ਰਿਆਤ ਗਰੁੱਪ ਵਿਖੇ 16 ਨੂੰ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿਚ ਨਾਮਵਰ ਕੰਪਨੀਆਂ ਕਰਨਗੀਆਂ ਸ਼ਿਰਕਤ

ਪ੍ਰਾਰਥੀਆਂ ਨੂੰ 43 ਲੱਖ ਰੁਪਏ ਤੱਕ ਦੇ ਸਾਲਾਨਾ ਸੈਲਰੀ ਪੈਕੇਜ ਦਾ ਮਿਲੇਗਾ ਮੌਕਾ-ਏ. ਡੀ. ਸੀ
ਬਲਾਚੌਰ, 14 ਸਤੰਬਰ : ਪੰਜਾਬ ਸਰਕਾਰ ਦੇ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਜ਼ਿਲੇ ਵਿਚ ਲਗਾਏ ਜਾ ਰਹੇ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਤਹਿਤ ਰਿਆਤ ਗਰੁੱਪ ਆਫ਼ ਇੰਸਟੀਚਿਊਟਸ, ਰੈਲ ਮਾਜਰਾ ਵਿਖੇ 16 ਸਤੰਬਰ ਨੂੰ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿਚ ਨਾਮਵਰ ਕੰਪਨੀਆਂ ਭਾਗ ਲੈ ਕੇ ਪ੍ਰਾਰਥੀਆਂ ਦੀ ਚੋਣ ਕਰਨਗੀਆਂ। ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ ਦੀ ਮੌਜੂਦਗੀ ਵਿਚ ਸੰਸਥਾ ਵਿਚ ਇਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਗਾਏ ਜਾ ਰਹੇ ਇਸ ਰੋਜ਼ਗਾਰ ਮੇਲੇ ਵਿਚ ਪ੍ਰਾਰਥੀਆਂ ਨੂੰ 43 ਲੱਖ ਰੁਪਏ ਤੱਕ ਦੇ ਸਾਲਾਨਾ ਪੈਕੇਜ ਹਾਸਲ ਕਰਨ ਦਾ ਮੌਕਾ ਮਿਲੇਗਾ। ਉਨਾਂ ਦੱਸਿਆ ਕਿ ਇਸ ਮੇਲੇ ਵਿਚ ਮਾਈਕ੍ਰੋਸਾਫਟ, ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਅਤੇ ਐਚ. ਸੀ. ਐਲ ਟੈਕਨਾਲੋਜੀਸ ਆਦਿ ਨਾਮਵਰ ਕੰਪਨੀਆਂ ਸ਼ਿਰਕਤ ਕਰਨਗੀਆਂ। ਉਨਾਂ ਦੱਸਿਆ ਕਿ ਮਾਈਕ੍ਰੋਸਾਫਟ ਕੰਪਨੀ ਦਾ ਸੈਲਰੀ ਪੈਕੇਜ 12 ਲੱਖ ਰੁਪਏ ਤੋਂ 43 ਲੱਖ ਰੁਪਏ ਪ੍ਰਤੀ ਸਾਲ ਹੈ। ਇਸੇ ਤਰਾਂ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ (ਬਾਏਜੂਸ) ਦਾ ਸਾਲਾਨਾ ਸੈਲਰੀ ਪੈਕੇਜ 10 ਲੱਖ ਰੁਪਏ ਅਤੇ ਐਚ. ਸੀ. ਐਲ ਟੈਕਨਾਲੋਜੀਸ ਦਾ 3.65 ਲੱਖ ਰੁਪਏ ਹੈ। ਉਨਾਂ ਦੱਸਿਆ ਕਿ ਇਨਾਂ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਐਮ. ਬੀ. ਏ, ਐਮ.ਟੈੱਕ, ਬੀ. ਟੈੱਕ ਅਤੇ ਗ੍ਰੈਜੂਏਟ ਆਦਿ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਕੰਪਨੀਆਂ ਵਿਚ ਇੰਟਰਵਿਊੂ ਦੇਣ ਦੇ ਚਾਹਵਾਨ ਪ੍ਰਾਰਥੀ ਮੇਲੇ ਵਿਚ ਆਉਣ ਤੋਂ ਪਹਿਲਾਂ ਮੁਹੱਈਆ ਕਰਵਾਏ ਗਏ ਲਿੰਕਾਂ 'ਤੇ ਅਪਲਾਈ ਜ਼ਰੂਰ ਕਰਨ। ਉਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲੱਗਣ ਵਾਲੇ ਇਸ ਰੋਜ਼ਗਾਰ ਮੇਲੇ ਵਿਚ ਹੋਰਨਾਂ ਕੰਪਨੀਆਂ ਅਤੇ ਅਦਾਰਿਆਂ ਵੱਲੋਂ ਵੀ ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਦੀ ਵੱਡੀ ਪੱਧਰ 'ਤੇ ਚੋਣ ਕੀਤੀ ਜਾਵੇਗੀ, ਜਿਸ ਸਬੰਧੀ ਦਸਵੀਂ, ਬਾਰਵੀਂ, ਗ੍ਰੈਜੂਏਟ ਅਤੇ ਆਈ. ਟੀ. ਆਈ ਪਾਸ ਬੇਰੁਜ਼ਗਾਰ ਇੰਟਰਵਿਊ ਲਈ ਯੋਗ ਹੋਣਗੇ। ਇਸ ਮੌਕੇ ਉਨਾਂ ਕੈਂਪਸ ਵਿਚ ਰੋਜ਼ਗਾਰ ਮੇਲੇ ਦੇ ਪੁਖਤਾ ਪ੍ਰਬੰਧਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਮੇਲੇ ਦੌਰਾਨ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਜ਼ਿਲਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਪ੍ਰਾਰਥੀ ਆਪਣੇ ਨਾਲ ਜ਼ਰੂਰੀ ਦਸਤਾਵੇਜ਼, ਜਿਵੇਂ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਫੋਟੋ ਅਤੇ ਬਾਇਓ ਡਾਟਾ ਆਦਿ ਲੈ ਕੇ ਆਉਣ।