ਜ਼ਿਲੇ ਵਿਚ 9, 10, 14 ਅਤੇ 16 ਸਤੰਬਰ ਨੂੰ ਲੱਗਣਗੇ ਮੈਗਾ ਰੋਜ਼ਗਾਰ ਮੇਲੇ
ਨਵਾਂਸ਼ਹਿਰ, 5 ਸਤੰਬਰ : ਪੰਜਾਬ ਸਰਕਾਰ ਦੇ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਜ਼ਿਲਾ ਪੱਧਰ 'ਤੇ ਲਗਾਏ ਜਾ ਰਹੇ ਮੈਗਾ ਰੁਜ਼ਗਾਰ ਮੇਲਿਆਂ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ 9, 10, 14 ਅਤੇ 16 ਸਤੰਬਰ ਨੂੰ ਲਗਾਏ ਜਾ ਰਹੇ ਮੈਗਾ ਰੁਜ਼ਗਾਰ ਮੇਲਿਆਂ ਵਿਚ ਜ਼ਿਲੇ ਦੇ 10 ਹਜ਼ਾਰ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਹ ਰੁਜ਼ਗਾਰ ਮੇਲੇ 9 ਅਤੇ 10 ਸਤੰਬਰ ਨੂੰ ਆਈ. ਟੀ. ਆਈ ਨਵਾਂਸ਼ਹਿਰ, 14 ਸਤੰਬਰ ਨੂੰ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ 16 ਸਤੰਬਰ ਨੂੰ ਰਿਆਤ ਇੰਸਟੀਚਿਊਟ ਰੈਲ ਮਾਜਰਾ, ਬਲਾਚੌਰ ਵਿਖੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲੱਗਣ ਵਾਲੇ ਇਨਾਂ ਰੁਜ਼ਗਾਰ ਮੇਲਿਆਂ ਵਿਚ ਦਸਵੀਂ, ਬਾਰਵੀਂ, ਗ੍ਰੈਜੂਏਟ ਅਤੇ ਆਈ. ਟੀ. ਆਈ ਪਾਸ ਬੇਰੁਜ਼ਗਾਰ ਉਮੀਦਵਾਰ ਭਾਗ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਮੇਲਿਆਂ ਵਿਚ ਵੱਖ-ਵੱਖ ਅਦਾਰੇ ਅਤੇ ਕੰਪਨੀਆਂ ਭਾਗ ਲੈਣਗੀਆਂ। ਉਨਾਂ ਦੱਸਿਆ ਕਿ ਮੇਲਿਆਂ ਵਾਲੇ ਸਥਾਨਾਂ ਦੀ ਸਾਫ-ਸਫ਼ਾਈ, ਸੁਰੱਖਿਆ, ਵਾਹਨਾਂ ਦੀ ਪਾਰਕਿੰਗ, ਮੈਡੀਕਲ ਸਹੂਲਤਾਂ, ਪੀਣ ਵਾਲ ਪਾਣੀ, ਆਰਜ਼ੀ ਪਖਾਨਿਆਂ ਅਤੇ ਹੋਰਨਾਂ ਪ੍ਰਬੰਧਾਂ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਕੇ ਉਨਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਸ ਦੌਰਾਨ ਪ੍ਰਾਰਥੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਰੁਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੋਵੇਗੀ, ਜਿਨਾਂ ਵਿਚ ਸਮਾਜਿਕ ਦੂਰੀ ਤੋਂ ਇਲਾਵਾ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉਨਾਂ ਜ਼ਿਲੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਨਾਂ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।