ਕਰਿਆਮ ਪਿੰਡ ਨੇ ਠੋਸ ਕੂੜੇ ਦਾ ਸੁਚੱਜਾ ਪ੍ਰਬੰਧਨ ਕਰਕੇ ਮਿਸਾਲ ਕੀਤੀ ਕਾਇਮ

ਪ੍ਰਤੀ ਮਹੀਨਾ 300 ਕਿਲੋ ਕੂੜੇ ਤੋਂ ਤਿਆਰ ਕੀਤੀ ਜਾ ਰਹੀ ਹੈ ਪੌਸ਼ਟਿਕ ਖਾਦ, ਪਿੰਡ ਦੇ 65 ਫੀਸਦੀ ਲੋਕ ਸਰਗਰਮੀ ਨਾਲ ਪਾ ਰਹੇ ਨੇ ਯੋਗਦਾਨ
ਨਵਾਂਸ਼ਹਿਰ, 7 ਸਤੰਬਰ: ਠੋਸ ਅਤੇ ਗਿੱਲੇ ਕੂੜੇ ਦੇ ਸੁਚੱਜੇ ਪ੍ਰਬੰਧਨ ਨਾਲ ਜ਼ਿਲੇ ਦੇ ਪਿੰਡ ਕਰਿਆਮ ਨੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਪਿੰਡ ਨੇ ਓ.ਡੀ.ਐਫ. ਦਰਜੇ ਨੂੰ ਕਾਇਮ ਰੱਖਣ ਵੱਲ ਵੀ ਕਦਮ ਵਧਾਇਆ ਹੈ। ਕਰਿਆਮ ਪਿੰਡ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਮੁਹਿੰਮ ਦੇ ਦੂਜੇ ਪੜਾਅ ਦੇ ਦਿਸਾ ਨਿਰਦੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ।
ਠੋਸ ਕੂੜੇ ਦੇ ਸੁਚੱਜੇ ਪ੍ਰਬੰਧਨ ਦਾ ਕੰਮ ਪਿੰਡ ਵਿਚ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ। ਇਸ ਮਕਸਦ ਲਈ ਉਪ ਮੰਡਲ ਇੰਜੀਨੀਅਰ (ਸੈਨੀਟੇਸ਼ਨ) ਹਰਦੀਪ ਸਿੰਘ ਨੇ ਪਿੰਡ ਦੇ ਲੋਕਾਂ ਅਤੇ ਗ੍ਰਾਮ ਪੰਚਾਇਤ ਨਾਲ ਮੁਲਾਕਾਤ ਕੀਤੀ ਅਤੇ ਸਵੱਛਤਾ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਕੂੜੇ ਦੇ ਵੱਡੇ ਢੇਰਾਂ ਦੇ ਪ੍ਰਬੰਧਨ ਲਈ ਕਦਮ ਚੁੱਕਣ ਦਾ ਫੈਸਲਾ ਕੀਤਾ ਸੀ। ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਉਨਾਂ ਨੇ  ਸਰਪੰਚ  ਦਿਲਬਾਗ ਸਿੰਘ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਜੇਸ਼ ਚੱਢਾ ਨਾਲ ਵਿਚਾਰ-ਵਟਾਂਦਰਾ ਕੀਤਾ। ਸਵੱਛ ਭਾਰਤ ਮਿਸ਼ਨ ਗ੍ਰਾਮੀਣ ਮੁਹਿੰਮ ਦੇ ਦੂਜੇ ਪੜਾਅ ਦੇ ਦਿਸਾ-ਨਿਰਦੇਸਾਂ ਤਹਿਤ ਇੱਕ ਠੋਸ ਕੂੜਾ-ਕਰਕਟ ਪ੍ਰਬੰਧਨ ਇਕਾਈ ਲਗਾਈ ਗਈ। ਸਭ ਤੋਂ ਪਹਿਲਾਂ ਪਿੰਡ ਦੇ ਨੇੜੇ ਜ਼ਮੀਨ ਲਈ ਗਈ। ਪਲਾਂਟ ਦੀ ਉਸਾਰੀ ਮਾਰਚ 2021 ਵਿੱਚ ਮੁਕੰਮਲ ਹੋ ਗਈ ਅਤੇ 30 ਅਪ੍ਰੈਲ, 2021 ਨੂੰ ਪਲਾਂਟ ਕਾਰਜਸੀਲ ਹੋ ਚੁੱਕਾ ਹੈ। ਇਸ ਪਲਾਂਟ ਲਈ ਸਥਾਪਤ ਕੀਤੇ 3 ਟੋਇਆ ਵਿਚੋਂ ਹਰੇਕ ਟੋਏ ਦੀ ਲੰਬਾਈ 11.3 ਫੁੱਟ, ਚੌੜਾਈ 4.3 ਫੁੱਟ ਅਤੇ ਡੂੰਘਾਈ 4 ਫੁੱਟ ਹੈ ਜੋ ਕਿ 168 ਵਰਗ ਮੀਟਰ  ਖੇਤਰ ਵਿੱਚ ਬਣਾਏ ਗਏ ਹਨ। ਇਹ ਪਲਾਂਟ 645 ਪਰਿਵਾਰਾਂ ਦੇ 3265 ਵਿਅਕਤੀਆਂ ਦੀ ਆਬਾਦੀ ਨੂੰ ਕਵਰ ਕਰਦਾ ਹੈ। ਇਸਦੇ ਨਿਰਮਾਣ ਅਤੇ ਸੰਚਾਲਨ ਦੀ ਲਾਗਤ ਛੇ ਲੱਖ ਰੁਪਏ ਹੈ ਜੋ ਮਗਨਰੇਗਾ ਅਤੇ 14ਵੇਂ ਤੇ 15 ਵੇਂ ਵਿੱਤ ਕਮਿਸਨ ਦੀਆਂ ਗ੍ਰਾਂਟਾਂ ਤੋਂ ਪ੍ਰਾਪਤ ਕੀਤੀ ਗਈ ਹੈ।
ਲੋਕ ਜਾਗਰੂਕਤਾ: ਇਸ ਪਲਾਂਟ ਦੀ ਸਫਲਤਾ ਲਈ ਲੋਕਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਸੀ। ਜਾਗਰੂਕਤਾ ਪੈਦਾ ਕਰਨ ਲਈ ਪੰਚਾਇਤ ਘਰ ਵਿਖੇ ਦੋ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਲੋਕ ਵੱਖ-ਵੱਖ ਤਰਾਂ ਦੇ ਕੂੜੇ ਨੂੰ ਵੱਖਰਾ ਕਰਨ ਦੇ ਮਹੱਤਵ ਨੂੰ ਸਮਝ ਸਕਣ। ਇਸ ਤੋਂ ਇਲਾਵਾ ਹਰੇਕ ਘਰ ਨੂੰ ਕੂੜਾ ਸੁੱਟਣ ਲਈ ਦੋ ਕੂੜੇਦਾਨ ਦਿੱਤੇ ਗਏ। ਸੁੱਕੇ ਜਾਂ ਨਾ-ਗਲਣਯੋਗ ਕੂੜੇ ਲਈ ਨੀਲਾ ਕੂੜਾਦਾਨ ਅਤੇ ਗਿੱਲੇ ਜਾਂ ਗਲਣਯੋਗ ਕੂੜੇ ਲਈ ਹਰਾ ਕੂੜਾਦਾਨ ਦਿੱਤਾ ਗਿਆ।
ਸ਼ੁਰੂ ਵਿੱਚ ਕੁਝ ਮੁਸ਼ਕਿਲਾਂ ਆਈਆਂ, ਜਦੋਂ ਲੋਕਾਂ ਨੇ ਆਪਣੇ ਵੱਖੋ-ਵੱਖਰੇ ਕੂੜੇ ਲਈ ਕੂੜੇਦਾਨਾਂ ਨੂੰ ਵਰਤਣ ਦੀ ਬਜਾਏ ਇਨਾਂ ਨੂੰ ਪਾਣੀ ਇਕੱਠਾ ਕਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ। ਕੁਝ ਲੋਕ ਕੂੜਾ ਇਕੱਠਾ ਕਰਨ ਲਈ ਮਾਮੂਲੀ ਖਰਚਾ ਅਦਾ ਕਰਨ ਲਈ ਤਿਆਰ ਨਹੀਂ ਸਨ। ਜਦੋਂ ਇਹ ਮਾਮਲਾ ਡਿਪਟੀ ਕਮਿਸਨਰ ਡਾ. ਸ਼ੀਨਾ ਅਗਰਵਾਲ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਨ ਸਬੰਧੀ ਤੁਰੰਤ ਕਦਮ ਚੁੱਕੇ ਅਤੇ ਇਹ ਦੇਖਣ ਲਈ ਕਿ ਪਲਾਂਟ ਚੱਲ ਰਿਹਾ ਹੈ, ਅਧਿਕਾਰੀਆਂ ਦੀ ਨਿਯੁਕਤੀ ਕੀਤੀ।
ਨਿਰੰਤਰ ਕੋਸ਼ਿਸ਼ਾਂ ਅਤੇ ਘਰ-ਘਰ ਜਾ ਕੇ ਮੁਲਾਕਾਤ ਕਰਨ ਨਾਲ ਹੌਲੀ ਹੌਲੀ ਸਥਿਤੀ ਵਿੱਚ ਮਹੱਤਵਪੂਰਨ ਸੁਧਾਰ ਵੇਖਿਆ ਗਿਆ। ਮੌਜੂਦਾ ਸਮੇਂ 65 ਫੀਸਦੀ ਪਰਿਵਾਰ ਵਿੱਤੀ ਯੋਗਦਾਨ ਅਤੇ ਕੂੜੇ ਨੂੰ ਵੱਖੋ-ਵੱਖ ਕਰਨ ਜ਼ਰੀਏ ਯੋਜਨਾ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।
ਵੇਸਟ ਕੁਲੈਕਟਰ ਤਰਸੇਮ ਲਾਲ ਅਤੇ ਉਨਾਂ ਦੀ ਪਤਨੀ ਕਮਲਜੀਤ ਕੌਰ ਨੇ ਆਪਣੇ ਪਿੰਡ ਨੂੰ ਸਾਫ ਸੁਥਰਾ ਬਣਾਉਣ ਦੀ ਸਹੁੰ ਚੁੱਕੀ ਹੈ। ਸਵੇਰੇ 8 ਵਜੇ ਤੋਂ ਉਹ ਆਪਣੇ ਵਾਹਨ, ਜਿਸ ਵਿੱਚ ਸੁੱਕੇ ਅਤੇ ਗਿੱਲੇ ਕੂੜੇ ਲਈ ਦੋ ਹਿੱਸੇ ਬਣੇ ਹੋਏ ਹਨ, ਵਿੱਚ ਹਰ ਘਰ ਤੋਂ ਕੂੜਾ ਇਕੱਠਾ ਕਰਦੇ ਹਨ। ਇਸ ਨੂੰ ਸ਼ੈੱਡ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਕੂੜੇ ਨੂੰ ਅੱਗੇ ਵੱਖੋ-ਵੱਖਰਾ ਕੀਤਾ ਜਾਂਦਾ ਹੈ। ਔਸਤਨ ਲਗਭਗ 300 ਕਿਲੋ ਕੂੜਾ ਪ੍ਰਤੀ ਮਹੀਨਾ ਪੈਦਾ ਹੁੰਦਾ ਹੈ। ਲਗਭਗ 3 ਹਫਤਿਆਂ ਬਾਅਦ ਇਹ ਪੌਸ਼ਟਿਕ ਖਾਦ ਵਿੱਚ ਬਦਲ ਜਾਂਦਾ ਹੈ।
ਗ੍ਰਾਮ ਪੰਚਾਇਤ ਪਲਾਂਟ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਸੰਚਾਲਨ ਅਤੇ ਰੱਖ-ਰਖਾਅ ਦੀ ਨਿਗਰਾਨੀ ਕਰਦੀ ਹੈ। ਪਲਾਂਟ ਵਿਚ ਜੋ ਖਾਦ ਤਿਆਰ ਕੀਤੀ ਜਾ ਰਹੀ ਹੈ ਉਹ ਅਗਲੇ ਮਹੀਨੇ ਵਿਕਰੀ ਲਈ ਤਿਆਰ ਹੋ ਜਾਵੇਗੀ ਜਿਸ ਨਾਲ ਗ੍ਰਾਮ ਪੰਚਾਇਤ ਨੂੰ ਕੁਝ ਮਾਲੀਆ ਵੀ ਮਿਲੇਗਾ। ਇਸ ਵਿੱਚੋਂ ਕੁਝ ਕਿਚਨ ਗਾਰਡਨ ਅਤੇ ਖੇਤੀਬਾੜੀ ਦੇ ਉਦੇਸਾਂ ਲਈ ਵੀ ਵਰਤੀ ਜਾਵੇਗੀ। ਦੂਜੇ ਪਾਸੇ ਸੁੱਕਾ ਕੂੜਾ ਮੁੜ ਵਰਤੋਂ ਲਈ ਵੇਚਿਆ ਜਾਂਦਾ ਹੈ।