ਪਟਿਆਲਾ 'ਚ ਸਥਾਪਤ ਹੋਈ ਪੰਜਾਬ ਦੀ ਪਲੇਠੀ ਸੜਕੀ ਹਾਦਸਿਆਂ ਦੇ ਪੀੜਤਾਂ ਦੀ ਯਾਦਗਾਰ

-ਡੀ.ਸੀ. ਤੇ ਨਗਰ ਨਿਗਮ ਕਮਿਸ਼ਨਰ ਵੱਲੋਂ ਸੜਕ ਹਾਦਸਿਆਂ ਦੇ ਪੀੜਤਾਂ ਦੀ ਯਾਦ 'ਚ ਸਮਾਰਕ ਲੋਕਾਂ ਨੂੰ ਸਮਰਪਿਤ
-ਸੜਕ 'ਤੇ ਚੱਲਦੇ ਹੋਏ ਆਵਾਜਾਈ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ-ਕੁਮਾਰ ਅਮਿਤ
-ਲੋਕਾਂ ਨੂੰ ਸੜਕ ਹਾਦਸਿਆਂ ਪ੍ਰਤੀ ਸੁਚੇਤ ਕਰਨ ਲਈ ਪਟਿਆਲਾ ਫਾਊਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪਟਿਆਲਾ ਮੀਡੀਆ ਕਲੱਬ ਦੇ ਸਹਿਯੋਗ ਨਾਲ ਕੀਤੀ ਨਿਵੇਕਲੀ ਪਹਿਲਕਦਮੀ  

ਪਟਿਆਲਾ, 7 ਸਤੰਬਰ:- ਲੋਕਾਂ ਨੂੰ ਸੜਕ ਹਾਦਸਿਆਂ ਪ੍ਰਤੀ ਸੁਚੇਤ ਕਰਨ ਲਈ ਪਟਿਆਲਾ ਫਾਊਂਡੇਸ਼ਨ ਨੇ ਇੱਕ ਨਿਵੇਕਲੀ ਪਹਿਕਦਮੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਟਿਆਲਾ ਮੀਡੀਆ ਕਲੱਬ ਦੇ ਸਹਿਯੋਗ ਨਾਲ ਇੱਥੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਨੇੜੇ ਸੜਕ ਹਾਦਸਿਆਂ ਦੇ ਪੀੜਤਾਂ ਦੀ ਪੰਜਾਬ 'ਚ ਪਲੇਠੀ ਯਾਦਗਾਰ ਦੀ ਉਸਾਰੀ ਕਰਵਾਈ ਹੈ। ਸੜਕੀ ਹਾਦਸਿਆਂ ਦੇ ਪੀੜਤਾਂ ਦੀ ਇਸ ਨਿਵੇਕਲੀ ਯਾਦਗਾਰ ਨੂੰ ਅੱਜ ਸ਼ਾਮ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਸਾਂਝੇ ਤੌਰ 'ਤੇ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਦੇ ਨਾਲ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਸਿੰਘ ਆਹਲੂਵਾਲੀਆ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਸੜਕ ਹਾਦਸਿਆਂ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਫਾਊਂਡੇਸ਼ਨ ਵੱਲੋਂ ਤਿਆਰ ਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਚਲਾਈ ਜਾਣ ਵਾਲੀ ਆਨ ਲਾਈਨ ਵਾਲ ਆਫ਼ ਰਿਮੈਂਬਰੈਂਸ ਵੀ ਕਲਿਕ ਕਰਕੇ ਸ਼ੁਰੂ ਕੀਤੀ।
ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਫਾਊਂਡੇਸ਼ਨ ਅਤੇ ਸ੍ਰੀ ਰਵੀ ਸਿੰਘ ਆਹਲੂਵਾਲੀਆ ਵੱਲੋਂ ਸੜਕ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਆਮ ਲੋਕਾਂ ਨੂੰ ਸੜਕ 'ਤੇ ਚਲਦਿਆਂ ਆਵਾਜਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮਾਰਕ ਸੜਕ ਹਾਦਸੇ ਰੋਕਣ ਲਈ ਲੋਕਾਂ ਨੂੰ ਸੁਚੇਤ ਕਰਨ 'ਚ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੀਮਤੀ ਜਾਨਾਂ ਨੂੰ ਸੜਕ ਹਾਦਸਿਆਂ 'ਚ ਅਜਾਂਈ ਜਾਣ ਤੋਂ ਬਚਾਉਣ ਲਈ ਸਾਨੂੰ ਆਵਾਜਾਈ ਨੇਮਾਂ ਪ੍ਰਤੀ ਹੋਰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਮਾਮਲੇ 'ਚ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸੜਕ ਹਾਦਸਿਆਂ 'ਚ ਘੱਟ ਤੋਂ ਘੱਟ ਲੋਕਾਂ ਦੀਆਂ ਜਾਨਾਂ ਜਾਣ।
ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸੜਕੀ ਹਾਦਸਿਆਂ 'ਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਯਾਦਗਾਰ ਦੀ ਸਾਂਭ-ਸੰਭਾਲ ਪਟਿਆਲਾ ਫਾਊਂਡੇਸ਼ਨ, ਪਟਿਆਲਾ ਮੀਡੀਆ ਕਲੱਬ ਦੇ ਸਹਿਯੋਗ ਨਾਲ ਕੀਤੀ ਜਾਵੇਗੀ, ਜਿੱਥੇ ਹਾਦਸੇ 'ਚ ਜਾਨਾ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ 'ਮੈਨੂੰ ਯਾਦ ਰੱਖਿਓ' ਪਲੇਕ ਲਗਾਈ ਜਾ ਸਕੇਗੀ। ਇਸ ਨਾਲ ਨਾ ਕੇਵਲ ਅਜਿਹੇ ਪਰਿਵਾਰਾਂ ਨੂੰ ਧਰਵਾਸ ਮਿਲੇਗਾ, ਜਿਨ੍ਹਾਂ ਦੇ ਮੈਂਬਰਾਂ ਨੇ ਆਪਣੀਆਂ ਕੀਮਤੀ ਜਾਨਾਂ ਹਾਦਸਿਆਂ 'ਚ ਗਵਾਈਆਂ ਹਨ, ਬਲਕਿ ਟਾਲੇ ਜਾ ਸਕਣ ਵਾਲੇ ਸੜਕੀ ਹਾਦਸਿਆਂ ਨੂੰ ਠੱਲਣ ਲਈ ਆਮ ਲੋਕਾਂ ਨੂੰ ਇਸ ਜਰੀਏ ਜਾਗਰੂਕ ਵੀ ਕੀਤਾ ਜਾਵੇਗਾ।
ਸ੍ਰੀ ਆਹਲੂਵਾਲੀਆ ਨੇ ਦੱਸਿਆ ਕਿ ਯੂ.ਐਨ. ਵੱਲੋਂ ਸੜਕ ਰਿਮੈਂਬਰੈਂਸ ਦਿਨ ਹਰੇਕ ਸਾਲ ਨਵੰਬਰ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਅਤੇ ਇੱਥੇ ਇਸ ਰੋਡ ਸੇਫ਼ਟੀ ਪਾਰਕ, ਜੋਕਿ ਪੰਜਾਬ ਦਾ ਪਹਿਲਾ ਸਮਾਰਕ ਹੈ ਅਤੇ ਪਟਿਆਲਾ ਫਾਊਂਡੇਸ਼ਨ ਨੇ ਆਪਣੇ ਵਿਸ਼ੇਸ਼ ਪ੍ਰਾਜੈਕਟ 'ਸੜਕ' ਤਹਿਤ ਇਸ ਯਾਦਗਾਰ ਦੀ ਉਸਾਰੀ ਛੇਵੇਂ ਯੂ.ਐਨ. ਗਲੋਬਲ ਰੋਡ ਸੇਫ਼ਟੀ ਹਫ਼ਤੇ ਨੂੰ ਮਨਾਉਂਦਿਆਂ ਸ਼ੁਰੂ ਕੀਤੀ ਸੀ।
ਇਸ ਮੌਕੇ ਐਸ.ਡੀ.ਐਮ. ਚਰਨਜੀਤ ਸਿੰਘ, ਡਾ. ਨਿਧੀ ਸ਼ਰਮਾ ਆਹਲੂਵਾਲੀਆ, ਫਾਊਂਡੇਸ਼ਨ ਦੇ ਮੈਂਬਰ ਅਨਮੋਲਜੀਤ ਸਿੰਘ, ਹਰਪ੍ਰੀਤ ਸੰਧੂ, ਰਾਕੇਸ਼ ਬਧਵਾਰ, ਪਵਨ ਗੋਇਲ, ਵਿਕਰਮ ਮਲਹੋਤਰਾ, ਹਰਬਖ਼ਸ਼ ਸਿੰਘ ਆਹਲੂਵਾਲੀਆ, ਡਾ. ਪ੍ਰਵੇਜ਼ ਮੁਹੰਮਦ, ਡਾ. ਸੁੰਮੀ ਭੁਟਾਨੀ, ਐਡਵੋਕੇਟ ਭੁਪਿੰਦਰ ਸਿੰਘ ਵਿਰਕ,  ਜੇ.ਪੀ. ਗਰਗ, ਹਰਦੀਪ ਕੌਰ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।