ਸਰਕਾਰੀ ਸਕੂਲ ਕਰੀਹਾ ਦੀ ਹਿੰਦੀ ਅਧਿਆਪਕਾ ਵਿਦਿਆਰਥੀਆਂ ਨੂੰ ਸਿਖਾ ਰਹੀ ਹੈ ਨੈਤਿਕਤਾ ਦੇ ਗੁਰ

ਨਵਾਂ ਸ਼ਹਿਰ 23 ਸਤੰਬਰ  (ਵਿਸ਼ੇਸ਼ ਪ੍ਰਤੀਨਿਧੀ)  ਮਾਂ ਤੋਂ ਬਾਅਦ ਬੱਚੇ ਦਾ ਗੁਰੂ ਉਸਦਾ ਅਧਿਆਪਕ ਹੁੰਦਾ ਹੈ। ਹਰੇਕ ਅਧਿਆਪਕ ਦੀ ਇਹੀ ਤਮੰਨਾ ਹੁੰਦੀ ਹੈ ਕਿ ਉਸਦੇ ਵਿਦਿਆਰਥੀ ਆਦਰਸ਼ ਚਰਿੱਤਰ ਦੇ ਮਾਲਕ ਹੋਣ । ਜੇਕਰ ਅਧਿਆਪਕ ਸਾਹਿਤ ਦਾ ਪੁਜ਼ਾਰੀ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਇੱਥੇ ਗੱਲ ਕਰਨੀ ਬਣਦੀ ਹੈ ਜ਼ਿਲ੍ਹਾ ਦੇ ਸਸਸਸ ਕਰੀਹਾ ਦੀ ਹਿੰਦੀ ਅਧਿਆਪਕਾ ਰਜਨੀ ਸ਼ਰਮਾਂ ਦੀ। ਇੱਕ ਸਫ਼ਲ ਅਧਿਆਪਕਾ ਹੋਣ ਤੋਂ ਇਲਾਵਾ ਮੈਡਮ ਰਜਨੀ ਪੰਜਾਬੀ ਅਤੇ ਹਿੰਦੀ ਦੇ ਵਧੀਆ ਕਵਿੱਤਰੀ ਵੀ ਹਨ। ਆਪਣੇ ਸਾਹਿਤਿਕ ਗੁਣਾਂ ਕਰਕੇ ਉਹ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਚੰਗੇ ਸਾਹਿਤ ਰਾਹੀਂ ਇੱਕ ਵਧੀਆ ਨਾਗਰਿਕ ਬਣਨ ਦਾ ਸੁਨੇਹਾ ਦਿੰਦੇ ਹਨ। ਇਸੇ ਸੰਦਰਭ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਦੇ ਧਾਰਨੀ ਬਣਾਉਣ ਲਈ ਬਹੁਤ ਸਾਰੇ ਸਫ਼ਲ ਉਪਰਾਲੇ ਕੀਤੇ ਜਾ ਰਹੇ ਹਨ। ਜਿਹਨਾਂ ਉਪਰਾਲਿਆਂ ਨੂੰ ਬੂਰ ਅਜਿਹੇ ਸਾਹਿਤ ਦੀ ਚੇਟਕ ਰੱਖਣ ਵਾਲੇ ਅਧਿਆਪਕਾਂ ਦੀਆਂ ਸਾਹਿਤਿਕ ਕੋਸ਼ਿਸ਼ਾਂ ਕਰਕੇ ਹੀ ਪਿਆ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਨਵੇਂ ਵਿਸ਼ੇ 'ਸਵਾਗਤ ਜ਼ਿੰਦਗੀ ਦੀ ਸ਼ੁਰੂਆਤ ਦੀ ਪਹਿਲਕਦਮੀ ਵੀ ਵਿਭਾਗ ਦੇ ਇਹਨਾਂ ਯਤਨਾਂ ਦਾ ਹੀ ਸਿੱਟਾ ਹੈ। ਸਰਕਾਰੀ ਸਕੂਲ ਕਰੀਹਾ ਦੀ ਇਸ ਅਧਿਆਪਕਾ ਦਾ ਨਾਮ ਵੀ ਸਾਹਿਤਿਕ ਚੇਟਕ ਰੱਖਣ ਵਾਲੇ ਅਧਿਆਪਕਾਂ ਦੀ ਮੂਹਰਲੀ ਕਤਾਰ 'ਚ ਸ਼ਾਮਿਲ ਹੈ।  ਜੇਕਰ ਗੱਲ ਕਰੀਏ ਹਿੰਦੀ ਅਧਿਆਪਕਾ ਦੇ ਸਾਹਿਤਿਕ ਯੋਗਦਾਨ ਦੀ ਪਿਛਲੇ ਸਮੇਂ ਵਿੱਚ ਵਿਭਾਗ ਵੱਲੋਂ ਪਬਲਿਸ਼ ਕੀਤੀ ਕਿਤਾਬ 'ਜਿਉਣ ਦਾ ਹੁਨਰ ' ਵਿੱਚ ਵੀ 'ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ' ਸਿਰਲੇਖ ਹੇਠ ਵਿਦਿਆਰਥੀਆਂ ਨੂੰ ਸਕਾਰਾਤਮਿਕਤਾ ਦਾ ਪਾਠ ਪੜ੍ਹਾਉਂਦਾ ਇੱਕ ਲੇਖ ਵੀ ਇਹਨਾਂ ਵੱਲੋਂ ਹੀ ਲਿਖਿਆ ਗਿਆ ਹੈ। ਇਹਨਾਂ ਦੀ ਬਾਕਮਾਲ ਲੇਖਣੀ ਦੀ ਖ਼ਾਸੀਅਤ ਇਹ ਹੈ ਕਿ ਇਹ ਡੂੰਘੀਆਂ ਨੈਤਿਕਤਾ ਦੀਆਂ ਗੱਲਾਂ ਵਿਦਿਆਰਥੀਆਂ ਦੇ ਪੱਧਰ ਦੀ ਸਰਲ ਭਾਸ਼ਾ ਵਿੱਚ ਕਹਿ ਜਾਂਦੇ ਹਨ। ਇਸ ਲੇਖ ਰਾਹੀਂ ਵੀ ਉਹ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹਾਂ-ਪੱਖੀ ਸੋਚ ਅਪਣਾਉਣ ਦਾ ਸੁਨੇਹਾ ਦੇਕੇ ਮੁਸ਼ਕਿਲ ਹਾਲਾਤਾਂ 'ਚੋਂ ਸਿਆਣਪ ਨਾਲ ਨਿਕਲਣ ਦਾ ਗੁਰ ਸਿਖਾ ਰਹੇ ਹਨ। ਗੱਲ ਕੀ ਅਜਿਹੇ ਅਧਿਆਪਕ ਜਿੱਥੇ ਆਪਣੇ ਆਪ ਨੂੰ ਮੋਮ ਵਾਂਗ ਪਿਘਲਾ ਕੇ ਆਪਣੇ ਵਿਦਿਆਰਥੀਆਂ ਦੇ ਚਾਨਣ ਮੁਨਾਰੇ ਬਣਦੇ ਹਨ ਉੱਥੇ ਭਾਸ਼ਾ ਦੇ ਸਾਹਿਤਿਕ ਖ਼ਜ਼ਾਨੇ ਨੂੰ ਵੀ ਆਪਣੇ ਯਤਨਾਂ ਨਾਲ ਸਰਸ਼ਾਰ ਕਰ ਦਿੰਦੇ ਹਨ।