ਵਰਲਡ ਬੁੱਕ ਆਫ ਰਿਕਾਰਡਜ਼ 'ਚ ਬੰਗਾ ਸ਼ਹਿਰ ਦੇ ਰਣਜੀਤ ਔਜਲਾ ਦਾ ਨਾਮ ਦਰਜ


ਬੰਗਾ : 3 ਸਤੰਬਰ :- ਵਿਸ਼ਵ ਭਰ ਵਿਚ ਵਿਲੱਖਣ ਅਤੇ ਨਿਵੇਕਲੀ ਪ੍ਰਤਿਭਾ ਵਾਲੀਆਂ ਸ਼ਖਸ਼ੀਅਤਾਂ ਦੇ ਰਿਕਾਰਡ ਦਰਜ ਕਰਨ ਵਾਲੀ ਪੁਸਤਕ  ''ਵਰਲਡ ਬੁੱਕ ਆਫ ਰਿਕਾਰਡ'' (ਲੰਡਨ) 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਸ਼ਹਿਰ ਦੇ ਵਾਸੀ ਨੌਜਵਾਨ ਰਣਜੀਤ ਦਾਦਰਾ ਉਰਫ ਰਣਜੀਤ ਔਜਲਾ ਦਾ ਨਾਮ ਅੱਜ ਸੁਨਿਹਰੇ ਅੱਖਰਾਂ ਵਿਚ ਦਰਜ ਹੋ ਚੁੱਕਾ ਹੈ। 120 ਕਿਲੋਗ੍ਰਾਮ ਭਾਰ ਵਾਲੇ ਵਜ਼ਨੀ  ਰਣਜੀਤ ਔਜਲਾ ਨੇ ਇੱਕ ਮਿੰਟ ਵਿਚ 290 ਵਾਰ ਰੱਸੀ ਕੁੱਦ (ਸਕੀਪਿੰਗ) ਕੇ ਇਹ ਵਿਸ਼ੇਸ਼ ਪ੍ਰਾਪਤੀ ਕੀਤੀ ਹੈ। ਬੰਗਾ ਸ਼ਹਿਰ ਵਿਖੇ ਇਸ ਟੈਸਟ ਲਈ ''ਵਰਲਡ ਬੁੱਕ ਆਫ ਰਿਕਾਰਡ'' (ਲੰਡਨ) ਦੀ ਟੀਮ ਵਿਸ਼ੇਸ਼ ਤੌਰ ਤੇ ਪੁੱਜੀ ਸੀ। ਇਸ ਮੌਕੇ ਸੰਸਥਾ ਦੇ ਨੁੰਮਾਇੰਦੇ ਜਸਵੀਰ ਸਿੰਘ ਸ਼ਿੰਦਾ ਨੇ ਇੱਕ ਮਿੰਟ ਵਿਚ 290 ਵਾਰ ਰੱਸੀ ਕੁੱਦ ਦੇ ਨਵਾਂ ਵਿਸ਼ਵ ਰਿਕਾਰਡ ਬਨਾਉਣ ਉਪਰੰਤ ਸਰਟੀਫੀਕੇਟ ਅਤੇ ਲੋਈ ਭੇਟ ਕਰਕੇ ਰਣਜੀਤ ਔਜਲਾ ਨੂੰ ਸਨਮਾਨਿਤ ਕੀਤਾ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ 31 ਸਾਲਾ ਨੌਜਵਾਨ ਭਾਰਤ, ਏਸ਼ੀਆ ਅਤੇ ਇੰਗਲੈਂਡ ਦਾ ਰੱਸੀ ਕੁੱਦਣ ਰਿਕਾਰਡ ਤੋੜ ਚੁੱਕਾ ਹੈ। ਸਾਲ 2019 ਵਿਚ ਬੇਲਾਰੂਸ ਦੇਸ਼ ਵਿਚ ਬਾਕਸਿੰਗ ਮੁਕਾਬਲੇ ਵਿਚੋਂ 160 ਕਿਲੋਗਰਾਮ ਭਾਰ ਵਰਗ ਵਿੱਚ ਤੁਰਕਮੇਨਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਗੋਲਡ ਮੈਡਲ ਵੀ ਜਿੱਤ ਚੁੱਕਾ ਹੈ। ਰਣਜੀਤ ਔਜਲਾ ਨੇ ਬੇਲਾਰੂਸ ਰਹਿੰਦੇ ਹੋਏ ਰਸ਼ੀਅਨ ਭਾਸ਼ਾ ਸਿੱਖ ਕੇ ਭਾਰਤ ਅਤੇ ਰਸ਼ੀਅਨ ਅਰਥ ਵਿਵਸਥਾ ਵਿਚ ਮਾਸਟਰ ਡਿਗਰੀ ਕੀਤੀ ਹੋਈ ਹੈ। ਇਸ ਨਵੀਂ ਵੱਡੀ ਪ੍ਰਾਪਤੀ 'ਤੇ ਪਿਤਾ ਸੁਰਿੰਦਰਪਾਲ, ਮਾਤਾ ਰੇਸ਼ਮ ਕੌਰ, ਕੋਚ ਜਸਵੀਰ ਸਿੰਘ ਸ਼ੇਰਗਿੱਲ, ਇਕਬਾਲ ਸਿੰਘ ਕਾਹਮਾ, ਸੰਤੋਖ ਸਿੰਘ ਜੱਸੀ, ਗੁਰਨਾਮ ਸਿੰਘ ਅਮਰੀਕਾ, ਮੋਹਨ ਚੀਮਾ ਅਮਰੀਕਾ, ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ, ਚੌਧਰੀ ਮੋਹਨ ਸਿੰਘ ਬੰਗਾ, ਸੋਹਨ ਲਾਲ ਲਾਲੀ, ਲਾਲ ਚੰਦ ਔਜਲਾ ਨੇ ਰਣਜੀਤ ਔਜਲਾ ਦੀ ਮਹਾਨ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਇਲਾਕੇ ਭਰ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਅੰਬੇਡਸਰ ਦੱਸਿਆ।
ਫੋਟੋ ਕੈਪਸ਼ਨ 01 :- 01 ਮਿੰਟ 'ਚ 290 ਵਾਰ ਰੱਸੀ ਕੁੱਦ ਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਵਾਲੇ ਨੌਜਵਾਨ ਰਣਜੀਤ ਔਜਲਾ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕਰਦੇ ਹੋਏ ''ਵਰਲਡ ਬੁੱਕ ਆਫ ਰਿਕਾਰਡ'' (ਲੰਡਨ) ਦੇ ਭਾਰਤੀ ਨੁੰਮਾਇੰਦੇ ਜਸਵੀਰ ਸਿੰਘ ਸ਼ਿੰਦਾ ਨਾਲ ਹਨ ਸੰਤੋਖ ਸਿੰਘ ਜੱਸੀ, ਸੋਹਨ ਲਾਲ ਲਾਲੀ, ਪਵਨ ਸੱਲਣ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ   
ਫੋਟੋ ਕੈਪਸ਼ਨ 02 : 01 ਮਿੰਟ 'ਚ 290 ਵਾਰ ਰੱਸੀ ਕੁੱਦ ਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਉਪਰੰਤ ਨੌਜਵਾਨ ਰਣਜੀਤ ਔਜਲਾ  ''ਵਰਲਡ ਬੁੱਕ ਆਫ ਰਿਕਾਰਡ'' (ਲੰਡਨ) ਤੋਂ ਮਿਲੇ ਸਰਟੀਫੀਕੇਟ ਨਾਲ