ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗਬਾਨੀ ਵਿਭਾਗ ਵੱਲੋਂ ਜ਼ਿਲੇ ਘਰੇਲੂ ਬਗੀਚੀ ਸਕੀਮ ਤਹਿਤ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਜਾਰੀ
ਨਵਾਂਸ਼ਹਿਰ, 7 ਸਤੰਬਰ : ਕਿਸਾਨਾਂ ਨੂੰ ਆਪਣੇ ਘਰਾਂ ਵਿਚ ਹੀ ਘਰੇਲੂ ਬਗੀਚੀ ਤਹਿਤ ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਨਾਲ ਜਿਥੇ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ, ਉਥੇ ਸ਼ੁਧ ਅਤੇ ਤਾਜ਼ੀ ਸਬਜ਼ੀ ਉਗਾ ਕੇ ਆਪਣੀ ਸਿਹਤ ਤੰਦਰੁਸਤ ਰੱਖ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗਬਾਨੀ ਵਿਭਾਗ ਵੱਲੋਂ ਜ਼ਿਲੇ ਵਿਚ ਘਰੇਲੂ ਬਗੀਚੀ ਸਕੀਮ ਤਹਿਤ ਵੰਡੀਆਂ ਜਾਣ ਵਾਲੀਆਂ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਸੰਤੁਲਿਤ ਖ਼ੁਰਾਕ ਵਿਚ ਸਬਜ਼ੀਆਂ ਦਾ ਖਾਸ ਮਹੱਤਵ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਸਤੰਬਰ-ਅਕਤੂਬਰ ਮਹੀਨੇ ਦੌਰਾਨ ਜ਼ਿਲੇ ਵਿਚ 2400 ਸਬਜ਼ੀ ਬੀਜ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਨਾਂ ਕਿੱਟਾਂ ਵਿਚ 9 ਕਿਸਮ ਦੇ ਸਬਜ਼ੀ ਬੀਜ ਹਨ, ਜਿਨਾਂ ਵਿਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੌਕਲੀ ਅਤੇ ਚੀਨੀ ਸਰੋਂ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਮੌਸਮ ਇਨਾਂ ਸਬਜ਼ੀਆਂ ਦੀ ਬਿਜਾਈ ਲਈ ਬਿਲਕੁਲ ਢੁਕਵਾਂ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ ਸਿੰਘ ਕਾਹਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਕਿੱਟ ਦੀ ਕੀਮਤ 90 ਰੁਪਏ ਰੱਖੀ ਗਈ ਹੈ। ਉਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਮੁੱਖ ਦਫ਼ਤਰ ਜਾਂ ਬਲਾਕ ਦਫ਼ਤਰਾਂ ਵਿਚੋਂ ਇਹ ਕਿੱਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਕੈਪਸ਼ਨ :- ਬਾਗਬਾਨੀ ਵਿਭਾਗ ਦੀ ਘਰੇਲੂ ਬਗੀਚੀ ਸਕੀਮ ਤਹਿਤ ਸਬਜ਼ੀ ਬੀਜ਼ਾਂ ਦੀ ਮਿੰਨੀ ਕਿੱਟ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਕਾਹਮਾ ਤੇ ਹੋਰ।