ਮੁਫ਼ਤ ਡੇਅਰੀ ਸਿਖਲਾਈ ਕੋਰਸ ਲਈ 30 ਸਤੰਬਰ ਤੱਕ ਅਰਜ਼ੀਆਂ ਦੇਣ ਐਸ. ਸੀ ਸਿਖਿਆਰਥੀ-ਡੀ. ਸੀ

ਨਵਾਂਸ਼ਹਿਰ, 7 ਸਤੰਬਰ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤੀ ਖੇਤਰ ਵਿਚ ਵਿਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ 'ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁੱਡ ਫਾਰ ਐਸ. ਸੀ ਬੈਨੀਫਿਸ਼ਰੀਜ਼' ਦੀ ਸ਼ੁਰੂਆਤ ਪੂਰੇ ਪੰਜਾਬ ਵਿਚ ਕੀਤੀ ਗਈ ਹੈ। ਇਸ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਸ. ਸੀ. ਸਿਖਿਆਰਥੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ-ਨਾਲ ਵਜੀਫ਼ਾ ਵੀ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਲਾਭਪਾਤਰੀ ਦਫ਼ਤਰ ਡੇਅਰੀ ਵਿਕਾਸ ਅਫ਼ਸਰ, ਵੈਟਰਨਰੀ ਪੋਲੀਕਲੀਨਿਕ, ਬੰਗਾ ਰੋਡ, ਮਹਾਲੋਂ ਵਿਖੇ 30 ਸਤੰਬਰ 2021 ਤੱਕ ਆਪਣੇ ਫਾਰਮ ਜਮਾਂ ਕਰਵਾ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ ਦਾ ਕਿੱਤਾ ਕਰਨ ਦੇ ਚਾਹਵਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰ 18 ਤੋਂ 50 ਸਾਲ ਤੱਕ ਦੀ ਉਮਰ ਦੇ, ਪੰਜਾਬ ਦੇ ਵਸਨੀਕ, ਪੇਂਡੂ ਪਿਛੋਕੜ ਵਾਲੇ ਅਤੇ ਘੱਟੋ-ਘੱਟ ਪੰਜਵੀਂ ਪਾਸ ਹੋਣੇ ਚਾਹੀਦੇ ਹਨ ਅਤੇ ਉਨਾਂ ਕੋਲ ਘੱਟੋ-ਘੱਟ ਦੋ ਦੁਧਾਰੂ ਪਸ਼ੂ ਰੱਖਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਟ੍ਰੇਨਿੰਗ ਕਰਨ ਉਪਰੰਤ ਲਾਭਪਾਤਰੀ 2, 5, 10, 20 ਅਤੇ 50 ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਤ ਕਰਨ ਲਈ ਕਰਜ਼ੇ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ ਅਤੇ ਕਰਜ਼ੇ 'ਤੇ 33 ਫੀਸਦੀ ਸਬਸਿਡੀ ਦਾ ਲਾਭ ਲੈ ਸਕਦੇ ਹਨ। ਉਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਉਪਰੋਕਤ ਮਿਤੀ ਤੋਂ ਪਹਿਲਾਂ ਪੜਾਈ ਸਬੰਧੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਅਤੇ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਸਮੇਤ ਦਫ਼ਤਰ ਡੇਅਰੀ ਵਿਕਾਸ ਅਫ਼ਸਰ ਵਿਖੇ ਕਾਗਜ਼ਾਤ ਜਮਾਂ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰ:  01823-225050 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।