ਕੋਰੋਨਾ ਵਿਰੁੱਧ ਲੜਾਈ ਵਿਚ ਵੈਕਸੀਨ ਬਿਲਕੁੱਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ : ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੁਮਾਰ

ਨਵਾਂਸ਼ਹਿਰ, 25 ਸਤੰਬਰ 2021:- ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਮੁਜ਼ੱਫਰਪੁਰ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ, ਜਿਸ ਤਹਿਤ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ 21 ਥਾਵਾਂ 'ਤੇ ਮੈਗਾ ਟੀਕਾਕਰਨ ਡਰਾਈਵ ਤਹਿਤ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ। ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਬਲਵਿੰਦਰ ਕੁਮਾਰ ਨੇ ਘੱਕੇਵਾਲ ਟੀਕਾਕਰਨ ਕੈਂਪ ਦੀ ਚੈਕਿੰਗ ਕੀਤੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਵੀ ਮੌਜੂਦ ਸਨ। ਡਾ ਬਲਵਿੰਦਰ ਕੁਮਾਰ ਨੇ ਯੋਗ ਵਿਅਕਤੀਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ ਵੈਕਸੀਨ ਕੋਰੋਨਾ ਵਿਰੁੱਧ ਲੜਾਈ ਵਿਚ ਬਿਲਕੁੱਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਟੀਕਾਕਰਨ ਦੇ ਕੰਮਕਾਜ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਵਿੱਚ ਤਕਰੀਬਨ 2000 ਯੋਗ ਵਿਅਕਤੀਆਂ ਨੇ ਵੈਕਸੀਨ ਲਗਵਾਈ। ਉਨ੍ਹਾਂ ਦੱਸਿਆ ਕਿ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਮੈਗਾ ਟੀਕਾਕਰਨ ਮੁਹਿੰਮ ਤਹਿਤ ਕੋਰੋਨਾ ਵਾਇਰਸ ਦੇ ਮੁਕੰਮਲ ਖਾਤਮੇ ਲਈ ਟੀਕਾਕਰਨ ਕਰਵਾਉਣਾ ਬੇਹੱਦ ਜ਼ਰੂਰੀ ਹੈ। ਡਾ. ਸਿੰਘ ਨੇ ਅੱਗੇ ਕਿਹਾ ਕਿ ਆਓ ਆਪਾਂ ਸਾਰੇ ਇਹ ਯਕੀਨੀ ਬਣਾਈਏ ਕਿ 18 ਸਾਲ ਤੋਂ ਵੱਧ ਉਮਰ ਦਾ ਹਰੇਕ ਯੋਗ ਵਿਅਕਤੀ ਕੋਵਿਡ ਰੋਕੂ ਟੀਕਾ ਲਗਵਾਏ। ਉਨ੍ਹਾਂ ਨੇ ਕਿਹਾ ਕਿ ਯੋਗ ਵਿਅਕਤੀ ਆਪਣੇ ਨੇੜਲੇ ਕੈਂਪਾਂ ਉੱਤੇ ਜਾ ਕੇ ਟੀਕਾ ਲਗਵਾ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਕੰਪਿਊਟਰ ਸਹਾਇਕ ਸੁਸ਼ੀਲ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।