ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ਵਿਚ 2434 ਬੱਚਿਆਂ ਨੂੰ ਪਿਲਾਈਆਂ ਗਈਆਂ 'ਪੋਲੀਓ ਰੋਕੂ ਬੂੰਦਾਂ'
ਨਵਾਂਸ਼ਹਿਰ, 26 ਸਤੰਬਰ 2021 :- ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿਚ ਪੋਲੀਓ ਦੀ ਬਿਮਾਰੀ ਤੋਂ ਬਚਾਉਣ ਲਈ ਨਿੱਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਉਣ ਲਈ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅੱਜ ਬੰਗਾ ਰੋਡ ਨਵਾਂਸ਼ਹਿਰ ਵਿਖੇ ਸਥਿਤ ਝੁੱਗੀ-ਝੌਂਪੜੀਆਂ ਵਿਚ 0-5 ਸਾਲ ਦੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਉਪਰੰਤ ਆਸਮਾਨ ਵਿਚ ਗੁਬਾਰੇ ਛੱਡ ਕੇ ਇਸ ਤਿੰਨ ਦਿਨਾ ਮੁਹਿੰਮ ਦਾ ਆਗਾਜ਼ ਕੀਤਾ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਭਾਵੇਂ ਪਿਛਲੇ 10 ਸਾਲਾਂ ਦੌਰਾਨ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਪ੍ਰਸਾਰ ਅਜੇ ਵੀ ਜਾਰੀ ਹੈ।ਇਹ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਪੋਲੀਓ ਦੀਆਂ ਦੋ ਬੂੰਦਾਂ ਬੱਚਿਆਂ ਦੀ ਅਗਲੇਰੀ ਜ਼ਿੰਦਗੀ ਲਈ ਬੇਹੱਦ ਅਹਿਮ ਹਨ। ਇਸ ਲਈ ਮੈਂ ਜ਼ਿਲ੍ਹੇ ਦੇ ਸਾਰੇ ਪ੍ਰਵਾਸੀ ਮਾਪਿਆਂ ਨੂੰ ਅਗਲੇ ਦੋ ਦਿਨਾਂ ਵਿਚ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆ ਪੋਲਿਓ ਰੋਕੂ ਬੂੰਦਾਂ ਪਿਲਾਉਣ ਦੀ ਅਪੀਲ ਕਰਦੀ ਹਾਂ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਕੁੱਲ 2434 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਹਤ ਬਲਾਕ ਨਵਾਂਸ਼ਹਿਰ ਵਿਖੇ 290, ਬੰਗਾ ਵਿਖੇ 175, ਰਾਹੋਂ ਵਿਖੇ 131, ਬਲਾਚੌਰ ਅਰਬਨ 165, ਮੁਜੱੱਫਰਪੁਰ ਵਿਖੇ 550, ਮੁਕੰਦਪੁਰ ਵਿਖੇ 255, ਸੁੱਜੋਂ ਵਿਖੇ 155, ਸੜੋਆ ਵਿਖੇ 236, ਬਲਾਚੌਰ ਰੂਰਲ ਵਿਖੇ 477 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਜੋ ਬੱਚੇ ਪੋਲੀਓ ਬੂੰਦਾਂ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ 27 ਸਤੰਬਰ ਅਤੇ 28 ਸਤੰਬਰ ਨੂੰ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਡਾ. ਜਸਦੇਵ ਸਿੰਘ ਸਹਾਇਕ ਸਿਵਲ ਸਰਜਨ, ਡਾ. ਬਲਵਿੰਦਰ ਕੁਮਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਮਨਦੀਪ ਕਮਲ ਐਸ.ਐਮ.ਓ ਨਵਾਂਸ਼ਹਿਰ, ਡਾ. ਹਰਦੀਪ ਸਿੰਘ, ਜਗਤ ਰਾਮ ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ, ਬਲਵਿੰਦਰ ਕੌਰ ਐਲ.ਐਚ.ਵੀ, ਜੋਤੀ ਏ.ਐੱਨ.ਐੱਮ. ਅਤੇ ਸੁੁਸ਼ੀਲ ਕੁਮਾਰ ਕੰਪਿਊਟਰ ਅਸਿਸਟੈਂਟ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।