ਆਯੂਸ਼ਮਨ/ਸਰਬੱਤ ਸਿਹਤ ਬੀਮਾ ਸਕੀਮ ਤੋਂ ਬਾਹਰ ਰਹਿ ਗਏ 15 ਲੱਖ ਪਰਿਵਾਰਾਂ ਲਈ ਵੀ ਮੁਫ਼ਤ ਸਿਹਤ ਬੀਮੇ ਦਾ ਐਲਾਨ -ਸੋਨੀ

ਅੰਮਿ੍ਤਸਰ, 18 ਸਤੰਬਰ: ਪੰਜਾਬ ਸਰਕਾਰ ਨੇ ਉਨ੍ਹਾਂ 15 ਲੱਖ ਪਰਿਵਾਰਾਂ ਨੂੰ ਵੀ ਮੁਫਤ ਸਿਹਤ ਬੀਮੇ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ ਜੋ ਇਸ ਤੋਂ ਪਹਿਲਾਂ ਆਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਘੇਰੇ ਵਿਚ ਸ਼ਾਮਲ ਨਹੀਂ ਸਨ। ਉਕਤ ਪ੍ਗਟਾਵਾ ਡਾਕਟਰੀ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਨੇ ਪਿੰਡ ਮੋਹਲੋਵਾਲੀ ਧਿਆਨਪੁਰ ਧਾਮ ਦੇ ਨੇੜੇ ਸਥਿੱਤ ਜੈ ਸਤੁਤੀ ਧਰਮਸ਼ਾਲਾ ਕਮੇਟੀ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ।ਇਸਦੇ ਨਾਲ ਮੰਤਰੀ ਸ਼੍ਰੀ ਸੋਨੀ ਨੇ ਵਾਰਡ ਨੰਬਰ 68 ਦੇ 15 ਪਰਿਵਾਰਾਂ ਨੂੰ ਮੈਡੀਕਲ ਸਹਾਇਤਾ ਦੇ ਅਧੀਨ ਆਉਂਦੇ ਪਰਿਵਾਰਾਂ ਨੂੰ 20,20 ਹਜ਼ਾਰ ਰੁਪਏ ਦੇ ਚੈੱਕ ਭੇਟ ਕੀਤੇ।ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਚੇਅਰਮੈਨ ਸ਼੍ਰੀ ਅਰੁਣ ਕੁਮਾਰ ਪੱਪਲ,ਸ਼੍ਰੀ ਕ੍ਰਿਸ਼ਨ ਕੁਮਾਰ ਸੋਨੀ,ਸ਼੍ਰੀ ਪ੍ਰੇਮ ਸੋਨੀ,ਕੌਂਸਲਰ ਤਾਹਿਰ ਸ਼ਾਹ,ਸਲੀਮ ਪਹਿਲਵਾਨ,ਰਵਿੰਦਰ ਸੋਨੀ,ਧਰਮਵੀਰ ਸਰੀਨ,ਅਜੇ ਸੋਨੀ,ਅਰੁਣ ਸੋਨੀ,ਸਹਿਤ ਹੋਰ ਲੋਕ ਵੀ ਹਾਜਰ ਸਨ।   ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਹੁਣ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਰਾਂ ਦੇ ਪਰਿਵਾਰਾਂ ਨੂੰ ਛੱਡ ਕੇ ਸੂਬੇ ਵਿਚ ਬਾਕੀ ਸਾਰੇ 55 ਲੱਖ ਪਰਿਵਾਰ ਇਸ ਸਕੀਮ ਦੇ ਦਾਇਰੇ ਹੇਠ ਆ ਜਾਣਗੇ ਕਿਉਂ ਜੋ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰ ਪਰਿਵਾਰਾਂ ਸਮੇਤ ਪਹਿਲਾਂ ਹੀ ਪੰਜਾਬ ਮੈਡੀਕਲ ਅਟੈਂਡੈਂਸ ਰੂਲਜ਼ ਦੇ ਘੇਰੇ ਹੇਠ ਆਉਂਦੇ ਹਨ। ਇਸ ਨਾਲ 55 ਲੱਖ ਪਰਿਵਾਰਾਂ ਨੂੰ ਸੂਚੀਬੱਧ ਕੀਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ  ਇਲਾਜ ਲਈ ਹਰੇਕ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਮੁਹੱਈਆ ਹੋਵੇਗਾ ਜਿਸ ਨਾਲ ਸੂਬਾ ਸਰਕਾਰ ਹੁਣ ਸਾਲਾਨਾ 593 ਕਰੋੜ ਰੁਪਏ ਦਾ ਬੋਝ ਸਹਿਣ ਕਰੇਗੀ। ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸਕੀਮ ਤੋਂ ਬਾਹਰ ਰਹਿ ਗਏ ਇਨ੍ਹਾਂ ਪਰਿਵਾਰਾਂ ਨੂੰ ਨਾਲ ਜੋੜਨ ਲਈ ਪ੍ਰਕਿਰਿਆ ਉਲੀਕਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਸੂਬੇ ਦੇ 39.38 ਲੱਖ ਪਰਿਵਾਰ 20 ਅਗਸਤ, 2019 ਤੋਂ ਇਸ ਸਹੂਲਤ ਦਾ ਲਾਭ ਪਹਿਲਾਂ ਹੀ ਲੈ ਰਹੇ ਹਨ ਅਤੇ ਬੀਤੇ ਦੋ ਸਾਲਾਂ ਵਿਚ ਇਨ੍ਹਾਂ ਨੇ 913 ਕਰੋੜ ਰੁਪਏ ਦਾ ਨਗਦੀ ਰਹਿਤ ਇਲਾਜ ਕਰਵਾਇਆ ਹੈ। ਇਨ੍ਹਾਂ ਪਰਿਵਾਰਾਂ ਵਿਚ ਸਮਾਜਿਕ-ਆਰਥਿਕ ਜਾਤੀ ਜਨਗਣਨਾ ਦੇ ਤਹਿਤ ਸ਼ਨਾਖ਼ਤ ਕੀਤੇ 14.64 ਲੱਖ ਪਰਿਵਾਰ, ਸਮਾਰਟ ਰਾਸ਼ਨ ਕਾਰਡ ਹੋਲਡਰ ਵਾਲੇ 16.15 ਲੱਖ ਪਰਿਵਾਰ, 5.07 ਕਿਸਾਨ ਪਰਿਵਾਰ, ਉਸਾਰੀ ਕਾਮਿਆਂ ਦੇ 3.12 ਲੱਖ ਪਰਿਵਾਰ, 4481 ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਪਰਿਵਾਰ ਅਤੇ 33096 ਛੋਟੇ ਵਪਾਰੀਆਂ ਦੇ ਪਰਿਵਾਰ ਸ਼ਾਮਲ ਸਨ।