹਿਣ ਵਾਲੇ ਅਨਿਲ ਸ਼ਰਮਾ
ਦੀ ਬੇਟੀ ਅਕਸ਼ਿਤਾ ਸ਼ਰਮਾ ਨੂੰ ਚੈਂਪੀਅਨਸ਼ਿਪ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕੈਬਨਿਟ
ਮੰਤਰੀ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਥੋਂ ਦੀ
ਧੀ ਹਾਂਗਝੂ (ਚੀਨ) ਵਿਖੇ 25 ਤੋਂ 29 ਅਪ੍ਰੈਲ 2023 ਤੱਕ ਹੋਣ ਜਾ ਰਹੀ ਏਸ਼ੀਅਨ ਸੀਨੀਅਰ
ਕੁਰਾਸ਼ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ
ਚੈਂਪੀਅਨਸ਼ਿਪ ਲਈ ਕੁਰਾਸ਼ ਐਸੋਸੀਏਸ਼ਨ ਆਫ ਇੰਡੀਆ ਵਲੋਂ ਬੀਤੇ ਮਾਰਚ ਮਹੀਨੇ ਭਗਵਤੀ
ਸਟੇਡੀਅਮ ਜੰਮੂ ਵਿਖੇ ਟਰਾਇਲ ਹੋਏ ਸਨ, ਜਿਨ੍ਹਾਂ ਵਿੱਚ ਅਕਸ਼ਿਤਾ ਸ਼ਰਮਾ ਨੇ ਸ਼ਾਨਦਾਰ
ਕਾਰਗੁਜ਼ਾਰੀ ਦਿਖਾਉਂਦਿਆਂ ਇਸ ਚੈਂਪੀਅਨਸ਼ਿਪ ਲਈ ਆਪਣੀ ਸੀਟ ਪੱਕੀ ਕੀਤੀ।
ਕੈਪਸ਼ਨ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਏਸ਼ੀਅਨ ਸੀਨੀਅਰ ਕੁਰਾਸ਼ ਚੈਂਪੀਅਨਸ਼ਿਪ
ਲਈ ਚੁਣੀ ਗਈ ਹੁਸ਼ਿਆਰਪੁਰ ਦੀ ਧੀ ਅਕਸ਼ਿਤਾ ਸ਼ਰਮਾ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕਰਦੇ
ਹੋਏ।

ਆਈ.ਸੀ.ਆਈ.ਸੀ.ਆਈ ਅਕੈਡਮੀ ਫ਼ਾਰ ਸਕਿੱਲਜ਼ ਦੀ ਮੁਫ਼ਤ ਟ੍ਰੇਨਿੰਗ ਕੋਰਸ ਲਈ ਰਜਿਸਟ੍ਰੇਸ਼ਨ ਕੈਂਪ ਅੱਜ

ਪਟਿਆਲਾ, 24 ਅਪ੍ਰੈਲ: ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ
ਨਾਲ ਆਈ.ਸੀ.ਆਈ.ਸੀ.ਆਈ. ਅਕੈਡਮੀ ਫ਼ਾਰ ਸਕਿੱਲਜ਼ ਵੱਲੋਂ 72 ਦਿਨਾਂ ਦੀ ਮੁਫ਼ਤ
ਟ੍ਰੇਨਿੰਗ ਲਈ ਰਜਿਸਟ੍ਰੇਸ਼ਨ ਕੈਂਪ 25 ਅਪ੍ਰੈਲ 2023 ਨੂੰ ਲਗਾਇਆ ਜਾ ਰਿਹਾ ਹੈ। ਇਸ
ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ
ਜਿਨ੍ਹਾਂ ਉਮੀਦਵਾਰਾਂ ਨੇ ਦਸਵੀਂ, ਬਾਰਵੀਂ, ਆਈ.ਟੀ.ਆਈ., ਗਰੈਜੂਏਟ ਪਾਸ ਕੀਤੀ ਹੋਵੇ
ਅਤੇ ਉਹਨਾਂ ਦੀ ਉਮਰ 18 ਤੋਂ 29 ਸਾਲ ਤੱਕ ਹੋਵੇ, ਇਸ ਮੁਫ਼ਤ ਟ੍ਰੇਨਿੰਗ ਲਈ
ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਆਈ.ਸੀ.ਆਈ.ਸੀ.ਆਈ. ਅਕੈਡਮੀ ਫ਼ਾਰ ਸਕਿੱਲਜ਼ ਵੱਲੋਂ ਉਮੀਦਵਾਰਾਂ ਨੂੰ ਆਟੋਮੋਬਾਇਲ,
ਟਰੈਕਟਰ ਮਕੈਨਿਕ, ਇਲੈਕਟ੍ਰੀਕਲ, ਆਰ.ਏ.ਸੀ., ਸੇਲਿੰਗ ਸਕਿੱਲ, ਆਫ਼ਿਸ ਐਡਮਨਿਸਟ੍ਰੇਸ਼ਨ
(ਕੁੜੀਆਂ ਲਈ), ਸੈਂਟਰਲ ਏਅਰ ਕੰਡੀਸ਼ਨਿੰਗ, ਪੀ.ਏ.ਈ.ਪੀ.ਐਮ. ਕਿਰਲੋਸਕਰ ਜਨਰੇਟਰ ਸੈੱਟ
ਦੀ 72 ਦਿਨਾਂ ਦੀ ਮੁਫ਼ਤ ਟ੍ਰੇਨਿੰਗ ਕਰਵਾਈ ਜਾਵੇਗੀ। ਇਸ 72 ਦਿਨਾਂ ਦੀ ਮੁਫ਼ਤ
ਟ੍ਰੇਨਿੰਗ ਦਾ ਕੋਰਸ ਪੂਰਾ ਹੋਣ ਉਪਰੰਤ ਟੈਕਨੀਕਲ ਕੋਰਸ ਕਰਨ ਵਾਲੇ ਉਮੀਦਵਾਰਾਂ ਨੂੰ
ਮੁਫ਼ਤ ਟੂਲਕਿਟ ਦਿੱਤੀ ਜਾਵੇਗੀ।
ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਕਿਹਾ ਇੱਛੁਕ ਉਮੀਦਵਾਰ ਇਸ ਰਜਿਸਟ੍ਰੇਸ਼ਨ ਕੈਂਪ
ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਆਈ.ਡੀ.
ਪਰੂਫ਼ ਅਤੇ ਰਿਜ਼ਊਮ ਨਾਲ ਲੈ ਕੇ ਮਿਤੀ 25-04-2023 (ਮੰਗਲਵਾਰ) ਨੂੰ ਸਵੇਰੇ 10 ਵੱਜੇ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਨੇੜੇ ਸੇਵਾ
ਕੇਂਦਰ ਵਿਖੇ ਪਹੁੰਚਣ। ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਉਰੋ ਦੀ ਹੈਲਪ ਲਾਈਨ ਨੰ.
98776-10877 ਤੇ ਸੰਪਰਕ ਕਰ ਸਕਦੇ ਹਨ।

ਕਾਂਗਰਸ ਹੀ ਜਲੰਧਰ ਨੂੰ ਵਿਕਾਸ ਦੇ ਰਾਹ 'ਤੇ ਅਗੇ ਲੈ ਜਾ ਸਕਦੀ ਹੈ: ਮਨੀਸ਼ ਤਿਵਾੜੀ

ਪਾਰਟੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ
ਜਲੰਧਰ, 23 ਅਪ੍ਰੈਲ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ
ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹੀ ਜਲੰਧਰ ਨੂੰ ਵਿਕਾਸ ਦੀ
ਲੀਹ 'ਤੇ ਲੈ ਜਾ ਸਕਦੀ ਹੈ ਅਤੇ ਮਰਹੂਮ ਸੰਤੋਸ਼ ਸਿੰਘ ਚੌਧਰੀ ਤੋਂ ਬਾਅਦ ਹੁਣ ਉਨ੍ਹਾਂ
ਦੀ ਪਤਨੀ ਪ੍ਰੋ. ਕਰਮਜੀਤ ਕੌਰ ਚੌਧਰੀ ਲੋਕ ਸਭਾ ਹਲਕੇ ਦੀ ਤਰੱਕੀ ਸਬੰਧੀ ਮੁੱਦੇ
ਜ਼ੋਰਦਾਰ ਢੰਗ ਨਾਲ ਸੰਸਦ ਵਿੱਚ ਉਠਾ ਸਕਦੇ ਹਨ।
ਇਹ ਸ਼ਬਦ ਸੰਸਦ ਤਿਵਾੜੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਕਾਂਗਰਸੀ ਉਮੀਦਵਾਰ
ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਸਮਰਥਨ ਵਿੱਚ ਠਾਕੁਰ ਕਲੋਨੀ ਅਤੇ ਵਾਰਡ ਨੰਬਰ 5 ਵਿੱਚ
ਆਯੋਜਿਤ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ। ਜਿੱਥੇ ਉਨ੍ਹਾਂ ਦੇ ਨਾਲ
ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਨ੍ਹਾਂ ਮੀਟਿੰਗਾਂ
ਦਾ ਆਯੋਜਨ ਪਾਰਟੀ ਆਗੂਆਂ ਰੋਹਨ ਚੱਢਾ ਅਤੇ ਮਨਮੋਹਨ ਸਿੰਘ ਰਾਜੂ ਨੇ ਕੀਤਾ।
ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸੰਸਕ੍ਰਿਤ ਰਾਜਨੀਤੀ ਤੋਂ ਉੱਪਰ ਉੱਠ
ਕੇ ਵਿਕਾਸ ਦੀ ਸੋਚ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ
ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਆਪਣੇ ਉਮੀਦਵਾਰ ਹਨ ਅਤੇ ਨਾ ਹੀ ਲੋਕਾਂ ਕੋਲ ਜਾਣ ਦਾ
ਕੋਈ ਆਧਾਰ ਹੈ। ਲੋਕਾਂ ਨੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਵਿੱਚ ਭਰੋਸਾ ਪ੍ਰਗਟਾ ਕੇ
ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਜਿਸ ਤਰੀਕੇ ਨਾਲ ਸਵ.
ਸੰਤੋਸ਼ ਚੌਧਰੀ ਸੰਸਦ ਵਿੱਚ ਇਲਾਕੇ ਦੇ ਮੁੱਦੇ ਉਠਾਉਂਦੇ ਸਨ, ਉਨ੍ਹਾਂ ਦੀ ਪਤਨੀ ਪ੍ਰੋ.
ਕਰਮਜੀਤ ਕੌਰ ਚੌਧਰੀ ਵੀ ਹਲਕੇ ਦੇ ਮੁੱਦੇ ਸੰਸਦ ਵਿੱਚ ਉਠਾਉਣਗੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸ਼ਹੀਦ ਭਗਤ ਸਿੰਘ ਨਗਰ ਕਾਂਗਰਸ ਦੇ ਪ੍ਰਧਾਨ ਅਜੇ
ਚੌਧਰੀ ਮੰਗੂਪੁਰ, ਸਾਬਕਾ ਚੇਅਰਮੈਨ ਪਵਨ ਦੀਵਾਨ ਵੀ ਹਾਜ਼ਰ ਸਨ।

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਬੰਗਾ ਦੀ ਮੀਟਿੰਗ ਹੋਈ

ਬੰਗਾ , 23 ਅਪ੍ਰੈਲ  : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਬੰਗਾ ਦੀ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਟੇਟ ਕਮੇਟੀ ਮੈਂਬਰ ਤੇ ਇਕਾਈ ਦੇ ਚੇਅਰਮੈਨ ਹਰਮੇਸ਼ ਵਿਰਦੀ ਵੀ ਸ਼ਾਮਲ ਹੋਏ । ਇਸ ਮੀਟਿੰਗ ਵਿੱਚ ਜਿੱਥੇ ਵਿਸ਼ੇਸ਼ ਵਿਚਾਰਾਂ ਕੀਤੀਆਂ ਗਈਆਂ ਉਥੇ ਪੱਤਰਕਾਰਾਂ ਨੂੰ ਦਿਰਪੇਸ਼ ਮੁਸ਼ਕਲਾਂ ਦੇ ਹੱਲ ਲਈ ਚਰਚਾ ਵੀ ਕੀਤੀ ਗਈ। ਸਟੇਟ ਕਮੇਟੀ ਮੈਂਬਰ ਤੇ ਇਕਾਈ ਦੇ ਚੇਅਰਮੈਨ ਹਰਮੇਸ਼ ਵਿਰਦੀ ਨੇ ਦੱਸਿਆ ਕਿ ਇਸ ਮਹੀਨੇ ਦੇ ਵਿੱਚ ਵਿੱਚ ਜ਼ਿਲ੍ਹਾ ਨਵਾਂਸ਼ਹਿਰ ਦੀ ਜਲਦੀ ਮੀਟਿੰਗ ਕਰਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਦੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਕੀਤੀ ਜਾ ਰਹੀ ਹੈ । ਇਸ ਮੌਕੇ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਨੇ ਜਿਥੇ ਪੱਤਰਕਾਰਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਉਥੇ ਆਪਣੀ ਵਿਦੇਸ਼ ਯਾਤਰਾ ਤੇ ਜਾਣ ਦਾ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਮੀਟਿੰਗ ਵਿੱਚ ਵੱਖ-ਵੱਖ ਅਹਿਮ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਵੀਰ ਅਬੀ ਸਕੱਤਰ , ਨਵਕਾਂਤ ਭਰੋਮਜਾਰਾ ਜਨਰਲ ਸਕੱਤਰ , ਮਨੀਸ਼ ਕੁਮਾਰ ਚੁੱਘ ਖਜਾਨਚੀ , ਨਰਿੰਦਰ ਮਾਹੀ ਵਾਇਸ ਪ੍ਰਧਾਨ, ਧਰਮਵੀਰ ‌ਹੀਉਂ  , ਬਿੱਟੂ ਭੱਟੀ ਮਾਹਿਲ ਗਹਿਲਾਂ , ਕੁਲਦੀਪ ਸਿੰਘ ਪਾਬਲਾ , ਚਰਨਜੀਤ ਸੱਲਾਂ , ਸੰਜੀਵ ਭਨੋਟ ਅਤੇ ਕਈ ਹੋਰ ਪੱਤਰਕਾਰ ਹਾਜ਼ਰ ਸਨ। ਮੀਟਿੰਗ ਵਿੱਚ ਪੱਤਰਕਾਰਾਂ ਵੱਲੋਂ ਕੌਮਨ ਫੰਡ ਮਹੀਨੇ ਬਾਅਦ ਇਕੱਠਾ ਕਰਨ ਲਈ ਮਤਾ ਵੀ ਪਾਇਆ ਗਿਆ।
ਫੋਟੋ ਕੈਪਸ਼ਨ : ਪੰਜਾਬ ਐਂਡ ਚੰਡੀਗੜ੍ਹ ਜਨਰਲਿਸਟ ਯੂਨੀਅਨ ਇਕਾਈ ਬੰਗਾ ਦੀ ਮੀਟਿੰਗ ਮੌਕੇ ਦਾ ਦ੍ਰਿਸ਼। 

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਵੈ ਇਛੱਕ ਖੂਨਦਾਨ ਕੈਂਪ ਪਿੰਡ ਝਿੰਗੜਾਂ ਵਿਖੇ ਲੱਗਾ

ਬੰਗਾ   23  ਅਪਰੈਲ :-  ਅੱਜ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਝਿੰਗੜਾਂ ਵਿਖੇ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ 7ਵਾਂ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਖੂਨਦਾਨੀਆਂ ਵੱਲੋਂ 36 ਯੂਨਿਟ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਮੁੱਖ ਮਹਿਮਾਨਾਂ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਬਾਬਾ ਸੁਖਵਿੰਦਰ ਸਿੱੰਘ ਮੰਗਾ ਮੁੱਖ ਸੇਵਾਦਾਰ ਲਾਲਾ ਵਲੀ ਹੰਭੀਰ ਚੰਦ ਜੀ ਵਲੀ ਸਮਾਧਾਂ ਵਾਲੇ ਅਤੇ ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ ਵਾਲਿਆਂ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ  ਮੁੱਖ ਮਹਿਮਾਨਾਂ ਨੇ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਮਾਨਵਤਾ ਦੀ ਨਿਸ਼ਕਾਮ ਸੇਵਾ ਹਿੱਤ 7ਵਾਂ ਸਵੈ ਇੱਛਕ ਖੂਨਦਾਨ ਕੈਂਪ ਲਾਉਣ ਲਈ ਵਧਾਈਆਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਖੂਨਦਾਨ ਦੁਨੀਆਂ ਦਾ ਸਭ ਤੋਂ ਵੱਡਾ ਮਹਾਂਦਾਨ ਹੈ ਇਸ ਲਈ ਹਰੇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਹਮੇਸ਼ਾਂ ਖੂਨਦਾਨ ਕਰਨਾ ਚਾਹੀਦਾ ਹੈ। ਮਾਸਟਰ ਅਮਰਜੀਤ ਸਿੰਘ ਕਲਸੀ ਨੇ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ, ਸਮੂਹ ਖੂਨਦਾਨੀਆਂ ਅਤੇ ਸਹਿਯੋਗੀ ਸੰਗਤਾਂ ਦਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ 7ਵਾਂ ਸਵੈ ਇਛੱਕ ਖੂਨਦਾਨ ਕੈਂਪ ਨੂੰ ਕਾਮਯਾਬ ਕਰਨ ਧੰਨਵਾਦ ਕੀਤਾ। ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ ਸੱਜਣਾਂ ਵੱਲੋਂ ਖੂਨਦਾਨੀਆਂ ਨੂੰ ਸਰਟੀਫੀਕੇਟ ਅਤੇ ਸਨਮਾਨ ਚਿੰਨ ਦੇ ਸਨਮਾਨਿਤ ਵੀ ਕੀਤਾ ਗਿਆ।
ਖੂਨਦਾਨ ਕੈਂਪ ਵਿਚ ਸ੍ਰੀ ਕੁਲਜੀਤ ਸਿੰਘ ਸਰਹਾਲ, ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਲਾਲਾ ਵਲੀ ਹੰਭੀਰ ਚੰਦ ਜੀ ਵਲੀ ਸਮਾਧਾਂ, ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ, ਜਥੇਦਾਰ ਰਣਜੀਤ ਸਿੰਘ ਝਿੰਗੜ,  ਬਿਸ਼ਨ ਸਿੰਘ ਝਿੰਗੜ, ਲਛਮਣ ਸਿੰਘ ਕਲਸੀ, ਸੁਰਿੰਦਰ ਸਿੰਘ, ਸੰਤੋਖ ਸਿੰਘ ਢੰਡਾ, ਭਾਰਤ ਭੂਸ਼ਣ,  ਸੁਰਜੀਤ ਗਿੱਲ, ਕਾਮਰੇਡ ਕੁਲਦੀਪ ਸਿੰਘ, ਰਾਜੂ ਰਾਏਪੁਰ ਡੱਬਾ, ਜਸਪਾਲ ਸਿੰਘ, ਮਾਸਟਰ ਅਮਰਜੀਤ ਸਿੰਘ ਕਲਸੀ, ਇੰਜੀ: ਸੁਰਜੀਤ ਰੱਲ, ਜਸਵੀਰ ਸਿੰਘ ਰੱਲ, ਗੁਰਪ੍ਰੀਤ ਰੱਲ, ਗੁਰਪ੍ਰੀਤ ਢੰਂਡਾ, ਹਰਜਿੰਦਰ ਕੁਮਾਰ, ਮਾਸਟਰ ਭੁਪਿੰਦਰ ਸਿੰਘ, ਮਾਸਟਰ ਨਿਰਮਲ ਸਿੰਘ, ਨਿੰਦਰ ਰਾਮ, ਲਵਪ੍ਰੀਤ ਸਿੰਘ ਰੱਲ, ਪ੍ਰਿੰਸ ਰੱਲ, ਹਰਜਿੰਦਰ ਕੁਮਾਰ ਜਿੰਦਰ, ਗੁਰਵਿੰਦਰ ਸਿੰਘ, ਗੁਰਬਖਸ਼ ਸਿੰਘ, ਡਾ ਰਾਹੁਲ ਗੋਇਲ ਬੀ.ਟੀ.ਉ. ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ,  ਮਨਜੀਤ ਸਿੰਘ ਇੰਚਾਰਜ ਬਲੱਡ ਸੈਂਟਰ, ਮੈਡਮ ਰਾਜਵਿੰਦਰ ਕੌਰ ਸੈਣੀ, ਮੈਡਮ ਰੁਪਿੰਦਰ ਸ਼ਰਮਾ, ਸੁਰਜੀਤ ਸਿੰਘ ਜਗਤਪੁਰ ਅਤੇ ਹੋਰ ਪਤਵੰਤੇ  ਸੱਜਣ ਵੀ ਹਾਜ਼ਰ ਸਨ। ਖੂਨਦਾਨੀਆਂ ਲਈ ਵਿਸ਼ੇਸ਼ ਰਿਫੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।  ਇਸ ਮੌਕੇ ਮੁੱਖ ਮਹਿਮਾਨ ਅਤੇ ਸਹਿਯੋਗੀਆਂ ਦਾ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਵੱਲੋਂ ਸਨਮਾਨ ਵੀ ਕੀਤਾ ਗਿਆ।
ਫੋਟੋ ਕੈਪਸ਼ਨ : ਪਿੰਡ ਝਿੰਗੜਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਲੱਗੇ ਸਵੈਇਛੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ  ਪਤਵੰਤੇ ਸੱਜਣ

ਸਤਲੁਜ ਦਰਿਆ ਅਤੇ ਬਿਸਤ ਦੋਆਬ ਨਹਿਰ ਵਿਚ ਨਹਾਉਣ ’ਤੇ ਪਾਬੰਦੀ

ਚਰਵਾਹਿਆਂ 'ਤੇ ਪਸ਼ੂਆਂ ਨੰੂ ਸੜ੍ਹਕਾਂ ਕਿਨਾਰੇ ਚਰਾਉਣ 'ਤੇ ਰੋਕ
ਨਵਾਂਸ਼ਹਿਰ, 22 ਅਪਰੈਲ : ਜ਼ਿਲ੍ਹਾ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ
ਸਿੰਘ ਰੰਧਾਵਾ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ
144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ੍ਹ ਦੇ ਸ਼ਹਿਰੀ ਅਤੇ ਪੇਂਡੂ
ਖੇਤਰਾਂ 'ਚ ਚਰਵਾਹਿਆਂ ਵੱਲੋਂ ਪਸ਼ੂਆਂ ਨੰੂ ਸੜਕਾਂ ਕਿਨਾਰੇ ਚਰਾਉਣ 'ਤੇ ਰੋਕ ਲਗਾ
ਦਿੱਤੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਚਰਵਾਹੇ
ਵੱਡੀ ਗਿਣਤੀ 'ਚ ਗਾਵਾਂ, ਮੱਝਾਂ ਤੇ ਹੋਰ ਪਸ਼ੂ ਆਦਿ ਲੈ ਕੇ ਜ਼ਿਲ੍ਹੇ 'ਚ ਪੈਂਦੇ
ਸ਼ਹਿਰਾਂ/ਕਸਬਿਆਂ ਅਤੇ ਪਿੰਡਾਂ 'ਚ ਘੁੰਮਦੇ ਫਿਰਦੇ ਹਨ ਜੋ ਕਿ ਸੜ੍ਹਕ ਹਾਦਸਿਆਂ ਦਾ
ਕਾਰਨ ਬਣਨ ਦੇ ਨਾਲ-ਨਾਲ ਲੋਕਾਂ ਦੀਆਂ ਫਸਲਾਂ ਅਤੇ ਸੜ੍ਹਕ ਕਿਨਾਰੇ ਲਗਾਏ ਗਏ ਬੂਟਿਆਂ
ਨੰੂ ਨੁਕਸਾਨ ਪਹੁੰਚਾਉਂਦੇ ਹਨ।
ਇਸ ਤੋਂ ਇਲਾਵਾ ਮੂੰਹ-ਖੁਰ ਤੇ ਧੱਫ਼ੜੀ ਰੋਗ ਤੋਂ ਪਸ਼ੂਆਂ ਨੂੰ ਬਚਾਉਣ ਲਈ ਵੀ
ਪਸ਼ੂਆਂ ਨੂੰ ਚਰਾਉਣ ਲਈ ਬਾਹਰ ਲਿਆਉਣ ਤੋਂ ਪ੍ਰਹੇਜ਼ ਕਰਨ ਦੀ ਲੋੜ ਹੈ। ਇਹ ਹੁਕਮ 20
ਅਪਰੈਲ 2023 ਤੋਂ 19 ਜੂਨ 2023 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ
ਨਵਜੋਤ ਪਾਲ ਸਿੰਘ ਰੰਧਾਵਾ ਨੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਫੌਜਦਾਰੀ ਜ਼ਾਬਤਾ
ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਤਹਿਤ ਸਤਲੁਜ ਦਰਿਆ ਅਤੇ ਬਿਸਤ ਦੁੁਆਬ
ਨਹਿਰ ਵਿਚ ਲੋਕਾਂ ਦੇ ਨਹਾਉਣ 'ਤੇ ਪਾਬੰਦੀ ਲਾਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ
ਨਹਾਉਣ ਵਕਤ ਵਾਪਰਦੇ ਹਾਦਸਿਆਂ ਕਾਰਨ ਕਈ ਪਰਿਵਾਰਾਂ ਦੇ ਅਣਮੁੱਲੇ ਜੀਅ ਮੌਤ ਦੀ ਭੇਟ
ਚੜ੍ਹਨੋਂ ਰੋਕਣ ਲਈ ਇਹ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ
ਉਲੰਘਣਾ ਕਰਨ ਵਾਲੇ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ 20 ਅਪਰੈਲ 2023
ਤੋਂ 19 ਜੂਨ 2023 ਤੱਕ ਲਾਗੂ ਰਹਿਣਗੇ।

ਨਵਾਂਸ਼ਹਿਰ ਵਿੱਚ ਬੇਗੋਵਾਲ ਤੇ ਤਲਵੰਡੀ ਸਿੱਬੂ ਦੀਆਂ ਜਨਤਕ ਰੇਤ ਖਾਣਾਂ ਸ਼ੁਰੂ ਹੋਣ ਬਾਅਦ ਜ਼ਿਲ੍ਹੇ ’ਚ ਜਨਤਕ ਰੇਤ ਖੱਡਾਂ ਦੀ ਗਿਣਤੀ 8 ’ਤੇ ਪੁੱਜੀ

ਸਰਕਾਰ ਨੂੰ ਪਹਿਲੀਆਂ ਖੱਡਾਂ ਤੋਂ ਆਇਆ 2.25 ਕਰੋੜ ਰੁਪਏ ਦਾ ਮਾਲੀਆ
ਨਵਾਂਸ਼ਹਿਰ, 22 ਅਪਰੈਲ : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਆਮ ਲੋਕਾਂ ਨੂੰ ਸਸਤੀ ਰੇਤ
ਮੁਹੱਈਆ ਕਰਵਾਉਣ ਦੇ ਉਪਰਾਲਿਆਂ ਤਹਿਤ ਜ਼ਿਲ੍ਹੇ 'ਚ ਕਲ੍ਹ ਦੋ ਹੋਰ ਜਨਤਕ ਰੇਤ ਖਾਣਾਂ
ਬੇਗੋਵਾਲ ਅਤੇ ਤਲਵੰਡੀ ਸਿੱਬੂ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਵਿੱਚ ਜਨਤਕ ਰੇਤ ਖੱਡਾਂ ਦੀ
ਗਿਣਤੀ 8 'ਤੇ ਪੁੱਜ ਗਈ ਹੈ। ਜ਼ਿਲ੍ਹਾ ਮਾਈਨਿੰਗ ਅਫ਼ਸਰ ਹੈਪੀ ਕੁਮਾਰ ਨੇ ਇਹ ਦੱਸਿਆ ਕਿ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੀਤੇ ਕਲ੍ਹ ਲੋਕ ਅਰਪਣ ਕੀਤੀਆਂ 20 ਜਨਤਕ ਰੇਤ
ਖੱਡਾਂ 'ਚ ਨਵਾਂਸ਼ਹਿਰ ਦੀਆਂ ਵੀ ਦੋ ਖੱਡਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ ਜਨਤਕ
ਰੇਤ ਖਾਣਾਂ ਆਮ ਲੋਕਾਂ ਨੂੰ ਪਿੱਟ ਹੈੱਡ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ
ਮੁਹੱਈਆ ਕਰਵਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੱਟ ਹੈਡ ਤੋਂ ਭਰਾਈ ਸਬੰਧਤ ਟਰਾਲੀ
ਮਾਲਕ ਦੀ ਆਪਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਲ੍ਹ ਐਲਾਨੀਆਂ ਗਈਆਂ ਦੋ ਨਵੀਂਆਂ ਜਨਤਕ
ਰੇਤ ਖਾਣਾਂ ਬੇਗੋਵਾਲ ਤੇ ਤਲਵੰਡੀ ਸਿੱਬੂ ਤੋਂ ਇਲਾਵਾ ਜ਼ਿਲ੍ਹੇ 'ਚ ਖੋਜਾ, ਬੁਰਜ ਟਹਿਲ
ਦਾਸ, ਰਤਨਾਣਾ, ਸੈਦਪੁਰ, ਫ਼ੂਲ ਮਕੌੜੀ ਤੇ ਔਲੀਆਪੁਰ ਰੇਤ ਖਾਣਾਂ ਪਹਿਲਾਂ ਤੋਂ ਹੀ ਚੱਲ
ਰਹੀਆਂ ਹਨ। ਐਸ ਡੀ ਓ ਮਾਈਨਿੰਗ ਗੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਸਾਰੀਆਂ ਜਨਤਕ ਰੇਤ
ਖਾਣਾਂ 'ਤੇ ਰੇਤ ਦੀ ਭਰਾਈ ਕੇਵਲ ਟ੍ਰਾਲੀਆਂ ਵਾਲੇ ਹੀ ਕਰ ਸਕਦੇ ਹਨ, ਉੱਥੇ ਟਿੱਪਰ ਆਦਿ
ਰਾਹੀਂ ਭਰਾਈ ਕਰਨ ਦੀ ਪੂਰਣ ਮਨਾਹੀ ਹੈ। ਉਨ੍ਹਾਂ ਦੱਸਿਆ ਕਿ ਟ੍ਰਾਲੀਆਂ ਦਾ ਡਬਲ ਟਾਇਰੀ
ਹੋਣਾ ਅਤੇ ਰੇਤ ਭਰਨ ਤੋਂ ਬਾਅਦ ਤਰਪਾਲ ਨਾਲ ਰੇਤ ਢੱਕਿਆ ਹੋਣਾ ਲਾਜ਼ਮੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਜਨਤਕ ਰੇਤ ਖਾਣ 'ਤੇ ਵਿਭਾਗ ਦੇ ਜੇ ਈ, ਬੇਲਦਾਰ ਅਤੇੇ
ਪੈਸਕੋ ਵੱਲੋਂ ਉਪਲਬਧ ਕਰਵਾਏ ਸਾਬਕਾ ਸੈਨਿਕ ਰੇਤ ਦੀ ਪੁਖਤਗੀ ਨਾਲ ਨਿਗਰਾਨੀ ਕਰ ਰਹੇ
ਹਨ।
ਜ਼ਿਲ੍ਹਾ ਮਾਈਨਿੰਗ ਅਫ਼ਸਰ ਹੈਪੀ ਕੁਮਾਰ ਅਨੁਸਾਰ ਜ਼ਿਲ੍ਹੇ 'ਚ ਜਨਤਕ ਰੇਤ ਖਾਣਾਂ ਤੋਂ
ਇਲਾਵਾ ਏ ਡੀ ਬੀ ਰੈਲ, ਪਰਾਗਪੁਰ ਵਿਖੇ ਕਮਰਸ਼ੀਅਲ ਰੇਤ ਖਾਣਾਂ ਦੇ ਟੈਂਡਰ ਲੱਗੇ ਹੋਏ ਹਨ
ਜਦਕਿ ਮੰਢਾਲਾ ਵਿਖੇ ਵੀ ਕਮਰਸ਼ੀਅਤ ਰੇਤ ਖੱਡ ਖੋਲ੍ਹਣ ਲਈ ਟੈਂਡਰਿੰਗ ਪ੍ਰਕਿਰਿਆ ਦੀ
ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕਮਰਸ਼ੀਅਲ ਰੇਤ ਖੱਡਾਂ ਦੇ
ਸ਼ੁਰੂ ਹੋਣ ਨਾਲ ਟਿੱਪਰ ਵੀ ਰੇਤ ਦੀ ਭਰਵਾਈ ਮਸ਼ੀਨੀ ਢੰਗ ਨਾਲ ਕਰਵਾ ਸਕਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਚੱਲ ਰਹੀਆਂ ਮੌਜੂਦਾ ਜਨਤਕ ਰੇਤ ਖਾਣਾਂ ਦਾ ਆਮ ਲੋਕਾਂ
ਨੂੰ ਵੱਡਾ ਲਾਭ ਮਿਲ ਰਿਹਾ ਹੈ, ਜਿੱਥੋਂ ਉਨ੍ਹਾਂ ਨੂੰ ਆਪਣੇ ਵਾਹਨਾਂ 'ਤੇ ਭਰਾਈ ਦੇ
ਖਰਚੇ ਤੋਂ ਬਿਨਾਂ 5.50 ਰੁਪਏ ਪ੍ਰਤੀ ਘਣ ਫੁੱਟ ਰੇਤ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ
ਕਲ੍ਹ ਸ਼ੁਰੀ ਹੋਈਆਂ ਦੋਵੇਂ ਜਨਤਕ ਰੇਤ ਖਾਣਾਂ ਨੂੰ ਛੱਡ ਕੇ ਬਾਕੀ ਦੀਆਂ ਰੇਤ ਖਾਣਾਂ
ਤੋਂ ਰੋਜ਼ਾਨਾ 400 ਤੋਂ 450 ਟ੍ਰਾਲੀਆਂ ਰੇਤਾ ਭਰ ਕੇ ਜਾ ਰਹੀਆਂ ਹਨ। ਹੁਣ ਤੱਕ
ਪਹਿਲੀਆਂ ਖਾਣਾਂ ਤੋਂ ਸਰਕਾਰ ਦੇ ਖਜ਼ਾਨੇ 'ਚ 2.25 ਕੋਰੜ ਰੁਪਏ ਦਾ ਮਾਲੀਆ ਆ ਚੁੱਕਾ
ਹੈ।

ਪੰਜਾਬ ਸਰਕਾਰ ਨੇ ਚਾਲੂ ਖਰੀਦ ਸੀਜ਼ਨ ਦੌਰਾਨ ਹੁਣ ਤੱਕ 45 ਲੱਖ ਮੀਟਰਕ ਟਨ ਕਣਕ ਦੀ ਕੀਤੀ ਖਰੀਦ : ਲਾਲ ਚੰਦ ਕਟਾਰੂਚੱਕ

ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਵੱਲੋਂ ਲਗਾਈ ਗਈ ਕੀਮਤ ਕਟੌਤੀ ਪੰਜਾਬ ਸਰਕਾਰ ਸਹੇਗੀ, ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਪੂਰੀ ਐਮ ਐਸ ਪੀ
ਬੰਗਾ/ਨਵਾਂਸ਼ਹਿਰ, 21 ਅਪ੍ਰੈਲ, : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ, ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਨੇ ਲੰਘੇੇ ਦਿਨ ਤੱਕ ਰਾਜ ਦੀਆਂ ਮੰਡੀਆਂ ਵਿੱਚ ਲਗਭਗ 45 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬੰਗਾ ਮੰਡੀ ਵਿਖੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਆਏ ਹੋਏ ਸਨ। ਉਨ੍ਹਾਂ ਇਸ ਤੋਂ ਪਹਿਲਾਂ ਨਵਾਂਸ਼ਹਿਰ ਵਿਖੇ ਖਰੀਦ ਏਜੰਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਖਰੀਦ ਸੀਜ਼ਨ ਦੀ ਪ੍ਰਗਤੀ ਅਤੇ ਮੁਸ਼ਕਿਲਾਂ ਸਬੰਧੀ ਸਮੀਖਿਆ ਮੀਟਿੰਗ ਵੀ ਕੀਤੀ।
        ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿਫ਼ਾਰਸ਼ ਕੀਤੇ 'ਮੁੱਲ ਕਟੌਤੀ' (ਵੈਲਿਯੂ ਕੱਟ) ਦੀ ਕਟੌਤੀ ਕੀਤੇ ਬਿਨਾਂ ਹੁਣ ਤੱਕ ਦੋ ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 7300 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।  ਖੁਰਾਕ ਮੰਤਰੀ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਕਿਸਾਨਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਕਣਕ ਦੀ ਪੂਰੀ ਰਕਮ ਅਦਾ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।" ਉਨ੍ਹਾਂ ਕਿਹਾ ਕਿ ਕਟੌਤੀ ਦੇਸ਼ ਦੇ ਅੰਨਦਾਤੇ ਨਾਲ ਸਰਾਸਰ ਬੇਇਨਸਾਫ਼ੀ ਹੋਵੇਗੀ ਅਤੇ ਇਸ ਨਾਲ ਉਨ੍ਹਾਂ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰਾ ਜੋ ਪਹਿਲਾਂ ਹੀ ਭਾਰੀ ਮੀਂਹ ਦੇ ਕਹਿਰ ਦੀ ਮਾਰ ਹੇਠ ਸੀ, ਫ਼ਸਲਾਂ ਦੇ ਨੁਕਸਾਨ ਬਾਅਦ ਇਸ ਕੱਟ ਨੂੰ ਸਹਿਣ ਦੀ ਸਥਿਤੀ 'ਚ ਨਹੀਂ ਸੀ।  ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਫ਼ਸਲ 'ਤੇ ਇਹ ਮੁੱਲ ਕਟੌਤੀ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਸੂਬੇ ਦੇ ਕਿਸਾਨ ਪਹਿਲਾਂ ਹੀ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਚੁੱਕੇ ਹਨ।
        ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸਾਨਾਂ ਨੂੰ ਹੋਰ ਮੁਸ਼ਕਲ ਤੋਂ ਬਚਾਉਣ ਲਈ ਤੁਰੰਤ ਖਰੀਦ ਕਰਨ ਅਤੇ ਅਦਾਇਗੀ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਕੁਦਰਤੀ ਆਫਤਾਂ ਨਾਲ ਝੰਬੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
       ਬੰਗਾ ਮੰਡੀ ਵਿੱਚ ਆਪਣੀ ਫ਼ਸਲ ਵੇਚਣ ਆਏ ਕਿਸਾਨ ਮੱਖਣ ਸਿੰਘ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ, ਉਨ੍ਹਾਂ ਨੂੰ ਮੰਡੀਆਂ ਵਿੱਚ ਆ ਰਹੀ ਮੁਸ਼ਕਲ ਬਾਰੇ ਪੁੱਛਿਆ, ਪਰ ਕਿਸਾਨਾਂ ਨੇ ਸਰਕਾਰ ਵੱਲੋਂ ਨਿਰਵਿਘਨ ਖਰੀਦ ਪ੍ਰਬੰਧਾਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਤੋਂ ਮਾਰਕੀਟ ਕਮੇਟੀਆਂ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ ਪਰ ਉਨ੍ਹਾਂ ਕੁਝ ਹੋਰ ਵਾਧੂ ਪਖਾਨਿਆਂ ਦੀ ਮੰਗ ਕਰਦਿਆਂ  ਮੌਜੂਦਾ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ।  ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਮੌਕੇ 'ਤੇ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਅਗਲੇ ਖਰੀਦ ਸੀਜ਼ਨ ਤੱਕ ਹੋਰ ਪਖਾਨਾ ਯੂਨਿਟਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਬੰਗਾ ਤੋਂ ਸੀਨੀਅਰ ਆਪ ਆਗੂ ਕੁਲਜੀਤ ਸਿੰਘ ਸਰਹਾਲ, ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਘਣਸ਼ਿਆਮ ਥੋਰੀ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਐਸ ਡੀ ਐਮ ਮੇਜਰ ਸ਼ਿਵਰਾਜ ਬੱਲ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।
      ਨੀਲੇ ਕਾਰਡਾਂ (ਆਟਾ ਦਾਲ ਸਕੀਮ) ਦੀ ਤਸਦੀਕ ਸਬੰਧੀ ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਕਿਹਾ ਕਿ ਇਹ ਪ੍ਰਕਿਰਿਆ ਬਿਨਾਂ ਕਿਸੇ ਦਖਲ-ਅੰਦਾਜ਼ੀ ਦੇ ਚੱਲ ਰਹੀ ਹੈ ਅਤੇ ਇਹ ਯਕੀਨ ਦਿਵਾਇਆ ਕਿ ਯੋਜਨਾ ਦਾ ਲਾਭ ਕੇਵਲ ਜਾਇਜ਼ ਲਾਭਪਾਤਰੀਆਂ ਨੂੰ ਹੀ ਮਿਲੇਗਾ।
      ਇਸ ਤੋਂ ਪਹਿਲਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਨਵਾਂਸ਼ਹਿਰ ਦੇ ਡੀ ਸੀ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਖਰੀਦ ਏਜੰਸੀਆਂ ਦੀ ਸਮੀਖਿਆ ਮੀਟਿੰਗ ਵੀ ਕੀਤੀ।  ਉਨ੍ਹਾਂ ਨੇ ਖਰੀਦ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਪੁੱਛਿਆ ਅਤੇ ਖਰੀਦ ਵਿੱਚ ਤੇਜ਼ੀ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲਿਫਟਿੰਗ ਨੂੰ ਵੀ ਵਧਾਉਣ ਲਈ ਕਿਹਾ। ਇਸ ਮੌਕੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਸ਼ਾਮ ਤੱਕ ਜ਼ਿਲ੍ਹੇ 'ਚ 85000 ਦੇ ਕਰੀਬ ਮੀਟਿ੍ਰਕ ਟਨ ਕਣਕ ਖਰੀਦ ਕੀਤੀ ਜਾ ਚੁੱਕੀ ਹੈ ਅਤੇ 131 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਤਬਦੀਲ ਕੀਤੀ ਜਾ ਚੁੱਕੀ ਹੈ।
     ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਘਨਸ਼ਿਆਮ ਥੋਰੀ ਵੀ ਹਾਜ਼ਰ ਸਨ।
       ਨਵਾਂਸ਼ਹਿਰ ਵਿਖੇ ਵਿਧਾਇਕ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਜਲਾਲਪੁਰ, ਸੀਨੀਅਰ ਆਪ ਆਗੂ ਬੰਗਾ ਕੁਲਜੀਤ ਸਿੰਘ ਸਰਹਾਲ ਤੋਂ ਇਲਾਵਾ ਡੀ ਸੀ ਐਨ ਪੀ ਐਸ ਰੰਧਾਵਾ ਅਤੇ ਐਸ ਐਸ ਪੀ ਭਗੀਰਥ ਸਿੰਘ ਮੀਨਾ ਨੇ ਖੁਰਾਜ ਤੇ ਸਿਵਲ ਸਪਲਾਈ ਮੰਤਰੀ ਦਾ ਸਵਾਗਤ ਕੀਤਾ।
ਫ਼ੋਟੋ ਕੈਪਸ਼ਨ:
ਸ਼ੁੱਕਰਵਾਰ ਨੂੰ ਦਾਣਾ ਮੰਡੀ ਬੰਗਾ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ।

ਨਵਾਂਸ਼ਹਿਰ ਵਿਖੇ ਸ਼ੁੱਕਰਵਾਰ ਨੂੰ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਖਰੀਦ ਏਜੰਸੀਆਂ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ। ਉਨ੍ਹਾਂ ਦੇ ਨਾਲ ਐਮ ਐਲ ਏ ਸੰਤੋਸ਼ ਕਟਾਰੀਆ ਵੀ ਨਜ਼ਰ ਆ ਰਹੇ ਹਨ।
  

ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਚਲਾਈਆਂ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਲੋੜ : ਇਕਬਾਲ ਸਿੰਘ ਲਾਲਪੁਰਾ

-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਘੱਟ ਗਿਣਤੀ ਭਾਈਚਾਰੇ ਦੇ ਨੁਮਾਇੰਦਿਆਂ ਤੇ
ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 21 ਅਪ੍ਰੈਲ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ
ਲਾਲਪੁਰਾ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਦੇ ਮੀਟਿੰਗ ਹਾਲ ਵਿਚ ਘੱਟ
ਗਿਣਤੀ ਭਾਈਚਾਰੇ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਿੱਖਿਆ,
ਰੋਜ਼ਗਾਰ, ਹਾਊਸਿੰਗ, ਕਿਸੇ ਤਰ੍ਹਾਂ ਦੇ ਵਿਤਕਰੇ, ਘੱਟ ਗਿਣਤੀਆਂ ਦੇ ਸੱਭਿਆਚਾਰ ਨੂੰ
ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਆਦਿ ਦੇ ਮੁੱਦੇ ਵਿਚਾਰੇ। ਇਸ ਉਪਰੰਤ ਉਨ੍ਹਾਂ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨਾਲ ਵਿਸ਼ੇਸ਼ ਮੀਟਿੰਗ
ਕਰਕੇ ਜ਼ਿਲ੍ਹੇ ਵਿਚ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ਦੇ ਜਲਦ ਹੱਲ ਸਬੰਧੀ ਨਿਰਦੇਸ਼ ਵੀ
ਦਿੱਤੇ। ਇਕਬਾਲ ਸਿੰਘ ਲਾਲਪੁਰਾ ਨੇ ਮੀਟਿੰਗ ਦੌਰਾਨ ਕਿਹਾ ਕਿ ਭਾਰਤ ਵਿਚ ਘੱਟ ਗਿਣਤੀਆਂ
ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪੂਰੀ ਤਰ੍ਹਾਂ ਨਾਲ ਵਿਕਸਿਤ ਹੋ ਰਹੇ ਹਨ। ਉਨ੍ਹਾਂ
ਕਿਹਾ ਕਿ ਸਾਨੂੰ ਆਪਣੇ ਸੂਬੇ ਦੀ ਤਰੱਕੀ, ਫਿਰਕੂ ਸਦਭਾਵਨਾ ਅਮਨ-ਸ਼ਾਂਤੀ, ਆਪਸੀ
ਭਾਈਚਾਰੇ ਅਤੇ ਇਕਜੁੱਟਤਾ ਲਈ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਫਿਰਕਿਆਂ ਦੀਆਂ
ਸਿਖਿਆਵਾਂ ਅਤੇ ਰੋਜ਼ਗਾਰ ਨੂੰ ਪ੍ਰਫੁੱਲਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ
ਕਿਹਾ ਕਿ ਘੱਟ ਗਿਣਤੀ ਵਰਗ ਨਾਲ ਸਬੰਧਤ ਧਾਰਮਿਕ ਆਗੂ, ਵਿਦਿਅਕ ਸੰਸਥਾਵਾਂ ਅਤੇ ਸਮਾਜ
ਸੇਵੀ ਸੰਸਥਾਵਾਂ ਘੱਟ ਗਿਣਤੀਆਂ ਲਈ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਜ਼ਮੀਨੀ
ਪੱਧਰ 'ਤੇ ਲਾਭ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਮੀਟਿੰਗ ਦਾ ਉਦੇਸ਼
ਦੱਸਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਭਲਾਈ ਤੇ
ਪ੍ਰਫੁੱਲਤਾ ਕਰਨ ਲਈ ਪ੍ਰਧਾਨ ਮੰਤਰੀ ਦੇ 15 ਸੂਤਰੀ ਪ੍ਰੋਗਰਾਮ ਤਹਿਤ ਘੱਟ ਗਿਣਤੀ
ਫਿਰਕਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਚਰਚਾ ਕੀਤੀ
ਹੈ। ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਚਾਹੁੰਦਾ
ਹੈ ਕਿ ਘੱਟ ਗਿਣਤੀਆਂ ਲਈ ਬਣੀਆਂ ਸਕੀਮਾਂ ਦਾ ਲਾਭ ਜਮੀਨੀ ਪੱਧਰ 'ਤੇ ਪਹੁੰਚੇ ਅਤੇ
ਸਿੱਖਿਆ ਦਾ ਪ੍ਰਸਾਰ ਹੋਵੇ, ਸਾਰਿਆਂ ਨੂੰ ਰੋਜ਼ਗਾਰ ਮਿਲੇ, ਰਹਿਣ ਲਈ ਘਰ ਹੋਵੇ, ਕਿਸੇ
ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਹੋਵੇ, ਕਿਸੇ ਦੇ ਸੱਭਿਆਚਾਰ 'ਤੇ ਹਮਲਾ ਨਾ ਹੋਵੇ,
ਉਨ੍ਹਾਂ ਨੂੰ ਸੁਰੱਖਿਆ ਮਿਲੇ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਰਤ ਵਿਚ ਆਜ਼ਾਦੀ
ਤੋਂ ਬਾਅਦ ਘੱਟ ਗਿਣਤੀ ਵਰਗ ਦੀ ਗਿਣਤੀ 21 ਫੀਸਦੀ ਤੱਕ ਪਹੁੰਚ ਗਈ ਹੈ, ਜਦਕਿ ਗਵਾਂਢੀ
ਮੁਲਕ ਪਾਕਿਸਤਾਨ ਵਿਚ 22 ਫੀਸਦੀ ਤੋਂ ਕੇਵਲ 4.43 ਫੀਸਦੀ ਰਹਿ ਗਈ ਹੈ ਅਤੇ
ਅਫਗਾਨਿਸਤਾਨ ਵਿਚ ਇਹ ਦਰ ਜ਼ੀਰੋ 'ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਵੱਖ-ਵੱਖ
ਫੁੱਲਾਂ ਦਾ ਇਕ ਗੁਲਦਸਤਾ ਹੈ ਅਤੇ ਇਥੇ ਸਾਰੇ ਫਿਰਕੇ ਮਿਲ ਜਲ ਕੇ ਰਹਿੰਦੇ ਹਨ।
ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਜ਼ਿਲ੍ਹਾ ਸਮਾਜਿਕ ਨਿਆ ਅਤੇ
ਅਧਿਕਾਰਤਾ ਅਫ਼ਸਰ ਰਜਿੰਦਰ ਸਿੰਘ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਡਿਪਟੀ
ਡਾਇਰੈਕਟਰ ਪਸ਼ੂ ਪਾਲਣ ਡਾ. ਹਾਰੂਨ ਰਤਨ, ਡੀ.ਸੀ.ਪੀ.ਓ. ਡਾ. ਹਰਪ੍ਰੀਤ ਕੌਰ, ਜ਼ਿਲ੍ਹਾ
ਸਿੱਖਿਆ ਅਫ਼ਸਰ (ਐਲੀ:) ਸੰਜੀਵ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਧੀਰਜ ਵਸ਼ਿਸ਼ਟ,
ਖੋਜ ਅਫ਼ਸਰ ਡਾ. ਜਸਵੰਤ ਰਾਏ, ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ,
ਡੀ.ਡੀ.ਪੀ.ਓ ਭੁਪਿੰਦਰ ਸਿੰਘ, ਤਹਿਸੀਲ ਭਲਾਈ ਅਫ਼ਸਰ ਰਣਵੀਰ ਸਿੰਘ, ਕ੍ਰਿਸ਼ਚੀਅਨ ਫਰੰਟ
ਦੇ ਪ੍ਰਧਾਨ ਲਾਰੈਂਸ ਚੌਧਰੀ, ਆਗਿਆਪਾਲ ਸਿੰਘ ਸਾਹਨੀ, ਯਾਕੂਬ ਮਸੀਹ ਤੋਂ ਇਲਾਵਾ ਹੋਰ
ਪਤਵੰਤੇ ਵੀ ਮੌਜੂਦ ਸਨ।

ਡਾ. ਬੀ.ਆਰ. ਅੰਬੇਦਕਰ ਵੱਲੋਂ ਲਿਆ ਸੁਪਨਾ ਸਾਕਾਰ ਕਰਨ ਲਈ ਰਲਕੇ ਹੰਭਲਾ ਮਾਰਨ ਦੀ ਲੋੜ-ਅਜੀਤ ਪਾਲ ਸਿੰਘ ਕੋਹਲੀ

ਸਵੀਪਰ ਯੂਨੀਅਨ ਵੱਲੋਂ ਡਾ. ਅੰਬੇਦਕਰ ਦਾ 132ਵਾਂ ਜਨਮ ਦਿਨ ਨੂੰ ਸਮਰਪਿਤ ਸਮਾਗਮ 'ਚ ਸ਼ਿਰਕਤ
ਪਟਿਆਲਾ, 21 ਅਪ੍ਰੈਲ: ''ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ
ਅੰਬੇਦਕਰ ਨੇ ਜੋ ਸੁਪਨਾ ਲਿਆ ਸੀ, ਉਸਨੂੰ ਸਾਕਾਰ ਕਰਨ ਲਈ ਸਾਨੂੰ ਸਾਰਿਆਂ ਨੂੰ ਰਲਕੇ
ਹੰਭਲਾ ਮਾਰਨ ਦੀ ਲੋੜ ਹੈ।'' ਇਹ ਪ੍ਰਗਟਾਵਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ
ਕੋਹਲੀ ਨੇ ਕੀਤਾ। ਵਿਧਾਇਕ ਕੋਹਲੀ, ਅੱਜ ਨਗਰ ਨਿਗਮ ਸਵੀਪਰ ਯੂਨੀਅਨ ਦੇ ਪ੍ਰਧਾਨ ਸੁਨੀਲ
ਕੁਮਾਰ ਬਿਡਲਾਨ, ਜਨਰਲ ਸਕੱਤਰ ਵਿਜੇ ਸੰਗਰ ਤੇ ਖ਼ਜ਼ਾਨਚੀ ਰਾਜਿੰਦਰ ਕੁਮਾਰ ਵੱਲੋਂ ਇੱਥੇ
ਨਗਰ ਨਿਗਮ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 132ਵੇਂ ਜਨਮ ਦਿਨ ਨੂੰ
ਸਮਰਪਿਤ ਕਰਵਾਏ ਗਏ ਵਿਸ਼ਾਲ ਸਤਸੰਗ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ
ਪੁੱਜੇ ਹੋਏ ਸਨ।
ਇਹ ਸਮਾਗਮ ਕਰਵਾਉਣ ਲਈ ਸਵੀਪਰ ਯੂਨੀਅਨ ਦੀ ਪ੍ਰਸੰਸਾ ਕਰਦਿਆਂ ਅਜੀਤਪਾਲ ਸਿੰਘ ਕੋਹਲੀ
ਨੇ ਕਿਹਾ ਕਿ ਬਾਬਾ ਸਾਹਿਬ ਨੇ ਰੇਹੜੇ ਟਾਂਗਿਆਂ ਦੇ ਉਸ ਪੁਰਾਣੇ ਜਮਾਨੇ 'ਚ ਰਚਿਆ
ਸੰਵਿਧਾਨ ਅੱਜ ਵੀ ਉਨੀ ਹੀ ਮਹੱਤਤਾ ਰੱਖਦਾ ਹੈ, ਇਸ ਲਈ ਬਾਬਾ ਸਾਹਿਬ ਦੀ ਸੋਚ ਨੂੰ
ਸਲਾਮ ਹੈ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਸਾਡੇ ਰੋਲ ਮਾਡਲ ਹਨ, ਉਨ੍ਹਾਂ
ਦੀ ਸੋਚ 'ਤੇ ਪਹਿਰਾ ਦੇਕੇ ਅਤੇ ਦਿੱਤੇ ਸਿਧਾਂਤ, ਪੜੋ, ਜੁੜੋ ਤੇ ਸੰਘਰਸ਼ ਕਰੋ 'ਤੇ
ਚਲਦਿਆਂ ਹੀ ਸਮਾਜ ਨੂੰ ਤਰੱਕੀ ਦੀ ਰਾਹ 'ਤੇ ਲਿਜਾਇਆ ਜਾ ਸਕਦਾ ਹੈ।
ਅਜੀਤਪਾਲ ਸਿੰਘ ਕੋਹਲੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਭੀਮ
ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ
ਸਰਕਾਰੀ ਦਫ਼ਤਰਾਂ 'ਚ ਡਾ. ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਾਉਣ ਦਾ
ਫੈਸਲਾ ਕੀਤਾ।
ਵਿਧਾਇਕ ਕੋਹਲੀ ਨੇ ਪ੍ਰਧਾਨ ਸੁਨੀਲ ਬਿਡਲਾਨ ਵੱਲੋਂ ਰੱਖੀਆਂ ਮੰਗਾਂ 'ਤੇ ਹਾਂ ਪੱਖੀ
ਹੁੰਗਾਰਾ ਦਿੰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮੁਲਾਜਮਾਂ ਨੂੰ ਕੱਚੇ ਅਤੇ ਠੇਕੇ
'ਤੇ ਰੱਖਕੇ ਉਨ੍ਹਾਂ ਦਾ ਸੋਸ਼ਣ ਕਰਨ ਦਾ ਢੰਗ ਲੱਭ ਲਿਆ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ
ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਲੋਕ ਪੱਖੀ ਸੋਚ ਦਾ ਪ੍ਰਗਟਾਵਾ ਕਰਦਿਆਂ ਇੱਕ ਨੀਤੀ
ਬਣਾਕੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਬੀੜਾ ਉਠਾਇਆ ਹੈ।
ਪ੍ਰਧਾਨ ਸੁਨੀਲ ਬਿਡਲਾਨ ਨੇ ਵਿਧਾਇਕ ਕੋਹਲੀ ਦਾ ਸਵਾਗਤ ਕਰਦਿਆਂ ਮੰਗ ਰੱਖੀ ਕਿ ਨਗਰ
ਨਿਗਮ ਦਾ ਦਾਇਰਾ ਤੇ ਸ਼ਹਿਰ ਦਾ ਆਕਾਰ ਵੱਧਣ ਦੇ ਬਾਵਜੂਦ ਹੁਣ 1990 'ਚ 1470 ਸਫਾਈ
ਸੇਵਕਾਂ ਦੇ ਮੁਕਾਬਲੇ ਕੇਵਲ 945 ਸਫਾਈ ਸੇਵਕ ਹਨ, ਇਸ ਲਈ ਸਫਾਈ ਸੇਵਕਾਂ ਦੀ ਹੋਰ ਭਰਤੀ
ਕੀਤੀ ਜਾਵੇ। ਇਸ ਮੌਕੇ ਵੀਰ ਰਕੇਸ਼ ਰਾਹੀ ਤੇ ਪਵਨ ਦ੍ਰਾਵਿੜ ਨੇ ਡਾ. ਅੰਬੇਦਕਰ ਦੇ ਗੁਣ
ਗਾਇਨ ਕੀਤੇ।
ਸਮਾਰੋਹ 'ਚ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਤੇ ਨਮਨ ਮਾਰਕੰਨ, ਪਰਦੀਪ ਸਿੰਘ
ਪਠਾਣਮਾਜਰਾ, ਦਲਜੀਤ ਸਿੰਘ ਦਾਨੀਪੁਰ, ਸਾਗਰ ਧਾਲੀਵਾਲ, ਜਗਮੋਹਨ ਚੌਹਾਨ, ਸੰਜੀਵ
ਕੁਮਾਰ, ਸਲਾਹਕਾਰ ਕੁਲਦੀਪ ਸ਼ਰਮਾ, ਹੋਰ ਯੂਨੀਅਨਾਂ ਦੇ ਪ੍ਰਧਾਨ ਹੰਸ ਰਾਜ ਬਨਵਾਰੀ,
ਗੁਲਸ਼ਨ ਕੁਮਾਰ, ਅਰੁਣ ਗਿੱਲ, ਮਨੋਜ ਰਾਣੀ, ਲਾਭ ਸਿੰਘ, ਸੁਸ਼ੀਲ ਕੁਮਾਰ, ਫ਼ਤਿਹ ਚੰਦ,
ਪ੍ਰਵੀਨ ਕੁਮਾਰ, ਸੋਮਨ ਨਾਥ ਚੌਬੜ, ਗੁਰਮੇਲ ਸਿੰਘ, ਨੰਦ ਲਾਲ ਟਾਕ, ਕੇਵਲ ਕ੍ਰਿਸ਼ਨ,
ਰਾਜੇਸ਼ ਮਨੀ, ਜਸਪ੍ਰੀਤ ਜੱਸੀ, ਸੀਤਾ ਰਾਮ, ਲਖਵਿੰਦਰ ਸਿੰਘ, ਰਣ ਸਿੰਘ, ਯੁਗੇਸ਼ ਕੁਮਾਰ,
ਮਨਪ੍ਰੀਤ ਸਿੰਘ, ਕਾਸ਼ ਰਾਣਾ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ 'ਚ ਮੌਜੂਦ ਸਨ।

ਪਿੰਡ ਜੰਡਿਆਲਾ ਵਿਖੇ ਲੱਗੇ ਸਵੈ ਇਛੁੱਕ ਖੂਨਦਾਨ ਕੈਂਪ ਵਿਚ 40 ਖੂਨਦਾਨੀਆਂ ਵੱਲੋਂ ਖੂਨਦਾਨ

ਪਿੰਡ ਜੰਡਿਆਲਾ ਵਿਖੇ ਲੱਗੇ ਸਵੈ ਇਛੁੱਕ ਖੂਨਦਾਨ ਕੈਂਪ ਵਿਚ 40 ਖੂਨਦਾਨੀਆਂ ਵੱਲੋਂ ਖੂਨਦਾਨ
ਬੰਗਾ : 21 ਅਪਰੈਲ () ਇਲਾਕੇ ਦੀ ਪ੍ਰਸਿੱਧ ਪਿੰਡ ਜੰਡਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਂਰਾਜ ਜੀ ਵਿਖੇ ਸਤਿਗੁਰੂ ਸ੍ਰੀ ਰਵਿਦਾਸ ਮਹਾਂਰਾਜ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ  ਲੱਗੇ  ਸਵੈ-ਇਛੁੱਕ ਖੂਨਦਾਨ ਕੈਂਪ ਵਿਚ 40 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਾਨਵਤਾ ਦੀ ਨਿਸ਼ਕਾਮ ਸੇਵਾ ਦਾ ਕਾਰਜ ਕੀਤਾ। ਇਸ ਕੈਂਪ ਦਾ ਉਦਘਾਟਨ ਡਾ. ਕਸ਼ਮੀਰ ਚੰਦ ਐਮ ਜੇ ਲਾਈਫ ਕੇਅਰ ਬੰਗਾ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤਾ, ਉਹਨਾਂ ਦਾ ਸਹਿਯੋਗ ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਸ੍ਰੀ ਬਾਲ ਕ੍ਰਿਸ਼ਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਂਰਾਜ ਜੀ ਪਿੰਡ ਜੰਡਿਆਲਾ ਨੇ ਦਿੱਤਾ।  ਮੁੱਖ ਮਹਿਮਾਨ ਡਾ. ਕਸ਼ਮੀਰ ਚੰਦ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਤਕਨੀਕੀ ਸਹਿਯੋਗ ਨਾਲ ਮਾਨਵਤਾ ਦੀ ਨਿਸ਼ਕਾਮ ਸੇਵਾ ਲਈ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਵੈ-ਇਛੱਕ ਖੂਨਦਾਨ ਕੈਂਪ ਲਗਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਕੱਤਰ ਜਨ-ਸਮੂਹ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ। ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਇਸ ਮੌਕੇ ਖੂਨਦਾਨ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਹਰੇਕ ਇੱਕ ਤੰਦਰੁਸਤ ਮਨੁੱਖ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਇਹ ਖੂਨ ਅਨੇਕਾਂ ਕੀਮਤੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਇਸ ਮੌਕੇ ਸ੍ਰੀ ਬਾਲ ਕ੍ਰਿਸ਼ਨ ਪ੍ਰਧਾਨ  ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਜੰਡਿਆਲਾ ਨੇ ਸਮੂਹ ਖੂਨਦਾਨੀਆਂ ਦਾ, ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਸਮੂਹ ਪਿੰਡ ਜੰਡਿਆਲਾ ਨਿਵਾਸੀਆਂ ਦਾ ਸਵੈਇੱਛਕ ਖੂਨਦਾਨ ਕੈਂਪ ਲਗਾਉਣ ਲਈ ਦਿੱਤੇ ਸਹਿਯੋਗ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।
       ਸਤਿਗੁਰੂ ਸ੍ਰੀ ਰਵਿਦਾਸ ਮਹਾਂਰਾਜ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ  ਲੱਗੇ  ਸਵੈ-ਇਛੁੱਕ ਖੂਨਦਾਨ ਕੈਂਪ ਮੌਕੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਲਈ  ਡਾ. ਕਸ਼ਮੀਰ ਚੰਦ ਐਮ ਜੇ ਲਾਈਫ ਕੇਅਰ ਬੰਗਾ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸ੍ਰੀ ਬਾਲ ਕ੍ਰਿਸ਼ਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਜੰਡਿਆਲਾ, ਕੈਸ਼ੀਅਰ ਸ੍ਰੀ ਰਾਕੇਸ਼ ਮਾਹੀ, ਸ੍ਰੀ ਸੋਮ ਨਾਥ,  ਸ੍ਰੀ ਅਵਤਾਰ ਚੰਦ ਪੰਚ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਅਜੈ ਮਾਹੀ, ਸ੍ਰੀ ਜੀਵਨ ਮਹਿਮੀ, ਸ੍ਰੀ ਅਵਤਾਰ, ਸ੍ਰੀ ਰਾਜ ਕੁਮਾਰ, ਸ੍ਰੀ ਬਲਜਿੰਦਰ ਹੀਰਾ, ਸ੍ਰੀ ਅਮਨਦੀਪ, ਸ੍ਰੀ ਸ਼ਭਾਸ਼ ਅਤੇ ਸਮੂਹ ਨਗਰ ਨਿਵਾਸੀ ਵੀ ਖੂਨਦਾਨੀਆਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ। ਕੈਂਪ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਂਰਾਜ ਜੀ ਪਿੰਡ ਜੰਡਿਆਲਾ ਵਿਖੇ ਵਿਖੇ ਵਿਖੇ ਲੱਗੇ ਸਵੈ ਇੱਛੁਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ  ਡਾ. ਕਸ਼ਮੀਰ ਚੰਦ,  ਡਾ. ਬਲਵਿੰਦਰ ਸਿੰਘ , ਸ੍ਰੀ ਬਾਲ ਕ੍ਰਿਸ਼ਨ ਪ੍ਰਧਾਨ, ਸ੍ਰੀ ਰਾਕੇਸ਼ ਕੁਮਾਰ, ਸ੍ਰੀ ਸੋਮ ਨਾਥ ਅਤੇ ਹੋਰ ਪਤਵੰਤੇ 

ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਅਲਟੀ ਟੂ ਐਨੀਮਲਜ਼ ਸੋਸਾਇਟੀ ਦੇ ਮੈਂਬਰ ਬਣਨ ਲਈ ਅਰਜ਼ੀਆਂ ਦੀ ਮੰਗ

ਪਟਿਆਲਾ, 20 ਅਪ੍ਰੈਲ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਪਸ਼ੂਆਂ ਨੂੰ ਅੱਤਿਆਚਾਰ ਤੋਂ ਬਚਾਉਣ ਲਈ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਅਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਨਾਮ ਦੀ ਸੋਸਾਇਟੀ ਚੱਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸੁਸਾਇਟੀ ਦੇ ਚੇਅਰਪਰਸਨ ਡਿਪਟੀ ਕਮਿਸ਼ਨਰ ਅਤੇ ਸਕੱਤਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਹਨ। ਇਸ ਸੋਸਾਇਟੀ ਨੂੰ ਚਲਾਉਣ ਵਾਸਤੇ ਆਮ ਮੈਂਬਰਾਂ ਅਤੇ ਜੀਵਨ ਭਰ ਮੈਂਬਰਾਂ ਨੂੰ ਸ਼ਾਮਲ ਕੀਤੇ ਜਾਣਾ ਹੈ, ਜੋ ਵਿਅਕਤੀ ਪਸ਼ੂਆਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ, ਉਹ ਮੈਂਬਰ ਬਣ ਸਕਦੇ ਹਨ। ਸੋਸਾਇਟੀ ਮੈਂਬਰਾਂ ਨੂੰ ਸੋਸਾਇਟੀ ਦੇ ਮੰਤਵ ਪ੍ਰਾਪਤ ਕਰਨ ਲਈ ਸੋਸਾਇਟੀ ਦੇ ਬਾਈ-ਲਾਅਜ਼ ਦੀ ਪਾਲਣਾ ਕਰਨੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਂਬਰਸ਼ਿਪ ਲਿਖਤੀ ਅਰਜ਼ੀ ਰਾਹੀਂ ਦਾਖਲ ਕੀਤੀ ਜਾ ਸਕਦੀ ਹੈ। ਸੋਸਾਇਟੀ ਦੇ ਮੈਂਬਰ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਉਸ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ। ਸੋਸਾਇਟੀ ਦੇ ਮੈਂਬਰ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਗੇ। ਸੋਸਾਇਟੀ ਦੀ ਮੀਟਿੰਗ ਵਿੱਚ ਮੈਂਬਰ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਭਾਗ ਨਹੀਂ ਲੈਣਗੇ। ਆਮ ਮੈਂਬਰ ਦੀ ਦਾਖਲਾ ਫ਼ੀਸ ਵਜੋਂ ਯਕਮੁਸ਼ਤ 100/-ਰੁਪਏ ਅਤੇ ਸਾਲਾਨਾ ਫ਼ੀਸ 200/-ਰੁਪਏ ਹੋਵੇਗੀ। ਜੀਵਨ ਭਰ ਮੈਂਬਰਸ਼ਿਪ ਦੀ ਫ਼ੀਸ 10,000/-ਰੁਪਏ ਹੋਵੇਗੀ।
ਸਾਕਸ਼ੀ ਸਾਹਨੀ ਨੇ ਦੱਸਿਆ ਜੋ ਵੀ ਵਿਅਕਤੀ ਮੈਂਬਰ ਬਣਨ ਦੇ ਚਾਹਵਾਨ ਹੋਣ, ਉਹ ਤੁਰੰਤ ਨੇੜੇ ਦੇ ਸਿਵਲ ਵੈਟਰਨਰੀ ਹਸਪਤਾਲ ਜਾਂ ਸਿਵਲ ਵੈਟਰਨਰੀ ਡਿਸਪੈਂਸਰੀ ਨਾਲ ਸੰਪਰਕ ਕਰਕੇ ਆਪਣੀ ਮੈਂਬਰਸ਼ਿਪ ਹਾਸਲ ਕਰ ਸਕਦਾ ਹੈ। ਇਹ ਬਹੁਤ ਹੀ ਨੋਬਲ ਕਾਰਜ ਹੈ, ਕਿਉਂਕਿ ਬੇ-ਜ਼ੁਬਾਨ ਪਸ਼ੂਆਂ ਤੇ ਅੱਤਿਆਚਾਰ ਨੂੰ ਰੋਕਣ ਵਾਸਤੇ ਇਹ ਵਿਲੱਖਣ ਉਪਰਾਲੇ ਕੀਤੇ ਜਾ ਰਹੇ ਹਨ।

ਜ਼ਿਲ੍ਹਾ ਰੈੱਡ ਕਰਾਸ ਦਫ਼ਤਰ ਵਿਖੇ ਲਗਾਇਆ ਗਿਆ ਬਲੱਡ ਗਰੁੱਪ ਟੈਸਟ ਕੈਂਪ

ਹੁਸ਼ਿਆਰਪੁ, 20 ਅਪ੍ਰੈਲ:   ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਦੇ ਸਹਿਯੋਗ ਨਾਲ ਸੁਸਾਇਟੀ ਦੇ ਦਫ਼ਤਰ ਵਿਖੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੀਆਂ ਵਿਦਿਆਰਥਣਾਂ ਦੇ ਬਲੱਡ ਗਰੁੱਪ ਦੀ ਜਾਂਚ ਲਈ ਬਲੱਡ ਗਰੁੱਪ ਟੈਸਟ ਕੈਂਪ ਲਗਾਇਆ ਗਿਆ | ਇਸ ਵਿੱਚ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਤੋਂ 43,  ਕੰਪਿਊਟਰ ਟ੍ਰੇਨਿੰਗ ਸੈਂਟਰ ਤੋਂ 25, ਟਾਈਪ ਐਂਡ ਸ਼ਾਰਟ ਹੈਂਡ ਸੈਂਟਰ ਤੋਂ 17,  ਫੈਸ਼ਨ ਡਿਜ਼ਾਈਨਿੰਗ ਸੈਂਟਰ ਤੋਂ 23,  ਸਟਾਫ਼ ਮੈਂਬਰਾਂ ਤੇ ਰੈੱਡ ਕਰਾਸ ਸੁਸਾਇਟੀ ਦੇ 2 ਮੈਂਬਰਾਂ ਸਮੇਤ ਕੁੱਲ 119 ਲਾਭਪਾਤਰੀਆਂ ਨੇ ਆਪਣੇ ਬਲੱਡ ਗਰੁੱਪ ਟੈਸਟ ਕਰਵਾਏ। ਇਸ ਮੌਕੇ ਰੈੱਡ ਕਰਾਸ ਦੇ ਮੈਂਬਰ ਅਗਨੀਪਾਲ ਸਿੰਘ, ਵਿਨੋਦ ਓਹਰੀ, ਕੁਮਕੁਮ ਸੂਦ, ਕਰਮਜੀਤ ਕੌਰ ਆਹਲੂਵਾਲੀਆ, ਰਾਕੇਸ਼ ਕਪਿਲਾ, ਸੁਰਜੀਤ ਸਹੋਤਾ, ਡੌਲੀ ਚੀਮਾ, ਆਸ਼ਾ ਅਗਰਵਾਲ, ਲੇਖਾਕਾਰ ਸਰਬਜੀਤ ਅਤੇ ਰੈੱਡ ਕਰਾਸ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।

ਵਿਸ਼ਵ ਕਲਿਆਣ ਹੈ ਸਨਾਤਨ ਸਭਿਆਚਾਰ ਦਾ ਉਦੇਸ਼ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਭਗਵਾਨ ਪਰਸ਼ੂਰਾਮ ਸੈਨਾ ਵਲੋਂ ਆਯੋਜਿਤ ਗਾਇਤਰੀ ਮਹਾਯੱਗ ਵਿਚ ਕੀਤੀ ਪੂਜਾ ਅਰਚਨਾ
ਹੁਸ਼ਿਆਰਪੁਰ, 20 ਅਪ੍ਰੈਲ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਨਾਤਨ ਸੰਸਕ੍ਰਿਤੀ ਦਾ ਉਦੇਸ਼ ਵਿਸ਼ਵ ਕਲਿਆਣ ਹੈ ਅਤੇ ਸਨਾਤਨ ਧਰਮ ਲਗਾਤਾਰ ਵਿਸ਼ਵ ਕਲਿਆਣ ਲਈ ਕੰਮ ਕਰ ਰਿਹਾ ਹੈ। ਉਹ ਅੱਜ ਭਗਵਾਨ ਪਰਸ਼ੂਰਾਮ ਸੈਨਾ ਵਲੋਂ ਆਯੋਜਿਤ ਗਾਇਤਰੀ ਮਹਾਯੱਗ 'ਚ ਪੂਜਾ ਅਰਚਨਾ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਕੌਂਸਲਰ ਪ੍ਰਦੀਪ ਬਿੱਟੂ ਅਤੇ ਭਗਵਾਨ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਪੰਡਤ ਆਸ਼ੂਤੋਸ਼ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨਵ ਕਲਿਆਣ ਲਈ ਆਯੋਜਿਤ ਇਸ ਮਹਾਯੱਗ ਦੇ ਆਯੋਜਨ ਲਈ ਭਗਵਾਨ ਪਰਸ਼ੂਰਾਮ ਸੈਨਾ ਦੇ ਅਹੁਦੇਦਾਰ ਸ਼ਲਾਘਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਗਾਇਤਰੀ ਮੰਤਰ ਨੂੰ ਸਮਝਣ ਨਾਲ ਹੀ ਚਾਰੇ ਵੇਦਾਂ ਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਗਾਇਤਰੀ ਮੰਤਰ ਨੂੰ ਵੇਦਾਂ ਦਾ ਸਾਰ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਸ਼ਵ ਕਲਿਆਣ ਲਈ ਉਹ ਇਸ ਗਾਇਤਰੀ ਮਹਾਯੱਗ ਵਿਚ ਅਹੂਤੀ ਜ਼ਰੂਰ ਦੇਣ। ਇਸ ਦੌਰਾਨ ਉਨ੍ਹਾਂ ਨੇ ਸਥਾਪਿਤ ਕੀਤੇ ਗਏ 16 ਸਤੰਭਾਂ ਅਤੇ ਚਾਰ ਦੁਆਰਾਂ ਦੀ ਪੂਜਾ ਕੀਤੀ ਅਤੇ ਭਗਵਾਨ ਪਰਸ਼ੂਰਾਮ ਕਥਾ ਨੂੰ ਸੁਣਿਆ। ਭਗਵਾਨ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਮਹਾ ਗਾਇਤਰੀ ਯੱਗ 22 ਅਪ੍ਰੈਲ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ 24 ਲੱਖ ਅਹੂਤੀਆਂ ਦਾ ਸੰਕਲਪਿਤ ਇਹ ਮਹਾਯੱਗ ਅੱਜ ਦਸਵੇਂ ਦਿਨ ਵਿਚ ਦਾਖਲ ਹੋ ਗਿਆ ਹੈ।
ਇਸ ਮੌਕੇ ਆਚਾਰੀਆ ਅਜੇ ਸ਼ਾਸਤਰੀ, ਉਪ ਆਚਾਰੀਆ ਸੁਸ਼ੀਲ ਸ਼ਾਸਤਰੀ, ਵਿਜੇ ਲਕਸ਼ਮੀ, ਧੀਰਜ ਸ਼ਰਮਾ, ਪੰਡਤ ਵਿਸ਼ਣੂ ਕਾਂਤ, ਰਾਮ ਭਰੋਸੇ, ਦੀਪਕ ਸ਼ਰਮਾ, ਉਤਮ ਸ਼ਾਸਤਰੀ, ਧਰਮਿੰਦਰ ਕੌਸ਼ਲ, ਹਰਿੰਦਰ, ਪੰਕਜ, ਰਾਮ ਅਵਤਾਰ, ਰਾਧੇ ਸ਼ਿਆਮ, ਸ਼ਰਵਣ, ਅੰਕਿਤ, ਅਰਜੁਨ ਪੰਡਤ ਵੀ ਮੌਜੂਦ ਸਨ।

ਢਾਹਾਂ ਕਲੇਰਾਂ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਪੰਜਵੀ ਬਰਸੀ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਲੱਗਾ

ਢਾਹਾਂ ਕਲੇਰਾਂ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਪੰਜਵੀ ਬਰਸੀ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਲੱਗਾ
ਬੰਗਾ : 20 ਅਪ੍ਰੈਲ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਸੇਵਾ ਦੇ ਪੁੰਜ,  ਕੱਲਰੀ ਧਰਤੀ ਦੇ ਗੁਲਾਬ ਅਤੇ ਗ਼ਰੀਬਾਂ ਦੇ ਮਸੀਹਾ ਸਵ: ਬਾਬਾ ਬੁੱਧ ਸਿੰਘ ਢਾਹਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਉਹਨਾਂ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਅੱਜ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਗਿਆ। ਬਾਬਾ ਜੀ ਦੀ ਯਾਦ ਵਿਚ ਲੱਗੇ ਖੂਨਦਾਨ ਕੈਂਪ ਵਿਚ 51 ਖੂਨਦਾਨੀ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਆਪਣਾ ਖੂਨਦਾਨ ਕੀਤਾ। ਬਾਬਾ ਜੀ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਇਸ ਸਵੈ-ਇਛੁੱਕ ਖੂਨਦਾਨ ਕੈਂਪ ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੈਂਬਰ ਸਾਹਿਬਾਨ, ਇਲਾਕੇ ਦੇ ਪਤਵੰਤੇ ਸੱਜਣਾਂ, ਟਰੱਸਟ ਅਧੀਨ ਚੱਲਦੇ ਮੈਡੀਕਲ ਅਤੇ ਵਿਦਿਅਕ ਅਦਾਰਿਆਂ ਦੇ ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬਾਬਾ ਜੀ  ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪਤਵੰਤੇ ਸੱਜਣਾਂ ਵੱਲੋਂ ਖੂਨਦਾਨ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਉਹਨਾਂ ਨੇ ਖੂਨਦਾਨ ਕਰਨ ਵਾਲੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।  
                ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਰੋਹ ਵਿਚ ਸਮੂਹ ਟਰੱਸਟ ਮੈਂਬਰਾਂ, ਇਲਾਕਾ ਨਿਵਾਸੀਆਂ ਅਤੇ ਟਰੱਸਟ ਦੇ ਸਮੂਹ ਅਦਾਰਿਆਂ ਦੇ ਸਟਾਫ਼ ਵੱਲੋਂ ਬਾਬਾ ਜੀ ਦੀ ਨਿੱਘੀ ਮਿੱਠੀ ਯਾਦ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਬਾਬਾ ਜੀ ਨੇ ਢਾਹਾਂ ਕਲੇਰਾਂ ਵਿਖੇ  ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕਰਕੇ ਲੋਕ ਸੇਵਾ ਦੇ ਖੇਤਰ ਵਿਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਟਰੱਸਟ ਦੇ ਜਨਰਲ ਸਕੱਤਰ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਜੀਵਨ ਬਾਰੇ ਅਤੇ ਬਾਬਾ ਜੀ ਦੇ ਸੁਪਨਿਆਂ ਬਾਰੇ ਲੋਕਾਈ ਨੂੰ ਜਾਣੂੰ ਕਰਵਾਇਆ। ਉਹਨਾਂ ਦੱਸਿਆ ਕਿ ਬਾਬਾ ਜੀ ਦੀ ਅਗਵਾਈ ਵਿਚ ਸਮੂਹ ਟਰੱਸਟ ਮੈਂਬਰਾਂ ਵੱਲੋਂ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ, ਟਰੌਮਾ ਸੈਂਟਰ, ਬਲੱਡ ਬੈਂਕ, ਨਰਸਿੰਗ ਕਾਲਜ, ਪੈਰਾ ਮੈਡੀਕਲ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਸਥਾਪਿਤ ਕੀਤੇ ਗਏ, ਜੋ ਇਲਾਕਾ ਨਿਵਾਸੀਆਂ ਨੂੰ ਪਿਛਲੇ ਚਾਰ ਦਹਾਕਿਆਂ ਤੋਂ ਵਧੀਆ ਵਿਦਿਅਕ ਅਤੇ ਸਿਹਤ ਸੇਵਾਵਾਂ ਮਹੁੱਈਆ ਕਰਵਾ ਰਹੇ ਹਨ ।
         ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਕੂਲ ਸਿੱਖਿਆ, ਪ੍ਰਿੰਸੀਪਲ ਸੁਰਿੰਦਰ ਜਸਪਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਜੁਗਬਦਲ ਸਿੰਘ ਨਨੂੰਆਂ, ਡਾ. ਜਸਦੀਪ ਸਿੰਘ ਸੈਣੀ, ਡਾ. ਨਵਜੋਤ ਸਿੰਘ ਸਹੋਤਾ,  ਡਾ. ਆਰ ਕੇ ਅਮਨਦੀਪ, ਡਾ. ਰੋਹਿਤ ਮਸੀਹ, ਡਾ. ਰਾਹੁਲ ਗੋਇਲ, ਡਾ. ਦੀਪਕ ਦੁੱਗਲ, ਡਾ. ਹਰਜੋਤਵੀਰ ਸਿੰਘ ਰੰਧਾਵਾ, ਡਾ. ਰਵੀਨਾ, ਡਾਈਟੀਸ਼ੀਅਨ ਰੌਣਿਕਾ ਕਾਹਲੋਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਸਮੂਹ ਮੈਡੀਕਲ ਅਫਸਰ, ਸਾਰੀਆਂ ਸੰਸਥਾਵਾਂ ਦੇ ਮੁਖੀ, ਵਿਭਾਗਾਂ ਦੇ ਇੰਚਾਰਜ, ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
ਤਸਵੀਰਾਂ (1 ਅਤੇ 2) :  (ਉੱਪਰ) ਢਾਹਾਂ ਕਲੇਰਾਂ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਪੰਜਵੀਂ ਬਰਸੀ ਮੌਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅਤੇ (ਹੇਠਾਂ) ਖੂਨਦਾਨੀਆਂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਟਰੱਸਟ ਪ੍ਰਬੰਧਕ ਅਤੇ ਡਾਕਟਰ ਸਾਹਿਬਾਨ, ਵਿਦਿਆਰਥੀ 

ਬੁੱਧਵਾਰ ਸ਼ਾਮ ਤੱਕ ਖਰੀਦ ਏਜੰਸੀਆਂ ਵੱਲੋਂ 99.29 ਕਰੋੜ ਰੁਪਏ ਦੀ ਰਾਸ਼ੀ ਜਾਰੀ

ਸਪੈਸ਼ਨ ਦੌਰਾਨ ਬੁੱਧਵਾਰ ਨੂੰ ਬੰਗਾ ਤੇ ਬਲਾਚੌਰ ਦੀਆਂ ਮੰਡੀਆਂ 'ਚੋਨ 3500 ਮੀਟਿ੍ਰਕ ਟਨ ਜਿਣਸ ਚੁੱਕੀ ਗਈ
ਡੀ ਸੀ ਰੰਧਾਵਾ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਦਾ ਭਰੋਸਾ
ਨਵਾਂਸ਼ਹਿਰ, 19 ਅਪਰੈਲ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਲ੍ਹ ਸ਼ਾਮ ਤੱਕ 69767 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ, ਜਿਸ ਵਿੱਚੋਂ 68346 ਮੀਟਿ੍ਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਇੱਕ ਦਿਨ ਵਿੱਚ 15430 ਮੀਟਿ੍ਰਕ ਟਨ ਕਣਕ ਦੀ ਰਿਕਾਰਡ ਖਰੀਦ ਕੀਤੀ ਗਈ ਜਦਕਿ ਆਮਦ 15235 ਮੀਟਿ੍ਰਕ ਟਨ ਦੀ ਸੀ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਜਿਣਸ ਦੀ ਅਦਾਇਗੀ ਨਾਲੋਂ-ਨਾਲ ਕਰਨ ਦੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਬੁੱਧਵਾਰ ਸ਼ਾਮ ਤੱਕ 99.29 ਕਰੋੜ ਰੁਪਏ ਦੀ ਰਾਸ਼ੀ ਖਰੀਦ ਏਜੰਸੀਆਂ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਲਿਆਂਦੀ ਜਾ ਰਹੀ ਕਣਕ ਦਾ ਬਿਨਾਂ ਕੋਈ ਕੱਟ ਲਾਇਆਂ ਪੂਰਾ ਭਾਅ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਪ੍ਰਤੀ ਕੁਇੰਟਲ ਦਾ ਘੱਟੋ-ਘੱਟ ਸਮਰਥਨ ਮੁੱਲ 2125 ਰੁਪਏ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਏਜੰਸੀਵਾਰ ਖਰੀਦ ਅੰਕੜਿਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਪਨਗ੍ਰੇਨ ਵੱਲੋਂ 14429 ਮੀਟਿ੍ਰਕ ਟਨ, ਮਾਰਕਫ਼ੈਡ ਵੱਲੋਂ 19104 ਮੀਟਿ੍ਰਕ ਟਨ, ਪਨਸਪ ਵੱਲੋਂ 20730 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 10361 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ 3715 ਮੀਟਿ੍ਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ 'ਚ ਲੱਗੀਆਂ ਸਪੈਸ਼ਲਾਂ ਦੌਰਾਨ 2500 ਐਮ ਟੀ ਕਣਕ ਬੰਗਾ ਦੀਆਂ ਮੰਡੀਆਂ 'ਚੋਂ ਅਤੇ 1000 ਐਮ ਟੀ ਬਲਾਚੌਰ ਦੀਆਂ ਮੰਡੀਆਂ 'ਚੋਂ ਚੁੱਕੀ ਗਈ। ਉਨ੍ਹਾਂ ਦੱਸਿਆ ਕਿ ਕਲ੍ਹ ਵੀ ਸਪੈਸ਼ਲਾਂ ਲੱਗਣਗੀਆਂ, ਜਿਸ ਨਾਲ ਲਿਫ਼ਟਿੰਗ ਨੂੰ ਹੁਲਾਰਾ ਮਿਲੇਗਾ। ਹੁਣ ਤੱਕ 10 ਹਜ਼ਾਰ ਮੀਟਿ੍ਰਕ ਟਨ ਦੇ ਕਰੀਬ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।

ਸਾਬਕਾ ਨੇਵੀ ਅਧਿਕਾਰੀ ਨੇ ਪਾਸ ਕੀਤੀ ਵੱਕਾਰੀ ਪੀ.ਸੀ.ਐਸ. ਦੀ ਪ੍ਰੀਖਿਆ, ਬਣਿਆ ਡੀ.ਐਸ.ਪੀ.

ਪਟਿਆਲਾ, 19 ਅਪ੍ਰੈਲ: ਪਟਿਆਲਾ ਦੇ ਜੰਮਪਲ ਪ੍ਰੀਤ ਕੰਵਰ ਸਿੰਘ ਨੇ ਕਰੀਬ 12 ਸਾਲ
ਭਾਰਤੀ ਜਲ ਸੈਨਾ 'ਚ ਬਿਹਤਰੀਨ ਸੇਵਾਵਾਂ ਨਿਭਾਉਣ ਤੋਂ ਬਾਅਦ ਸੂਬੇ ਦੀ ਵੱਕਾਰੀ
ਪ੍ਰੀਖਿਆ ਪੀ.ਸੀ.ਐਸ. ਨੂੰ ਪਾਸ ਕਰਕੇ ਡੀ.ਐਸ.ਪੀ. ਬਣ ਕੇ 35 ਸਾਲ ਦੀ ਉਮਰ 'ਚ ਦੇਸ਼
ਸੇਵਾ ਲਈ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਹੈ।
ਪ੍ਰੀਤ ਕੰਵਰ ਸਿੰਘ ਨੇ ਆਪਣੇ ਜਜ਼ਬਾਤ ਉਜਾਗਰ ਕਰਦਿਆਂ ਕਿਹਾ ਕਿ ਵਰਦੀ ਹਮੇਸ਼ਾ ਹੀ
ਮੇਰੀ ਪਹਿਲੀ ਤਰਜੀਹ ਰਹੀ ਹੈ ਤੇ ਭਾਰਤੀ ਜਲ ਸੈਨਾ 'ਚ ਸਿੱਖੀ ਉੱਚ ਪੱਧਰੀ ਪੇਸ਼ਾਵਰ
ਕੁਸ਼ਲਤਾ, ਪ੍ਰਸ਼ਾਸਨਿਕ ਹੁਨਰ, ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਟੀਮ ਦੇ ਤੌਰ 'ਤੇ
ਕੰਮ ਕਰਨ ਦੀ ਮੁਹਾਰਤ ਅਤੇ ਭਾਰਤੀ ਜਲ ਸੈਨਾ 'ਚ ਲਗਾਤਾਰ ਤਿੰਨ ਵਾਰ ਸਟਾਫ਼ ਅਫ਼ਸਰ ਵਜੋਂ
ਨਿਭਾਈ ਜ਼ਿੰਮੇਵਾਰੀ ਪੰਜਾਬ ਪੁਲਿਸ 'ਚ ਸੇਵਾ ਨਿਭਾਉਣ ਸਮੇਂ ਮਦਦਗਾਰ ਹੋਵੇਗੀ।
ਉਨ੍ਹਾਂ ਦੱਸਿਆ ਕਿ ਭਾਰਤੀ ਜਲ ਸੈਨਾ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਹੀ ਮਨ ਬਣਾ
ਲਿਆ ਸੀ ਕਿ ਸੇਵਾ ਮੁਕਤੀ ਤੋਂ ਬਾਅਦ ਆਪਣੀਆਂ ਸੇਵਾਵਾਂ ਦੇਸ਼ ਸੇਵਾ ਨੂੰ ਸਮਰਪਿਤ
ਰੱਖਾਂਗਾ।

ਲਗਭਗ 25 ਸਾਲਾਂ ਤੋਂ ਪਾਣੀ ਨੂੰ ਤਰਸ ਰਹੇ ਲੋਕਾਂ ਲਈ ਡਾ. ਨਿੱਜਰ ਮਸੀਹਾ ਸਾਬਤ ਹੋਏ-ਓ.ਐਸ.ਡੀ.ਮਨਪ੍ਰੀਤ ਸਿੰਘ

ਅੰਮ੍ਰਿਤਸਰ 19 ਅਪ੍ਰੈਲ : ਡਾ. ਇੰਦਰਬੀਰ ਸਿੰਘ ਨਿੱਜਰ, ਮੰਤਰੀ ਸਥਾਨਕ ਸਰਕਾਰਾਂ ਦੇ
ਯਤਨਾਂ ਸਦਕਾ ਅੱਜ ਹਲਕਾ ਦੱਖਣੀ ਅਧੀਂਨ ਪੈਂਦੇ ਏਰੀਆ ਰਾਧਾ ਕ੍ਰਿਸ਼ਨ ਕਾਲੋਨੀ ਨਜਦੀਕ
ਭਗਤਾਂ ਵਾਲਾ ਦਾਣਾ ਮੰਡੀ ਵਿਖੇ ਲਗਭਗ 25 ਸਾਲਾਂ ਤੋਂ ਸਰਕਾਰੀ ਪਾਣੀ ਨੂੰ ਤਰਸ ਰਹੇ
ਲੋਕਾਂ ਲਈ ਡਾ. ਇੰਦਰਬੀਰ ਸਿੰਘ ਨਿੱਜਰ ਮਸੀਹਾ ਸਾਬਤ ਹੋਏ ਹਨ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਡਾ. ਇੰਦਰਬੀਰ ਸਿੰਘ ਨਿੱਜਰ, ਮੰਤਰੀ ਸਥਾਨਕ ਸਰਕਾਰਾਂ ਦੇ ਓ.ਐਸ.ਡੀ.
ਮਨਪ੍ਰੀਤ ਸਿੰਘ ਨੇ ਕੀਤਾ। ਓ.ਐਸ.ਡੀ. ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾਰਾਂ ਨੇ
ਅੰਮ੍ਰਿਤਸਰ ਦੇ ਹਲਕਾ ਦੱਖਣੀ ਨੂੰ ਕੋਈ ਵੀ ਤਵੱਜੋ ਨਹੀਂ ਦਿੱਤੀ ਜਿਸ ਕਾਰਨ ਅੰਮ੍ਰਿਤਸਰ
ਹਲਕਾ-ਦੱਖਣੀ ਮੁੱਢਲੀਆਂ ਸਹੂਲਤਾਂ ਤੋਂ ਹਮੇਸ਼ਾਂ ਸੱਖਣਾ ਰਿਹਾ ਹੈ।
ਪ੍ਰੰਤੂ ਹੁਣ ਡਾ. ਨਿੱਜਰ, ਮੰਤਰੀ ਸਥਾਨਕ ਸਰਕਾਰਾਂ ਦੁਆਰਾ ਹਲਕੇ ਦਾ ਸਰਵ ਪੱਖੀ ਵਿਕਾਸ
ਕੀਤਾ ਜਾ ਰਿਹਾ ਹੈ। ਓ.ਐਸ.ਡੀ. ਨੇ ਦੱਸਿਆ ਕਿ ਮੰਤਰੀ ਡਾ. ਨਿੱਜਰ ਦਿਨ-ਰਾਤ ਲੋਕ ਸੇਵਾ
ਵਿੱਚ ਲੱਗੇ ਹੋਏ ਹਨ ਅਤੇ ਹਰ ਘਰ ਤੱਕ ਪੀਣ ਵਾਲਾ ਸਾਫ-ਸੁਥਰਾ ਪਾਣੀ ਪਹੁੰਚਾਉਣਾ ਉਹਨਾਂ
ਦਾ ਮੁਖ ਉਦੇਸ਼ਾਂ ਵਿੱਚੋਂ ਇੱਕ ਹੈ ਜਿਸ ਦੇ ਤਹਿਤ ਹੀ ਡਾ. ਨਿੱਜਰ ਦੇ ਹੁਕਮਾਂ ਅਨੁਸਾਰ
ਵਾਰਡ ਨੰਬਰ 65 ਰਾਧਾ ਕ੍ਰਿਸ਼ਨ ਕਾਲੋਨੀ ਦੇ ਵਸਨੀਕਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਇਹ
ਟਿਊਬਵੈਲ ਬੋਰ ਕੀਤਾ ਜਾ ਰਿਹਾ ਹੈ ਜਿਸ ਤੇ ਅੰਦਾਜਨ ਖਰਚਾ 14 ਲੱਖ ਰੁਪਏ ਆਵੇਗਾ। ਇਸ
ਮੌਕੇ ਤੇ ਇਲਾਕਾ ਨਿਵਾਸੀਆਂ ਨੇ ਡਾ. ਨਿੱਜਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਆਦਮੀ
ਪਾਰਟੀ ਦੀ ਸਰਕਾਰ ਸੱਚ ਮੁੱਚ ਹੀ ਆਮ ਲੋਕਾਂ ਲਈ ਕੰਮ ਕਰ ਰਹੀ ਹੈ। ਇਸ ਮੌਕੇ ਤੇ ਡਾ.
ਨਿੱਜਰ ਦੀ ਟੀਮ ਵੱਲੋਂ ਨਿਵੇਕਲੀ ਪਹਿਲ ਕਰਦੇ ਹੋਏ ਇਸ ਟਿਊਬਵੈੱਲ ਬੋਰ ਨੂੰ ਸੂਰੂ ਕਰਨ
ਦਾ ਸ਼ੁਭ ਆਰੰਭ ਵੀ ਇਸੇ ਹੀ ਇਲਾਕੇ ਦੇ ਇੱਕ ਬਜੁਰਗ ਆਮ ਆਦਮੀ ਸਵਰਨ ਸਿੰਘ ਪਾਸੋਂ
ਕਰਵਾਇਆ ਗਿਆ ਜਿਸਦੀ ਲੋਕਾਂ ਨੇ ਬਹੁਤ ਹੀ ਸਰਾਹਣਾ ਕੀਤੀ।
ਇਸ ਮੌਕੇ ਅਸ਼ੋਕ ਕੁਮਾਰ ਡੀ.ਐਸ.ਪੀ., ਜਸਪਾਲ ਸਿੰਘ ਭੁੱਲਰ, ਸੰਜੀਵ ਕੁਮਾਰ, ਸੰਦੀਪ
ਕੁਮਾਰ ਅਤੇ ਸਹੂੰ ਇਲਾਕਾ ਨਿਵਾਸੀ ਹਾਜਰ ਸਨ।
ਕੈਪਸ਼ਨ : ਇਲਾਕੇ ਦੇ ਇੱਕ ਬਜੁਰਗ ਆਮ ਆਦਮੀ ਸਵਰਨ ਸਿੰਘ ਪਾਸੋਂ ਟਿਊਬਵੈੱਲ ਬੋਰ ਦਾ ਕੰਮ
ਸ਼ੁਰੂ ਕਰਵਾਉਂਦੇ ਹੋਏ ਓ.ਐਸ.ਡੀ. ਮਨਪ੍ਰੀਤ ਸਿੰਘ।

ਡੇਅਰੀ ਸਿਖਲਾਈ ਕੋਰਸ ਪਹਿਲੀ ਮਈ ਤੋਂ

ਨਵਾਂਸ਼ਹਿਰ, 19 ਅਪਰੈਲ : ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸਹਾਇਕ ਧੰਦਿਆਂ ਨੂੰ
ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੂਬੇ ਦੇ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਲਈ
ਪਹਿਲੀ ਮਈ 2023 ਤੋਂ ਆਫਲਾਈਨ ਡੇਅਰੀ ਸਿਖਲਾਈ ਦੇਣ ਲਈ ਅਗਲਾ ਬੈਚ ਸ਼ੁਰੂ ਕੀਤਾ ਜਾ
ਰਿਹਾ ਹੈ। ਇਹ ਜਣਾਕਾਰੀ ਦਿੰਦਿਆਂ ਹਰਵਿੰਦਰ ਸਿੰਘ, ਡੇਅਰੀ ਵਿਕਾਸ ਅਫ਼ਸਰ, ਸ਼ਹੀਦ ਭਗਤ
ਸਿੰਘ ਨਗਰ ਨੇ ਦੱਸਿਆ ਕਿ ਅਜੋਕੇ ਯੁੱਗ ਵਿੱਚ ਵਿਗਿਆਨਕ ਢੰਗਾਂ ਨਾਲ ਕੀਤੇ ਕਾਰੋਬਾਰ ਹੀ
ਲਾਹੇਵੰਦ ਹਨ। ਦਧਾਰੂ ਪਸ਼ੂਆਂ ਦੀ ਖ੍ਰੀਦ ਤੋਂ ਲੈ ਕੇ ਰੱਖ ਰਖਾਓ, ਖਾਦ-ਖੁਰਾਕ, ਨਸਲ
ਸੁਧਾਰ, ਸਾਂਭ-ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ
ਦੇਣ ਲਈ ਚਲਾਏ ਜਾਂਦੇ ਡੇਅਰੀ ਸਿਖਲਾਈ ਪ੍ਰੋਗਰਾਮ ਜੋ ਕਿ ਕੋਵਿਡ-19 ਦੀ ਮਹਾਂਮਾਰੀ
ਕਰਕੇ ਬੰਦ ਹੋ ਗਏ ਸਨ, ਹੁਣ ਕਿਸਾਨਾਂ/ਦੁੱਧ ਉਤਪਾਦਕਾਂ ਦੀ ਸਹੂਲਤ ਲਈ ਮੁੜ ਤੋਂ
ਆਫਲਾਈਨ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਸਮੂਹ ਦੱਧ
ਉਤਪਤਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੇ ਆਪ ਨੂੰ
ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਵਾਉਣ ਲਈ ਉਪਰਾਲੇ ਕਰਨ ਅਤੇ ਵਿਭਾਗ ਵੱਲੋਂ ਦਿੱਤੀਆਂ
ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਯੋਗ ਪ੍ਰਾਰਥੀ ਲੋੜੀਂਦੇ ਕਾਗਜ਼ਾਤ
ਜਿਵੇਂ ਕਿ ਪੜ੍ਹਾਈ ਦਾ ਸਰਟੀਫਿਕੇਟ, ਅਧਾਰ ਕਾਰਡ, ਵੋਟਰ ਕਾਰਡ, ਅਨਸੂਚਿਤ ਜਾਤੀ
ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਮਿਤੀ 28 ਅਪਰੈਲ ਤੱਕ ਆਪਣੇ ਫਾਰਮ
ਭਰਵਾਉਣ ਲਈ ਦਫ਼ਤਰ ਡੇਅਰੀ ਵਿਕਾਸ ਅਫਸਰ, ਵੈਟਰਨਰੀ ਪੋਲੀ ਕਲੀਨਿਕ, ਬੰਗਾ ਰੋਡ ਮਹਾਲੋਂ
(ਸੰਪਰਕ ਨੰਬਰ -01823-225050) ਵਿਖੇ ਸੰਪਰਕ ਕਰ ਸਕਦੇ ਹਨ।