ਵਰ੍ਹਦੇ ਮੀਂਹ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜਮ ਭਗਤ ਸਿੰਘ ਤੇ ਸਾਥੀਆਂ ਸ਼ਰਧਾ ਦੇ ਫੁੱਲ ਭੇਟ

ਮੁੱਖ ਮੰਤਰੀ ਵੱਲੋਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਉਤੇ ਚੱਲਣ ਦਾ ਸੱਦਾ
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 22 ਸਤੰਬਰ  (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਾਨ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿੱਤਾ। ਵਰ੍ਹਦੇ ਮੀਂਹ 'ਚ ਅੱਜ ਇੱਥੇ ਮੁੱਖ ਮੰਤਰੀ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸ. ਕ੍ਰਿਸ਼ਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਦੇ ਵਡਮੁੱਲੇ ਯੋਗਦਾਨ ਅਤੇ ਜਜ਼ਬੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਫਖ਼ਰ ਹੈ ਕਿ ਆਜ਼ਾਦੀ ਸੰਘਰਸ਼ ਵਿਚ ਪੰਜਾਬੀ ਯੋਧਿਆਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਆਪਣੇ ਦੇਸ਼ ਦੀ ਮਿੱਟੀ ਦਾ ਕਰਜ਼ ਅਦਾ ਕੀਤਾ । ਇਸ ਮੌਕੇ ਕਾਂਗਰਸੀ ਵਿਧਾਇਕਾਂ, ਆਗੂਆਂ ਅਤੇ ਵਰਕਰਾਂ ਵੱਲੋਂ ਬਹੁਤ ਹੀ ਗਰਮਜੋਸ਼ੀ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਨੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨਾਲ ਅਜਾਇਬਘਰ ਵਿਖੇ ਆਪਣੀ ਹਾਜ਼ਰੀ ਲਗਾਉਦੇ ਹੋਏ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਸਮੇਤ ਹੈਲੀਪੈਡ ਵੱਲ ਰਵਾਨਾ ਹੋ ਗਏ। ਵਰ੍ਹਦੇ ਮੀਂਹ ਤੇ ਸੀ.ਐਮ. ਸਕਿਉਰਟੀ ਦੇ ਪੁਖਤਾ ਪ੍ਰਬੰਧਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਥਾਂ 'ਤੇ ਪੱਤਰਕਾਰਾਂ ਨਾਲ ਮਿਲਣੀ ਸਬੰਧੀ ਕੋਈ ਵੀ ਠੋਸ ਪ੍ਰਬੰਧ ਨਾ ਕਰਨ ਕਾਰਨ ਮੁੱਖ ਮੰਤਰੀ ਪੰਜਾਬ ਅਤੇ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਸਕੀ। ਇਸ ਮੌਕੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਅੰਗਦ ਸਿੰਘ, ਚੌਧਰੀ ਦਰਸ਼ਨ ਲਾਲ ਮੰਗੂਪੁਰ, ਤਰਲੋਚਨ ਸਿੰਘ ਸੂੰਢ, ਮੋਹਣ ਲਾਲ ਬੰਗਾ, ਠੇਕੇਦਾਰ ਰਜਿੰਦਰ ਸਿੰਘ, ਚੇਅਰਮੈਨ ਹਰਦੀਪ ਸਿੰਘ ਜਾਡਲੀ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।