ਸਨੌਰ ਹਲਕੇ ਵਿੱਚ ਕਾਂਗਰਸ ਨੂੰ ਝਟਕਾ- ਨਗਰ ਕੌਂਸਲ ਪ੍ਰਧਾਨ ਇੰਦਰ ਸ਼ਿੰਦੀ ਸੈਂਕੜੇ ਸਾਥੀਆਂ ਸਮੇਤ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ

ਬਿਕਰਮ ਚਹਿਲ ਨੂੰ ਦਿੱਤੀ ਡਟਵੀਂ ਹਿਮਾਇਤ
ਸਨੌਰ/ਪਟਿਆਲਾ,31 ਜਨਵਰੀ :-ਸਨੌਰ ਹਲਕੇ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਚੋਣ ਮੁੰਹਿਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਦੋ ਵਾਰ ਦੇ ਨਗਰ ਕੋਂਸਲ ਸਨੌਰ ਦੇ ਪ੍ਰਧਾਨ ਇੰਦਰ ਕੁਮਾਰ ਸ਼ਿੰਦੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਸ.ਚਹਿਲ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ।ਅੱਜ ਉਹਨਾਂ ਦੇ ਨਾਲ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਖੱਤਰੀ ਬਿਰਾਦਰੀ ਦੇ ਪ੍ਰਧਾਨ ਮਨੋਹਰ ਲਾਲ,ਸਾਬਕਾ ਸੈਨਿਕ ਐਸੋਸੀਏਸ਼ਨ ਦੇ ਪ੍ਰਧਾਨ ਰਤਨ ਸਿੰਘ ਵਿਰਕ,ਸੁੱਚਾ ਸਿੰਘ ਆਬਕਾਰੀ ਵਿਭਾਗ,ਪ੍ਰਤਾਪ ਸਿੰਘ ਸਾਬਕਾ ਪ੍ਰਧਾਨ ਸ਼ਾਮਿਲ ਹਨ।
ਇਸ ਮੌਕੇ ਸ਼੍ਰੀ ਸ਼ਿੰਦੀ ਨੇ ਸ.ਚਹਿਲ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਹਲਕੇ ਦੀ ਕੀਤੀ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਨੇ ਵੀ ਸ਼੍ਰੀ ਸ਼ਿੰਦੀ ਤੇ ਉਹਨਾਂ ਦੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿਣਗੇ।

ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ 17 ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ

ਇੱਕ ਫ਼ਰਵਰੀ ਨੂੰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ
ਨਵਾਂਸ਼ਹਿਰ, 31 ਜਨਵਰੀ: ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ 17 ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ-2022 ਲਈ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਬੰਗਾ ਵਿਧਾਨ ਸਭਾ ਹਲਕੇ ਵਿੱਚ ਅੱਜ ਪੰਜ, ਨਵਾਂਸ਼ਹਿਰ ਵਿਧਾਨ ਸਭਾ ਹਲਕੇ ਵਿੱਚ ਸੱਤ ਅਤੇ ਬਲਾਚੌਰ ਵਿਧਾਨ ਸਭਾ ਹਲਕੇ ਵਿੱਚ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਬੰਗਾ ਵਿਧਾਨ ਸਭਾ ਹਲਕੇ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਬੱਲ ਅਨੁਸਾਰ ਬੰਗਾ-046 ਹਲਕੇ ਤੋਂ ਅੱਜ ਜਿਨ੍ਹਾਂ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਉਨ੍ਹਾਂ ਵਿੱਚ ਸੁਖਵਿੰਦਰ ਕੁਮਾਰ ਪੁੱਤਰ ਰਾਮ ਕਿਸ਼ਨ ਅਤੇ ਰਮਨ ਕੁਮਾਰ ਪੁੱਤਰ ਸਰਨ ਦਾਸ ਨੇ ਸ੍ਰੋਮਣੀ ਅਕਾਲੀ ਦਲ, ਕੁਲਜੀਤ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਗੁਰਵਿੰਦਰ ਕੌਰ ਪਤਨੀ ਕੁਲਜੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਅਤੇ ਕਿ੍ਰਸ਼ਨ ਲਾਲ ਪੁੱਤਰ ਕਰਮ ਚੰਦ ਨੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਉਮੀਦਵਾਰ ਵਜੋਂ ਨਾਮਜ਼ਦਗੀਆਂ ਦਾਖਲ ਕੀਤੀਆਂ।
ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਡਾ. ਬਲਜਿੰਦਰ ਸਿੰਘ ਢਿੱਲੋਂ ਅਨੁਸਾਰ ਨਵਾਂਸ਼ਹਿਰ-047 ਹਲਕੇ ਤੋਂ ਅੱਜ ਜਿਨ੍ਹਾਂ ਸੱਤ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਉਨ੍ਹਾਂ ਵਿੱਚ ਅੰਗਦ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਗੁਰਇਕਬਾਲ ਕੌਰ ਪਤਨੀ ਪ੍ਰਕਾਸ਼ ਸਿੰਘ, ਕੁਲਦੀਪ ਸਿੰਘ ਪੁੱਤਰ ਮਹਾਂ ਸਿੰਘ, ਜਸਕਰਨ ਸਿੰਘ ਧਮੜੈਤ ਪੁੱਤਰ ਬਲਦੇਵ ਸਿੰਘ ਨੇ ਆਜ਼ਾਦ ਉਮੀਦਵਾਰਾਂ ਵਜੋਂ, ਲਲਿਤ ਮੋਹਨ ਪੁੱਤਰ ਜੋਗੇਸ਼ਵਰ ਦੱਤ ਅਤੇ ਰਾਮ ਤੀਰਥ ਬਾਲਾ ਪਤਨੀ ਲਲਿਤ ਮੋਹਨ  ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਜੋਂ ਅਤੇ ਪਰਮਜੀਤ ਸਿੰਘ ਪੁੱਤਰ ਕਿਸ਼ਨ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਭਰੀਆਂ।
ਬਲਾਚੌਰ ਵਿਧਾਨ ਸਭਾ ਹਲਕੇ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਦੀਪਕ ਰੋਹੇਲਾ ਅਨੁਸਾਰ ਬਲਾਚੌਰ-048 ਵਿਧਾਨ ਸਭਾ ਹਲਕੇ ਤੋਂ ਅੱਜ ਜਿਨ੍ਹਾਂ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਉਨ੍ਹਾਂ ਵਿੱਚ ਸੁਨੀਤਾ ਰਾਣੀ ਪਤਨੀ ਰਾਮਪਾਲ ਅਤੇ ਮੰਜੂ ਦੇਵੀ ਪਤਨੀ ਅਸ਼ੋਕ ਕੁਮਾਰ ਨੇ ਸ੍ਰੋਮਣੀ ਅਕਾਲੀ ਦਲ, ਸੰਤੋਸ਼ ਕੁਮਾਰੀ ਕਟਾਰੀਆ ਪਤਨੀ ਅਸ਼ੋਕ ਕੁਮਾਰ ਕਟਾਰੀਆ ਅਤੇ ਕਰਨਵੀਰ ਕਟਾਰੀਆ ਪੁੱਤਰ ਅਸ਼ੋਕ ਕੁਮਾਰ ਕਟਾਰੀਆ ਨੇ ਆਮ ਆਦਮੀ ਪਾਰਟੀ ਵੱਲੋਂ ਅਤੇ ਸਤਪਾਲ ਪੁੱਤਰ ਪ੍ਰਕਾਸ਼ ਰਾਮ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਵਾਏ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸਾਰੰਗਲ ਅਨੁਸਾਰ ਇੱਕ ਫ਼ਰਵਰੀ ਮੰਗਲਵਾਰ ਨੂੰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੋਵੇਗਾ।

ਨਾਮਜ਼ਦਗੀਆਂ ਦੇ ਪੰਜਵੇਂ ਦਿਨ ਜ਼ਿਲ੍ਹਾ ਪਟਿਆਲਾ 'ਚ 55 ਉਮੀਦਵਾਰਾਂ ਨੇ ਭਰੇ ਕਾਗਜ਼

ਪਟਿਆਲਾ, 31 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ ਪੰਜਵੇਂ ਦਿਨ ਅੱਜ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਚੋਣ ਹਲਕਿਆਂ 'ਚ 55 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ 115-ਪਟਿਆਲਾ 'ਚ ਰਿਟਰਨਿੰਗ ਅਫ਼ਸਰ ਚਰਨਜੀਤ ਸਿੰਘ ਕੋਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਨੌਨਿਹਾਲ ਸਿੰਘ, ਆਜ਼ਾਦ ਉਮੀਦਵਾਰ ਜਗਦੀਸ਼ ਕੁਮਾਰ, ਆਮ ਆਦਮੀ ਪਾਰਟੀ ਵੱਲੋਂ ਅਜੀਤ ਪਾਲ ਸਿੰਘ ਤੇ ਸਿਮਰਤ ਕੌਰ, ਪੰਜਾਬ ਲੋਕ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਤੇ ਜੈ ਇੰਦਰ ਕੌਰ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਜਦਕਿ ਮਾਲਵਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ 110-ਪਟਿਆਲਾ ਦਿਹਾਤੀ 'ਚ ਰਿਟਰਨਿੰਗ ਅਫ਼ਸਰ ਗੌਤਮ ਜੈਨ ਕੋਲ ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਉਮੀਦਵਾਰ ਜਸਦੇਵ ਸਿੰਘ, ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਭੁੱਲਰ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਸੰਜੀਵ ਸ਼ਰਮਾ ਤੇ ਸੰਗੀਤਾ ਸ਼ਰਮਾ ਨੇ ਕਾਗਜ਼ ਦਾਖਲ ਕੀਤੇ, ਆਮ ਆਦਮੀ ਪਾਰਟੀ ਵੱਲੋਂ ਬਲਬੀਰ ਸਿੰਘ ਅਤੇ ਰਾਹੁਲ ਕਮਲ ਨੈਣ ਸਿੰਘ ਸੈਣੀ, ਆਜ਼ਾਦ ਬਲਜੀਤ ਸਿੰਘ, ਆਜ਼ਾਦ ਜਸਦੀਪ ਸਿੰਘ, ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਹਰਪ੍ਰੀਤ ਕੌਰ, ਆਜ਼ਾਦ ਅਭਿਸ਼ੇਕ ਸਿੰਘ ਅਤੇ ਸ਼ਵੇਤਾ ਜਿੰਦਲ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ 'ਚ ਰਿਟਰਨਿੰਗ ਅਫ਼ਸਰ ਕੰਨੂ ਗਰਗ ਕੋਲ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸਾਧੂ ਸਿੰਘ ਅਤੇ ਸ਼ੀਲਾ ਦੇਵੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਗੁਲਜਾਰ ਰਾਮ ਨੇ ਆਜ਼ਾਦ ਉਮੀਦਵਾਰ ਵਜੋਂ ਤੇ ਆਮ ਆਦਮੀ ਪਾਰਟੀ ਵੱਲੋਂ ਗੁਰਦੇਵ ਸਿੰਘ ਤੇ ਗੁਲਾਬ ਦੇਵ ਨੇ ਕਾਗਜ਼ ਭਰੇ ਬੀ.ਜੇ.ਪੀ. ਵੱਲੋਂ ਗੁਰਪ੍ਰੀਤ ਸਿੰਘ ਅਤੇ ਸੁਰਿੰਦਰ ਕੌਰ  ਆਪਣੇ ਨਾਮਜ਼ਦਗੀ ਪੱਤਰ ਭਰੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ-111-ਰਾਜਪੁਰਾ 'ਚ ਰਿਟਰਨਿੰਗ ਅਫ਼ਸਰ ਡਾ. ਸੰਜੀਵ ਕੁਮਾਰ ਕੋਲ ਬੀ.ਜੇ.ਪੀ ਉਮੀਦਵਾਰ ਜਗਦੀਸ਼ ਕੁਮਾਰ ਤੇ ਰੰਜਨਾ ਨੇ ਕਾਗਜ਼ ਭਰੇ। 113-ਘਨੌਰ 'ਚ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਚੀਮਾ ਕੋਲ ਬੀ.ਜੇ.ਪੀ. ਉਮੀਦਵਾਰ ਵਿਕਾਸ ਸ਼ਰਮਾ ਤੇ ਕਾਂਗਰਸ ਪਾਰਟੀ ਵੱਲੋਂ ਮਦਨ ਲਾਲ ਅਤੇ ਅਮਰਜੀਤ ਕੌਰ ਨੇ ਕਾਗਜ਼ ਦਾਖਲ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਵਿੰਦਰ ਕੌਰ ਅਤੇ ਪ੍ਰੇਮ ਸਿੰਘ ਵੱਲੋਂ ਕਾਗਜ਼ ਦਾਖਲ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ 114-ਸਨੌਰ 'ਚ ਰਿਟਰਨਿੰਗ ਅਫ਼ਸਰ ਜਸਲੀਨ ਕੌਰ ਭੁੱਲਰ ਕੋਲ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਬਿਕਰਮਜੀਤ ਇੰਦਰ ਸਿੰਘ ਚਹਿਲ ਅਤੇ ਕਮਲਜੀਤ ਕੌਰ ਚਹਿਲ ਨੇ ਕਾਗਜ਼ ਦਾਖਲ ਕੀਤੇ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਹਰਿੰਦਰ ਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਕਾਗਜ਼ ਭਰੇ, ਆਜ਼ਾਦ ਉਮੀਦਵਾਰ ਵੱਜੋਂ ਮੋਹਨ ਲਾਲ, ਸ਼ੋਮਣੀ ਅਕਾਲੀ ਦਲ ਵੱਲੋਂ ਹਰਿੰਦਰ ਪਾਲ ਸਿੰਘ ਅਤੇ ਬਲਵਿੰਦਰ ਕੌਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਆਜ਼ਾਦ ਉਮੀਦਵਾਰ ਵੱਜੋਂ ਬੂਟਾ ਸਿੰਘ ਅਤੇ ਦਿਲਬਾਗ ਸਿੰਘ ਵੱਲੋਂ ਵੀ ਕਾਗਜ਼ ਭਰੇ ਗਏ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 116-ਸਮਾਣਾ 'ਚ ਅੱਜ ਰਿਟਰਨਿੰਗ ਅਫ਼ਸਰ ਟੀ ਬੈਨਿਥ ਕੋਲ ਆਜ਼ਾਦ ਉਮੀਦਵਾਰ ਪਰਵੀਨ ਕੁਮਾਰ, ਪੰਜਾਬ ਲੋਕ ਕਾਂਗਰਸ ਵੱਲੋਂ ਸੁਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਸਿੰਘ ਤੇ ਚਰਨਜੀਤ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਰਛਪਾਲ ਸਿੰਘ ਜੌੜਾਮਾਜਰਾ ਅਤੇ ਚਰਨਜੀਤ ਕੌਰ ਤੇ ਆਜ਼ਾਦ ਉਮੀਦਵਾਰ ਵਜੋਂ ਲਵਪ੍ਰੀਤ ਸਿੰਘ ਵੱਲੋਂ ਕਾਗਜ਼ ਭਰੇ ਗਏ।  
117-ਸ਼ੁਤਰਾਣਾ ਦੇ ਰਿਟਰਨਿੰਗ ਅਫ਼ਸਰ ਅੰਕੁਰਜੀਤ ਸਿੰਘ ਕੋਲ ਪੰਜਾਬ ਲੋਕ ਕਾਂਗਰਸ ਵੱਲੋਂ ਨਰਾਇਣ ਸਿੰਘ ਤੇ ਆਜ਼ਾਦ ਉਮੀਦਵਾਰ ਵਜੋਂ ਨਰਿੰਦਰ ਨੇ ਕਾਗਜ਼ ਭਰੇ ਹਨ। ਆਮ ਆਦਮੀ ਪਾਰਟੀ ਵੱਲੋਂ ਜੰਗੀਰ ਸਿੰਘ ਵੱਲੋਂ ਕਾਂਗਰਸ ਵੱਲੋਂ ਦਰਬਾਰਾ ਸਿੰਘ ਅਤੇ ਸਤਨਾਮ ਕੌਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮਾਜਵਾਦੀ ਪਾਰਟੀ ਵੱਲੋਂ ਸੁਖਵਿੰਦਰ ਸਿੰਘ ਵੱਲੋਂ ਕਾਗਜ਼ ਭਰੇ ਗਏ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਸਬੰਧੀ ਮੁਕੰਮਲ ਜਾਣਕਾਰੀ ਭਾਰਤ ਚੋਣ ਕਮਿਸ਼ਨ ਵੱਲੋਂ ਵਿਕਸਤ ਕੀਤੀ ਗਏ ਮੋਬਾਇਲ ਐਪ 'ਨੋ ਯੂਅਰ ਕੈਂਡੀਡੇਟ' ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਵੋਟਰਾਂ ਨੂੰ ਇਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਵੀ ਕੀਤੀ।

ਰਾਜਪਾਲ ਪ੍ਰੋਹਿਤ ਵਲੋਂ ਦਰਦੀ ਨੂੰ ਪਦਮ ਸ੍ਰੀ ਪੁਰਸਕਾਰ ਮਿਲਣ 'ਤੇ ਵਧਾਈ

ਪਟਿਆਲਾ, 31 ਜਨਵਰੀ : ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਚੜ੍ਹਦੀਕਲਾ ਗਰੁੱਪ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ ਨੂੰ ਪਦਮ ਸ੍ਰੀ ਐਵਾਰਡ ਮਿਲਣ ਉਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਧਾਈ ਭੇਜੀ ਹੈ। ਸ੍ਰੀ ਪ੍ਰੋਹਿਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੌਮੀ ਏਕਤਾ, ਫਿਰਕੂ ਸਦਭਾਵਨਾ, ਮੀਡੀਆ, ਸਿੱਖਿਆ ਅਤੇ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਤ ਕਰਨ ਲਈ ਨਿਭਾਈ ਗਈ ਭੂਮਿਕਾ ਲਈ ਪਦਮ ਸ੍ਰੀ ਐਵਾਰਡ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸ੍ਰ. ਦਰਦੀ ਨੇ ਪੱਤਰਕਾਰੀ ਅਤੇ ਸਿੱਖਿਆ ਖੇਤਰ ਵਿੱਚ ਪ੍ਰਸ਼ੰਸਾਯੋਗ ਕਾਰਜ ਨਿਭਾਏ ਹਨ ਇਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਵੀ ਪ੍ਰੇਰਨਾ ਮਿਲੇਗੀ। ਸ੍ਰੀ ਪ੍ਰੋਹਿਤ ਨੇ ਆਸ ਪ੍ਰਗਟ ਕੀਤੀ ਕਿ ਸ੍ਰ. ਦਰਦੀ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਵਰਨਣਯੋਗ ਹੈ ਕਿ 25 ਜਨਵਰੀ ਨੂੰ ਕੇਂਦਰ ਸਰਕਾਰ ਨੇ ਦੇਸ਼ ਦੇ ਪ੍ਰਮੁੱਖ ਨਾਗਰਿਕ ਐਵਾਰਡ ਪਦਮ ਸ੍ਰੀ ਪੁਰਸਕਾਰਾਂ ਦਾ ਐਲਾਨ ਕੀਤਾ ਸੀ ਜਿਸ ਵਿੱਚ ਸ੍ਰ. ਦਰਦੀ ਨੂੰ ਇਹ ਵਿਸ਼ੇਸ਼ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ।

ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਦੀ ਸਾਂਝੀ ਟੀਮ ਨੇ ਰਾਹੋਂ ਵਿੱਚ ਨਾਜਾਇਜ਼ ਤੌਰ 'ਤੇ ਸਟੋਰ ਕੀਤੀ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ

ਲਗਪਗ ਇੱਕ ਕਰੋੜ ਰੁਪਏ ਦੀ ਮੁੱਲ ਦੀ ਸ਼ਰਾਬ ਦੇ 1616 ਡੱਬੇ ਬਰਾਮਦ, ਪੁਲਿਸ ਨੇ ਅਗਲੇਰੀ ਜਾਂਚ ਲਈ ਮਕਾਨ ਮਾਲਕ ਨੂੰ ਹਿਰਾਸਤ ਵਿੱਚ ਲਿਆ

 ਨਵਾਂਸ਼ਹਿਰ, 30 ਜਨਵਰੀ : - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਦੇ ਰਾਹੋਂ ਕਸਬੇ ਵਿੱਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਲਗਪਗ ਇੱਕ ਕਰੋੜ ਰੁਪਏ ਦੀ ਕੀਮਤ ਦੀ ਨਿੱਜੀ ਜਗ੍ਹਾ 'ਤੇ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੇ 1616 ਡੱਬੇ ਇੰਗਲਿਸ਼ ਵਿਸਕੀ ਦੇ ਬਰਾਮਦ ਕੀਤੇ ਹਨ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ, ਸੀ.ਆਈ.ਏ.ਸਟਾਫ਼ ਅਤੇ ਰਾਹੋਂ ਥਾਣਾ ਦੀ ਪੁਲਿਸ ਦੀ ਸਾਂਝੀ ਟੀਮ ਨੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਰਾਹੋਂ ਕਸਬੇ ਵਿੱਚ ਦਾਣਾ ਮੰਡੀ ਨੇੜੇ ਸਥਿਤ ਇੱਕ ਰਿਹਾਇਸ਼ੀ ਕਮ ਵਪਾਰਕ ਥਾਂ ਦੀ ਤਲਾਸ਼ੀ ਲਈ।  ਛਾਪੇਮਾਰੀ ਦੌਰਾਨ ਟੀਮ ਨੂੰ 1616 ਕੇਸ ਸ਼ਰਾਬ ਦੇ ਮਿਲੇ ਜਿਨ੍ਹਾਂ ਵਿੱਚ ਪਟਿਆਲਾ ਪੈਗ, ਮੈਕਡੌਵਲ ਨੰਬਰ 1 ਅਤੇ ਆਫਿਸਰਜ਼ ਚੁਆਇਸ ਬਲੂ ਦੇ ਲੇਬਲ ਵਾਲੇ ਸ਼ਰਾਬ ਦੇ ਡੱਬੇ ਸਟੋਰ ਕੀਤੇ ਬਰਾਮਦ ਹੋਏ।  ਐਸ ਐਸ ਪੀ ਕੰਵਰਦੀਪ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਰਿਕਾਰਡ ਅਨੁਸਾਰ ਕੁੱਲ 1616 ਕੇਸ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਟਿਆਲਾ ਪੈੱਗ (ਪੰਜਾਬ ਵਿੱਚ ਵਿਕਰੀ ਲਈ) ਦੇ 730 ਕੇਸ, ਮੈਕਡੌਵਲ ਨੰਬਰ 1 (ਪੰਜਾਬ ਵਿੱਚ ਵਿਕਰੀ ਲਈ) ਦੇ 390 ਕੇਸ ਅਤੇ ਅਫਸਰ ਚੁਆਇਸ ਬਲੂ (ਪੰਜਾਬ ਵਿੱਚ ਵਿਕਰੀ ਲਈ) ਦੇ 496 ਕੇਸ ਸ਼ਾਮਲ ਹਨ।     ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ ਅਤੇ ਇਮਾਰਤ ਦੇ ਮਾਲਕ ਸਤੀਸ਼ ਕੁਮਾਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ।     ਐਸਐਸਪੀ ਨੇ ਦੱਸਿਆ ਕਿ ਈਟੀਓ ਰਾਜ ਕੁਮਾਰ ਅਤੇ ਆਬਕਾਰੀ ਇੰਸਪੈਕਟਰ ਮਨਜੀਤ ਸਿੰਘ ਅਤੇ ਹਰਜਿੰਦਰ ਸਿੰਘ ਸਮੇਤ ਪੁਲੀਸ ਟੀਮਾਂ ਵਿੱਚ ਸੀਆਈਏ ਸਟਾਫ਼ ਇੰਚਾਰਜ ਦਲਬੀਰ ਸਿੰਘ ਅਤੇ ਰਾਹੋਂ ਥਾਣਾ ਦੇ ਐਸਐਚਓ ਬਖਸ਼ੀਸ਼ ਸਿੰਘ ਸ਼ਾਮਲ ਸਨ।   ਡਿਪਟੀ ਕਮਿਸ਼ਨਰ ਸਾਰੰਗਲ ਨੇ ਆਬਕਾਰੀ ਅਤੇ ਪੁਲਿਸ ਵਿਭਾਗ ਵੱਲੋਂ ਇਨ੍ਹਾਂ ਸ਼ਰਾਬ ਦੇ ਡੱਬਿਆਂ ਦੀ ਬਰਾਮਦਗੀ ਲਈ ਸ਼ਲਾਘਾ ਕੀਤੀ ਜੋ ਕਿ ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਵਰਤੇ ਜਾਣੇ ਸਨ। ਉਨ੍ਹਾਂ ਇਸ ਨੂੰ ਵੱਡੀ ਪ੍ਰਾਪਤੀ ਕਰਾਰ ਦਿੱਤਾ।  ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੇਗਾ।

ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਨੂੰ ਯਾਦ ਕੀਤਾ, ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਦੋ ਮਿੰਟ ਦਾ ਮੌਨ ਧਾਰਿਆ


ਨਵਾਂਸ਼ਹਿਰ, 30 ਜਨਵਰੀ :-  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਐਤਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਰਤੀ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।  ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ਹੋਣ ਕਰਕੇ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਭਾਰਤੀ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਗਿਆ।   ਡੀ ਸੀ ਸਾਰੰਗਲ ਨੇ ਕਿਹਾ ਕਿ ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਹਮੇਸ਼ਾਂ ਸ਼ੁਕਰਗੁਜ਼ਾਰ ਰਹਾਂਗੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।   ਉਨ੍ਹਾਂ ਕਿਹਾ ਕਿ ਸਾਡੇ ਕੋਲ ਸਾਡੇ ਆਜ਼ਾਦੀ ਘੁਲਾਟੀਆਂ ਦੀ ਮਹਾਨ ਵਿਰਾਸਤ ਹੈ, ਇਸ ਲਈ ਸਾਨੂੰ ਉਨ੍ਹਾਂ 'ਤੇ ਹਮੇਸ਼ਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ।   ਉਨ੍ਹਾਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ, ਗਾਂਧੀ ਜੀ ਅਤੇ ਦੇਸ਼ ਦੇ ਹੋਰ ਅਜ਼ਾਦੀ ਘੋਲ ਦੇ ਮਹਾਨ ਨੇਤਾਵਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਸੱਦਾ ਦਿੱਤਾ, ਜਿਨ੍ਹਾਂ ਦਾ ਜੀਵਨ ਅਤੇ ਯੋਗਦਾਨ ਲੋਕਾਂ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ।

ਨਾਮਜ਼ਦਗੀਆਂ ਦੇ ਚੌਥੇ ਦਿਨ ਸ਼ਨਿੱਚਰਵਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਤਿੰਨ ਹੋਰ ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ

ਨਵਾਂਸ਼ਹਿਰ, 29 ਜਨਵਰੀ:- ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅੱਜ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦੇ ਚੌਥੇ ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਵਿਧਾਨ ਸਭਾ ਹਲਕੇ ਲਈ ਇੱਕ ਅਤੇ ਬਲਾਚੌਰ ਲਈ ਦੋ ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ।
       ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਕਮ ਰਿਟਰਨਿੰਗ ਅਫ਼ਸਰ 046-ਬੰਗਾ ਸ਼੍ਰੀਮਤੀ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੰਗਾ-046 ਤੋਂ ਭਾਜਪਾ ਦੇ ਮੋਹਨ ਲਾਲ ਪੁੱਤਰ ਸਵਰਨਾ ਰਾਮ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ।  ਉਨ੍ਹਾਂ ਕਿਹਾ ਕਿ ਬੰਗਾ ਹਲਕੇ ਤੋਂ ਅੱਜ ਤੱਕ ਸਿਰਫ਼ ਇੱਕ ਹੀ ਨਾਮਜ਼ਦਗੀ ਪ੍ਰਾਪਤ ਹੋਈ ਹੈ।  ਭਲਕੇ ਨਾਮਜ਼ਦਗੀ ਪ੍ਰਕਿਰਿਆ ਲਈ ਛੁੱਟੀ ਹੋਵੇਗੀ ਅਤੇ ਮੰਗਲਵਾਰ, 1 ਫਰਵਰੀ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੋਵੇਗਾ।
      ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਲਕਾ 048-ਬਲਾਚੌਰ ਦੇ ਐਸ.ਡੀ.ਐਮ ਕਮ ਰਿਟਰਨਿੰਗ ਅਫਸਰ ਦੀਪਕ ਰੋਹੇਲਾ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਰਸ਼ਨ ਲਾਲ ਪੁੱਤਰ ਰਾਮ ਚੰਦ ਨੇ ਅੱਜ ਬਲਾਚੌਰ ਹਲਕੇ ਤੋਂ ਇੱਕ ਕਵਰਿੰਗ ਉਮੀਦਵਾਰ ਅਜੈ ਕੁਮਾਰ ਪੁੱਤਰ ਦਰਸ਼ਨ ਲਾਲ ਸਮੇਤ ਆਪਣੀ ਉਮੀਦਵਾਰੀ ਦਾਖਲ ਕੀਤੀ।  ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬਲਾਚੌਰ ਆਰ.ਓ.ਦਫ਼ਤਰ ਨੂੰ ਦੋ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚ ਇੱਕ ਭਾਜਪਾ ਉਮੀਦਵਾਰ ਅਤੇ ਦੂਜਾ ਆਜ਼ਾਦ ਉਮੀਦਵਾਰ ਸੀ।
     ਐਸ.ਡੀ.ਐਮ ਨਵਾਂਸ਼ਹਿਰ ਕਮ ਰਿਟਰਨਿੰਗ ਅਫ਼ਸਰ, 047-ਨਵਾਂਸ਼ਹਿਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਨਵਾਂਸ਼ਹਿਰ ਹਲਕੇ ਲਈ ਕੋਈ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਇਆ।  ਉਨ੍ਹਾਂ ਅੱਗੇ ਕਿਹਾ ਕਿ ਬਸਪਾ ਦੇ ਇੱਕ ਉਮੀਦਵਾਰ ਨੇ ਆਪਣੇ ਕਵਰਿੰਗ ਉਮੀਦਵਾਰ ਨਾਲ ਬੀਤੇ ਦਿਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।
      ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੋਣ ਜ਼ਾਬਤੇ ਦੀ ਪਾਲਣਾ ਕਰਨ ਅਤੇ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ।  ਉਨ੍ਹਾਂ ਨੇ ਉਨ੍ਹਾਂ ਨੂੰ ਕੋਵਿਡ-19 ਅਤੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਾਬੰਦੀਆਂ ਦੀ ਉਲੰਘਣਾ ਨਾ ਕਰਨ ਦੀ ਵੀ ਅਪੀਲ ਕੀਤੀ।
      ਉਨ੍ਹਾਂ ਨੇ ਉਮੀਦਵਾਰਾਂ ਦੀ ਸਹੂਲਤ ਲਈ ਚੋਣ ਕਮਿਸ਼ਨ ਦੁਆਰਾ ਮੁਹਈਆ ਕਰਵਾਏ ਗਏ ਔਨਲਾਈਨ ਪਲੇਟਫਾਰਮਾਂ ਦੀ ਜਾਣਕਾਰੀ ਦਿੰਦੇ ਹੋਏ, ਉਹਨਾਂ ਨੂੰ ਲਾਜ਼ਮੀ ਮੰਨਜ਼ੂਰੀਆਂ ਪ੍ਰਾਪਤ ਕਰਨ ਲਈ ਇਹਨਾਂ ਆਈ ਟੀ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ https://suvidha.eci.gov.in/  'ਤੇ ਲੌਗਇਨ ਕਰਕੇ, ਉਮੀਦਵਾਰ ਜਾਂ ਉਨ੍ਹਾਂ ਦੇ ਪੋਲਿੰਗ ਏਜੰਟ ਆਨਲਾਈਨ ਪਰਮਿਸ਼ਨ ਲਈ ਅਪਲਾਈ ਕਰ ਸਕਦੇ ਹਨ।  ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਇਲੈਕਟ੍ਰਾਨਿਕ ਮੀਡੀਆ ਅਤੇ ਮੋਬਾਈਲ ਐਸ ਐਮ ਐਸ/ਵੋਆਇਸ ਮੈਸੇਜ 'ਤੇ ਕੋਈ ਵੀ ਰਾਜਸੀ ਇਸ਼ਤਿਹਾਰ ਜਾਂ ਵੋਟਰਾਂ ਨੂੰ ਕੀਤੀ ਅਪੀਲ ਉਮੀਦਵਾਰ ਦੇ ਖਰਚੇ ਵਿੱਚ ਜੋੜ ਦਿੱਤੀ ਜਾਵੇਗੀ। ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਜਾਗਰੂਕ ਕਰਦੇ ਹੋਏ, ਸਭਨਾਂ ਨੂੰ ਅਪੀਲ ਕੀਤੀ ਕਿ ਉਹ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਨੂੰ ਪ੍ਰਸਾਰਿਤ/ਪੋਸਟ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ ਸੀ ਦਫ਼ਤਰ) ਦੇ ਕਮਰਾ ਨੰਬਰ 414 ਵਿਖੇ ਸਥਾਪਿਤ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਤੋਂ ਪ੍ਰੀ-ਸਰਟੀਫਿਕੇਟ ਜ਼ਰੂਰ ਕਰਵਾਉਣ।   

ਚੋਣਾਂ ਤੋਂ ਪਹਿਲਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਦਾ ਲਾਜਮੀ ਟੀਕਾਕਰਨ ਲਈ ਯੋਜਨਾਬੰਦੀ


-ਕ੍ਰਿਸ਼ਨ ਕੁਮਾਰ ਨੇ ਵੱਡੀ ਗਿਣਤੀ ਪਿੰਡਾਂ 'ਚ 100 ਫੀਸਦੀ ਟੀਕਾਕਰਨ ਦੀ ਸ਼ਲਾਘਾ
ਪਟਿਆਲਾ, 29 ਜਨਵਰੀ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਹਰ ਇੱਕ ਵੋਟਰ ਦਾ ਕੋਵਿਡ ਤੋਂ ਬਚਾਅ ਲਈ ਲਾਜਮੀ ਟੀਕਾਕਰਨ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਉਂਤਬੰਦੀ ਕੀਤੀ ਗਈ। ਇਸ ਸਬੰਧੀਂ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਸਕੱਤਰ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕੋਵਿਡ ਟੀਕਾਕਰਨ ਪ੍ਰਕ੍ਰਿਆ ਦੀ ਸਮੀਖਿਆ ਕਰਨ ਲਈ ਇੱਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਅਗਵਾਈ ਹੇਠ ਏ.ਡੀ.ਸੀ. (ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਸਿਵਲ ਸਰਜਨ ਡਾ. ਪ੍ਰਿੰਸ ਸੋਢੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਸ੍ਰੀ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹੇ ਦੀਆਂ ਸਬ ਡਵੀਜਨਾਂ 'ਚ ਕਰੋਨਾ ਵੈਕਸੀਨੇਸ਼ਨ ਦਾ ਜਾਇਜਾ ਲੈਂਦਿਆਂ ਜਿੱਥੇ ਬਹੁਤ ਸਾਰੇ ਪਿੰਡਾਂ ਦੀ ਵੱਸੋ ਦਾ 100 ਫੀਸਦੀ ਟੀਕਾਕਰਨ ਕੀਤੇ ਜਾਣ ਦੀ ਸ਼ਲਾਘਾ ਕੀਤੀ, ਉਥੇ ਹੀ ਕਈ ਥਾਵਾਂ 'ਤੇ ਢਿੱਲੀ ਕਾਰਗੁਜ਼ਾਰੀ ਦਾ ਸਖ਼ਤ ਨੋਟਿਸ ਵੀ ਲਿਆ। ਉਨ੍ਹਾਂ ਨੇ ਸਾਰੇ ਅਧਿਕਾਰੀਆਂ, ਐਸ.ਐਮ.ਓਜ ਅਤੇ ਹੋਰ ਸਬੰਧਤਾਂ ਨੂੰ ਹਦਾਇਤ ਕੀਤੀ ਕਿ ਸਾਰੇ ਯੋਗ ਨਾਗਰਿਕਾਂ ਅਤੇ ਖਾਸ ਕਰਕੇ ਸਮੂਹ ਵੋਟਰਾਂ ਦਾ ਮੁਕੰਮਲ ਟੀਕਾਕਰਨ ਕਰਕੇ ਚੋਣਾਂ ਦੌਰਾਨ ਕੋਵਿਡ ਮਹਾਂਮਾਰੀ ਤੋਂ ਸੁਰੱਖਿਅਤ ਮਾਹੌਲ ਸਿਰਜਣ 'ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਕੋਵਿਡਾ ਵੈਕਸੀਨੇਸ਼ਨ ਸਬੰਧੀ ਜਨਤਕ ਥਾਵਾਂ ਲਈ ਬਣਾਏ ਨਿਯਮਾਂ ਦੀ ਪਾਲਣਾ ਦੀ ਮੋਨੀਟਰਿੰਗ ਕਰਨ ਦੀਆਂ ਵੀ ਹਦਾਇਤਾਂ ਕੀਤੀਆਂ।ਉਨ੍ਹਾਂ ਨੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਸਬੰਧੀ ਲੋਕਾਂ ਨੂੰ ਪ੍ਰੇਰਤ ਕਰਨ ਲਈ ਧਾਰਮਿਕ ਸਥਾਨਾਂ ਸਮੇਤ ਹੋਰਨਾਂ ਜਨਤਕ ਸਥਾਨਾਂ 'ਤੇ ਪ੍ਰਚਾਰ ਕਰਨ 'ਤੇ ਵੀ ਜੋਰ ਦਿੱਤਾ। ਉਨ੍ਹਾਂ ਨੇ ਸਮੂਹ ਐਸ.ਡੀ.ਐਮਜ ਅਤੇ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬੀ.ਐਲ.ਓਜ ਸਮੇਤ ਹੋਰ ਕਰਮਚਾਰੀਆਂ ਰਾਹੀਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਉਚੇਚੇ ਯਤਨ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਮੀਟੰਗ 'ਚ ਮੌਜੂਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਕੌਰ ਅਤੇ ਡੀ.ਈ.ਓ. ਐਲੀਮੈਂਟਰੀ ਅਮਰਜੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਤੇ ਕਾਲਜਾਂ ਦੇ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਦਾ ਟੀਕਾਕਰਨ ਦੇ ਨਾਲ-ਨਾਲ ਵਿਦਿਆਰਥੀਆਂ ਰਾਹੀਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਵੈਕਸੀਨੇਸ਼ਨ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਮੀਟਿੰਗ 'ਚ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਜਿਲ੍ਹੇ ਦੇ ਸਮੂਹ ਐਸ.ਐਮ.ਓਜ਼. ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸੇਵਾਵਾਂ ਤੇ ਸਹਿਯੋਗ ਲੈਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਹਰੇਕ ਪਿੰਡ ਤੇ ਕਸਬੇ 'ਚ ਜਰੂਰ ਕਰੋਨਾ ਵੈਕਸੀਨੇਸ਼ਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਕੀਤਾ ਜਾਵੇ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਸ.ਐਮ.ਓਜ ਵੀ ਮੌਜੂਦ ਸਨ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਹਰਵਿੰਦਰ ਸਿੰਘ ਮਦਾਨ ਵੱਲੋਂ ਬੰਗਾ ’ਚ ਪ੍ਰਸਤਾਵਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਲਈ ਥਾਂ ਦੀ ਚੋਣ ਲਈ ਦੌਰਾ

ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪ੍ਰਤਿਮਾ 'ਤੇ ਕੀਤੇ ਸ਼ਰਧਾ ਸੁਮਨ ਅਰਪਿਤ
ਬੰਗਾ, 28 ਜਨਵਰੀ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਹਰਮਿੰਦਰ ਸਿੰਘ ਮਦਾਨ ਵੱਲੋਂ ਬੰਗਾ ਵਿੱਚ ਪ੍ਰਸਤਾਵਿਤ ਜੁਡੀਸ਼ੀਅਲ ਕੰਪਲੈਕਸ ਦੀ ਉਸਾਰੀ ਲਈ ਅੱਜ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕੰਵਲਜੀਤ ਸਿੰਘ ਬਾਜਵਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਜਸਟਿਸ ਮਦਾਨ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਡਵੀਜ਼ਨ ਦੇ ਪ੍ਰਸ਼ਾਸਕੀ ਜੱਜ ਵੀ ਹਨ, ਵੱਲੋਂ ਇਸ ਤੋਂ ਪਹਿਲਾਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਅਤੇ ਯਾਦਗਾਰ ਵਿਖੇ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੀ ਸਮਾਰਕ 'ਤੇ ਸ਼ਰਧਾ ਸੁਮਨ ਵੀ ਅਰਪਿਤ ਕੀਤੇ ਗਏ।  ਉਨ੍ਹਾਂ ਵੱਲੋਂ ਬੰਗਾ ਵਿੱਚ ਪ੍ਰਸਤਾਵਿਤ ਜੁਡੀਸ਼ੀਅਲ ਕੰਪਲੈਕਸ ਲਈ ਖਟਕੜ ਕਲਾਂ, ਥਾਂਦੀਆਂ, ਬੰਗਾ ਅਤੇ ਚੱਕ ਕਲਾਲ ਵਿਖੇ ਤਜ਼ਵੀਜ਼ਤ ਥਾਂਵਾਂ ਦਾ ਦੌਰਾ ਕਰਕੇ ਮੁਆਇਨਾ ਕੀਤਾ ਗਿਆ ਅਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ. ਕੰਵਲਜੀਤ ਸਿੰਘ ਬਾਜਵਾ ਨੂੰ ਇਸ ਸਬੰਧੀ ਵਿਸਤਿ੍ਰਤ ਰਿਪੋਰਟ ਭੇਜਣ ਲਈ ਕਿਹਾ ਗਿਆ। ਇਸ ਮੌਕੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨ ਸ਼ਰਮਾ, ਐਸ ਪੀ (ਐਚ) ਮਨਵਿੰਦਰਬੀਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਅਜੀਤ ਪਾਲ ਸਿੰਘ, ਡੀ ਐਸ ਪੀ ਬੰਗਾ ਗੁਰਪ੍ਰੀਤ ਸਿੰਘ, ਸੀਨੀਅਰ ਆਰਕੀਟੈਕਟ ਸਰੋਜ, ਕਾਰਜਕਾਰੀ ਇੰਜੀਨੀਅਰ ਭਗਵਿੰਦਰ ਸਿੰਘ ਤੁਲੀ,  ਤਹਿਸੀਲਦਾਰ ਬੰਗਾ ਲਕਸ਼ੇ ਗੁਪਤਾ ਵੀ ਮੌਜੂਦ ਸਨ।

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੀ ਵੀਡਿਓ/ਡਿਜੀਟਲ ਵੈਨਾਂ ਰਾਹੀਂ ਪ੍ਰਚਾਰ ਕਰਨ ਉਮੀਦਵਾਰ ਤੇ ਸਿਆਸੀ ਪਾਰਟੀਆਂ: ਸੰਦੀਪ ਹੰਸ

ਵੀਡਿਓ ਵੈਨ ਰਾਹੀਂ ਪ੍ਰਚਾਰ ਕਰਨ ਤੋਂ ਪਹਿਲਾਂ ਰਾਜ ਪੱਧਰੀ ਜਾਂ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਤੋਂ ਪੂਰਵ-ਪ੍ਰਵਾਨਗੀ ਲੈਣਾ ਲਾਜ਼ਮੀ-ਡਿਪਟੀ ਕਮਿਸ਼ਨਰ
ਪਟਿਆਲਾ, 28 ਜਨਵਰੀ :- ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਅੰਦਰ ਚੋਣ ਲੜ ਰਹੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਵੀਡਿਓ/ਡੀਜੀਟਲ ਵੈਨਾਂ ਰਾਹੀਂ ਪ੍ਰਚਾਰ ਕੇਵਲ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਮੁਤਾਬਕ ਹੀ ਕਰਨ ਅਤੇ ਇਨ੍ਹਾਂ ਵੈਨਾਂ ਵਿੱਚ ਚਲਾਏ ਜਾਣ ਵਾਲੇ ਵੀਡੀਓ ਜਾਂ ਆਡੀਓ ਦੀ ਪ੍ਰੀ-ਸਰਟੀਫਿਕੇਸ਼ਨ ਅਤੇ ਪ੍ਰਵਾਨਗੀ ਰਾਜ ਪੱਧਰ ਉਤੇ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਚੋਣ ਅਫ਼ਸਰ ਤੋਂ ਲਾਜ਼ਮੀ ਤੌਰ 'ਤੇ ਲੈਣਾ ਯਕੀਨੀ ਬਣਾਉਣ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕੋਵਿਡ ਪਾਬੰਦੀਆਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਲਈ ਵੀਡਿਓ ਜਾਂ ਡਿਜੀਟਲ ਵੈਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਲਈ ਇਹ ਲਾਜ਼ਮੀ ਹੈ ਕਿ ਕੋਈ ਵੀ ਰਾਜਨਿਤਕ ਪਾਰਟੀ ਜਾਂ ਉਮੀਦਵਾਰ ਬਿਨ੍ਹਾਂ ਪ੍ਰਵਾਨਗੀ (ਪ੍ਰੀ-ਸਰਟੀਫਿਕੇਸ਼ਨ) ਤੋਂ ਪ੍ਰਚਾਰ ਲਈ ਵੈਨਾਂ ਦੀ ਵਰਤੋਂ ਨਾ ਕਰੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਅੱਠੇ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਵੀ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਜੇਕਰ ਕਿਸੇ ਵਲੋਂ ਆਦਰਸ਼ ਚੋਣ ਜ਼ਾਬਤੇ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜੇਕਰ ਕਿਸੇ ਵੈਨ ਨੂੰ ਡਿਜੀਟਲ ਵੈਨ ਚੋਣ ਪ੍ਰਚਾਰ ਲਈ ਵਰਤਿਆ ਜਾਂਦਾ ਹੈ ਤਾਂ ਉਸ ਵੈਨ ਦੇ ਮਾਲਿਕ ਨੂੰ ਮੋਟਰ ਵਹੀਕਲ ਐਕਟ ਤਹਿਤ ਸਬੰਧਿਤ ਟ੍ਰਾਂਸਪੋਰਟ ਨੋਡਲ ਅਫ਼ਸਰ ਤੋਂ ਸਰਟੀਫ਼ਿਕੇਟ ਲੈਣਾ ਲਾਜ਼ਮੀ ਹੋਵੇਗਾ। ਵੀਡਿਓ ਵੈਨ ਪ੍ਰਚਾਰ ਕਰਨ ਤੋਂ ਪਹਿਲਾਂ ਰਾਜ ਪੱਧਰੀ ਜਾਂ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੀਡੀਆ ਮੋਨੀਟਰਿੰਗ) ਤੋਂ ਪੂਰਵ-ਪ੍ਰਵਾਨਗੀ, ਪ੍ਰੀ-ਸਰਟੀਫਿਕੇਸ਼ਨ ਲੈਣਾ ਵੀ ਲਾਜ਼ਮੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਸਿਆਸੀ ਪਾਰਟੀ ਜਦੋਂ ਇਨ੍ਹਾਂ ਵੀਡਿਓ ਵੈਨਾਂ ਦੀ ਵਰਤੋਂ ਆਪਣੇ ਪ੍ਰੋਗਰਾਮ ਅਤੇ ਨੀਤੀਆਂ ਦਾ ਪ੍ਰਚਾਰ ਕਰਕੇ ਵੋਟਾਂ ਮੰਗਣ ਲਈ ਵਰਤੋਂ ਕਰਦੀ ਹੈ ਇਸ ਦਾ ਖਰਚਾ ਪਾਰਟੀ ਦੇ ਖਾਤੇ ਵਿੱਚ ਪਾਇਆ ਜਾਵੇਗਾ ਜਿਸ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਉਪਰੰਤ ਭੇਜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਪ੍ਰਚਾਰ ਲਈ ਵਰਤੀਆਂ ਜਾਣ ਵਾਲੀਆਂ ਇਹਨਾਂ ਵੈਨਾਂ ਦੇ ਰੂਟ ਬਾਰੇ ਵੀ ਸਥਾਨਕ ਪ੍ਰਸ਼ਾਸ਼ਨ/ਜ਼ਿਲ੍ਹਾ ਚੋਣ ਅਫ਼ਸਰ ਜਾਂ ਰਿਟਰਨਿੰਗ ਅਫ਼ਸਰ ਨੂੰ ਸੂਚਨਾ ਦੇਣਾ ਲਾਜ਼ਮੀ ਹੈ।
ਜ਼ਿਕਰਯੋਗ ਹੈ ਕਿ ਇਹ ਵੀਡਿਓ ਵੈਨਾਂ ਸਵੇਰੇ 8 ਵਜੇ ਤੋਂ ਲੈਕੇ ਰਾਤ 8 ਵਜੇ ਤੱਕ ਹੀ ਪ੍ਰਚਾਰ ਕਰ ਸਕਣਗੀਆਂ ਤੇ ਇਹ ਵੈਨਾਂ ਕਿਸੇ ਵੀ ਰੈਲੀਆਂ ਜਾਂ ਰੋਡ ਸ਼ੋਅ ਲਈ ਨਹੀਂ ਵਰਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਸਨਮੁਖ ਸਮੁਚੀਆਂ ਰਾਜਨਿਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਸਾਰਿਆਂ ਵਲੋਂ ਪ੍ਰਚਾਰ ਕਰਦੇ ਹੋਏ ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਆਦਿ ਦੀ ਪਾਲਣਾ ਯਕੀਨੀ ਕੀਤੀ ਜਾਵੇ।

​​​ਗੱਠਜੋੜ ਦੀ ਡਬਲ ਇੰਜਣ ਸਰਕਾਰ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰੇਗੀ – ਬਿਕਰਮ ਚਹਿਲ

ਬਿਕਰਮ ਚਹਿਲ ਵੱਲੋਂ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਸਨੌਰ 28 ਜਨਵਰੀ :- ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਗੱਠਜੋੜ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਵੱਲੋਂ ਵਿਧਾਨ ਸਭਾ ਚੋਣਾਂ ਲਈ  ਜੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ । ਬਿਕਰਮ ਚਹਿਲ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਹਲਕੇ ਦੇ ਲੋਕਾਂ ਤੱਕ ਆਪਣੀ ਅਤੇ ਆਪਣੀ ਪਾਰਟੀ ਦੀ ਆਵਾਜ਼ ਪਹੁੰਚਾ ਰਹੇ ਹਨ। ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਨੂੰ ਹਲਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੀਤੇ ਦਿਨੀਂ ਉਹਨਾਂ ਵੱਲੋਂ  ਹਲਕੇ ਦੇ ਪਿੰਡਾਂ ਸੁਨਿਆਰਹੇੜੀ, ਸਫ਼ੇੜਾ, ਡੰਡੋਆ,ਬਿਲਾਸਪੁਰ ਬਸਤੀ, ਮਹਾਦੀਪੁਰ, ਹੁਸੈਨਪੁਰ,ਜੌਲਾ,ਮਰਦਾਂਹੇੜੀ , ਮਰਦਾਂਹੇੜੀ ਬਸਤੀ, ਪੰਜੋਲਾ, ਜਾਫਰਪੁਰ ਅਤੇ ਬਲਬੇੜਾ ਦਾ ਦੌਰਾ ਕੀਤਾ ਗਿਆ । ਪਿੰਡਾਂ ਦੇ ਲੋਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਚੋਣਾਂ ਵਿੱਚ ਉਹਨਾਂ ਦਾ ਸਮਰਥਨ ਕਰਨ ਦਾ ਭਰੋਸਾ ਦਿਵਾਇਆ।  ਸਨੌਰ ਹਲਕੇ ਵਿੱਚ ਉਹਨਾਂ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ, ਲੋਕ ਵੱਖ ਵੱਖ ਪਾਰਟੀਆਂ ਛੱਡ ਕੇ ਉਹਨਾਂ ਨਾਲ ਜੁੜ ਰਹੇ ਹਨ। ਜਿਸ ਨੂੰ ਦੇਖਦੇ ਹੋਏ ਸ.ਚਹਿਲ ਨੇ ਕਿਹਾ ਕਿ ਉਹਨਾਂ ਨੂੰ ਪੱਕਾ ਭਰੋਸਾ ਹੈ ਕਿ ਹਲਕੇ ਦੇ ਲੋਕ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕਿ ਸੇਵਾ ਦਾ ਮੌਕਾ ਬਖਸ਼ਣਗੇ।  ਬਿਕਰਮ ਚਹਿਲ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਹਾਲਤ ਬੇਹੱਦ ਤਰਸਯੋਗ ਹੋ ਗਈ ਹੈ,ਗੱਠਜੋੜ ਦੀ ਡਬਲ ਇੰਜਣ ਸਰਕਾਰ ਹੀ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰ ਸਕਦੀ ਹੈ। ਉਹਨਾਂ ਕਿਹਾ ਕਿ ਗੱਠਜੋੜ ਦੀ ਸਰਕਾਰ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਦਿਨ ਰਾਤ ਕੰਮ ਕਰੇਗੀ।

ਸ਼ਿਵਾਲਿਕ ਪਬਲਿਕ ਸਕੂਲ ਵਿਖੇ ਹੋਈ ਚੋਣ ਅਮਲੇ ਦੀ ਦੂਜੇ ਗੇੜ ਦੀ ਟ੍ਰੇਨਿੰਗ

ਨਵਾਂਸ਼ਹਿਰ, 28 ਜਨਵਰੀ :- ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਸ਼ੇਸ਼ ਸਾਰੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹੇ ਦੇ ਤਿੰਨੇ ਅਸੰਬਲੀ ਹਲਕਿਆਂ ਦੇ ਚੋਣ ਅਮਲੇ ਦੀ ਦੂਜੇ ਗੇੜ ਦੀ ਟਰੇਨਿੰਗ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਡਾ. ਬਲਜਿੰਦਰ ਸਿੰਘ ਢਿੱਲੋਂ, ਚੋਣਕਾਰ ਰਜਿਸਟਰੇਸ਼ਨ ਅਫਸਰ-047, ਨਵਾਂਸ਼ਹਿਰ-ਕਮ-ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ ਦੀ ਅਗਵਾਈ ਵਿੱਚ ਕਰਵਾਈ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਨੇ ਹਾਜ਼ਰ ਅਧਿਕਾਰੀਆਂ ਅਤੇ ਚੋਣ ਅਮਲੇ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਨਿਰਪੱਖਤਾ ਨਾਲ ਨੇਪਰੇ ਚਾੜ੍ਹਨ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਧਾਨ ਸਭਾ 2022 ਦੀ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ। ਇਸ ਟਰੇਨਿੰਗ ਵਿੱਚ ਡਾ. ਸੁਰਿੰਦਰਪਾਲ ਅਗਨੀਹੋਤਰੀ ਜ਼ਿਲ੍ਹਾ ਮਾਸਟਰ ਟਰੇਨਰ ਅਤੇ ਸੁਰਜੀਤ ਮਝੂਰ ਸਵੀਪ ਨੋਡਲ ਇੰਚਾਰਜ-047 ਵੱਲੋਂ ਚੋਣ ਪ੍ਰਕਿਰਿਆ ਸਬੰਧੀ ਚੋਣ ਮੈਟੀਰੀਅਲ ਪ੍ਰਾਪਤ ਕਰਨ ਤੋਂ ਲੈ ਕੇ ਵੋਟਿੰਗ ਮੁਕੰਮਲ ਕਰਵਾਉਣ ਉਪਰੰਤ ਚੋਣ ਸਮੱਗਰੀ ਜਮ੍ਹਾਂ ਕਰਵਾਉਣ ਤੱਕ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਟਰੇਨਿੰਗ ਦੌਰਾਨ ਹਾਜ਼ਰ ਪੀ.ਆਰ.ਓਜ਼, ਏ.ਪੀ.ਆਰ.ਓਜ਼. ਅਤੇ ਪੀ.ਓਜ਼. ਨੂੰ ਪ੍ਰੈਕਟੀਕਲੀ ਅਤੇ ਪ੍ਰੋਜੈਕਟਰ ਰਾਹੀਂ ਵੀਡਿਓ ਦਿਖਾ ਕੇ ਪੋਲਿੰਗ ਬੂਥ ਤਿਆਰ ਕਰਨ, ਮੌਕ ਪੋਲਿੰਗ ਕਰਵਾਉਣ, ਮਸ਼ੀਨਾਂ ਦੀ ਸੀਲਿੰਗ ਕਰਨ ਅਤੇ ਵੋਟਿੰਗ ਦੌਰਾਨ ਆ ਸਕਣ ਵਾਲੀਆਂ ਸਮੱਸਿਆਵਾਂ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਸਬੰਧੀ ਦੱਸਿਆ ਗਿਆ।  ਇਸ ਮੌਕੇ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਚੋਣ ਅਮਲੇ ਨੂੰ ਕੋਵਿਡ ਵੈਕਸੀਨੇਸ਼ਨ ਦੀ ਲੋੜੀਂਦੀ ਦੂਜੀ ਡੋਜ਼ ਅਤੇ ਬੂਸਟਰ ਡੋਜ਼ ਲਗਾਈ ਗਈ।
ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਸਿੱਧੂ, ਜਸਵਿੰਦਰ ਸਿੰਘ ਸੁਪਰਡੰਟ, ਜਗਤ ਰਾਮ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਚੋਣ ਇੰਚਾਰਜ-047 ਰਣਜੀਤ ਸਿੰਘ, ਸ਼ਾਮ ਲਾਲ ਏ.ਐਸ.ਡੀ.ਏ., ਮਨੋਹਰ ਲਾਲ ਰੀਡਰ, ਇੰਦਰਜੀਤ ਜੂਨੀ. ਸਹਾਇਕ, ਰਣਜੀਤ ਸਿੰਘ ਜੂਨੀ. ਸਹਾਇਕ, ਸ਼ਰਨਜੀਤ ਸਿੰਘ ਕਲਰਕ, ਜੋਤੀ ਦੇਵੀ ਕਲਰਕ, ਜਤਿੰਦਰ ਸਿੰਘ ਸਮੇਤ ਤਿੰਨਾਂ ਹਲਕਿਆਂ ਦੇ ਮਾਸਟਰ ਟਰੇਨਰਜ਼ ਅਧਿਕਾਰੀ ਅਤੇ ਹੋਰ ਚੋਣ ਅਮਲਾ ਹਾਜ਼ਰ ਸਨ।
ਫੋਟੋ ਕੈਪਸ਼ਨ: ਚੋਣਕਾਰ ਰਜਿਸਟਰੇਸ਼ਨ ਅਫਸਰ 047, ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਟਰੇਨਿੰਗ ਦਿੰਦੇ ਹੋਏ।

​ਕਰੋਨਾ ਪਾਬੰਦੀਆਂ 1 ਫਰਵਰੀ ਤੱਕ ਰਹਿਣਗੀਆਂ ਲਾਗੂ​, ਜਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ

ਅੰਮ੍ਰਿਤਸਰ, 28 ਜਨਵਰੀ :-ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਜਾਰੀ ਹੋਈਆਂ ਨਵੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲ੍ਹਾ ਮੈਜਟਰੇਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਾਰੀ ਕੀਤੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਸਬੰਧੀ ਨਵੀਆਂ ਹਦਾਇਤਾਂ 1 ਫਰਵਰੀ ਤੱਕ ਲਾਗੂ ਰਹਿਣਗੀਆਂ। ਉਨਾਂ ਦੱਸਿਆ ਕਿ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸੇ ਤਰਾਂ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੈਂਟਰ ਬੰਦ ਰਹਿਣਗੇ ਤੇ ਸਿੱਖਿਆ ਆਨ ਲਾਈਨ ਜ਼ਰੀਏ ਹੀ ਦਿੱਤੀ ਜਾ ਸਕੇਗੀ। 300 ਤੋਂ ਵੱਧ ਵਿਅਕਤੀਆਂ ਦੇ ਇਕੱਠ ਉਤੇ ਪਾਬੰਦੀ ਲਾਗੂ ਰਹੇਗੀ ਅਤੇ ਜੇਕਰ ਸਥਾਨ ਛੋਟਾ ਹੈ ਤਾਂ ਉਹ 50 ਫੀਸਦੀ ਸਮਰੱਥਾ ਤੋਂ ਵੱਧ ਭਰਿਆ ਨਹੀਂ ਹੋਣਾ ਚਾਹੀਦਾ। ਵਿਅਕਤੀ ਤੋਂ ਵਿਅਕਤੀ ਦੀ ਦੂਰੀ 6 ਫੁੱਟ ਬਰਕਰਾਰ ਰਹੇਗੀ ਅਤੇ ਬਿਨਾਂ ਮਾਸਕ ਜਨਤਕ ਸਥਾਨਾਂ ਉਤੇ ਜਾਣਾ ਵਰਜਿਤ ਰਹੇਗਾ। ਜੇਕਰ ਕੋਈ ਵਿਅਕਤੀ ਬਿਨਾਂ ਮਾਸਕ ਤੋਂ ਸਰਕਾਰੀ ਦਫਤਰਾਂ ਵਿਚ ਜਾਂਦਾ ਹੈ ਤਾਂ ਉਸਨੂੰ ਸੇਵਾ ਤੋਂ ਉਨੀ ਦੇਰ ਨਾਂਹ ਕੀਤੀ ਜਾਵੇ, ਜਦੋਂ ਤੱਕ ਉਹ ਮਾਸਕ ਨਹੀਂ ਪਾਉਂਦਾ। ਇਸੇ ਤਰਾਂ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿੰਮ, ਖੇਡ ਕੰਪਲੈਕਸ, ਮਿਊਜੀਅਮ, ਚਿੜੀਆਘਰ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ, ਪਰ ਉਥੋਂ ਦੇ ਸਾਰੇ ਸਟਾਫ ਨੂੰ ਕੋਰੋਨਾ ਦਾ ਟੀਕਾਕਰਨ ਹੋਇਆ ਹੋਣਾ ਜਰੂਰੀ ਹੈ। ਇਸੇ ਤਰਾਂ ਜਿਲ੍ਹੇ ਵਿਚ ਦਾਖਲ ਹੋਣ ਲਈ ਕੋਰੋਨਾ ਦਾ ਟੀਕਾਕਰਨ ਜਾਂ 72 ਘੰਟਿਆਂ ਦੌਰਾਨ ਕੀਤਾ ਕਰੋਨਾ ਟੈਸਟ ਜੋ ਕਿ ਨੈਗੇਟਿਵ ਹੋਣਾ ਚਾਹੀਦਾ ਹੈ, ਜਰੂਰੀ ਹੈ। ਵਿਸ਼ੇਸ਼ ਲੋੜਾਂ ਵਾਲੇ ਅਤੇ ਗਰਭਵਤੀ ਔਰਤ ਮੁਲਾਜ਼ਮ ਡਿਊਟੀ ਆਪਣੇ ਘਰ ਤੋਂ ਕਰ ਸਕਦੇ ਹਨ। ਉਨਾਂ ਕਿਹਾ ਕਿ ਇੰਨਾ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸੈਕਸ਼ਨ 51 ਡਿਸਾਟਰ ਮੈਨਜਮੈਂਟ ਐਕਟ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ 12000 ਰੋਜ਼ਾਨਾ ਦੇ ਟੀਚੇ ਤੈਅ


ਤਿੰਨੋਂ ਵਧੀਕ ਡਿਪਟੀ ਕਮਿਸ਼ਨਰ ਕਰਨਗੇ ਟੀਚਿਆਂ ਦੀ ਰੋਜ਼ਾਨਾ ਪ੍ਰਾਪਤੀ ਦੀ ਨਿਗਰਾਨੀ

ਨਵਾਂਸ਼ਹਿਰ, 27 ਜਨਵਰੀ : -ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਵੀਰਵਾਰ ਨੂੰ ਜ਼ਿਲ੍ਹੇ ਦੇ ਹਰੇਕ ਯੋਗ ਲਾਭਪਾਤਰੀ ਦੇ ਮੁਕੰਮਲ ਟੀਕਾਕਰਨ ਲਈ ਜ਼ਿਲ੍ਹੇ ਦੇ ਤਿੰਨਾਂ ਵਧੀਕ ਡਿਪਟੀ ਕਮਿਸ਼ਨਰਾਂ (ਏ.ਡੀ.ਸੀਜ਼.) ਨੂੰ ਤਾਇਨਾਤ ਕੀਤਾ ਹੈ।

ਟੀਕਾਕਰਨ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਬੰਗਾ, ਸੁੱਜੋਂ ਅਤੇ ਮੁਕੰਦਪੁਰ ਸਿਹਤ ਕੇਂਦਰਾਂ ਅਧੀਨ ਪੈਂਦੇ ਇਲਾਕਿਆਂ ਵਿਚ ਟੀਕਾਕਰਨ ਮੁਹਿੰਮ ਦੀ ਨਿਗਰਾਨੀ ਕਰਨਗੇ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਸਰੀਨ ਨਵਾਂਸ਼ਹਿਰ, ਮੁਜ਼ੱਫਰਪੁਰ ਅਤੇ ਰਾਹੋਂ ਸਿਹਤ ਕੇਂਦਰਾਂ ਚ ਪੈਂਦੇ ਖੇਤਰਾਂ ਚ  ਵਿਖੇ ਟੀਕਾਕਰਨ ਮੁਹਿੰਮ 'ਤੇ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਬਲਾਚੌਰ ਅਤੇ ਸੜੋਆ ਸਿਹਤ ਕੇਂਦਰਾਂ ਤਹਿਤ ਪੈਂਦੇ ਇਲਾਕਿਆਂ ਵਿਖੇ ਟੀਕਾਕਰਨ ਮੁਹਿੰਮ ਦੀ ਨਿਗਰਾਨੀ ਕਰਨਗੇ।

   ਸ਼੍ਰੀ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ 12000 ਖੁਰਾਕਾਂ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਉਹ ਰੋਜ਼ਾਨਾ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਦਾ ਜਾਇਜ਼ਾ ਲੈਣਗੇ।

ਉਨ੍ਹਾਂ ਕਿਹਾ ਕਿ ਟੀਚੇ ਨੂੰ ਪੂਰਾ ਕਰਨ ਲਈ ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਅਤੇ ਸਿਹਤ ਟੀਮਾਂ ਨੂੰ ਢੁੱਕਵਾਂ ਸਹਿਯੋਗ ਯਕੀਨੀ ਬਣਾਉਣ ਲਈ ਤਿੰਨੋਂ ਏ.ਡੀ.ਸੀਜ਼ ਆਪਣੇ-ਆਪਣੇ ਖੇਤਰਾਂ ਵਿੱਚ ਸੈਸ਼ਨ ਸਾਈਟਾਂ ਦਾ ਦੌਰਾ ਵੀ ਕਰਨਗੇ।

ਕੋਵਿਡ-19 ਦਾ ਮੁਕਾਬਲਾ ਕਰਨ ਲਈ ਟੀਕਾਕਰਨ ਦੀ ਮਹੱਤਤਾ ਦੱਸਦਿਆਂ, ਉਨ੍ਹਾਂ ਕਿਹਾ ਕਿ ਇਹ ਸਾਡੀ ਸਭਨਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਅੱਗੇ ਆਉਣ ਅਤੇ ਟੀਕਾ ਲਗਵਾਉਣ ਦੀ ਅਪੀਲ ਕੀਤੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗ ਵਿਅਕਤੀਆਂ ਦੀ ਟੀਕਾਕਰਨ ਮੁਹਿੰਮ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ, ਇਸ ਮੁਹਿੰਮ ਨੂੰ ਕੋਵਿਡ ਮਹਾਂਮਾਰੀ ਵਿਰੁੱਧ ਜਨਤਕ ਲਹਿਰ ਬਣਾਉਣ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ, ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਟੀਕਾਕਰਨ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਸ਼੍ਰੀ ਸਾਰੰਗਲ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋ ਕੇ ਕੋਵਿਡ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਅਪੀਲ ਵੀ ਕੀਤੀ।

ਜ਼ਿਲ੍ਹੇ ਵਿੱਚ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਇੱਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ

ਨਵਾਂਸ਼ਹਿਰ/ਬਲਾਚੌਰ, 27 ਜਨਵਰੀ : - ਜ਼ਿਲ੍ਹੇ ਵਿੱਚ 25 ਜਨਵਰੀ ਤੋਂ ਸ਼ੁਰੂ ਹੋਏ ਨਾਮਜ਼ਦਗੀ ਅਮਲ ਦੌਰਾਨ ਅੱਜ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਇੱਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਅੱਜ ਬਲਾਚੌਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਸ਼ੋਕ ਬਾਠ ਸਮੇਤ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।  ਸ਼੍ਰੀ ਸਾਰੰਗਲ ਅਨੁਸਾਰ ਇਸ ਸਬੰਧੀ ਨੋਟੀਫਿਕੇਸ਼ਨ 25 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ ਹੈ। ਉਨ੍ਹਾਂ ਕਿਹਾ ਕਿ 30 ਜਨਵਰੀ ਨੂੰ ਛੁੱਟੀ ਹੋਣ ਦੇ ਮੱਦੇਨਜ਼ਰ ਕੋਈ ਨਾਮਜ਼ਦਗੀ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ ਹੋਵੇਗੀ ਅਤੇ ਵਾਪਸੀ ਦੀ ਆਖਰੀ ਮਿਤੀ 4 ਫਰਵਰੀ ਹੈ। ਅੱਜ ਨਵਾਂਸ਼ਹਿਰ ਅਤੇ ਬੰਗਾ ਵਿਚ ਕੋਈ ਨਾਮਜ਼ਦਗੀ ਨਹੀਂ ਦਰਜ ਕੀਤੀ ਗਈ।        

ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ 'ਚ ਪੰਜ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ

ਪਟਿਆਲਾ ਸ਼ਹਿਰੀ ਤੇ ਦਿਹਾਤੀ ਹਲਕਿਆਂ ਲਈ ਦੋ-ਦੋ ਅਤੇ ਸਨੌਰ ਤੋਂ ਇਕ ਉਮੀਦਵਾਰ ਨੇ ਭਰੇ ਕਾਗਜ਼
ਪਟਿਆਲਾ, 27 ਜਨਵਰੀ:- ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਦੂਜੇ ਦਿਨ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ 'ਚ ਪੰਜ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅੱਜ 27 ਜਨਵਰੀ ਨੂੰ ਪਟਿਆਲਾ ਦਿਹਾਤੀ ਤੋਂ ਦੋ ਉਮੀਦਵਾਰਾਂ, ਪਟਿਆਲਾ ਸ਼ਹਿਰੀ ਤੋਂ ਦੋ ਉਮੀਦਵਾਰਾਂ ਤੇ ਸਨੌਰ ਹਲਕੇ ਤੋਂ ਇਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰਾਂ ਕੋਲ ਦਾਖਲ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ 110-ਪਟਿਆਲਾ ਦਿਹਾਤੀ ਲਈ ਆਮ ਆਦਮੀ ਪਾਰਟੀ ਵੱਲੋਂ ਬਲਬੀਰ ਸਿੰਘ ਅਤੇ ਰਾਹੁਲ ਕਮਲ ਨੈਣ ਸਿੰਘ ਸੈਣੀ ਨੇ ਰਿਟਰਨਿੰਗ ਅਫ਼ਸਰ -ਕਮ- ਏ.ਡੀ.ਸੀ. (ਡੀ) ਗੌਤਮ ਜੈਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਅਤੇ 115-ਪਟਿਆਲਾ ਸ਼ਹਿਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਪੰਕਜ਼ ਮੋਹਿੰਦਰੁ ਤੇ ਆਜ਼ਾਦ ਉਮੀਦਵਾਰ ਗੁਰਮੁੱਖ ਸਿੰਘ ਵੱਲੋਂ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ ਚਰਨਜੀਤ ਸਿੰਘ ਕੋਲ ਨਾਮਜ਼ਦਗੀ ਕਾਗਜ਼ ਭਰੇ ਗਏ ਹਨ। 114-ਸਨੌਰ ਹਲਕੇ 'ਚ ਆਜ਼ਾਦ ਉਮੀਦਵਾਰ ਜਗਦੇਵ ਸਿੰਘ ਵੱਲੋਂ ਰਿਟਰਨਿੰਗ ਅਫ਼ਸਰ -ਕਮ- ਸੁਯੰਕਤ ਕਮਿਸ਼ਨਰ ਨਗਰ ਨਿਗਮ ਜਸਲੀਨ ਕੌਰ ਭੁੱਲਰ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਸਬੰਧੀ ਮੁਕੰਮਲ ਜਾਣਕਾਰੀ ਮੋਬਾਈਲ ਐਪ 'ਨੋ ਯੂਅਰ ਕੈਂਡੀਡੇਟ' ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ, 111- ਰਾਜਪੁਰਾ, 113-ਘਨੌਰ, 116-ਸਮਾਣਾ ਅਤੇ 117-ਸ਼ੁਤਰਾਣਾ ਵਿਖੇ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ ਹਨ।

ਗੱਠਜੋੜ ਦੀ ਸਰਕਾਰ ਦੀ ਪ੍ਰਾਥਮਿਕਤਾ ਹੋਵੇਗੀ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰੇ ਨੂੰ ਬਹਾਲ ਰੱਖਣਾ-ਬਿਕਰਮ ਚਹਿਲ

73ਵੇਂ ਗਣਤੰਤਰਤਾਂ ਦਿਵਸ 'ਤੇ ਲੋਕਾਂ ਨੂੰ ਦਿੱਤੀ ਵਧਾਈ
ਸਨੌਰ,27 ਜਨਵਰੀ:- ਉੱਘੇ ਸਮਾਜ ਸੇਵੀ ਅਤੇ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਗੱਠਜੋੜ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਅੱਜ ਦੇਸ਼ ਵਾਸੀਆਂ ਨੂੰ 73ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ । ਇਸ ਦੌਰਾਨ ਉਹਨਾਂ ਨੇ ਸੁਤੰਤਰਤਾ ਸੰਗ੍ਰਾਮ ਦੌਰਾਨ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਕਿਹਾ ਕਿ "ਜਿਹਨਾਂ ਕ੍ਰਾਂਤੀਕਾਰੀਆਂ ਦੀ ਬਦੌਲਤ ਸਾਨੂੰ ਆਜ਼ਾਦੀ ਪ੍ਰਾਪਤ ਹੋਈ ਹੈ,ਸਾਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੇ ਦੱਸੇ ਰਸਤਿਆਂ ਤੇ ਚੱਲਣਾ ਚਾਹੀਦਾ ਹੈ ।" ਉਹਨਾਂ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਗੱਠਜੋੜ ਦੀ ਸਰਕਾਰ ਆਉਣ ਤੇ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰੇ ਨੂੰ ਬਹਾਲ ਰੱਖਣਾ ਹੀ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ । ਉਹਨਾਂ ਕਿਹਾ ਕਿ ਉਹ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹਲਕੇ ਵਿੱਚੋਂ ਜੜ੍ਹਾਂ ਤੋਂ ਖਤਮ ਕਰਕੇ ਹੀ ਸਾਹ ਲੈਣਗੇ।

ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼-ਰੰਧਾਵਾ

ਅੰਮ੍ਰਿਤਸਰ 26 ਜਨਵਰੀ: ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਗਣਤੰਤਰ ਦਿਵਸ ਮੌਕੇ ਦਿੱਤੇ ਆਪਣੇ ਭਾਵੁਕ ਭਾਸ਼ਣ ਵਿਚ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਯਾਦ ਕਰਦੇ ਕਿਹਾ ਕਿ ਅੱਜ ਇੰਨਾ ਸੂਰਮਿਆਂ ਦੀ ਬਦੌਲਤ ਅਸੀਂ ਸਾਰੇ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਤੇ ਭਾਰਤ ਦੁਨੀਆਂ ਵਿਚ ਵੱਡਾ ਲੋਕਤੰਤਰ ਦੇਸ਼ ਬਣ ਸਕਿਆ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸੰਬੋਧਨ ਕਰਦੇ ਸ. ਰੰਧਾਵਾ ਨੇ ਕਿਹਾ ਕਿ ਜਿੱਥੇ ਮੇਰੇ ਦੇਸ਼ ਦੇ ਜਵਾਨ, ਜਿਸ ਵਿਚ ਫੌਜ, ਪੈਰਾ ਮਿਲਟਰੀ ਫੋਰਸ ਤੇ ਪੁਲਿਸ ਦੇ ਜਵਾਨ ਸ਼ਾਮਿਲ ਹਨ, ਨੇ ਦੇਸ਼ ਉਤੇ ਅੰਦਰੋਂ ਤੇ ਬਾਹਰੋਂ ਆਏ ਹਰ ਦੁਸ਼ਮਣ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ, ਉਥੇ ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ-ਭੰਡਾਰ ਭਰੇ ਹਨ। ਉਨਾਂ ਕਿਹਾ ਕਿ ਕਿਸੇ ਸਮੇਂ ਦੇਸ਼ ਨੂੰ ਅੰਨ ਲਈ ਬਾਹਰ ਦੇ ਮੁਲਕਾਂ ਅੱਗੇ ਹੱਥ ਫੈਲਾਣਾ ਪੈਂਦਾ ਸੀ, ਪਰ ਸਾਡੇ ਕਿਸਾਨਾਂ ਨੇ ਜੋ ਕਿ ਗਿਣਤੀ ਵਿਚ ਸਿਰਫ 2 ਫੀਸਦੀ ਹੀ ਹਨ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਵਾਸੀਆਂ ਦਾ ਪੇਟ ਭਰਿਆ ਹੈ।  
        ਉਨਾਂ ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਕਾਇਮੀ ਲਈ ਜਵਾਨਾਂ ਦੀ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।  ਉਨਾਂ ਕਿਹਾ ਕਿ 26 ਜਨਵਰੀ 1950 ਨੂੰ ਅੱਜ ਦੇ ਦਿਨ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਵੱਡੀ ਜਮਹੂਰੀਅਤ ਬਣਨ ਦਾ ਮਾਣ ਪ੍ਰਾਪਤ ਹੋਇਆ। ਉਨਾਂ ਕਿਹਾ ਕਿ ਗੁਰੂ ਨਗਰੀ ਨੇ ਵੱਡੇ ਸਾਕੇ ਆਪਣੀ ਹਿੱਕ ਉਤੇ ਹਿੰਡਾਏ ਹਨ, ਜਿੰਨਾ ਦੀ ਬਦੌਲਤ ਅੱਜ ਦਾ ਦਿਨ ਵੇਖਣਾ ਨਸੀਬ ਹੋਇਆ ਹੈ। ਉਨਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਗੁਰੂ ਨਗਰੀ ਵਿਚ ਮੈਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ।
 ਮੁੱਖ ਮਹਿਮਾਨ ਵਲੋਂ ਪਰੇਡ ਕਮਾਂਡਰ ਗੁਰਿੰਦਰਬੀਰ ਸਿੰਘ ਸਿੱਧੂ ਨੂੰ ਵਧੀਆ ਪਰੇਡ ਲਈ ਮੋਮੈਂਟੋ ਦੇ ਕੇ ਸਨਮਾਨਤ ਕੀਤਾ। ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋਂ ਮੁੱਖ ਮਹਿਮਾਨ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਜ਼ਿਲਾ ਸ਼ੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ,  ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਸਹਾਇਕ ਕਮਿਸ਼ਨਰ ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ. ਸ੍ਰੀ ਰਾਜੇਸ਼ ਸ਼ਰਮਾ, ਐਸ ਡੀ ਐਮ ਸ੍ਰੀਮਤੀ ਦਮਨਦੀਪ ਕੌਰ, ਜਿਲ੍ਹਾ ਮਾਲ ਅਧਿਕਾਰੀ ਸ. ਰਵਿੰਦਰਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ

73ਵੇਂ ਗਣਤੰਤਰ ਦਿਵਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ

-ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲੇ ਵੋਟ ਪਾਉਣ ਦੇ ਅਧਿਕਾਰ ਦੀ ਖੁਲ੍ਹਕੇ ਵਰਤੋਂ ਕਰਨ ਪੰਜਾਬ ਵਾਸੀ-ਮਨਪ੍ਰੀਤ ਸਿੰਘ ਬਾਦਲ

ਪਟਿਆਲਾ, 26 ਜਨਵਰੀ : ਦੇਸ਼ ਦੇ 73ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਵਿੱਤ, ਕਰ, ਪ੍ਰਸ਼ਾਸਕੀ ਸੁਧਾਰ, ਯੋਜਨਾਬੰਦੀ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਵਿਭਾਗਾਂ ਦੇ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਪਟਿਆਲਾ ਦੇਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਇਆ। ਕੋਵਿਡ ਪ੍ਰੋਟੋਕਾਲ ਅਨੁਸਾਰ ਪੂਰੇ ਉਤਸ਼ਾਹ ਨਾਲ ਮਨਾਏ ਗਏ ਗਣਤੰਤਰ ਦਿਵਸ ਦੇ ਇਸ ਸਮਾਗਮ ਮੌਕੇ ਸ. ਬਾਦਲ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਵੀ ਮੌਜੂਦ ਸਨ।
ਆਪਣੇ ਸੰਬੋਧਨ ਦੌਰਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਭਾਰਤ, ਦੁਨੀਆਂ ਦਾ ਸਭ ਤੋਂ ਵੱਡਾ ਗਣਰਾਜ ਹੈ, ਜਿੱਥੇ ਮਹਾਨ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਸਦਕਾ, ਦੇਸ਼ ਵਾਸੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ।
ਸ. ਬਾਦਲ ਨੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ, ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬਾ ਨਿਵਾਸੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਖੁੱਲ੍ਹਕੇ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਹ ਅਧਿਕਾਰ, ਉਨ੍ਹਾਂ ਲੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲਿਆ ਹੈ, ਜਿਨ੍ਹਾਂ ਨੇ ਆਪਣੀ ਧਰਤੀ ਮਾਂ ਦਾ ਕਰਜ ਚੁਕਾਉਣ ਲਈ ਆਪਣੀ ਜਾਨ ਦੀ ਆਹੂਤੀ ਦਿੱਤੀ।
ਵਿੱਤ ਮੰਤਰੀ ਨੇ ਮਹਾਨ ਸ਼ਹੀਦਾਂ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਹੋਰਨਾਂ ਦਾ ਜਿਕਰ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਗੱਲ ਦਾ ਹਲਫ਼ ਲੈਣ, ਕਿ ਉਹ ਦੇਸ਼ ਵਿੱਚੋਂ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਨਸ਼ਾਖੋਰੀ ਅਤੇ ਵਤਨ ਦੇ ਦੁਸ਼ਮਣਾਂ ਦਾ ਖਾਤਮਾ ਕਰਨਗੇ ਅਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਵਿਧਾਇਕ ਸਮਾਣਾ ਰਾਜਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਚੇਅਰਮੈਨ ਪੀ.ਆਰ.ਟੀ.ਸੀ. ਸਤਵਿੰਦਰ ਸਿੰਘ ਚੈੜੀਆਂ, ਮੇਅਰ ਨਗਰ ਨਿਗਮ ਸੰਜੀਵ ਸ਼ਰਮਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ, ਆਈ.ਜੀ. ਰਾਕੇਸ਼ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨਜ ਜੱਜ ਰਾਜਿੰਦਰ ਅਗਰਵਾਲ ਤੇ ਹੋਰ ਜੁਡੀਸ਼ੀਅਲ ਅਧਿਕਾਰੀ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਐਸ.ਐਸ.ਪੀ. ਡਾ. ਸੰਦੀਪ ਗਰਗ, ਭਾਰਤੀ ਫੌਜ ਦੀ ਪਹਿਲੀ ਆਰਮਰਡ ਡਵੀਜਨ ਤੋਂ ਲੈਫਟੀਨੈਟ ਕਰਨਲ ਅਜੇ ਕੁਮਾਰ, ਏ.ਈ.ਟੀ.ਸੀ. ਆਬਕਾਰੀ ਸਾਗਰ ਸੇਤੀਆ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਚੰਦਰ ਜੋਤੀ ਸਿੰਘ, ਐਸ.ਪੀ ਮਹਿਤਾਬ ਸਿੰਘ, ਐਸ.ਪੀ. ਹਰਕੰਵਲ ਕੌਰ, ਐਸ.ਡੀ.ਐਮ. ਚਰਨਜੀਤ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ ਤੇ ਜਸਲੀਨ ਕੌਰ ਭੁੱਲਰ, ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸਨਮਾਨਤ ਕੀਤਾ ਗਿਆ। ਜਦਕਿ ਪਟਿਆਲਾ ਵਾਸੀ ਅਤੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਤੇ ਮੁੱਖ ਸੰਪਾਦਕ ਸ. ਜਗਜੀਤ ਸਿੰਘ ਦਰਦੀ, ਜਿਨ੍ਹਾਂ ਦੀ ਇਸ ਗਣਤੰਤਰ ਦਿਵਸ ਮੌਕੇ ਪਦਮ ਸ੍ਰੀ ਅਵਾਰਡ ਲਈ ਚੋਣ ਕੀਤੀ ਗਈ ਹੈ, ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪਰੇਡ ਕਮਾਂਡਰ ਡੀ.ਐਸ.ਪੀ. ਮੋਹਿਤ ਅਗਰਵਾਲ, ਪਹਿਲੇ ਸਥਾਨ 'ਤੇ ਆਉਣ ਵਾਲੀ ਪਰੇਡ ਟੁਕੜੀ ਦੇ ਪਲਟੂਨ ਕਮਾਂਡਰ ਆਕਾਸ਼ ਸ਼ਰਮਾ, ਬੈਂਡ ਮਾਸਟਰ ਐਸ.ਆਈ. ਵਿਕਾਸ ਕੁਮਾਰ ਨੂੰ ਵੀ ਸਨਮਾਨਤ ਕੀਤਾ ਗਿਆ।
ਗਣਤੰਤਰ ਦਿਵਸ ਦੀ ਪਰੇਡ ਵਿੱਚ ਪਰੇਡ ਕਮਾਂਡਰ ਡੀ.ਐਸ.ਪੀ. ਸਿਟੀ-2 ਮੋਹਿਤ ਅਗਰਵਾਲ ਦੀ ਅਗਵਾਈ ਹੇਠ 8 ਟੁਕੜੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਦੋ ਟੁਕੜੀਆਂ ਜ਼ਿਲ੍ਹਾ ਪਟਿਆਲਾ ਪੁਲਿਸ ਦੇ ਪੁਰਸ਼ਾਂ ਤੇ ਇੱਕ ਟੁਕੜੀ ਮਹਿਲਾ ਵਿੰਗ ਸਮੇਤ ਹੋਮ ਗਾਰਡਜ਼ ਦੀ ਇੱਕ ਟੁਕੜੀ, ਐਨ.ਸੀ.ਸੀ. ਏਅਰ ਵਿੰਗ, ਐਨ.ਸੀ.ਸੀ. ਆਰਮੀ ਵਿੰਗ, ਐਨ.ਸੀ.ਸੀ. ਗਰਲਜ਼ ਬਟਾਲੀਅਨ ਅਤੇ ਫਸਟ ਆਈ.ਆਰ.ਬੀ. ਪਟਿਆਲਾਦਾ ਪਾਈਪ ਬੈਂਡਸ਼ਾਮਲ ਸੀ। ਇਸ ਮੌਕੇ ਪਟਿਆਲਾ ਦੇ ਮਾਣਮੱਤੇ ਇਤਿਹਾਸ, ਕਲਾ, ਸਾਹਿਤ, ਖੇਡਾਂ ਅਤੇ ਟੈਕਨਾਲੋਜੀ ਨਾਲ ਸਬੰਧਤ ਮਹਾਨ ਹਸਤੀਆਂ, ਜਿਨ੍ਹਾਂ ਦਾ ਸਬੰਧ ਪਟਿਆਲਾ ਨਾਲ ਹੈ, ਨੂੰ ਦਰਸਾਉਂਦੀ ਸਵੀਪ ਦੇ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸੀਸ ਸਿੰਘ ਅੰਟਾਲ ਵੱਲੋਂ ਤਿਆਰ ਕਰਵਾਈ ਗਈ ਵਿਸ਼ੇਸ਼ ਡਾਕੂਮੈਂਟਰੀ ਵੀ ਦਿਖਾਈ ਗਈ।

ਡੀ ਸੀ ਵਿਸ਼ੇਸ਼ ਸਾਰੰਗਲ ਨੇ ਖਟਕੜ ਕਲਾਂ ਵਿਖੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਬੰਗਾ, 26 ਜਨਵਰੀ :- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਬੁੱਧਵਾਰ ਨੂੰ 73ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕੀਤੀ।  ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਸ.ਡੀ.ਐਮ ਨਵਨੀਤ ਕੌਰ ਬੱਲ ਦੇ ਨਾਲ ਸ਼੍ਰੀ ਸਾਰੰਗਲ ਨੇ ਸ਼ਹੀਦ ਏ ਆਜ਼ਮ ਦੇ ਪਿਤਾ ਸਰਦਰ ਕਿਸ਼ਨ ਸਿੰਘ ਨੂੰ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਅਤੇ ਯਾਦਗਾਰ ਵਿਖੇ, ਉਨ੍ਹਾਂ ਦੀ ਸਮਾਧ 'ਤੇ ਸ਼ਰਧਾਂਜਲੀ ਭੇਟ ਕੀਤੀ।  ਉਨ੍ਹਾਂ ਕਿਹਾ ਕਿ ਅਸੀਂ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਨਿਛਾਵਰ ਕਰਨ ਵਾਲੇ ਦੇਸ਼ ਦੇ ਮਹਾਨ ਸਪੂਤ ਦੀ ਕੁਰਬਾਨੀ ਅਤੇ ਸ਼ਹਾਦਤ ਦੇ ਰਿਣੀ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਮਹਾਨ ਸ਼ਹੀਦਾਂ ਦਾ ਜੀਵਨ ਅਤੇ ਫਲਸਫਾ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਦੇ ਸ਼ਹੀਦਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਸੱਦਾ ਦਿੱਤਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ।    ਉਨ੍ਹਾਂ ਨੇ ਲੋਕਾਂ ਨੂੰ ਭਾਰਤੀ ਸੰਵਿਧਾਨ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਵੀ ਕਿਹਾ। ਇਸ ਮੌਕੇ ਉੱਪ ਪੁਲੀਸ ਕਪਤਾਨ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

ਡੀ ਸੀ ਵਿਸ਼ੇਸ਼ ਸਾਰੰਗਲ ਨੇ 73ਵੇਂ ਗਣਤੰਤਰ ਦਿਵਸ 'ਤੇ ਨਵਾਂਸ਼ਹਿਰ ਵਿਖੇ ਲਹਿਰਾਇਆ ਤਿਰੰਗਾ

ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਲੋਕਾਂ ਨੂੰ ਡਾ. ਅੰਬੇਡਕਰ ਦੇ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ
ਨਵਾਂਸ਼ਹਿਰ, 26 ਜਨਵਰੀ :- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਮਤਦਾਨ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਮਤਦਾਨ ਦੇ ਨਵੇਂ ਰਿਕਾਰਡ ਕਾਇਮ ਕਰਨ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਵੋਟਾਂ ਵਾਲੇ ਦਿਨ (20 ਫਰਵਰੀ ਨੂੰ) ਉਨ੍ਹਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਭਾਰਤ ਵਿੱਚ ਲੋਕਤੰਤਰ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੇਗੀ।
     ਅੱਜ ਇੱਥੇ 73ਵੇਂ ਗਣਤੰਤਰ ਦਿਵਸ ਸਮਾਰੋਹ ਦੌਰਾਨ ਸਥਾਨਕ ਆਈ.ਟੀ.ਆਈ. ਗਰਾਊਂਡ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਵਿੱਚ ਵੋਟਰਾਂ ਦੀ ਇਤਿਹਾਸਕ ਸ਼ਮੂਲੀਅਤ ਨਵੇਂ ਮੀਲ ਪੱਥਰ ਕਾਇਮ ਕਰੇਗੀ ਅਤੇ ਭਾਰਤ ਨੂੰ ਵਿਸ਼ਵ ਵਿੱਚ ਹੋਰ ਮਜ਼ਬੂਤ ਲੋਕਤੰਤਰੀ ਦੇਸ਼ ਬਣਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਵੋਟਰ ਬਣਨਾ ਮਾਣ ਵਾਲੀ ਗੱਲ ਹੈ ਅਤੇ ਵੋਟਰਾਂ ਨੂੰ ਆਪਣੇ ਵੋਟ ਦੇ ਮੌਲਿਕ ਅਧਿਕਾਰ ਦੀ ਵਰਤੋਂ ਲਈ ਯਾਦ ਦਿਵਾਇਆ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਗੇ ਅਤੇ ਦੇਸ਼ ਨੂੰ ਹੋਰ ਉਚਾਈਆਂ ਅਤੇ ਅੱਗੇ ਲੈ ਕੇ ਜਾਣ ਵਾਲੀ ਮਜ਼ਬੂਤ ਪ੍ਰਣਾਲੀ ਦੀ ਸਿਰਜਣਾ ਕਰਨਗੇ।  
   ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਡਾਕਟਰਾਂ, ਸਿਹਤ ਅਤੇ ਹੋਰ ਫਰੰਟ ਲਾਈਨ ਵਰਕਰਾਂ ਦੇ ਬੇਮਿਸਾਲ ਯੋਗਦਾਨ ਨੂੰ ਸਲਾਮ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਉਨ੍ਹਾਂ ਦੀ ਵਚਨਬੱਧਤਾ ਅਤੇ ਸਮਰਪਿਤ ਕੋਸ਼ਿਸ਼ਾਂ ਸਦਕਾ, ਪੰਜਾਬ ਇੱਕ ਅਦਿੱਖ ਦੁਸ਼ਮਣ ਵਿਰੁੱਧ ਇਸ ਜੰਗ ਵਿੱਚ ਜੇਤੂ ਬਣ ਕੇ ਉੱਭਰਿਆ ਹੈ।  ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਜੋ ਇਸ ਮਾਰੂ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
 ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੀ ਸਾਰੰਗਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਦਾ ਮੌਜੂਦਾ ਸਰੂਪ ਡਾ. ਅੰਬੇਡਕਰ ਦੀ ਮਿਹਨਤ, ਲਗਨ ਅਤੇ ਦੂਰਅੰਦੇਸ਼ੀ ਦਾ ਨਤੀਜਾ ਹੈ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਕਿਹਾ।  ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਲਈ ਨਿਆਂ ਅਤੇ ਸਮਾਨਤਾ ਦੀ ਪ੍ਰਾਪਤੀ ਲਈ ਸਮਰਪਿਤ ਅਤੇ ਸਾਂਝੇ ਯਤਨ ਕਰਨ ਦਾ ਸੱਦਾ ਵੀ ਦਿੱਤਾ।
 ਉਨ੍ਹਾਂ ਲੋਕਾਂ ਨੂੰ ਇਸ ਇਤਿਹਾਸਕ ਦਿਹਾੜੇ 'ਤੇ ਪੰਜਾਬ ਨੂੰ ਅਗਾਂਹਵਧੂ ਸੂਬਾ ਬਣਾਉਣ ਲਈ ਦ੍ਰਿੜ ਸੰਕਲਪ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੀ ਮਾਤ ਭੂਮੀ ਨੂੰ ਦਮਨਕਾਰੀ ਤਾਕਤਾਂ ਤੋਂ ਆਜ਼ਾਦ ਕਰਵਾਉਣ ਲਈ ਲਾਮਿਸਾਲ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੀਆਂ ਖਾਹਿਸ਼ਾਂ 'ਤੇ ਪਹਿਰਾ ਦੇਣਾ ਸਮੇਂ ਦੀ ਲੋੜ ਹੈ।
 ਉਨ੍ਹਾਂ ਕਿਹਾ ਕਿ ਇਹ ਸ਼ੁਭ ਦਿਹਾੜਾ ਭਾਰਤ ਦੇ ਇੱਕ ਪ੍ਰਭੂਸੱਤਾ ਸੰਪੰਨ ਅਤੇ ਲੋਕਤੰਤਰੀ ਰਾਸ਼ਟਰ ਬਣਨ ਦੀ ਯਾਦ ਵਿੱਚ ਹਰ ਸਾਲ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੀ ਬੇਮਿਸਾਲ ਕੁਰਬਾਨੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।
 ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਪਰੇਡ ਕਮਾਂਡਰ ਡੀ ਐਸ ਪੀ ਸ਼ਾਹਬਾਜ਼ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲੀਸ (ਮਹਿਲਾ ਅਤੇ ਪੁਰਸ਼), ਐਨ ਸੀ ਸੀ ਅਤੇ ਸਕੂਲ ਬੈਂਡ ਦੀਆਂ ਟੁਕੜੀਆਂ ਪਾਸੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਦੌਰਾਨ ਸਲਾਮੀ ਲਈ।
 ਉਨ੍ਹਾਂ ਨੇ ਸਮਾਜਿਕ ਅਤੇ ਕੋਵਿਡ-19 ਪ੍ਰਤੀ ਵੱਖ ਵੱਖ ਸਖਸ਼ੀਅਤਾਂ ਦੇ ਜ਼ਿਕਰਯੋਗ ਯੋਗਦਾਨ ਲਈ ਲਗਭਗ 24 ਪ੍ਰਮੁੱਖ ਅਧਿਕਾਰੀਆਂ, ਡਾਕਟਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਵੱਖ-ਵੱਖ ਖੇਤਰਾਂ 'ਚ ਵਿਚਰਦੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ।
 ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਮਰਦੀਪ ਸਿੰਘ ਬੈਂਸ ਤੇ ਮੇਜਰ ਅਮਿਤ ਸਰੀਨ, ਐਸ ਪੀ ਮਨਵਿੰਦਰਬੀਰ ਸਿੰਘ, ਐਸ.ਡੀ.ਐਮ ਡਾ: ਬਲਜਿੰਦਰ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਦੀਪਾਂਕਰ  ਗਰਗ ਤੇ ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਤੇ ਹੋਰ ਅਧਿਕਾਰੀ ਮੌਜੂਦ ਸਨ।
 ਇਸ ਦੌਰਾਨ ਆਈ ਟੀ ਆਈ ਗਰਾਊਂਡ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ ਬੱਸ ਸਟੈਂਡ ਨੇੜੇ ਡਾ.ਬੀ.ਆਰ.ਅੰਬੇਦਕਰ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।

ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅਤੇ ਰਿਹਾਇਸ਼ ਵਿਖੇ ਝੰਡਾ ਲਹਿਰਾਇਆ ਗਿਆ

ਨਵਾਂਸ਼ਹਿਰ, 26 ਜਨਵਰੀ :- ਦੇਸ਼ ਦੇ 73ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਕੈਂਪ ਆਫ਼ਿਸ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਜਸਬੀਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ।   ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਵਿਧਾਨ ਵਿੱਚ ਦਰਜ ਰਾਸ਼ਟਰ ਪ੍ਰਤੀ ਜ਼ਿੰਮੇਂਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਰਾਜੀ ਰਾਸ਼ਟਰ ਹੈ ਅਤੇ ਸਾਨੂੰ ਇਸ ਦੇ ਮਾਣ ਅਤੇ ਗੌਰਵ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਪੁਲੀਸ ਦੀਆਂ ਟੁਕੜੀਆਂ ਨੇ ਸਲਾਮੀ ਦਿੱਤੀ।

ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਸਦਕਾ ਬਲਾਚੌਰ ਵਿਧਾਨ ਸਭਾ ਹਲਕੇ 'ਚ ਕਈ ਵਿਕਾਸ ਪ੍ਰੋਜੈਕਟ ਆਏ : ਸੰਸਦ ਮੈਂਬਰ ਮਨੀਸ਼ ਤਿਵਾੜੀ

ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ
ਬਲਾਚੌਰ, 25 ਜਨਵਰੀ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਸਦਕਾ ਬਲਾਚੌਰ ਵਿਧਾਨ ਸਭਾ ਹਲਕੇ ਵਿੱਚ ਕਈ ਵਿਕਾਸ ਕਾਰਜ ਆਏ ਹਨ, ਇਸ ਲਈ ਵਿਕਾਸ ਕਾਰਜਾਂ ਦੀ ਗੱਲ ਹੋਵੇ ਤਾਂ ਕਿ ਹਲਕੇ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਹੋਵੇ ਜਾਂ ਫਿਰ ਖੇਤੀਬਾੜੀ ਕਾਲਜ ਲਿਆਉਣਾ;
ਸਾਂਸਦ ਤਿਵਾੜੀ ਨੇ ਅੱਜ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਹੱਕ ਵਿੱਚ ਬਲਾਚੌਰ ਦੇ ਰੱਕੜ ਢਾਹਾ, ਸਿੰਘਪੁਰ, ਬੁੰਗੜੀ, ਧਕਤਾਣਾ, ਬਾਗੋਵਾਲ, ਕਾਠਗੜ੍ਹ ਸਮੇਤ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸ਼ਸਨ ਦੌਰਾਨ ਪੰਜਾਬ ਅਤੇ ਖਾਸ ਕਰਕੇ ਬਲਾਚੌਰ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਹੋਇਆ ਹੈ ਅਤੇ ਇੱਥੇ ਕਈ ਪ੍ਰੋਜੈਕਟ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਹਮੇਸ਼ਾ ਵਿਕਾਸ 'ਤੇ ਜ਼ੋਰ ਦਿੱਤਾ ਹੈ। ਇਲਾਕੇ ਵਿੱਚ ਸੜਕਾਂ, ਸੀਵਰੇਜ ਸਿਸਟਮ, ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਵਰਗੀਆਂ ਬੁਨਿਆਦੀ ਸਹੂਲਤਾਂ ਹੋਣ ਜਾਂ ਫਿਰ ਬੱਲੋਵਾਲ ਸੌੰਖੜੀ ਵਿੱਚ ਐਗਰੀਕਲਚਰ ਕਾਲਜ ਲਿਆਉਣਾ, ਇਹ ਸਭ ਕੁਝ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਸਦਕਾ ਹੀ ਹੋ ਸਕਿਆ ਹੈ।
ਇਸ ਮੌਕੇ ਮੰਗੂਪੁਰ ਨੇ ਕਿਹਾ ਕਿ ਬੀਤੇ ਪੰਜ ਸਾਲਾਂ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਚ ਇੰਨਾ ਵਿਕਾਸ ਹੋਇਆ ਹੈ, ਜਿੰਨਾ ਪਿਛਲੇ 20 ਸਾਲਾਂ ਚ ਨਹੀ ਹੋਇਆ ਸੀ ਅਤੇ ਉਨ੍ਹਾਂ ਦਾ ਉਦੇਸ਼ ਹਲਕੇ ਸਰਬਪੱਖੀ ਵਿਕਾਸ ਹੈ। 
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਤੀਸ਼ ਚੇਅਰਮੈਨ, ਕੈਪਟਨ ਅਮਰਚੰਦ ਸਰਪੰਚ, ਬਲਵੀਰ ਸਿੰਘ ਰਾਜ ਕੁਮਾਰ ਬਲਾਕ ਸਮਿਤੀ ਮੈਂਬਰ, ਹੀਰਾ ਖੇਪੜ ਪ੍ਰਧਾਨ ਯੂਥ ਕਾਂਗਰਸ ਨਵਾਂਸ਼ਹਿਰ, ਨੰਦਲਾਲ ਸਰਪੰਚ, ਬਾਲਕਿਸ਼ਨ ਸਰਪੰਚ, ਜਸਵਿੰਦਰ ਵਿੱਕੀ, ਸੁਜੀਤ ਮੰਗੂਪੁਰ ਆਦਿ ਹਾਜ਼ਰ ਸਨ।

ਡੀ ਸੀ ਅਤੇ ਐਸ ਐਸ ਪੀ, ਆਰ ਓ ਦਫਤਰਾਂ ਵਿੱਚ ਪ੍ਰਕਿਰਿਆ ਦਾ ਨਿਰੀਖਣ ਕਰਨ ਪੁੱਜੇ


ਨਾਮਜ਼ਦਗੀ ਪ੍ਰਕਿਰਿਆ ਦੌਰਾਨ ਰਹਿਣਗੇ ਆਰ ਓ ਦਫਤਰਾਂ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ

 ਨਵਾਂਸ਼ਹਿਰ, 25 ਜਨਵਰੀ :- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ (ਐਸ ਐਸ ਪੀ) ਕੰਵਰਦੀਪ ਕੌਰ ਨੇ ਮੰਗਲਵਾਰ ਨੂੰ ਨਵਾਂਸ਼ਹਿਰ ਅਤੇ ਬੰਗਾ ਦੇ ਐਸ ਡੀ ਐਮਜ਼ ਕਮ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਨਾਮਜ਼ਦਗੀ ਲਈ ਕੀਤੇ ਪ੍ਰਬੰਧਕਾਂ ਦਾ ਨਿਰੀਖਣ ਕੀਤਾ।

      ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਨਾਮਜ਼ਦਗੀ ਕਮਰਿਆਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਹੈਲਪ ਡੈਸਕ, ਨਾਮਜ਼ਦਗੀ ਕਮਰੇ, 100 ਮੀਟਰ ਤੱਕ ਦੇ ਘੇਰੇ ਦੀ ਹੱਦਬੰਦੀ, ਸੀ ਸੀ ਟੀ ਵੀ ਨਿਗਰਾਨੀ, ਪਬਲਿਕ ਐਡਰੈਸ ਸਿਸਟਮ, ਡਿਜੀਟਲ ਕਲਾਕ, ਆਜ਼ਾਦ ਉਮੀਦਵਾਰਾਂ ਲਈ ਚੋਣ ਕਮਿਸ਼ਨ ਵੱਲੋਂ ਅਧਿਸੂਚਿਤ ਨਿਸ਼ਾਨਾਂ ਦੀਆਂ ਸੂਚੀਆਂ ਅਤੇ ਹੋਰ ਸਹੂਲਤਾਂ ਦੀ ਸਮੀਖਿਆ ਕੀਤੀ। 

 ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਐਸ.ਡੀ.ਐਮਜ਼ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ ਅਤੇ ਚੋਣ ਅਮਲੇ ਦੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਮੀਦਵਾਰਾਂ ਵੱਲੋਂ ਕੀਤੀ ਜਾਣ ਵਾਲੀ ਨਾਮਜ਼ਦਗੀ ਪ੍ਰਕਿਰਿਆ ਲਈ ਚੋਣ ਕਮਿਸ਼ਨ ਦੇ ਆਦੇਸ਼ਾਂ ਮੁਤਾਬਕ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।

 ਉਨ੍ਹਾਂ ਕਿਹਾ ਕਿ ਉਮੀਦਵਾਰ ਸਮੇਤ ਸਿਰਫ਼ ਤਿੰਨ ਵਿਅਕਤੀਆਂ ਨੂੰ ਹੀ ਆਰ.ਓ. ਦੇ ਕਮਰੇ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ ਜਿੱਥੇ ਉਨ੍ਹਾਂ ਵੱਲੋਂ 1 ਫਰਵਰੀ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਆਰ.ਓ. ਦੇ ਕਮਰੇ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 26 ਜਨਵਰੀ ਅਤੇ 30 ਜਨਵਰੀ ਨੂੰ ਛੁੱਟੀਆਂ ਹੋਣ ਕਾਰਨ ਨਾਮਜ਼ਦਗੀਆਂ ਨਹੀਂ ਲਈਆਂ ਜਾਣਗੀਆਂ।

 ਉਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਜ਼ਿਲ੍ਹਾ ਕਾੰਨੂਨੀ ਸੇਵਾਵਾਂ ਅਥਾਰਟੀ ਵੱਲੋ ਵਰਚੁਅਲ ਮਾਧਿਅਮ ਰਾਹੀਂ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ

ਨਵਾਂਸ਼ਹਿਰ, 25 ਜਨਵਰੀ :- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ, ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਸ਼੍ਰੀਮਤੀ ਹਰਪ੍ਰੀਤ ਕੌਰ ਵਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੰਗੜੋਆ, ਸ.ਭ.ਸ ਨਗਰ ਦੀਆਂ ਵਿਦਿਆਰਥਣਾਂ ਨਾਲ ਵਰਚੁਅਲ ਮਾਧਿਅਮ ਰਾਹੀਂ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ । 
     ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ, ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਮੈਡਮ ਹਰਪ੍ਰੀਤ ਕੌਰ, ਐਡਵੋਕੇਟ ਅਮਰਦੀਪ ਕੌਸ਼ਲ, ਪ੍ਰਿੰਸੀਪਲ ਸੁਰਿੰਦਰਪਾਲ ਅਗਨੀਹੋਤਰੀ, ਫਿਜ਼ੀਕਸ ਪ੍ਰੋਫੈਸਰ ਗੁਨੀਤ ਕੌਰ ਅਤੇ ਸਕੂਲ ਦੇ ਬੱਚੇ ਹਾਜਰ ਸਨ । 
   ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ, ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਹਰਪ੍ਰੀਤ ਕੌਰ ਵੱਲੋਂ ਸਾਰੀਆਂ ਵਿਦਿਆਰਥਣਾਂ ਨੂੰ ਇਸ ਦਿਨ ਦੀ ਮੱਹਤਤਾ ਦੇ ਸੰਬੰਧ ਵਿੱਚ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਉਹਨਾਂ ਦੇ ਹੱਕਾ, ਅਧਿਕਾਰਾਂ ਬਾਰੇ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ ਗਿਆ। 
      ਇਸ ਤੋਂ ਇਲਾਵਾ ਉਹਨਾਂ ਨੂੰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੇ ਟੋਲ ਫ੍ਰੀ ਨੰਬਰ 1968 ਬਾਰੇ ਦੱਸਿਆ । ਇਸ ਤੋ ਇਲਾਵਾ ਸ੍ਰੀ ਅਮਰਦੀਪ ਕੌਸ਼ਲ, ਐਡਵੋਕੇਟ ਵੱਲੋ ਬੱਚਿਆ ਨੂੰ ਸਰਕਾਰ ਵੱਲੋਂ ਲੜਕੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ । ਇਸ ਤੋ ਇਲਾਵਾ ਉਹਨਾਂ ਨੇ ਬੱਚਿਆ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਚਾਈਲਡ ਲਾਈਨ ਹੈਲਪ ਨੰਬਰ 1098 ਬਾਰੇ ਦੱਸਿਆ ਗਿਆ। ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਮੁਫਤ ਕਾਨੂੰਨੀ ਸਹਾਇਤਾ ਦੀ ਜਰੂਰਤ ਪੈਦੀ ਹੈ ਤਾ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਦੇ ਆ ਕੇ ਵੀ ਸੰਪਰਕ ਕਰ ਸਕਦਾ ਹੈ । ਇਸ ਮੌਕੇ ਸ਼੍ਰੀ ਰੋਹਿਤ ਕੁਮਾਰ, ਆਫਿਸ ਕੋਆਰਡੀਨੇਟਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇਸ ਵੈਬੀਨਾਰ ਵਿੱਚ ਹਾਜਰ ਰਹਿਣ ਲਈ ਸਮੂਹ ਸਕੂਲ ਸਟਾਫ ਟੀਚਰ ਅਤੇ ਸਕੂਲ ਦੇ ਬੱਚਿਆ ਦਾ ਧੰਨਵਾਦ ਕੀਤਾ ਗਿਆ।

ਡੀ ਸੀ ਨੇ ਈ ਵੀ ਐਮ, ਵੀ ਵੀ ਪੈਟ ਲਿਜਾਣ ਵਾਲੇ ਸਾਰੇ ਵਾਹਨਾਂ 'ਤੇ ਜੀ ਪੀ ਐਸ ਲਗਾਉਣ ਦੇ ਆਦੇਸ਼ ਦਿੱਤੇ

ਨਵਾਂਸ਼ਹਿਰ, 24 ਜਨਵਰੀ : - ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੋਮਵਾਰ ਨੂੰ ਸਾਰੇ ਆਰ.ਓਜ਼ ਨੂੰ ਈ.ਵੀ.ਐਮ ਅਤੇ ਵੀ.ਵੀ. ਪੈਟ ਲੈ ਕੇ ਜਾਣ ਵਾਲੇ ਸਾਰੇ ਵਾਹਨਾਂ 'ਤੇ ਜੀ ਪੀ ਐਸ ਸਿਸਟਮ ਲਗਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ।  ਅੱਜ ਇੱਥੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਦੀਆਂ ਹਦਾਇਤਾਂ ਅਨੁਸਾਰ ਜੀ ਪੀ ਐਸ ਟਰੈਕਰ ਅਤੇ ਮੋਬਾਈਲ ਆਧਾਰਿਤ ਟਰੈਕਿੰਗ ਸਿਸਟਮ ਨਾਲ ਲੈਸ ਲਗਪਗ 200 ਵਾਹਨ, ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ. ਦੀ ਢੋਆ-ਢੁਆਈ ਲਈ ਵਰਤੇ ਜਾਣਗੇ। ਉਨ੍ਹਾਂ ਕਿਹਾ ਕਿ ਇੱਕ ਈ ਵੀ ਐਮ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ ਜਿੱਥੇ ਈ ਵੀ ਐਮ ਅਤੇ ਵੀ ਵੀ ਪੈਟ ਦੀ ਨਿਗਰਾਨੀ ਕੀਤੀ ਜਾਵੇਗੀ।  ਸ਼੍ਰੀ ਸਾਰੰਗਲ ਨੇ ਰਿਟਰਨਿੰਗ ਅਫ਼ਸਰਾਂ (ਆਰ.ਓਜ਼) ਨੂੰ ਆਪਣੇ ਪੁਲਿਸ ਹਮਰੁਤਬਾ (ਡੀ ਐਸ ਪੀਜ਼) ਨਾਲ ਮੀਟਿੰਗਾਂ ਕਰਨ ਲਈ ਕਿਹਾ ਤਾਂ ਜੋ ਲਾ-ਕਾਨੂੰਨੀ ਕਰਨ ਵਾਲਿਆਂ ਅਤੇ ਹੋਰਾਂ 'ਤੇ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਕੇਂਦਰੀ ਅਰਧ ਸੈਨਿਕ ਬਲਾਂ ਬਲਾਂ ਦੇ ਜ਼ਿਲ੍ਹੇ  'ਚ ਤਾਇਨਾਤ ਜਵਾਨਾਂ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਆਉਣ ਤੋਂ ਬਾਅਦ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਆਜ਼ਾਦ ਹੋ ਕੇ ਆਪਣੀ ਵੋਟ ਪਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਮੇਜਰ ਅਮਿਤ ਸਰੀਨ ਤੇ ਅਮਰਦੀਪ ਸਿੰਘ ਬੈਂਸ, ਉਪ ਮੰਡਲ ਮੈਜਿਸਟ੍ਰੇਟ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ, ਦੀਪਕ ਰੋਹੀਲਾ ਤੇ ਹੋਰ ਹਾਜ਼ਰ ਸਨ।

ਡਾ. ਕਰਨੈਲ ਸਿੰਘ ਥਿੰਦ ਆਪਣੀਆਂ ਪੁਸਤਕਾਂ ਰਾਹੀਂ ਹਮੇਸ਼ਾ ਜਿਉਂਦੇ ਰਹਿਣਗੇ : ਪਿ੍ੰਸੀਪਲ ਗਿੱਲ

ਨਵਾਂਸ਼ਹਿਰ 24 ਜਨਵਰੀ : ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਡਾ. ਕਰਨੈਲ ਸਿੰਘ ਥਿੰਦ ਦੀ ਸਦੀਵੀ ਸਦੀਵੀ ਵਿਛੋੜੇ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਘੇ ਸਾਹਿਤਕਾਰਾਂ, ਬੁੱਧੀਜੀਵੀ, ਖੋਜੀ ਵਿਦਿਆਰਥੀ, ਅਧਿਾਪਕ ਅਤੇ ਹੋਰ ਪਤਵੰਤਿਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਮਹਿਮਾਨਾਂ ਨੂੰ ਨਿੱਘੀ ਜੀ ਆਈਆਂ ਕਹਿੰਦੇ  ਕਿਹਾ ਕਿ ਡਾ. ਕਰਨੈਲ ਸਿੰਘ ਆਪਣੀਆਂ ਪੁਸਤਕਾਂ ਰਾਹੀਂ ਹਮੇਸ਼ਾ ਜਿਉਂਦੇ ਰਹਿਣਗੇ । ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਡਾ. ਕਰਨੈਲ ਸਿੰਘ ਥਿੰਦ ਇਕ ਬਹੁਤ ਵੱਡੇ ਵਿਦਵਾਨ ਸਨ ਉਨ੍ਹਾਂ ਨੇ ਅਦਾਰਾ ਸਾਊਥ ਏਸ਼ੀਅਨ ਰੀਵਿਊ ਵੱਲੋਂ ਕਰਵਾਏ ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚ ਪ੍ਰਧਾਨਗੀ ਕੀਤੀ ਅਤੇ ਸਾਰੀ ਉਮਰ ਪੰਜਾਬੀ ਸਾਹਿਤ ਦੀ ਸੇਵਾ ਕੀਤੀ। ਪੋ੍. ਸੰਧੂ ਵਰਿਆਣਵੀ ਨੇ ਕਿਹਾ ਕਿ ਡਾ. ਕਰਨੈਲ ਸਿੰਘ ਥਿੰਦ ਨੇ ਲੋਕਯਾਨ ਨਵੇਂ ਸ਼ਬਦ ਦੀ ਘਾੜ ਘਾੜੀ। ਵਿਗਿਆਨ ਜੋਤੀ ਅਤੇ ਰਾਗ ਦੇ ਸਾਬਕਾ ਸੰਪਾਦਕ ਅਜਮੇਰ ਸਿੱਧੂ ਨੇ ਕਿਹਾ ਕਿ ਡਾ. ਥਿੰਦ ਪਾਕਿਸਤਾਨ ਵਿਚੋਂ ਆਏ ਸਨ ਅਤੇ ਪੰਜਾਬ ਦੀ ਵੰਡ ਦਾ ਦਰਦ ਉਨ੍ਹਾਂ ਦੇ ਆਖਰੀ ਸਾਹ ਵਿਚ ਸੀ। ਉਨ੍ਹਾਂ ਨੇ ਸ਼ਾਹਮੁੱਖੀ ਅਤੇ ਗੁਰਮੁੱਖੀ ਵਿਚ ਸਾਹਿਤ ਦੀ ਸਾਂਝ ਬਣਾਈ। ਇਸ ਮੌਕੇ ਦੀਦਾਰ ਸਿੰਘ, ਡਾ. ਭਗਵੰਤ ਸਿੰਘ ਸੰਗਰੁਰ, ਡਾ. ਨਿਰਦੋਸ਼ ਕੌਰ ਗਿੱਲ, ਬਾਲ ਸਾਹਿਤ ਦੇ ਰਚੇਤਾ ਡਾ. ਅਵਤਾਰ ਸਿੰਘ ਸੰਧੂ ਨੇ ਸ਼ਰਧਾਂਜਲੀ ਭੇਟ ਕੀਤੀ। ਸਕੂਲ ਮੈਨੇਜਰ ਸੁਸ਼ੀਲ ਪੁਰੀ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੇਸ ਰਾਜ ਬਾਲੀ, ਪਰਮਜੀਤ ਸਿੰਘ ਖਟੜਾ, ਕੇਵਲ ਰਾਮ, ਗੁਰਪ੍ਰਰੀਤ ਸਿੰਘ, ਸਤਿੰਦਰ ਸਿੰਘ, ਰੋਹਿਤ ਅਰੋੜਾ, ਨਵਨੀਤ ਕੌਰ, ਸਰਬਜੀਤ ਕੁਮਾਰੀ, ਸੁਨੀਤਾ ਆਦਿ ਵੀ ਹਾਜ਼ਰ ਸਨ।

ਕੋਵਿਡ-19 ਵਿਰੁੱਧ ਜੰਗ ਵਿੱਚ ਟੀਕਾਕਰਨ ਸਭ ਤੋਂ ਵੱਡਾ ਹਥਿਆਰ : ਤਰਸੇਮ ਲਾਲ

ਨਵਾਂਸ਼ਹਿਰ, 24 ਜਨਵਰੀ 2022 :- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਉੱਤੇ ਜਿੱਤ ਪ੍ਰਾਪਤ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ।   ਇਸੇ ਕੜੀ ਤਹਿਤ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਬੂਸਟਰ ਡੋਜ਼ ਅਤੇ ਉਨ੍ਹਾਂ ਦੇ ਬੇਟੇ ਤਰਕਪ੍ਰੀਤ ਗੁਰੂ ਵਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲੲੀ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਕੋਵੀਡ ਰੋਕੂ ਪਹਿਲੀ ਡੋਜ਼ ਦਾ ਟੀਕਾਕਰਨ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਦਵਿੰਦਰ  ਢਾਂਡਾ ਜੀ ਨੇ ਜ਼ਿਲ੍ਹੇ ਦੇ ਯੋਗ ਵਿਅਕਤੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਤੋਂ ਬਚਣ ਲਈ ਆਪਣਾ ਸੰਪੂਰਨ ਟੀਕਾਕਰਨ ਪਹਿਲ ਦੇ ਆਧਾਰ ਉੱਤੇ ਕਰਵਾਉਣ, ਕਿਉਂਕਿ ਇਹੀ ਕੋਵਿਡ ਤੋਂ ਬਚਣ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਟੀਕਾਕਰਨ ਦੀ ਦਰ ਵਧਾਉਣ ਲਈ ਸਿਹਤ ਵਿਭਾਗ ਨੇ 15-18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ 'ਚ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ, ਜਿਸ ਤਹਿਤ ਪਹਿਲੇ ਪੜਾਅ 'ਚ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀ ਇਸ ਬੂਸਟਰ ਡੋਜ਼ ਲਈ ਯੋਗ ਹਨ। ਦੂਜੀ ਖੁਰਾਕ ਤੋਂ ਬਾਅਦ ਨੌਂ ਮਹੀਨਿਆਂ ਦਾ ਅੰਤਰ ਬੂਸਟਰ ਖੁਰਾਕ ਲਈ ਯੋਗ ਹੋਣ ਲਈ ਜ਼ਰੂਰੀ ਹੈ। ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਸੰਕ੍ਰਮਣ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਕੋਵਿਡ ਦੇ ਹੋਰ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਰੇਕ ਵਿਅਕਤੀ ਦੁਆਰਾ ਕੋਵਿਡ ਦੇ ਢੁੱਕਵੇਂ ਵਿਵਹਾਰ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਵੀ ਕੀਤੀ, ਕਿਉਂਕਿ ਓਮੀਕ੍ਰੋਨ ਵੇਰੀਐਂਟ ਦੀ ਸੰਕ੍ਰਮਣ ਦੀ ਦਰ ਡੈਲਟਾ ਵੇਰੀਐਂਟ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਕਮਲਦੀਪ ਸਿੰਘ ਐੱਮ ਐਲ ਟੀ, ਮਨਪ੍ਰੀਤ ਕੌਰ ਏ ਐਨ ਐਮ, ਸਰਬਜੀਤ ਐਮ ਐਮ ਯੂ, ਗੁਰਦੀਪ ਕੌਰ, ਜਸਵਿੰਦਰ ਕੌਰ, ਜਸਪ੍ਰੀਤ ਕੌਰ ਸੁਨੀਤਾ ਆਸ਼ਾ ਅਤੇ ਤਤਕਪ੍ਰੀਤ ਗੁਰੂ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

ਡੀ ਸੀ ਨੇ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਨਾਮਜ਼ਦਗੀ ਪ੍ਰਕਿਰਿਆ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ

ਆਰ ਓ ਰੂਮ ਵਿੱਚ ਉਮੀਦਵਾਰ ਸਮੇਤ ਸਿਰਫ਼ ਤਿੰਨ ਵਿਅਕਤੀਆਂ ਨੂੰ ਕਾਗਜ਼ ਦਾਖਲ ਕਰਨ ਦੀ ਇਜਾਜ਼ਤ ਹੋਵੇਗੀ
 ਨਵਾਂਸ਼ਹਿਰ, 24 ਜਨਵਰੀ : -  ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ (25 ਜਨਵਰੀ) ਤੋਂ ਸ਼ੁਰੂ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਅੱਜ ਐਸ ਐਸ ਪੀ ਕੰਵਰਦੀਪ ਕੌਰ, ਰਿਟਰਨਿੰਗ ਅਫ਼ਸਰਾਂ ਤੇ ਡੀ ਐਸ ਪੀਜ਼ ਨਾਲ ਵਿਸਤ੍ਰਿਤ ਮੀਟਿੰਗ ਕਰਕੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ।   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ, ਉਮੀਦਵਾਰ ਸਮੇਤ ਕੇਵਲ ਤਿੰਨ ਵਿਅਕਤੀਆਂ ਨੂੰ ਆਰ.ਓ. ਦੇ ਕਮਰੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਜਿੱਥੇ ਨਾਮਜ਼ਦਗੀਆਂ ਲਈਆਂ ਜਾਣੀਆਂ ਹਨ। ਉਨ੍ਹਾਂ ਵੱਲੋਂ 25 ਜਨਵਰੀ ਤੋਂ 1 ਫਰਵਰੀ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਹਾਸਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 26 ਜਨਵਰੀ ਅਤੇ 30 ਜਨਵਰੀ ਨੂੰ ਛੁੱਟੀਆਂ ਹੋਣ ਕਾਰਨ ਨਾਮਜ਼ਦਗੀਆਂ ਨਹੀਂ ਲਈਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਆਏ ਕਿਸੇ ਵੀ ਵਿਅਕਤੀ ਨੂੰ ਆਰ.ਓ. ਦੇ ਕਮਰੇ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਆਰ.ਓ. ਦੇ ਕਮਰੇ ਅੰਦਰ ਪਬਲਿਕ ਐਡਰੈਸ ਸਿਸਟਮ, ਡਿਜੀਟਲ ਕਲਾਕ ਅਤੇ ਹੋਰ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੁਕੰਮਲ ਕੀਤੇ ਜਾਣਗੇ ਤਾਂ ਜੋ ਨਾਮਜ਼ਦਗੀ ਅਮਲ ਪੂਰੀ ਪਾਰਦਰਸ਼ਤਾ ਨਾਲ ਯਕੀਨੀ ਬਣਾਇਆ ਜਾ ਸਕੇ।  ਸ਼੍ਰੀ ਸਾਰੰਗਲ ਨੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਆਰ.ਓ. ਦੇ  ਦਫ਼ਤਰ ਦੇ 100 ਮੀਟਰ ਦੇ ਘੇਰੇ ਨੂੰ ਸਪਸ਼ਟ ਤੌਰ 'ਤੇ ਨਿਰਧਾਰਿਤ ਕਰਕੇ ਸੂਚਨਾ ਤਖ਼ਤੀ ਲਾਉਣ, ਸੀ ਸੀ ਟੀ ਵੀ ਕੈਮਰੇ, ਪਾਰਕਿੰਗ ਏਰੀਆ, ਬੈਰੀਕੇਡਿੰਗ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਨੂੰ ਸੁਚਾਰੂ, ਆਜ਼ਾਦਾਨਾ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ।  ਸ਼੍ਰੀ ਸਾਰੰਗਲ ਨੇ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀਆਂ ਸਬੰਧਤ ਤਿੰਨਾਂ ਐਸ.ਡੀ.ਐਮਜ਼ ਦਫ਼ਤਰਾਂ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਥਾਨਕ ਪੁਲਿਸ, ਅਰਧ ਸੈਨਿਕ ਹਥਿਆਰਬੰਦ ਬਲਾਂ ਸਮੇਤ ਢੁੱਕਵੇਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਮਜ਼ਦਗੀ ਭਰਨ ਦੇ ਚਾਹਵਾਨ ਉਮੀਦਵਾਰਾਂ ਲਈ ਸੁਵਿਧਾ ਪੋਰਟਲ ਨੂੰ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://suvidha.eci.gov.in/ 'ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।    ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪ੍ਰਿੰਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ 'ਤੇ ਪੇਸ਼ ਕਰ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜੂਦ ਹੈ ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ। ਉਨ੍ਹਾਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਕਰਨ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਮਿਤ ਸਰੀਨ ਤੇ ਅਮਰਦੀਪ ਸਿੰਘ ਬੈਂਸ, ਐਸ ਪੀ ਮਨਵਿੰਦਰਬੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ ਤੇ ਦੀਪਕ ਰੋਹਿਲਾ ਆਦਿ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ 73ਵੇਂ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ ਕੀਤਾ

ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਦੇ ਨਾਲ ਕੀਤਾ ਜਾਵੇਗਾ ਸਮਾਗਮ
ਨਵਾਂਸ਼ਹਿਰ, 24 ਜਨਵਰੀ : - ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਨੇ ਸੋਮਵਾਰ ਨੂੰ  ਸਥਾਨਕ ਆਈ.ਟੀ.ਆਈ. ਗਰਾਊਂਡ ਵਿਖੇ 73ਵੇਂ ਗਣਤੰਤਰ ਦਿਵਸ ਦੇ ਜਸ਼ਨ ਮਨਾਉਣ ਲਈ ਕਰਵਾਈ ਗਈ ਫੁਲ ਡਰੈਸ ਰਿਹਰਸਲ  ਦਾ ਜਾਇਜ਼ਾ ਲਿਆ।  ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਕਮਾਂਡਰ ਡੀਐਸਪੀ ਸ਼ਾਹਬਾਜ਼ ਸਿੰਘ  ਦੀ ਅਗਵਾਈ ਵਾਲੇ ਮਾਰਚ ਪਾਸਟ ਤੋਂ ਸਲਾਮੀ ਲਈ। ਡਿਪਟੀ ਕਮਿਸ਼ਨਰ ਨੇ ਸਮਾਗਮ ਤੋਂ ਬਾਅਦ 26 ਜਨਵਰੀ ਨੂੰ ਹੋਣ ਵਾਲੇ ਮੁੱਖ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।  ਉਨ੍ਹਾਂ ਨੇ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਇਸ ਜ਼ਿਲ੍ਹਾ ਪੱਧਰੀ ਮੁੱਖ ਸਮਾਗਮ ਨੂੰ ਬਹੁਤ ਹੀ ਢੁਕਵੇਂ ਢੰਗ ਨਾਲ ਮਨਾਉਣ ਲਈ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।  ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ 73ਵਾਂ ਗਣਤੰਤਰ ਦਿਵਸ ਸਮਾਗਮ ਬਹੁਤ ਹੀ ਸੀਮਿਤ ਗਿਣਤੀ ਨਾਲ ਹੋਵੇਗਾ।  ਸ਼੍ਰੀ ਸਾਰੰਗਲ ਨੇ ਕਿਹਾ ਕਿ ਸਮਾਗਮ ਵਿੱਚ ਸੀਮਤ ਇਕੱਠ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਜੋ ਸਮਾਗਮ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਸਕੇ।  ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਹ ਅਹਿਮ ਦਿਹਾੜਾ ਪੂਰੀ ਦੇਸ਼ ਭਗਤੀ ਅਤੇ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਮਨਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਸ਼੍ਰੀ ਸਾਰੰਗਲ ਨੇ ਅੱਗੇ ਕਿਹਾ ਕਿ ਸਮਾਗਮ ਸਬੰਧੀ ਜਿਨ੍ਹਾਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਇਸ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਗੈਰ-ਵਾਜਬ ਅਤੇ ਨਾ ਬਰਦਾਸ਼ਤ ਯੋਗ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਕੋਵਿਡ-19 ਮਹਾਂਮਾਰੀ ਦੇ ਕਾਰਨ ਕੋਈ ਵੀ ਸੱਭਿਆਚਾਰਕ ਸਮਾਗਮ, ਪੀ.ਟੀ.ਸ਼ੋਅ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਟੀਮ ਆਜ਼ਾਦੀ ਘੁਲਾਟੀਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕਰੇਗੀ। ਬਾਅਦ 'ਚ ਉਨ੍ਹਾਂ ਨੇ ਮੌਕੇ 'ਤੇ ਅਧਿਕਾਰੀਆਂ ਨਾਲ ਵੱਖਰੀ ਮੀਟਿੰਗ ਵੀ ਕੀਤੀ ਅਤੇ ਪ੍ਰਬੰਧਾਂ ਬਾਰੇ ਹਦਾਇਤ ਕੀਤੀ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਪੁਲਿਸ ਕਪਤਾਨ ਮਨਵਿੰਦਰਬੀਰ ਸਿੰਘ ਅਤੇ ਸਰਬਜੀਤ ਸਿੰਘ ਬਾਹੀਆ, ਡੀ.ਐਸ.ਪੀਜ਼ ਗੁਰਪ੍ਰੀਤ ਸਿੰਘ, ਜੰਗ ਬਹਾਦਰ ਆਦਿ ਹਾਜ਼ਰ ਸਨ।

ਚੋਣ ਲੜ ਰਹੇ ਉਮੀਦਵਾਰ ਦਾ ਪਿਛੋਕੜ ਅਤੇ ਅਪਰਾਧਿਕ ਵੇਰਵਾ ਹੁਣ ਬਟਨ ਦਬਾਉਂਦਿਆਂ ਹੀ ਮੋਬਾਈਲ 'ਤੇ ਉਪਲਬਧ

ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਉਪਲਬਧ

ਨਵਾਂਸ਼ਹਿਰ, 22 ਜਨਵਰੀ: ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਰਾਜਨੀਤਕ ਪਾਰਟੀਆਂ ਵੱਲੋਂ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਲੜਨ ਲਈ ਚੁਣੇ ਜਾਣ ਸਬੰਧੀ, ਮੀਡੀਆ ਵਿੱਚ ਵਾਜਿਬ ਸਪੱਸ਼ਟੀਕਰਨ ਪ੍ਰਕਾਸ਼ਿਤ ਕਰਨ ਨੂੰ ਲਾਜ਼ਮੀ ਬਣਾਉਣ ਤੋਂ ਬਾਅਦ, ਚੋਣ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਲਿਆਉਂਦਿਆਂ, ਵੋਟਰਾਂ ਲਈ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਨ ਲਈ ਇੱਕ ਮੋਬਾਈਲ ਐਪਲੀਕੇਸ਼ਨ 'ਨੋਅ ਯੂਅਰ ਕੈਂਡੀਡੇਟ' ਜਾਰੀ ਕੀਤੀ ਹੈ। 
      ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਵੋਟਰਾਂ ਅਤੇ ਆਮ ਨਾਗਰਿਕਾਂ ਨੂੰ ਇਸ ਮੋਬਾਈਲ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਐਪ ਚੋਣ ਕਮਿਸ਼ਨ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਉਪਲਬਧ ਹੈ।
       ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਨੂੰ ਐਪ 'ਤੇ ਕੇਵਲ ਸਹੀ ਦਸਤਾਵੇਜ਼ ਅਪਲੋਡ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਉਮੀਦਵਾਰ ਦੇ ਅਪਰਾਧਿਕ ਪਿਛੋਕੜ ਨੂੰ ਦਰਸਾਉਣ ਲਈ 'ਹਾਂ' ਜਾਂ 'ਨਹੀਂ' ਵਾਲਾ ਚੈੱਕਬਾਕਸ ਟਿੱਕ ਕੀਤਾ ਜਾਵੇ ਅਤੇ ਉਮੀਦਵਾਰ ਵਲੋਂ ਔਫਲਾਈਨ ਨਾਮਜ਼ਦਗੀ ਸਮੇਂ ਜਮ੍ਹਾਂ ਕਰਵਾਏ ਗਏ ਸਕੈਨ ਕੀਤੇ ਦਸਤਾਵੇਜ਼ ਹੀ ਅਪਲੋਡ ਕੀਤੇ ਜਾਣ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਅਪਰਾਧਿਕ ਪਿਛੋਕੜ ਸਬੰਧੀ ਵੇਰਵੇ ਕੇ.ਵਾਈ.ਸੀ (ਨੋਅ ਯੂਅਰ ਕੈਂਡੀਡੇਟ) ਐਪ ਰਾਹੀਂ ਜਨਤਕ ਕੀਤੇ ਵੇਰਵਿਆਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਰਿਟਰਨਿੰਗ ਅਫਸਰ ਵਲੋਂ ਵੇਰਵਿਆਂ ਨੂੰ ਦੁਬਾਰਾ ਤਸਦੀਕ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਮੀਦਵਾਰ ਦੁਆਰਾ ਦਾਖਲ ਕੀਤੇ ਵੇਰਵਿਆਂ ਦੇ ਮੁਤਾਬਕ ਹੀ ਚੈਕਬਾਕਸ 'ਚ "ਹਾਂ'' ਜਾਂ "ਨਹੀਂ'' ਵਜੋਂ ਉਚਿਤ ਢੰਗ ਨਾਲ ਟਿੱਕ ਕੀਤਾ ਗਿਆ ਹੋਵੇ।
      ਉਨ੍ਹਾਂ ਨੇ ਮੋਬਾਇਲ ਪਲੇਫਾਰਮ ਦੀ ਵਧੇਰੇ ਵਰਤੋਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਵੱਖ -ਵੱਖ ਮੋਬਾਈਲ ਵੋਟਰ ਫ੍ਰੈਂਡਲੀ ਐਪਸ ਸ਼ੁਰੂ ਕਰਨ ਜਿਹੀਆਂ ਹੋਰ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ.ਸੀ.ਆਈ. ਵਲੋਂ ਇੱਕ ਹੋਰ ਐਪਲੀਕੇਸ਼ਨ 'ਸੁਵਿਧਾ ਐਪ' ਵੀ ਲਾਂਚ ਕੀਤੀ ਗਈ ਹੈ, ਜੋ ਕਿ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੋਵਾਂ ਲਈ ਮੀਟਿੰਗਾਂ, ਰੈਲੀਆਂ ਆਦਿ ਕਰਵਾਉਣ ਤੋਂ ਪਹਿਲਾਂ ਪ੍ਰਵਾਨਗੀ ਲੈਣ ਲਈ ਅਰਜ਼ੀ ਦੇਣ ਸਬੰਧੀ ਇੱਕ ਸਿੰਗਲ ਵਿੰਡੋ ਸਿਸਟਮ ਪ੍ਰਦਾਨ ਕਰਦੀ ਹੈ। ਇਹ ਐਂਡਰਾਇਡ ਐਪ ਰਾਹੀਂ ਵੀ ਕੀਤਾ ਜਾ ਸਕਦਾ ਹੈ।    
      ਇੱਕ ਹੋਰ ਮਹੱਤਵਪੂਰਨ ਐਪ 'ਸੀਵਿਜਿਲ' ਹੈ ਜੋ ਆਦਰਸ਼ ਚੋਣ ਜਾਬਤੇ/ਖਰਚ ਦੀ ਉਲੰਘਣਾ ਦਾ ਅਸਲ ਸਮਾਂ, ਸਬੂਤ-ਆਧਾਰਿਤ ਵੇਰਵੇ ਅਤੇ ਸਬੰਧਤ ਸਥਾਨ ਦੇ ਡੇਟਾ ਸਮੇਤ ਲਾਈਵ ਫੋਟੋ/ਵੀਡੀਓ ਪ੍ਰਦਾਨ ਕਰਦੀ ਹੈ। ਕੋਈ ਵੀ ਨਾਗਰਿਕ ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਫਲਾਇੰਗ ਸਕੁਐਡ ਫਿਰ ਮਾਮਲੇ ਦੀ ਜਾਂਚ ਕਰਦੇ ਹਨ ਅਤੇ ਰਿਟਰਨਿੰਗ ਅਫਸਰ 100 ਮਿੰਟ ਦੇ ਅੰਦਰ ਫੈਸਲਾ ਲੈਂਦਾ ਹੈ।
     ਸ਼੍ਰੀ ਸਾਰੰਗਲ ਨੇ ਕਿਹਾ ਕਿ 'ਵੋਟਰ ਹੈਲਪਲਾਈਨ' ਨਾਂ ਦੀ ਇੱਕ ਹੋਰ ਨਵੀਂ ਐਂਡਰਾਇਡ ਅਧਾਰਤ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ, ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣੇ ਨਾਮ ਲੱਭਣ, ਆਨਲਾਈਨ ਫਾਰਮ ਜਮਾਂ ਕਰਵਾਉਣ, ਅਰਜ਼ੀ ਦੀ ਸਥਿਤੀ ਦਾ ਪਤਾ ਲਗਾਉਣ , ਸ਼ਿਕਾਇਤਾਂ ਦਾਇਰ ਕਰਨ ਅਤੇ ਦਰਜ ਕਰਵਾਈਆਂ ਸ਼ਿਕਾਇਤਾਂ ਦੇ ਜਵਾਬ ਮੋਬਾਈਲ ਐਪ 'ਤੇ ਪ੍ਰਾਪਤ ਕਰਨ ਦੇ ਨਾਲ-ਨਾਲ ਬੂਥ ਲੈਵਲ ਅਫਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਜਿਲਾ ਚੋਣ ਅਫਸਰਾਂ ਦੇ ਸੰਪਰਕ ਵੇਰਵਿਆਂ ਨੂੰ ਜਾਣਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਵੋਟਰ ਹੈਲਪਲਾਈਨ ਐਪ ਪੋਰਟਲ http://www.nvsp.in 'ਤੇ ਜਾ ਕੇ ਜਾਂ 1950 ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵਰਤੀ ਜਾ ਸਕਦੀ ਹੈ।
      ਉਨ੍ਹਾਂ ਇਹ ਵੀ ਦੱਸਿਆ ਕਿ ਦਿਵਿਆਂਗ ਵਿਅਕਤੀਆਂ (ਪੀ.ਡਬਲਯੂ.ਡੀ.) ਨੂੰ ਨਵੀਂ ਰਜਿਸਟ੍ਰੇਸ਼ਨ, ਪਤੇ ਵਿੱਚ ਤਬਦੀਲੀ, ਵੇਰਵਿਆਂ ਵਿੱਚ ਤਬਦੀਲੀ ਅਤੇ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਦੁਆਰਾ ਖੁਦ ਨੂੰ ਪੀ.ਡਬਲਯੂ.ਡੀ. ਵਜੋਂ ਦਰਸਾਉਣ ਲਈ ਬੇਨਤੀ ਕਰਨ ਦੇ ਯੋਗ ਬਣਾਉਣ ਲਈ ਮੋਬਾਈਲ ਆਧਾਰਿਤ 'ਪੀ.ਡਬਲਯੂ.ਡੀ .ਐਪ' ਵੀ ਲਾਂਚ ਕੀਤੀ ਗਈ ਹੈ। ਇਸ ਵਿੱਚ ਸਿਰਫ ਆਪਣੇ ਸੰਪਰਕ ਵੇਰਵਿਆਂ ਨੂੰ ਦਰਜ ਕਰਕੇ, ਬੂਥ ਲੈਵਲ ਅਫਸਰ ਤੱਕ ਪਹੁੰਚ ਕਰਕੇ ਘਰ ਬੈਠੇ ਹੀ ਸਹੂਲਤ ਉਪਲਬਧ ਹੋ ਜਾਂਦੀ ਹੈ। ਦਿਵਿਆਂਗ ਵਿਅਕਤੀ ਪੋਲਿੰਗ ਦੌਰਾਨ ਵੀਲਚੇਅਰ ਲਈ ਵੀ ਬੇਨਤੀ ਕਰ ਸਕਦੇ ਹਨ।


ਕਾਂਗਰਸ ਛੱਡਣ ਵਾਲੀ ਅਦਿਤੀ ਸਿੰਘ ਦੇ ਪਤੀ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ ਟਿਕਟ 'ਤੇ ਪੰਜਾਬ 'ਚ ਫਸਿਆ ਪੇਚ

ਅੰਗਦ ਸਿੰਘ ਦੀ ਮਾਤਾ ਗੁਰਇਕਬਾਲ ਕੌਰ ਨੂੰ ਟਿਕਟ ਦੇ ਸਕਦੀ ਹੈ ਕਾਂਗਰਸ  ਪਾਰਟੀ
ਨਵਾਂਸ਼ਹਿਰ 23 ਜਨਵਰੀ :  ਇਸ ਵਾਰ ਲਗਦਾ ਹੈ  ਕਿ ਕਾਂਗਰਸ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੂੰ ਟਿਕਟ ਦੇਣ ਦੇ ਮੂਡ 'ਚ ਨਹੀਂ ਹੈ। ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸਦਰ ਤੋਂ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਕਾਂਗਰਸ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੂੰ ਭਾਜਪਾ ਨੇ ਰਾਏਬਰੇਲੀ ਸਦਰ ਤੋਂ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਨੇ ਸਟੈਂਡ ਲਿਆ ਹੈ ਕਿ ਉਹ ਅਦਿਤੀ ਦੇ ਪਤੀ ਅੰਗਦ ਸਿੰਘ ਨੂੰ ਨਵਾਂਸ਼ਹਿਰ ਤੋਂ ਟਿਕਟ ਨਹੀਂ ਦੇਣਗੇ। ਕੁਝ ਦਿਨ ਪਹਿਲਾਂ ਕਾਂਗਰਸ ਵੱਲੋਂ ਸੂਬੇ ਦੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ 'ਚ ਉਮੀਦ ਕੀਤੀ ਜਾ ਰਹੀ ਸੀ ਕਿ ਅੰਗਦ ਸਿੰਘ ਨੂੰ ਟਿਕਟ ਮਿਲੇਗੀ ਪਰ ਟਿਕਟ ਨਾ ਮਿਲਣ ਕਾਰਨ ਅੰਗਦ ਦੇ ਸਮਰਥਕ ਨਿਰਾਸ਼ ਸਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਅੰਗਦ ਨੂੰ ਟਿਕਟ ਦੇਣ 'ਚ ਪ੍ਰਿਅੰਕਾ ਗਾਂਧੀ ਹੀ ਅੜਿੱਕਾ ਬਣੀ ਹੋਈ ਹੈ। ਇਸ ਦੇ ਨਾਲ ਹੀ ਕਈ ਕਾਂਗਰਸੀ ਆਗੂ ਇਸ ਪਰਿਵਾਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ ਕਿਉਂਕਿ ਅੰਗਦ ਸਿੰਘ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਨਵਾਂਸ਼ਹਿਰ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਪਰਿਵਾਰ ਦੇ ਕਈ ਮੈਂਬਰ ਵਿਧਾਇਕ ਰਹਿ ਚੁੱਕੇ ਹਨ। ਅੰਗਦ ਸਿੰਘ ਦੇ ਪਿਤਾ ਸਵਰਗੀ ਪ੍ਰਕਾਸ਼ ਸਿੰਘ ਦੇ ਦਾਦਾ ਸਵਰਗੀ ਦਿਲਬਾਗ ਸਿੰਘ ਵੀ ਸੂਬੇ ਦੇ ਖੇਤੀਬਾੜੀ ਮੰਤਰੀ ਰਹਿ ਚੁੱਕੇ ਹਨ ਜਿਸ ਕਾਰਨ ਪਾਰਟੀ ਅੰਗਦ ਸਿੰਘ ਦੀ ਮਾਤਾ ਗੁਰਇਕਬਾਲ ਕੌਰ ਨੂੰ ਟਿਕਟ ਦੇ ਸਕਦੀ ਹੈ। ਇਸ ਦੇ ਲਈ ਕਈ ਸੂਬਾ ਪੱਧਰੀ ਆਗੂ ਜ਼ੋਰ ਲਗਾ ਰਹੇ ਹਨ। ਵਿਧਾਇਕ ਅੰਗਦ ਸਿੰਘ ਦਾ ਪਰਿਵਾਰ ਲੰਮੇ ਸਮੇਂ ਤੋਂ ਸਿਆਸਤ ਨਾਲ ਜੁੜਿਆ ਹੋਇਆ ਹੈ। ਅੰਗਦ ਦੇ ਪਿਤਾ ਪ੍ਰਕਾਸ਼ ਸਿੰਘ ਦੇ ਚਾਚਾ ਦਿਲਬਾਗ ਸਿੰਘ ਸਾਲ 1962 'ਚ ਪਹਿਲੀ ਵਾਰ ਨਵਾਂਸ਼ਹਿਰ ਤੋਂ ਵਿਧਾਇਕ ਬਣੇ ਸਨ। ਉਹ ਲਗਾਤਾਰ ਛੇ ਵਾਰ ਨਵਾਂਸ਼ਹਿਰ ਤੋਂ ਵਿਧਾਇਕ ਰਹੇ। ਉਨ੍ਹਾਂ ਤੋਂ ਬਾਅਦ ਸਾਲ 1997 'ਚ ਦਿਲਬਾਗ ਸਿੰਘ ਦਾ ਪੁੱਤਰ ਚਰਨਜੀਤ ਸਿੰਘ ਵਿਧਾਇਕ ਬਣਿਆ। ਸਾਲ 2002 ਵਿਚ ਅੰਗਦ ਦੇ ਪਿਤਾ ਪ੍ਰਕਾਸ਼ ਸਿੰਘ ਨਵਾਂਸ਼ਹਿਰ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ। 2012 ਵਿਚ ਅੰਗਦ ਸਿੰਘ ਦੀ ਮਾਤਾ ਗੁਰਇਕਬਾਲ ਕੌਰ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤੀ। ਅੰਗਦ ਸਿੰਘ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਤੋਂ ਟਿਕਟ ਮਿਲੀ ਸੀ। ਆਪਣੀ ਪਹਿਲੀ ਹੀ ਚੋਣ ਵਿਚ ਉਹ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ। ਇਸ ਤੋਂ ਪਹਿਲਾਂ ਸਾਲ 2008 'ਚ ਉਹ ਨਵਾਂਸ਼ਹਿਰ ਯੂਥ ਕਾਂਗਰਸ ਦੇ ਜਨਰਲ ਸਕੱਤਰ ਵੀ ਚੁਣੇ ਗਏ ਸਨ। ਵਿਧਾਇਕ ਅੰਗਦ ਸਿੰਘ ਨੇ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਤੇ ਮੋਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ। 24 ਨਵੰਬਰ 2021 ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅਦਿਤੀ ਸਿੰਘ ਨੇ ਵੀ ਕਾਂਗਰਸ ਨਾਲੋਂ ਆਪਣੇ ਸਾਰੇ ਰਿਸ਼ਤੇ ਤੋੜਦੇ ਹੋਏ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਦਿਤੀ ਨੇ ਆਪਣੇ ਨੇੜਲੇ ਵਿਰੋਧੀ ਨੂੰ ਲਗਪਗ 90,000 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਅਖਿਲੇਸ਼ ਸਿੰਘ ਦੀ 20 ਅਗਸਤ 2019 ਨੂੰ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਅਦਿਤੀ ਦੀ ਸਰਗਰਮੀ ਵਧ ਗਈ ਹੈ। ਦੋਹਾਂ ਦਾ ਵਿਆਹ 21 ਨਵੰਬਰ ਨੂੰ ਦਿੱਲੀ 'ਚ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਇਸ ਤੋਂ ਬਾਅਦ ਸਿੱਖ ਰੀਤੀ-ਰਿਵਾਜ਼ਾਂ ਨਾਲ ਨਵਾਂਸ਼ਹਿਰ ਦੇ ਪਿੰਡ ਸਲੋਹ ਸਥਿਤ ਉਨ੍ਹਾਂ ਦੀ ਕੋਠੀ ਵਿੱਚ ਮੁੜ ਵਿਆਹ ਹੋਇਆ।

ਉਮੀਦਵਾਰਾਂ ਦੇ ਅਪਰਾਧਿਕ ਪਿਛਕੋੜ ਬਾਰੇ ਵੋਟਰਾਂ ਦੀ ਜਾਣਕਾਰੀ ਲਈ 'ਨੋਅ ਯੂਅਰ ਕੈਂਡੀਡੇਟ' ਐਪ ਜਾਰੀ: ਸੰਦੀਪ ਹੰਸ

ਪਟਿਆਲਾ, 23 ਜਨਵਰੀ:- ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ-2022 ਵਿਚ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਆਮ ਲੋਕਾਂ ਨੂੰ ਜਾਣੂ ਕਰਾਉਣ ਦੇ ਉਦੇਸ਼ ਨਾਲ 'ਨੋਅ ਯੂਅਰ ਕੈਂਡੀਡੇਟ' (ਆਪਣੇ ਉਮੀਦਵਾਰ ਨੂੰ ਜਾਣੋ) ਐਪਲੀਕੇਸ਼ਨ ਜਾਰੀ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਵਿਚ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਆਪਣੇ ਅਪਰਾਧਿਕ ਪਿਛੋਕੜ ਬਾਰੇ ਨਾਮਜ਼ਦਗੀ ਪੱਤਰ ਵਿੱਚ ਦਰਜ ਕਰਨਾ ਲਾਜ਼ਮੀ ਹੈ। ਉਨਾਂ ਕਿਹਾ ਕਿ ਡਿਜੀਟਾਈਜੇਸ਼ਨ ਸਮੇਂ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਦੇ ਅਪਰਾਧਿਕ ਪਿਛੋਕੜ ਬਾਰੇ ਹਾਂ ਜਾਂ ਨਾਂਹ  ਚੱੈਕ ਬੋਕਸ 'ਤੇ ਕਲਿੱਕ ਕਰਨਾ ਹੋਵੇਗਾ ਤੇ ਉਮੀਦਵਾਰ ਵੱਲੋਂ ਨਾਮਜ਼ਦਗੀ ਸਮੇਂ ਜਮਾਂ ਕਰਵਾਇਆ ਦਸਤਾਵੇਜ਼ ਸਕੈਨ ਕਰ ਕੇ ਅਪਲੋਡ ਕਰਨਾ ਹੋਵੇਗਾ। ਉਨਾਂ ਕਿਹਾ ਕਿ ਰਿਟਰਨਿੰਗ ਅਫ਼ਸਰ ਇਹ ਯਕੀਨੀ ਬਣਾਉਣਗੇ ਕਿ ਉਮੀਦਵਾਰ ਦੇ ਅਪਰਾਧਿਕ ਪਿਛੋਕੜ ਵਾਲਾ ਦਸਤਾਵੇਜ਼ ਦਰੁਸਤ ਹੈ ਤੇ ਕੋਈ ਵੀ ਨਾਗਰਿਕ ਇਸ ਨੂੰ 'ਨੋਅ ਯੂਅਰ ਕੈਂਡੀਡੇਟ' ਐਪ ਰਾਹੀਂ ਦੇਖ ਸਕਣਗੇ। ਉਨਾਂ ਕਿਹਾ ਕਿ ਇਸ ਐਪਲੀਕੇਸ਼ਨ ਜ਼ਰੀਏ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਪਤਾ ਲੱਗ ਸਕੇਗਾ ਤੇ ਇਹ ਐਪ ਉਨਾਂ ਨੂੰ ਅਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਵਿਚ ਮਦਦਗਾਰ ਹੋਵੇਗੀ।

ਬਿਕਰਮਜੀਤ ਚਾਹਲ ਨੂੰ ਟਿਕਟ ਮਿਲਣ ਤੇ ਸਨੌਰ ਹਲਕੇ ’ਚ ਖੁਸ਼ੀ ਦੀ ਲਹਿਰ, ਲੋਕਾਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

ਚੰਡੀਗੜ੍ਹ, 23 ਜਨਵਰੀ: - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ  ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੇ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੇ ਬੇਟੇ ਬਿਕਰਮਜੀਤਇੰਦਰ ਸਿੰਘ ਚਾਹਲ ਦਾ ਨਾਮ ਵੀ ਸ਼ਾਮਲ ਹੈ, ਜੋ ਕਿ ਸਨੌਰ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਦੱਸ ਦੱਈਏ ਕਿ ਬਿਕਰਮਜੀਤ ਇੰਦਰ ਸਿੰਘ ਚਾਹਲ ਪਿਛਲੇ ਲੰਬੇ ਸਮੇਂ ਤੋਂ ਸਨੌਰ ਹਲਕੇ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਅੱਗੇ ਹੋਣ ਕਾਰਨ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ, ਤੇ ਇਕ ਉੱਘੇ ਸਮਾਜਸੇਵੀ ਵੱਜੋਂ ਜਾਣੇ ਜਾਂਦੇ ਹਨ। ਅੱਜ ਉਹਨਾਂ ਨੂੰ ਸਨੌਰ ਹਲਕੇ ਤੋਂ ਟਿਕਟ ਮਿਲਣ ਦੀ ਖੁਸ਼ੀ ਵਿੱਚ ਹਲਕਾ ਸਨੌਰ ਵਿੱਚ ਸਥਿਤ ਪਾਰਟੀ  ਦਫਤਰ ਵਿੱਚ ਲੋਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਹਲਕੇ ਦੇ ਨੌਜਵਾਨਾਂ ਵੱਲੋਂ ਉਹਨਾਂ ਲਈ ਜਿੱਤ ਦੇ ਨਾਅਰੇ ਵੀ ਲਾਏ ਗਏ। ਜਾਣਕਾਰੀ ਮਿਲੀ ਹੈ ਕਿ ਪਾਰਟੀ ਦਫਤਰ ਤੋਂ ਇਲਾਵਾਂ ਕਈ ਹੋਰ ਥਾਵਾਂ ਤੇ ਵੀ ਬਿਕਰਮ ਚਾਹਲ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਬਿਕਰਮਜੀਤ ਇੰਦਰ ਸਿੰਘ ਚਾਹਲ ਨੇ ਬੀ.ਕਾਮ(ਬੈਚਲਰ ਆਫ ਕਾਮਰਸ) ਵਿਸ਼ੇ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਸਿਵਿਲ ਸਰਵਿਸਿਸ ਵਿੱਚ ਪ੍ਰੀ-ਲਿਮਨਰੀ ਅਤੇ ਮੇਨਸ ਦੇ ਪੇਪਰ ਕਲੀਅਰ ਕੀਤੇ ਹਨ। ਵਪਾਰਿਕ ਪੱਖ ਤੋਂ ਉਹ ਇਕ ਬਿਜਨਸਮੈਨ ਹਨ ਉਹਨਾਂ ਦੇ ਆਪਣੇ ਟਰਾਂਸਪੋਰਟ, ਮੈਰਿਜ਼ ਪੈਲੇਸ ਅਤੇ ਪੈਟਰੋਲ ਪੰਪ ਹਨ। ਇਸ ਸਭ ਤੋਂ ਹਟ ਕੇ ਉਹ ਇਕ ਉੱਘੇ ਸਮਾਜਸੇਵੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਏ ਹਨ। ਉਹ ਆਪਣੇ ਇਲਾਕੇ ਦੇ ਲੋਕਾਂ ਲਈ ਮੁਫਤ ਹੈਲਥ ਚੈਕਪ ਲੈਬੋਰਟਰੀਆਂ ਚਲਾ ਰਹੇ ਹਨ। ਔਰਤਾਂ ਨੂੰ ਸੈਨੇਟਰੀ ਪੈਡ , ਬਜ਼ੁਰਗਾਂ ਅਤੇ ਲੋੜਵੰਦਾਂ ਨੂੰ ਨਿਗ੍ਹਾ ਦੀਆਂ ਮੁਫਤ ਐਨਕਾਂ ਮੁਹੱਇਆ ਕਰਵਾਕੇ ਲੋਕ ਭਲਾਈ ਦਾ ਕੰਮ ਕਰਦੇ ਆ ਰਹੇ ਹਨ । ਗਰੀਬ ਵਿਦਿਆਰਥੀਆਂ ਦੀ ਉਹ ਕਾਪੀਆਂ, ਕਿਤਾਬਾਂ ਅਤੇ ਹੋਰ ਸਕੂਲੀ ਵਸਤਾਂ ਨਾਲ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ  ਇਲਾਕੇ ਦੇ ਨੌਜਵਾਨਾਂ ਨੂੰ ਜਿੰਮ ਅਤੇ ਹੋਰ ਖੇਡਾਂ ਦੀਆਂ ਕਿੱਟਾਂ ਮੁਹੱਇਆ ਕਰਵਾਉਂਦੇ ਹਨ।

ਡੀ.ਸੀ. ਵੱਲੋਂ ਲੋਕਾਂ ਨੂੰ ਸੀ-ਵਿਜਿਲ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ

-ਸੀ ਵਿਜਲ ਐਪ 'ਤੇ ਆਈਆਂ ਹੁਣ ਤੱਕ ਆਈਆਂ ਕੁਲ 175 ਸ਼ਿਕਾਇਤਾਂ ਦਾ ਨਿਪਟਾਰਾ-ਸੰਦੀਪ ਹੰਸ
-1950 ਨੰਬਰ 'ਤੇ ਵੀ ਹੁਣ ਤੱਕ 604 ਲੋਕਾਂ ਨੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕੀਤੀ
ਪਟਿਆਲਾ, 23 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਆਪੋ-ਆਪਣੇ ਹਲਕੇ 'ਚ ਆਦਰਸ਼ ਚੋਣ ਜਾਬਤੇ ਦੀ ਕਿਸੇ ਤਰ੍ਹਾਂ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਸੀ-ਵਿਜਲ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ, ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਚੋਣ ਜਾਬਤੇ ਦੀ ਉਲੰਘਣਾ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ-ਵਿਜਿਲ ਐਪ ਲੋਕਾਂ ਲਈ ਇੱਕ ਅਜਿਹਾ ਟੂਲ ਸਾਬਤ ਹੋ ਰਿਹਾ ਹੈ, ਜਿਸ ਨਾਲ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ, ਇਸ 'ਤੇ 100 ਮਿੰਟਾਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਐਪ 'ਤੇ 175 ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਦਾ ਨਿਪਟਾਰਾ ਕਰਵਾ ਦਿੱਤਾ ਗਿਆ ਹੈ।
ਡੀ.ਸੀ. ਸ੍ਰੀ ਸੰਦੀਪ ਹੰਸ ਨੇ ਚੋਣ ਜਾਬਤਾ ਲੱਗਣ ਤੋਂ ਹੁਣ ਤੱਕ ਪੁੱਜੀਆਂ ਹਲਕਾ ਵਾਰ ਸ਼ਿਕਾਇਤਾਂ ਬਾਬਤ ਦੱਸਿਆ ਕਿ ਘਨੌਰ ਹਲਕੇ 'ਚ ਹੁਣ ਤਕ 1 ਸ਼ਿਕਾਇਤ ਆਈ, ਨਾਭਾ 'ਚ 11, ਪਟਿਆਲਾ ਸ਼ਹਿਰੀ 'ਚ 29, ਪਟਿਆਲਾ ਦਿਹਾਤੀ 'ਚ 35, ਰਾਜਪੁਜਾ 'ਚ 4, ਸਮਾਣਾ 'ਚ 19, ਸਨੌਰ ਹਲਕੇ 'ਚ 13 ਅਤੇ ਸ਼ੁਤਰਾਣਾ ਹਲਕੇ 'ਚ ਹੁਣ ਤੱਕ ਕੁਲ 34 ਸ਼ਿਕਾਇਤਾਂ ਸੀਵਿਜਿਲ ਐਪ 'ਤੇ ਪੁੱਜੀਆਂ। ਜਦੋਂਕਿ ਪਿਛਲੇ 24 ਘੰਟਿਆਂ 'ਚ 8 ਸ਼ਿਕਾਇਤਾਂ ਆਈਆਂ, ਇਨ੍ਹਾਂ ਦਾ ਮਿਥੇ ਸਮੇਂ ਦੇ ਅੰਦਰ-ਅੰਦਰ ਨਿਪਟਾਰਾ ਕਰਵਾ ਦਿੱਤਾ ਗਿਆ ਹੈ।
ਜਦੋਂਕਿ 1950 ਹੈਲਪਲਾਈਨ ਵੀ ਵੋਟਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ 'ਤੇ ਹੁਣ ਤੱਕ 604 ਕਾਲਾਂ ਪ੍ਰਾਪਤ ਹੋਈਆਂ ਹਨ। ਜਦੋਂਕਿ ਪਿਛਲੇ 24 ਘੰਟਿਆਂ 'ਚ 27 ਕਾਲਾਂ ਰਸੀਵ ਹੋਈਆਂ। ਇਸ ਹੈਲਪਲਾਈਨ 'ਤੇ ਲੋਕਾਂ ਵੱਲੋਂ ਸਹਾਇਤਾ ਲਈ ਫੋਨ ਕਾਲ ਕਰਨ ਦੇ ਨਾਲ-ਨਾਲ ਆਪਣੀ ਵੋਟਾਂ ਨਾਲ ਸਬੰਧਤ ਜਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੋਈ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਹਰ ਜਾਣਕਾਰੀ ਉਨ੍ਹਾਂ ਦੇ ਫੋਨ 'ਤੇ ਤੁਰੰਤ ਇਕ ਕਲਿਕ ਨਾਲ ਮੁਹਈਆ ਕਰਵਾਉਣ ਲਈ ਕਈ ਮੋਬਾਇਲ ਐਪਸ ਤਿਆਰ ਕੀਤੀਆਂ ਹਨ, ਜਿਨ੍ਹਾਂ ਦਾ ਫਾਇਦਾ ਲੈਕੇ ਵੋਟਰ ਆਪਣੀਆਂ ਵੋਟਾਂ ਸਮੇਤ ਚੋਣ ਜਾਬਤੇ ਦੀਆਂ ਸ਼ਿਕਾਇਤਾਂ ਵੀ ਪ੍ਰਸ਼ਾਸਨ ਤੱਕ ਪੁੱਜਦੀਆਂ ਕਰ ਸਕਦੇ ਹਨ।

ਚੋਣਾਂ ਦੌਰਾਨ ਕੋਵਿਡ ਸੁਰੱਖਿਅਤ ਮਾਹੌਲ ਸਿਰਜਣ ਲਈ ਸਭਨਾਂ ਨੂੰ ਟੀਕਾਕਰਣ ਮੁਹਿੰਮ ਚ ਸਹਿਯੋਗ ਦੇਣ ਦੀ ਅਪੀਲ

ਨਵਾਂਸ਼ਹਿਰ, 22 ਜਨਵਰੀ : - ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੋਵਿਡ ਸੁਰੱਖਿਅਤ ਚੋਣ ਮਾਹੌਲ ਸਿਰਜਣ ਲਈ ਚੋਣ ਸਟਾਫ਼, ਆਮ ਲੋਕਾਂ ਅਤੇ ਰਾਜਨੀਤਿਕ ਸਮਰਥਕਾਂ ਨੂੰ ਕੋਵਿਡ ਤੋਂ ਬਚਾਅ ਲਈ ਆਪਣਾ ਟੀਕਾਕਰਣ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ।    ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਕੋਵਿਡ ਦੇ ਇਸ ਅਸੁਰੱਖਿਅਤ ਵਿਵਹਾਰ ਨੂੰ ਦੇਖਦੇ ਹੋਏ ਜਿੱਥੇ ਵੋਟਰਾਂ ਲਈ ਮਤਦਾਨ ਦੌਰਾਨ ਠੋਸ ਪ੍ਰਬੰਧ ਕੀਤੇ ਹਨ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਮੁੱਚੇ ਚੋਣ ਸਟਾਫ਼ ਅਤੇ ਜ਼ਿਲ੍ਹੇ ਦੇ ਲੋਕਾਂ ਦੀ ਕੋਵਿਡ ਤੋਂ ਸੁਰੱਖਿਆ ਲਈ ਜ਼ਿਲ੍ਹੇ ਵਿੱਚ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ।  ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਟੀਕਾਕਰਣ ਦੇ ਟੀਚੇ ਨੂੰ ਵਧਾਉਣ ਦੇ ਨਾਲ ਨਾਲ ਸੈਂਪਲਿੰਗ ਨੂੰ ਵੀ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ 15 ਤੋਂ 18 ਸਾਲ   ਵਰਗ ਅਤੇ 18 ਸਾਲ ਤੋਂ ਉੱਪਰ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਟੀਕਾਕਰਣ ਦੀ ਦੀ ਸੁਰੱਖਿਆ ਛੱਤਰੀ ਦੇ ਘੇਰੇ ਚ ਲਿਆ ਜਾਵੇ।    ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੀ ਇਸ ਸਬੰਧੀ ਟੀਕਾਕਰਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਪ੍ਰਮੁੱਖ ਸਕੱਤਰ (ਸਿਹਤ) ਪੰਜਾਬ ਵੱਲੋਂ ਵੀ ਇਸ ਸਬੰਧੀ ਕਲ੍ਹ ਅਤੇ ਅੱਜ ਸ਼ਾਮ ਵੀਡਿਓ ਕਾਨਫਰੰਸਿੰਗ ਕਰਕੇ ਕੋਵਿਡ ਟੀਕਾਕਰਣ ਸਬੰਧੀ ਰੋਜ਼ਾਨਾ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਫ਼ੋਟੋ ਕੈਪਸ਼ਨ:  ਕੋਵਿਡ ਟੀਕਾਕਰਣ ਦੀ ਪ੍ਰਗਤੀ ਲਈ ਵੀਡਿਓ ਕਾਨਫਰੰਸਿੰਗ ਵਿਚ ਸ਼ਾਮਿਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਸਿਹਤ ਅਧਿਕਾਰੀ।

ਗਣਤੰਤਰ ਦਿਵਸ ਮੌਕੇ ਉਪ ਮੁੱਖ ਮੰਤਰੀ ਪੰਜਾਬ ਸ: ਸੁਖਜਿੰਦਰ ਸਿੰਘ ਰੰਧਾਵਾ ਝੰਡਾ ਲਹਿਰਾਉਣ ਦੀ ਰਸਮ ਕਰਨਗੇ ਅਦਾ

ਕੋਵਿਡ ਪ੍ਰੋਟੋਕਾਲ ਅਨੁਸਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਗਣਤੰਤਰ ਦਿਵਸ : ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਘਰ ਜਾ ਕੇ ਕੀਤਾ ਜਾਵੇਗਾ ਸਨਮਾਨ
ਅੰਮ੍ਰਿਤਸਰ, 22 ਜਵਨਰੀ :-  ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਕੋਵਿਡ ਪ੍ਰੋਟੋਕਾਲ ਅਨੁਸਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਗੇਤੇ ਪ੍ਰਬੰਧਾਂ ਲਈ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਸ: ਖਹਿਰਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 26 ਜਨਵਰੀ ਦੇ ਮਹੱਤਵਪੂਰਨ ਦਿਹਾੜੇ ਨੂੰ ਮਨਾਉਣ ਲਈ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਈ ਜਾਵੇ, ਤਾਂ ਜੋ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਊਣਤਾਈ ਸਹਿਣਯੋਗ ਨਹੀਂ ਹੋਵੇਗੀ।  ਉਨਾਂ ਦੱਸਿਆ ਕਿ ਸਮਾਗਮ ਦੀ ਫੁੱਲ ਡਰੈਸ ਰਿਹਰਸਲ 24 ਜਨਵਰੀ ਨੂੰ ਹੋਵੇਗੀ। ਉਨਾਂ ਦੱਸਿਆ  ਕਿ ਇਸ ਵਾਰ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਪੰਜਾਬ ਦੇ ਉਪ ਮੁੱਖ ਮੰਤਰੀ ਪੰਜਾਬ ਸ: ਸੁਖਜਿੰਦਰ ਸਿੰਘ ਰੰਧਾਵਾ ਹੋਣਗੇ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਘਰ ਜਾ ਕੇ ਕੀਤਾ ਜਾਵੇਗਾ। ਉਨ੍ਹਾਂ ਗਣਤੰਤਰ ਦਿਵਸ 'ਤੇ ਜਿਥੇ ਜ਼ਿਲ੍ਹਾ ਪੁਲਿਸ ਨੂੰ ਸੁਰੱਖਿਆ ਪ੍ਰਬੰਧਾਂ ਸਬੰਧੀ ਉਚਿਤ ਬੰਦੋਬਸਤ ਕਰਨ ਲਈ ਕਿਹਾ, ਉਥੇ ਪਾਰਕਿੰਗ ਦੇ ਪੁਖਤਾ ਪ੍ਰਬੰਧ ਕਰਨ ਦੀ ਵੀ ਹਦਾਇਤ ਕੀਤੀ। 
  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ 'ਤੇ ਡਿਊਟੀ ਨਿਭਾਉਣ ਵਾਲੇ ਸਟਾਫ਼ ਦਾ ਕੋਵਿਡ ਟੀਕਾਕਰਨ ਮੁਕੰਮਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮਾਗਮ ਵਾਲੇ ਸਥਾਨ 'ਤੇ ਸਾਫ-ਸਫਾਈ, ਪੀਣ ਵਾਲੇ ਪਾਣੀ, ਆਰਜ਼ੀ ਟੁਆਇਲਟ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਮੈਡੀਕਲ ਟੀਮ ਤਾਇਨਾਤ ਕਰਨ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਪੁਲਿਸ ਨੂੰ ਸਮਾਗਮ ਦੌਰਾਨ ਕੀਤੇ ਜਾਣ ਵਾਲੇ ਮਾਰਚ ਪਾਸਟ ਲਈ ਪੁਲਿਸ ਟੁਕੜੀਆਂ  ਦਾ ਉਚੇਚਾ ਅਭਿਆਸ ਕਰਵਾਉਣ ਲਈ ਵੀ ਆਖਿਆ। ਸ: ਖਹਿਰਾ ਨੇ ਦੱਸਿਆ ਕਿ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰਖਦੇ ਹੋਏ ਕੋਈ ਵੀ ਸੱਭਿਆਚਾਰ ਪ੍ਰੋਗਰਾਮ ਅਤੇ ਝਾਂਕੀਆਂ ਨਹੀਂ ਕੱਢੀਆਂ ਜਾਣਗੀਆਂ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ , ਜਿਲ੍ਹਾ ਮਾਲ ਅਫ਼ਸਰ ਸ: ਰਵਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ , ਕਾਰਜਕਾਰੀ ਸਕੱਤਰ ਰੈਡ ਕਰਾਸ ਸ: ਤਜਿੰਦਰ ਸਿੰਘ ਰਾਜਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 40ਵੀਂ ਬਰਸੀ ਸਮਾਗਮ ਮੌਕੇ ਖੂਨਦਾਨ ਕੈਂਪ

ਸੰਤ ਬਾਬਾ ਸੇਵਾ  ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 40ਵੀਂ ਬਰਸੀ ਸਮਾਗਮ ਮੌਕੇ ਖੂਨਦਾਨ ਕੈਂਪ
ਬੰਗਾ : 22 ਜਨਵਰੀ : ()   ਸੇਵਾ ਦੇ ਪੁੰਜ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੀ 40ਵੀਂ ਬਰਸੀ ਮੌਕੇ ਬਾਬਾ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ, ਪਿੰਡ ਨੌਰਾ ਵਿਖੇ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਲਗਾਇਆ ਗਿਆ । ਇਸ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸੰਤ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵੇ ਵਾਲੇ ਅਤੇ ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਸਕੱਤਰ ਸ਼ਰੋਮਣੀ ਗੁ: ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਪੁੱਜੇ । ਉਹਨਾਂ ਨੇ ਸੰਗਤਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਦੱਸਿਆ ਕਿ ਮਾਨਵਤਾ ਦੀ ਸੇਵਾ ਲਈ ਹਰ ਇੱਕ ਤੰਦਰੁਸਤ ਮਨੁੱਖ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਚਾਹੀਦਾ ਹੈ । ਉਹਨਾਂ ਦੱਸਿਆ ਕਿ ਦਾਨ ਵਿਚ ਦਿੱਤਾ ਹੋਇਆ ਇਹ ਖੂਨ ਅਨੇਕਾਂ ਕੀਮਤੀ ਜਾਨਾਂ ਦਾ ਬਚਾਉਣ ਦੇ ਕੰਮ ਆਉਂਦਾ ਹੈ। ਇਸ ਮੌਕੇ ਸਿੰਘ ਸਾਹਿਬ ਅਤੇ ਸੰਤ ਜੀ  ਨੇ ਖੂਨਦਾਨੀਆਂ ਨੂੰ ਯਾਦਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਸੇਵਾ ਸੰਭਾਲ ਲਈ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਗਿਆਨੀ ਆਸਾ ਸਿੰਘ ਜੀ ਸਪੁੱਤਰ ਸੰਤ ਬਾਬਾ ਸੇਵਾ ਸਿੰਘ ਜੀ, ਗਿਆਨੀ ਨਿਰਮਲ ਸਿੰਘ ਜੀ ਸਪੁੱਤਰ ਸੰਤ ਬਾਬਾ ਸੇਵਾ ਸਿੰਘ ਜੀ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ,  ਜਰਨੈਲ ਸਿੰਘ, ਧਨਵੰਤ ਸਿੰਘ, ਸੁਖਜਿੰਦਰ ਸਿੰਘ , ਸਤਵਿੰਦਰ ਸਿੰਘ ਰਾਜੂ (ਸਾਰੇ ਪੋਤਰੇ ਸੰਤ ਬਾਬਾ ਸੇਵਾ ਸਿੰਘ ਜੀ), ਅਜੀਤ ਸਿੰਘ ਹਲਵਾਈ, ਭੁਪਿੰਦਰ ਸਿੰਘ ਲਧਾਣਾ ਉੱਚਾ, ਸਤਵੰਤ ਸਿੰਘ, ਕੁਲਵੰਤ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਮਿੱਤ ਸਿੰਘ ਨੰਬਰਦਾਰ, ਸੁਖਦੇਵ ਸਿੰਘ ਉੜਾਪੜ, ਡਾ. ਰਾਹੁਲ ਗੋਇਲ ਬੀ ਟੀ ਉ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ,  ਸੁਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।

ਤਸਵੀਰ : ਪਿੰਡ ਨੌਰਾ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ 40ਵੀਂ ਬਰਸੀ ਸਮਾਗਮ ਮੌਕੇ ਲੱਗੇ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੰਤ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨਾਲ ਹਨ  ਹੋਰ ਪਤਵੰਤੇ ਸੱਜਣ


Virus-free. www.avast.com

ਚੋਣ ਬੂਥਾਂ ’ਤੇ ਦਿਵਿਆਂਗ ਵੋਟਰਾਂ ਨੂੰ ‘ਪਿਕ ਐਂਡ ਡਰਾਪ’ ਦੀ ਸਹੂਲਤ ਦਿੱਤੀ ਜਾਵੇਗੀ - ਡੀ ਸੀ ਵਿਸ਼ੇਸ਼ ਸਾਰੰਗਲ

ਮਤਦਾਨ ਵਾਲੇ ਦਿਨ ਜ਼ਿਲ੍ਹੇ ਵਿੱਚ 5381 ਪੀ ਡਬਲਯੂ ਡੀ ਵੋਟਰਾਂ ਨੂੰ ਮਿਲੇਗੀ ਸਹੂਲਤ

ਨਵਾਂਸ਼ਹਿਰ, 21 ਜਨਵਰੀ: ਦਿਵਿਆਂਗ ਵਿਅਕਤੀਆਂ (ਪੀ ਡਬਲਯੂ ਡੀ) ਮਤਦਾਤਾਵਾਂ ਨੂੰ ਮੌਜੂਦਾ ਵਿਧਾਨ ਸਭਾ ਚੋਣ ਮਤਦਾਨ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ 20 ਫਰਵਰੀ ਨੂੰ ਉਨ੍ਹਾਂ ਨੂੰ 'ਪਿਕ ਐਂਡ ਡਰਾਪ' (ਲਿਜਾਣ ਅਤੇ ਛੱਡਣ) ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
 ਦਿਵਿਆਂਗ ਮਤਦਾਤਾਵਾਂ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਦਿਵਿਆਂਗ ਵੋਟਰਾਂ ਦੀ ਪਹੁੰਚ ਤੱਕ ਲਿਆਉਣ ਅਤੇ ਇਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇਹ ਫੈਸਲਾ ਲਿਆ ਗਿਆ ਹੈ।  
 ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ 5381 ਦਿਵਿਆਂਗ ਵੋਟਰ ਹਨ ਜਿਨ੍ਹਾਂ ਵਿੱਚ ਬੰਗਾ ਵਿੱਚ 2274, ਨਵਾਂਸ਼ਹਿਰ ਵਿੱਚ 1359 ਅਤੇ ਬਲਾਚੌਰ ਹਲਕੇ ਵਿੱਚ 1748 ਵੋਟਰ ਹਨ।
 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਦਿਵਿਆਂਗ ਵੋਟਰਾਂ ਲਈ ਇੱਕ ਵਿਸਤਿ੍ਰਤ ਆਵਾਜਾਈ ਸਹੂਲਤ ਯੋਜਨਾ ਤਿਆਰ ਕੀਤੀ ਹੈ ਜਿਸ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ਲੋੜੀਂਦੀ ਗਿਣਤੀ ਵਿੱਚ ਵਾਹਨ, ਰੈਂਪ, ਵ੍ਹੀਲ ਚੇਅਰ, ਵਾਲੰਟੀਅਰ, ਉਨ੍ਹਾਂ ਦੇ ਬੈਠਣ ਜਾਂ ਉਡੀਕ ਕਰਨ ਦੇ ਸਥਾਨ ਅਤੇ ਹੋਰ ਸਹੂਲਤਾਂ ਸਾਰੇ 614 ਬੂਥਾਂ 'ਤੇ 20 ਫਰਵਰੀ ਨੂੰ ਪੋਲਿੰਗ ਵਾਲੇ ਦਿਨ ਦੌਰਾਨ ਯਕੀਨੀ ਬਣਾਈਆਂ ਜਾਣਗੀਆਂ।  
 ਉਨ੍ਹਾਂ ਨੂੰ ਇਸ ਸਹੂਲਤ ਦਾ ਲਾਭ ਉਠਾਉਣ ਲਈ ਪ੍ਰੇਰਿਤ ਕਰਦਿਆਂ ਸਾਰੰਗਲ ਨੇ ਕਿਹਾ ਕਿ ਦਿਵਿਆਂਗ ਮਤਦਾਤਾ ਆਪਣੇ ਸਬੰਧਤ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਨਾਲ ਸੰਪਰਕ ਕਰ ਸਕਦੇ ਹਨ ਜਿਸ ਤੋਂ ਬਾਅਦ ਪੋਲਿੰਗ ਵਾਲੇ ਦਿਨ ਵਾਹਨਾਂ ਨੂੰ ਉਨ੍ਹਾਂ ਦੀ ਸਹੂਲਤ ਲਈ ਉਨ੍ਹਾਂ ਦੇ ਘਰਾਂ/ਸਥਾਨਾਂ 'ਤੇ ਭੇਜਿਆ ਜਾਵੇਗਾ।
 ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਤੰਤਰੀ ਪ੍ਰਕਿਰਿਆ ਵਿੱਚ ਦਿਵਿਆਂਗ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਕਿਹਾ ਕਿ ਉਹ ਇਨ੍ਹਾਂ ਵੋਟਰਾਂ ਦੀ ਸੁਵਿਧਾ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਤਾਂ ਜੋ ਵੋਟਰਾਂ ਨੂੰ ਵੋਟ ਪਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
 ਉਨ੍ਹਾਂ ਦੱਸਿਆ ਕਿ ਦਿਵਿਆਂਗ ਮਤਦਾਤਾ ਪੋਸਟਲ ਬੈਲਟ ਦੀ ਸਹੂਲਤ ਦੀ ਵੀ ਚੋਣ ਕਰ ਸਕਦੇ ਹਨ, ਜੇਕਰ ਉਨ੍ਹਾਂ ਦੀ ਸਿਹਤ/ਹਾਲਤ ਉਨ੍ਹਾਂ ਨੂੰ ਪੋਲਿੰਗ ਬੂਥ 'ਤੇ ਜਾਣ ਦੀ ਆਗਿਆ ਨਹੀਂ ਦਿੰਦੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਪੁਸ਼ਟੀ ਲਈ 12-ਡੀ ਫਾਰਮ ਵੀ ਬੀ ਐਲ ਓਜ਼ ਰਾਹੀਂ ਪਹਿਲਾਂ ਹੀ ਭੇਜ ਦਿੱਤੇ ਗਏ ਹਨ।
 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਸ਼ਮੂਲੀਅਤ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਦੂਜਿਆਂ ਨੂੰ ਇਹ ਸੰਦੇਸ਼ ਜਾਵੇਗਾ ਕਿ ਉਨ੍ਹਾਂ ਦੀ ਵੋਟ ਵੀ ਮਾਇਨੇ ਰੱਖਦੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ‘ਵਰਚੁਅਲ’ ਤੌਰ ’ਤੇ ਮਨਾਇਆ ਜਾਵੇਗਾ-ਡੀ ਸੀ ਵਿਸ਼ੇਸ਼ ਸਾਰੰਗਲ

ਨਵਾਂਸ਼ਹਿਰ, 21 ਜਨਵਰੀ :- ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 25 ਜਨਵਰੀ ਨੂੰ 12ਵਾਂ ਰਾਸ਼ਟਰੀ ਵੋਟਰ ਦਿਵਸ 'ਵਰਚੁਅਲ' ਤੌਰ 'ਤੇ ਮਨਾਇਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਸਥਾਪਨਾ ਦਿਵਸ ਨੂੰ ਸਮਰਪਿਤ ਰਾਸ਼ਟਰੀ ਵੋਟਰ ਦਿਵਸ ਚੋਣਾਂ ਵਿੱਚ ਨਵੇਂ ਵੋਟਰਾਂ ਨੂੰ ਖਾਸ ਤੌਰ 'ਤੇ ਨੌਜੁਆਨਾਂ ਨੂੰ ਉਤਸ਼ਾਹਿਤ ਕਰਨ, ਮਤਦਾਨ ਲਈ ਪ੍ਰੇਰਿਤ ਕਰਨ ਅਤੇ ਚੋਣ ਪ੍ਰਕਿਰਿਆ ਦੌਰਾਨ ਮਤਦਾਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਮਨਾਇਆ ਜਾਂਦਾ ਹੈ।
 ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਸਾਲ ਪ੍ਰਸ਼ਾਸਨ ਵੱਲੋਂ ਇਹ ਦਿਹਾੜਾ 'ਆਨਲਾਈਨ ਮੋਡ' ਰਾਹੀਂ ਮਨਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ ਅਤੇ ਇਸ ਸਬੰਧੀ ਸਾਰੇ ਰਿਟਰਨਿੰਗ ਅਫ਼ਸਰਾਂ, ਬੂਥ ਲੈਵਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
 ਉਨ੍ਹਾਂ ਦੱਸਿਆ ਕਿ ਸਮਾਰਟ ਸਕੂਲਾਂ ਵਿੱਚ ਪਿ੍ਰੰਸੀਪਲਾਂ ਦੀ ਅਗਵਾਈ ਹੇਠ ਬੂਥ ਪੱਧਰੀ ਸਮਾਗਮ ਕਰਵਾਏ ਜਾਣਗੇ ਜਿੱਥੋਂ ਉਹ 25 ਜਨਵਰੀ ਨੂੰ ਮੁੱਖ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਰਾਜ ਪੱਧਰੀ ਸਮਾਗਮ ਨਾਲ ਜੁੜ ਜਾਣਗੇ।
 ਸ੍ਰੀ ਸਾਰੰਗਲ ਨੇ ਦੱਸਿਆ ਕਿ ਪੰਜ ਨਵੇਂ ਵੋਟਰਾਂ ਨੂੰ ਐਪਿਕ ਕਾਰਡਾਂ ਦੇ ਨਾਲ-ਨਾਲ ਸਰਵੋਤਮ ਰਿਟਰਨਿੰਗ ਅਫ਼ਸਰ, ਬੂਥ ਲੈਵਲ ਅਫ਼ਸਰ, ਸਰਵੋਤਮ ਨੋਡਲ ਅਫ਼ਸਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਮਾਗਮ ਦੌਰਾਨ ਸਾਰੇ ਭਾਗੀਦਾਰਾਂ ਨੂੰ ਲੋਕਤੰਤਰੀ ਪ੍ਰਣਾਲੀ ਪ੍ਰਤੀ ਵਚਨਬੱਧਤਾ ਦੀ ਸਹੁੰ ਵੀ ਚੁਕਾਈ ਜਾਵੇਗੀ।
 ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਦੇ ਰਾਸ਼ਟਰੀ ਵੋਟਰ ਦਿਵਸ ਦਾ ਥੀਮ 'ਚੋਣਾਂ ਦੌਰਾਨ ਚੋਣਾਂ ਨੂੰ ਸਮਾਵੇਸ਼ੀ, ਪਹੁੰਚਯੋਗ ਅਤੇ ਭਾਗੀਦਾਰ ਬਣਾਉਣਾ' ਹੈ, ਤਾਂ ਜੋ ਮਤਦਾਨ ਪ੍ਰਤੀ ਹਰ ਵਰਗ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ। 
 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਇੱਕ ਚੰਗੀ ਸਰਕਾਰ ਦੇ ਗਠਨ ਦੀ ਕੁੰਜੀ ਹੈ ਅਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਜ਼ਿਲ੍ਹੇ ਵਿੱਚ ਛੇ ‘ਪਿੰਕ ਪੋਲਿੰਗ ਬੂਥ’ ਹੋਣਗੇ, ਹਰ ਵਿਧਾਨ ਸਭਾ ਹਲਕੇ ਵਿੱਚ ਦੋ ਬੂਥ ਬਣਾਏ ਜਾਣਗੇ

ਮਹਿਲਾ ਪੋਲਿੰਗ ਬੂਥਾਂ 'ਤੇ ਪੂਰਾ ਸਟਾਫ ਮਹਿਲਾਵਾਂ ਦਾ ਹੀ ਹੋਵੇਗਾ-ਵਿਸ਼ੇਸ਼ ਸਾਰੰਗਲ
ਨਵਾਂਸ਼ਹਿਰ, 20 ਜਨਵਰੀ : - ਸਮੁੱਚੀ ਪੋਲਿੰਗ ਪ੍ਰਕਿਰਿਆ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਪਹਿਲਕਦਮੀ ਵਿੱਚ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਛੇ 'ਪਿੰਕ ਪੋਲਿੰਗ ਬੂਥ' ਬਣਾਏ ਜਾਣਗੇ, ਜੋ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਦੋ ਹੋਣਗੇ।  ਜ਼ਿਲ੍ਹੇ ਵਿੱਚ ਇਨ੍ਹਾਂ ਪੋਲਿੰਗ ਬੂਥਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਇਨ੍ਹਾਂ ਪਿੰਕ ਪੋਲਿੰਗ ਬੂਥਾਂ ਦਾ ਪ੍ਰਬੰਧ ਸਿਰਫ਼ ਮਹਿਲਾ ਟੀਮਾਂ ਵੱਲੋਂ ਹੀ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਅਜਿਹੇ ਪੋਲਿੰਗ ਬੂਥਾਂ 'ਤੇ ਪੋਲਿੰਗ ਸਟਾਫ਼, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਨੂੰ ਗੁਲਾਬੀ ਡਿਜ਼ਾਇਨ, ਜਿਸ ਵਿੱਚ ਗੁਲਾਬੀ ਕੰਧਾਂ ਅਤੇ ਟੇਬਲ ਕਵਰ ਸ਼ਾਮਲ ਹਨ, ਦੁਆਰਾ ਨਿਵੇਕਲਾਪਣ ਦਿੱਤਾ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ, ਸ਼੍ਰੀ ਸਾਰੰਗਲ ਨੇ ਕਿਹਾ ਕਿ ਇਹ ਕਦਮ ਪੁਰਾਣੀਆਂ ਧਾਰਨਾਵਾਂ ਨੂੰ ਤੋੜਨ ਵਿੱਚ ਮਦਦ ਕਰੇਗਾ ਕਿ ਮਹਿਲਾ ਕਰਮਚਾਰੀ ਆਮ ਤੌਰ 'ਤੇ ਚੋਣ ਡਿਊਟੀਆਂ ਕਰਨ ਤੋਂ ਝਿਜਕਦੀਆਂ ਹਨ ਜਦੋਂ ਕਿ ਔਰਤਾਂ ਆਪਣੀ ਮਿਹਨਤ ਅਤੇ ਲਗਨ ਨਾਲ ਸਮਾਜ ਦੇ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਵੱਲ ਇੱਕ ਹੋਰ ਕਦਮ ਹੈ। ਸ਼੍ਰੀ ਸਾਰੰਗਲ ਨੇ ਕਿਹਾ ਕਿ ਇਸ ਨਾਲ ਜਿੱਥੇ ਮਹਿਲਾ ਪੋਲਿੰਗ ਸਟਾਫ਼ ਵਿੱਚ ਆਤਮ ਵਿਸ਼ਵਾਸ ਵਧੇਗਾ, ਉੱਥੇ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਸੁਚੱਜੇ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਮਹਿਲਾ ਵੋਟਰਾਂ ਨੂੰ ਵੀ ਵੱਡੀ ਗਿਣਤੀ ਵਿੱਚ ਵੋਟਿੰਗ ਪ੍ਰਕਿਰਿਆ ਵਿੱਚ ਭਾਗ ਲੈਣ ਦਾ ਸੁਨੇਹਾ ਮਿਲੇਗਾ। ਸ਼੍ਰੀ ਸਾਰੰਗਲ ਨੇ ਇਹ ਵੀ ਕਿਹਾ ਕਿ ਜਲ੍ਹਿੇ ਵਿੱਚ 20 ਫਰਵਰੀ ਨੂੰ ਮਤਦਾਨ ਵਾਲੇ ਦਿਨ ਵੋਟਰਾਂ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕਰਨ ਲਈ, ਜ਼ਿਲ੍ਹੇ ਵਿੱਚ 45 ਮਾਡਲ ਪੋਲਿੰਗ ਬੂਥ ਬਣਾਏ ਜਾਣਗੇ ਜਿਨ੍ਹਾਂ ਵਿੱਚ ਹਰੇਕ ਹਲਕੇ ਵਿੱਚ 15 ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਵਿੱਚ 15 ਮਾਡਲ ਪੋਲਿੰਗ ਬੂਥ ਹੋਣਗੇ ਜਿਨ੍ਹਾਂ ਦੀ ਇਮਾਰਤ ਦੀ ਚੰਗੀ ਹਾਲਤ, ਫੁੱਲਾਂ ਨਾਲ ਸਜਾਈ, ਰੰਗੋਲੀ, ਸੁੰਦਰ ਪੇਂਟਿੰਗ, ਕਤਾਰਾਂ ਦਾ ਸੁਚੱਜਾ ਪ੍ਰਬੰਧ, ਪੀਣ ਵਾਲੇ ਪਾਣੀ ਦੀਆਂ ਮੁੱਢਲੀਆਂ ਸਹੂਲਤਾਂ, ਡਾਕਟਰੀ ਸਹਾਇਤਾ, ਪਖਾਨੇ, ਸਹਾਇਤਾ ਲਈ ਵਾਲੰਟੀਅਰ ਅਤੇ ਹੋਰ ਪ੍ਰਬੰਧ ਹੋਣਗੇ।  ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਵਾਂਸ਼ਹਿਰ ਹਲਕੇ ਵਿੱਚ ਇੱਕ ਦਿਵਿਆਂਗ ਪੋਲਿੰਗ ਬੂਥ ਵੀ ਸਥਾਪਿਤ ਕੀਤਾ ਜਾਵੇਗਾ ਜਿਸ ਦਾ ਪ੍ਰਬੰਧਨ ਦਿਵਿਆਂਗ (ਪੀ.ਡਬਲਿਊ.ਡੀ.) ਸਟਾਫ਼ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 2,55,693 ਮਰਦ, 2,39,542 ਔਰਤਾਂ ਅਤੇ 22 ਤੀਸਰੇ ਲਿੰਗ ਦੇ ਵੋਟਰ ਹਨ।  
ਫ਼ੋਟੋ: ਡਿਪਟੀ ਕਮਿਸ਼ਨਰ ਜ਼ਿਲ੍ਹੇ 'ਚ ਮਾਡਲ ਪੋਲਿੰਗ ਬੂਥ, ਪਿੰਕ ਬੂਥ ਤੇ ਦਿਵਿਆਂਗ ਬੂਥ ਸਥਾਪਤੀ ਲਈ ਦੌਰਾ ਕਰਦੇ ਹੋਏ।

ਪੇਡ ਨਿਊਜ ਸਮੇਤ ਫੇਕ ਤੇ ਹੇਟ ਨਿਊਜ ਅਤੇ ਸੋਸ਼ਲ ਮੀਡੀਆ ਉਪਰ ਪੈਨੀ ਨਜ਼ਰ ਰੱਖਣ ਲਈ ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠਲੀ ਐਮ.ਸੀ.ਐਮ.ਸੀ. ਪੂਰੀ ਤਰ੍ਹਾਂ ਸਰਗਰਮ-ਸੰਦੀਪ ਹੰਸ


ਡੀ.ਸੀ. ਵੱਲੋਂ ਇਲੈਟ੍ਰੋਨਿਕ ਮੀਡੀਆ 'ਤੇ ਨਜ਼ਰ ਰੱਖਣ ਲਈ ਸਥਾਪਤ ਕੀਤੇ ਮੋਨੀਟਰਿੰਗ ਸੈਲ ਦਾ ਅਚਨਚੇਤ ਨਿਰੀਖਣ

ਪਟਿਆਲਾ, 20 ਜਨਵਰੀ:- ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਇਲੈਟ੍ਰੋਨਿਕ ਮੀਡੀਆ 'ਤੇ ਨਜ਼ਰ ਰੱਖਣ ਲਈ ਸਥਾਪਤ ਕੀਤੇ ਇਲੈਕਟ੍ਰੋਨਿਕ ਮੀਡੀਆ ਮੋਨੀਟਰਿੰਗ ਸੈਲ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀ.-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਗੁਰਪ੍ਰੀਤ ਸਿੰਘ ਥਿੰਦ ਅਤੇ ਖ਼ਰਚਾ ਨੋਡਲ ਅਫ਼ਸਰ ਸ੍ਰੀਮਤੀ ਈਸ਼ਾ ਸਿੰਘਲ ਵੀ ਮੌਜੂਦ ਸਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਨੂੰ ਚੋਣਾਂ ਸਬੰਧੀਂ ਇਲੈਕਟ੍ਰੋਨਿਕ ਮੀਡੀਆ, ਜਿਸ ਵਿਚ ਰੇਡੀਓ, ਟੀ ਵੀ, ਈ-ਪੇਪਰ, ਸਿਨੇਮਾ ਹਾਲ ਅਤੇ ਸੋਸ਼ਲ ਮੀਡੀਆ (ਫੇਸਬੁਕ, ਇੰਸਟਾਗ੍ਰਾਮ ਤੇ ਯੂ.ਟਿਊਬ ਆਦਿ) ਸਮੇਤ ਫੋਨ 'ਤੇ ਕੀਤੇ ਜਾਣ ਵਾਲੇ ਬਲਕ ਐਸ.ਐਮ.ਐਸ. ਤੇ ਵਾਇਸ ਮੈਸਜ਼ ਕਾਲਾਂ ਆਦਿ ਸ਼ਾਮਿਲ ਹਨ, ਲਈ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ) ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਇਸ ਤੋਂ ਬਿਨ੍ਹਾਂ ਚੋਣਾਂ ਵਾਲੇ ਦਿਨ 20 ਫਰਵਰੀ ਅਤੇ ਚੋਣਾਂ ਤੋਂ ਇਕ ਦਿਨ ਪਹਿਲਾਂ, ਪ੍ਰਿੰਟ ਮੀਡੀਆ ਯਾਨੀ ਅਖ਼ਬਾਰਾਂ ਵਿਚ ਵੀ ਲਗਵਾਏ ਜਾਣ ਵਾਲੇ ਇਸ਼ਤਿਹਾਰ ਉਕਤ ਕਮੇਟੀ ਤੋਂ ਪ੍ਰਵਾਨ ਕਰਵਾਉਣੇ ਜਰੂਰੀ ਹਨ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ 'ਪੇਡ ਨਿਊਜ, ਫੇਕ ਨਿਊਜ ਅਤੇ ਹੇਟ ਨਿਊਜ' ਆਦਿ 'ਤੇ ਨਜ਼ਰ ਰੱਖਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ 'ਚ ਵਧੀਕ ਡਿਪਟੀ ਕਮਿਸ਼ਨਰ (ਜ), ਮੈਂਬਰ ਸਕੱਤਰ ਡੀ.ਪੀ.ਆਰ.ਓ., ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ ਐਕਜੀਕਿਊਟਿਵ ਸ਼ਹਿਨਾਜ਼ ਜੌਲੀ ਕੌੜਾ, ਭਾਸ਼ਾ ਵਿਭਾਗ ਦੇ ਖੋਜ਼ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ, ਬਤੌਰ ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਅਧੀਨ 30 ਤੋਂ ਵਧੇਰੇ ਹੋਰ ਮੈਂਬਰਾਂ ਦਾ ਸਹਾਇਕ ਅਮਲਾ ਹੈ, ਜਿਸ ਵੱਲੋਂ ਨਿਰੰਤਰ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ।   ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਵੀਡੀਓ ਸਮੱਗਰੀ ਅਪਲੋਡ ਕਰਨ ਲਈ ਕ੍ਰੀਏਟਿਵਜ ਤੇ ਐਡਜ਼ ਆਦਿ ਸਮੇਤ ਇਲੈਕਟ੍ਰੋਨਿਕ ਮੀਡੀਆ 'ਤੇ ਇਸ਼ਤਿਹਾਰੀ ਸਮਗਰੀ ਦੀ ਪ੍ਰੀ-ਸਰਟੀਫਿਕੇਸ਼ਨ ਕਰਵਾਉਣੀ ਲਾਜਮੀ ਹੈ, ਜਿਸ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ਏ-ਬਲਾਕ ਦੀ ਤੀਜੀ ਮੰਜ਼ਿਲ ਦੇ ਕਮਰਾ ਨੰਬਰ 412 (ਡੀ.ਪੀ.ਆਰ.ਓ. ਦਫ਼ਤਰ) 'ਚ ਪਹੁੰਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਐਮ.ਸੀ.ਐਮ.ਸੀ. ਇਸ ਦੀ ਜਿੱਥੇ ਸਕਰਪਿਟ ਵੇਖੇਗੀ, ਉਥੇ ਇਸ਼ਤਿਹਾਰ ਬਣਾਉਣ ਸਮੇਤ ਇਸ ਨੂੰ ਲਗਾਉਣ ਤੇ ਸੋਸ਼ਲ ਮੀਡੀਆ 'ਤੇ ਚਲਾਉਣ ਉਤੇ ਆਏ ਖਰਚੇ ਦੀ ਜਾਣਕਾਰੀ ਲੈ ਕੇ ਆਗਿਆ ਦਿੱਤੀ ਜਾਵੇਗੀ।  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਲਈ ਉਮੀਦਵਾਰ ਵੱਲੋਂ ਅਟੈਸਟਿਡ ਲਿਖਤੀ ਸਕਰਿਪਟ ਦੇ ਨਾਲ-ਨਾਲ ਤਿਆਰ ਕੀਤੇ ਇਸ਼ਤਿਹਾਰ ਦੀਆਂ 2 ਕਾਪੀਆਂ, ਜੇਕਰ ਆਡੀਓ-ਵੀਡੀਓ ਵੀ ਸ਼ਾਮਿਲ ਹੈ, ਉਹ ਵੀ ਪੂਰੀ ਤਰ੍ਹਾਂ ਤਿਆਰ ਕਰਕੇ ਦਿੱਤਾ ਜਾਵੇ, ਇਸ ਦੀ ਪ੍ਰਵਾਨਗੀ 24 ਘੰਟੇ 'ਚ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਖ਼ਰਚੇ ਦੀ ਸਾਰੀ ਅਦਾਇਗੀ ਚੈਕ ਨਾਲ ਕੀਤੀ ਜਾਣੀ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਦਾਰਾ ਉਮੀਦਵਾਰ ਦੀ ਲਿਖਤੀ ਆਗਿਆ ਅਤੇ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਇਸ਼ਤਿਹਾਰ ਲਗਾ ਦਿੰਦਾ ਹੈ ਤਾਂ ਉਸ ਵਿਰੁੱਧ ਆਈ.ਪੀ.ਸੀ. ਦੀ ਧਾਰਾ 171 ਐਚ ਤਹਿਤ ਕੇਸ ਦਰਜ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਜੇਕਰ ਕੋਈ ਉਮੀਦਵਾਰ ਮੁੱਲ ਦੀ ਖ਼ਬਰ ਭਾਵ ਪੇਡ ਨਿਊਜ਼ ਕਿਸੇ ਵੀ ਮੀਡੀਆ ਵਿਚ ਲਗਾਉਂਦਾ ਜਾਂ ਛਪਾਉਂਦਾ ਪਾਇਆ ਜਾਂਦਾ ਹੈ ਤਾਂ ਜਿੱਥੇ ਉਕਤ ਉਮੀਦਵਾਰ ਦੇ ਚੋਣ ਖ਼ਰਚੇ ਵਿਚ ਇਸ ਖ਼ਬਰ ਦਾ ਖਰਚਾ ਸ਼ਾਮਿਲ ਕੀਤਾ ਜਾਵੇਗਾ, ਉਥੇ ਹੀ ਭਾਰਤੀ ਚੋਣ ਕਮਿਸ਼ਨ ਦੀ ਵੈਬ-ਸਾਈਟ ਉਤੇ ਵੀ ਉਕਤ ਉਮੀਦਵਾਰ ਦਾ ਨਾਮ ਮੁੱਲ ਦੀਆਂ ਖ਼ਬਰਾਂ ਲਗਾਉਣ ਵਾਲੇ ਉਮੀਦਵਾਰਾਂ ਵਿਚ ਸ਼ਾਮਿਲ ਕਰਕੇ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਕਤ ਅਦਾਰੇ ਵਿਰੁੱਧ ਕਾਰਵਾਈ ਲਈ ਪ੍ਰੈਸ ਕੌਂਸਲ ਆਫ ਇੰਡੀਆ ਤੇ ਨੈਸ਼ਨਲ ਬਰਾਡਕਾਸਟਿੰਗ ਸਟੈਂਡਰ ਅਥਾਰਟੀ ਨੂੰ ਪੱਤਰ ਲਿਖਿਆ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਪਾਰਟੀ ਪੱਧਰ ਦੇ ਇਸ਼ਤਿਹਾਰਾਂ ਦੀ ਪ੍ਰਵਾਨਗੀ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੀ ਜਾਵੇਗੀ ਅਤੇ ਜ਼ਿਲ੍ਹਾ ਪੱਧਰੀ ਕਮੇਟੀ ਕੇਵਲ ਉਮੀਦਵਾਰਾਂ ਨੂੰ ਹੀ ਉਕਤ ਸਹੂਲਤ ਦੇਵੇਗੀ। ਉਨ੍ਹਾਂ ਹੋਰ ਦੱਸਿਆ ਕਿ ਉਮੀਦਵਾਰ ਜਾਂ ਪਾਰਟੀ ਤੋਂ ਇਲਾਵਾ ਕੋਈ ਹੋਰ ਵਿਅਕਤੀ ਕਿਸੇ ਪਾਰਟੀ ਜਾਂ ਉਮੀਦਵਾਰ ਦੇ ਹੱਕ ਵਿਚ ਇਸ਼ਤਿਹਾਰ ਜਾਰੀ ਨਹੀਂ ਕਰ ਸਕਦਾ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜੇਕਰ ਈ-ਪੇਪਰ ਅਤੇ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਮਿਲਦਾ ਹੈ ਤਾਂ ਇਹ ਟੀਮ ਉਮੀਦਵਾਰ ਦੇ ਚੋਣ ਖ਼ਰਚੇ ਵਿਚ ਸ਼ਾਮਲ ਕਰਨ ਲਈ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦੇਵੇਗੀ। ਪੇਡ ਨਿਊਜ਼ ਦੇ ਕੇਸ ਵਿਚ ਐਮ.ਸੀ.ਐਮ.ਸੀ ਵੱਲੋਂ ਸਬੰਧਤ ਰਿਟਰਨਿੰਗ ਅਫ਼ਸਰ ਰਾਹੀਂ ਸਬੰਧਤ ਉਮੀਦਵਾਰ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਜੇਕਰ ਉਮੀਦਵਾਰ ਉਸਦਾ ਜਵਾਬ 48 ਘੰਟਿਆਂ ਅੰਦਰ ਨਾ ਦੇਵੇ ਤਾਂ ਉਸ ਖ਼ਬਰ ਨੂੰ ਪੇਡ ਨਿਊਜ਼ ਮੰਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਐਮ.ਸੀ.ਐਮ.ਸੀ ਦੇ ਫੈਸਲੇ ਨੂੰ ਰਾਜ ਪੱਧਰੀ ਐਮ.ਸੀ.ਐਮ.ਸੀ ਕਮੇਟੀ ਕੋਲ ਚੁਣੌਤੀ ਦੇ ਸਕਦਾ ਹੈ, ਜਿੰਨ੍ਹਾਂ ਕੋਲ ਫੈਸਲੇ ਲਈ 96 ਘੰਟਿਆਂ ਦਾ ਸਮਾਂ ਹੋਵੇਗਾ। ਉਮੀਦਵਾਰ ਸਟੇਟ ਐਮ.ਸੀ.ਐਮ.ਸੀ. ਦੇ ਫੈਸਲੇ ਵਿਰੁੱਧ ਚੋਣ ਕਮਿਸ਼ਨ ਆਫ ਇੰਡੀਆ ਕੋਲ 48 ਘੰਟਿਆਂ ਵਿਚ ਅਪੀਲ ਕਰਨ ਦਾ ਹੱਕਦਾਰ ਹੈ।ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੇਡ ਨਿਊਜ਼ ਦੇ ਕੇਸ ਉਮੀਦਵਾਰ ਦੇ ਖਾਤੇ ਵਿਚ ਉਸਦੇ ਨਾਮਜ਼ਦਗੀ ਭਰਨ ਵਾਲੇ ਦਿਨ ਤੋਂ ਪਾਏ ਜਾਣਗੇ।

ਮਤਦਾਤਾ ਜਾਗਰੂਕਤਾ ਮੁਹਿੰਮ ਤਹਿਤ ਰੋਡਵੇਜ਼ ਕਰਮਚਾਰੀਆਂ ਨੂੰ ਜਾਗਰੂਕ ਕੀਤਾ

ਨਵਾਂਸ਼ਹਿਰ, 20 ਜਨਵਰੀ :- ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਸਵੀਪ ਗਤੀਵਿਆਂ ਤਹਿਤ ਦਫ਼ਤਰ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਸਵੀਪ ਟੀਮ ਦੇ ਸਹਾਇਕ ਨੋਡਲ ਅਫਸਰ ਸਤਨਾਮ ਸਿੰਘ ਅਤੇ ਟੀਮ ਮੈਂਬਰ ਸ਼੍ਰੀ ਵਿਪਨ ਕੁਮਾਰ ਨੇ ਵੋਟ ਪਾਉਣ ਦਾ ਮਹੱਤਰਾ ਬਾਰੇ ਪੰਜਾਬ ਰੋਡਵੇਜ਼ ਦੇ ਇਕੱਤਰ ਹੋਏ ਅਧਿਕਾਰੀ /ਕਰਮਚਾਰੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਇਕੱਤਰ ਹਰ ਵੋਟਰ ਨੂੰ ਉਨ੍ਹਾਂ ਵੱਲੋਂ ਵੋਟ ਪਾਉਣ ਅਤੇ ਚੰਗੇ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ। ਸਵੀਪ ਟੀਮ ਵਲੋਂ ਅਧਿਕਾਰੀਆਂ / ਕਰਮਚਾਰੀਆਂ ਨੂੰ ਨਿੱਜੀ ਮੁਫ਼ਾਦਾਂ ਤੋਂ ਉਪਰ ਉਠ ਕੇ ਬਿਨ੍ਹਾਂ ਕਿਸੇ ਭੈਅ ਅਤੇ ਲੋਕ ਵੋਟ ਪਾਉਣ ਸਬੰਧੀ ਜਾਗਰੂਕ ਕੀਤਾ ਗਿਆ। ਸਵੀਪ ਟੀਮ ਵੱਲੋਂ ਅਧਿਕਾਰੀਆਂ ਕਰਮਚਾਰੀਆਂ ਨੂੰ ਇਹ ਪ੍ਰਣ ਦਿਵਾਇਆ ਗਿਆ ਕਿ ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿਚ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤਾਂਤਿ੍ਰਕ ਪ੍ਰੰਪਰਾਵਾਂ ਨੂੰ ਬਣਾਈ ਰੱਖਾਂਗੇ ਅਤੇ ਸੁਤੰਤਰ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ, ਨਿੱਡਰ ਹੋ ਕੇ ਧਰਮ, ਵਰਗ, ਜਾਤ, ਸਮੁਦਾਇ,  ਭਾਸ਼ਾ ਜਾਂ ਹੋਰ ਕਿਸੇ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ।
ਇਸ ਮੌਕੇ ਸਵੀਪ ਟੀਮ ਤੋਂ ਇਲਾਵਾ ਸ੍ਰੀ ਜਸਬੀਰ ਸਿੰਘ ਕੋਟਲਾ, ਜਨਰਲ ਮੈਨੇਜਰ, ਸ੍ਰੀ ਮਨਜੀਤ ਸਿੰਘ ਸੁਪਰਡੰਟ, ਮੋਹਨ ਸਿੰਘ ਸੀਨੀਅਰ ਸਹਾਇਕ, ਸਤਪਾਲ ਸਿੰਘ ਸੀਨੀਅਰ ਸਹਾਇਕ, ਇੰਦੂ ਸ਼ੇਖਰ ਸੀਨੀਅਰ ਸਹਾਇਕ, ਬਲਜੀਤ ਸਿੰਘ ਸਟੈਨੋਗ੍ਰਾਫਰ, ਦਵਿੰਦਰ ਕੁਮਾਰ ਇੰਸਪੈਕਟਰ, ਸੁਖਦੇਵ ਸਿੰਘ ਇੰਸਪੈਕਟਰ, ਤਿਲਕ ਰਾਜ ਸਬ ਇੰਸਪੈਕਟਰ, ਸ਼ਮਸ਼ੇਰ ਸਿੰਘ ਕਲਰਕ, ਸਿਮਰਨਜੀਤ ਸਿੰਘ ਕਲਰਕ, ਰਾਜਪਾਲ ਸੇਵਾਦਾਰ ਆਦਿ ਵੀ ਹਾਜਰ ਸਨ। ਅਖੀਰ ਵਿਚ ਜਸਬੀਰ ਸਿੰਘ ਕੋਟਲਾ  ਜਰਨਲ ਮੈਨੇਜਰ ਨੇ ਸਮੂਹ ਮੁਲਾਜ਼ਮਾਂ ਅਤੇ ਸਵੀਪ ਟੀਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।  

ਜ਼ਿਲ੍ਹੇ ਦੇ ਸਾਰੇ 614 ਚੋਣ ਬੂਥਾਂ ’ਤੇ ਵੈਬਕਾਸਟਿੰਗ ਰਾਹੀਂ ਤੀਸਰੀ ਅੱਖ ਰਾਹੀਂ ਰਹੇਗੀ ਨਜ਼ਰ

208 'ਵਲਨਰਏਬਲ' ਚੋਣ ਬੂਥਾਂ 'ਤੇ ਵੈਬਕਾਸਟਿੰਗ ਤੋਂ ਇਲਾਵਾ ਮਾਈਕ੍ਰੋ ਅਬਜ਼ਰਵਰ ਅਤੇ ਅਰਧ ਸੈਨਿਕ ਬਲ ਤਾਇਨਾਤ ਰਹਿਣਗੇ
ਨਵਾਂਸ਼ਹਿਰ, 19 ਜਨਵਰੀ  :- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਾਰੇ 614 ਚੋਣ ਬੂਥਾਂ 'ਤੇ ਵਿਧਾਨ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਤੀਸਰੀ ਅੱਖ ਰਾਹੀਂ ਨਿਗਰਾਨੀ ਰੱਖਣ ਲਈ ਲਾਈਵ ਸਟ੍ਰੀਮਿੰਗ (ਵੈਬ ਕਾਸਟਿੰਗ) ਦਾ ਪ੍ਰਬੰਧ ਕੀਤਾ ਜਾਵੇਗਾ। ਇਸੇ ਤਰ੍ਹਾਂ ਸਾਰੇ 208 'ਵਲਨਰਏਬਲ' ਚੋਣ ਬੂਥਾਂ 'ਤੇ ਮਾਈਕਰੋ ਆਬਜ਼ਰਵਰ ਅਤੇ ਅਰਧ ਸੈਨਿਕ ਬਲ, ਵੈਬਕਾਸਟਿੰਗ ਤੋਂ ਇਲਾਵਾ ਤਾਇਨਾਤ ਕੀਤੇ ਜਾਣਗੇ। ਦੇਰ ਸ਼ਾਮ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਐਸ ਕਰੁਨਾ ਰਾਜੂ ਨਾਲ ਜ਼ਿਲ੍ਹੇ 'ਚ ਚੋਣ ਪ੍ਰਬੰਧਾਂ ਸਬੰਧੀ ਵੀਡਿਓ ਕਾਨਫ੍ਰੰਸਿੰਗ ਕਰਨ ਉਪਰੰਤ ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 614 ਪੋਲਿੰਗ ਬੂਥ ਹਨ ਜਿਨ੍ਹਾਂ ਵਿੱਚ ਬੰਗਾ ਵਿੱਚ 200, ਨਵਾਂਸ਼ਹਿਰ ਵਿੱਚ 217 ਅਤੇ ਬਲਾਚੌਰ ਹਲਕੇ ਵਿੱਚ 197 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 614 ਪੋਲਿੰਗ ਸਟੇਸ਼ਨਾਂ 'ਤੇ ਲਾਈਵ ਸਟ੍ਰੀਮਿੰਗ ਹੋਵੇਗੀ, ਜਿਸ ਰਾਹੀਂ ਪ੍ਰਸ਼ਾਸਨ ਕਤਾਰਾਂ 'ਚ ਖੜ੍ਹੇ ਵੋਟਰਾਂ ਦੀ ਗਿਣਤੀ 'ਤੇ ਨਜ਼ਰ ਰੱਖੇਗਾ, ਸਹੀ ਸਮੇਂ 'ਚ ਪੋਲਿੰਗ ਪ੍ਰਕਿਰਿਆ ਅਤੇ ਕੰਟਰੋਲ ਰੂਮ ਰਾਹੀਂ ਸਮੁੱਚੀ ਪੋਲਿੰਗ ਪ੍ਰਕਿਰਿਆ 'ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ 614 ਸੁਰੱਖਿਅਤ ਪੋਲਿੰਗ ਸਟੇਸ਼ਨਾਂ ਤੋਂ ਵਿਜ਼ੂਅਲ ਦੇ ਨਿਰੰਤਰ ਪ੍ਰਸਾਰਣ ਨੂੰ ਯਕੀਨੀ ਬਣਾਉਣ ਲਈ ਹਾਈ-ਸਪੀਡ ਇੰਟਰਨੈਟ ਨਾਲ ਉੱਚ-ਰੈਜ਼ੋਲਿਊਸ਼ਨ ਵੈਬਕੈਮ ਜੁੜੇ ਹੋਣਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਦੇ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਵੀ ਹੋਵੇਗੀ, ਜਿਸ ਲਈ ਤਿੰਨਾਂ ਹਲਕਿਆਂ ਦੇ 208 'ਵਲਨਰਏਬਲ' ਪੋਲਿੰਗ ਸਟੇਸ਼ਨਾਂ 'ਤੇ ਸੀਏਪੀਐਫ ਦੇ ਨਾਲ ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਬੰਗਾ ਦੇ 79, ਨਵਾਂਸ਼ਹਿਰ ਦੇ 69 ਅਤੇ ਬਲਾਚੌਰ ਹਲਕੇ ਦੇ 60 ਸ਼ਾਮਲ ਹਨ। ਸ੍ਰੀ ਸਾਰੰਗਲ ਨੇ ਵਿਧਾਨ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਘ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਉਹ ਲੋਕਤੰਤਰ ਦੇ ਤਿਉਹਾਰ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਏ.ਡੀ.ਸੀਜ਼ ਜਸਬੀਰ ਸਿੰਘ, ਮੇਜਰ ਅਮਿਤ ਸਰੀਨ ਅਤੇ ਅਮਰਦੀਪ ਸਿੰਘ ਬੈਂਸ, ਐਸ.ਡੀ.ਐਮਜ਼ ਨਵਨੀਤ ਕੌਰ ਬੱਲ, ਦੀਪਕ ਰੋਹੇਲਾ, ਡਾ: ਬਲਜਿੰਦਰ ਸਿੰਘ ਢਿੱਲੋਂ ਅਤੇ ਏ.ਸੀ.(ਜੀ) ਦੀਪੰਕਰ ਗਰਗ ਆਦਿ ਹਾਜ਼ਰ ਸਨ। 
ਫ਼ੋਟੋ ਕੈਪਸ਼ਨ: ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ, ਏ ਡੀ ਸੀਜ਼ ਅਤੇ ਐਸ ਡੀ ਐਮਜ਼ ਨਾਲ ਮੁੱਖ ਚੋਣ ਅਫ਼ਸਰ ਦੀ ਵੀਡਿਓ ਕਾਨਫ੍ਰੰਸਿੰਗ 'ਚ ਸ਼ਾਮਿਲ ਹੁੰਦੇ ਹੋਏ।